Sri Guru Granth Sahib Ji — Ang 995 (punjabi)
ਮੇਰਾ ਪ੍ਰਭੁ ਵੇਪਰਵਾਹੁ ਹੈ ਨਾ ਤਿਸੁ ਤਿਲੁ ਨ ਤਮਾਇ ॥
ਹੇ ਨਾਨਕ! (ਆਖ—ਹੇ ਭਾਈ!) ਪਰਮਾਤਮਾ ਨੂੰ ਕਿਸੇ ਦੀ ਮੁਥਾਜੀ ਨਹੀਂ, ਪਰਮਾਤਮਾ ਨੂੰ ਕੋਈ ਰਤਾ ਜਿਤਨਾ ਭੀ ਲਾਲਚ ਨਹੀਂ (ਜੀਵ ਨੇ ਆਪਣੇ ਭਲੇ ਵਾਸਤੇ ਹੀ ਸਿਮਰਨ ਕਰਨਾ ਹੈ; ਸੋ)
ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥੪॥੫॥
ਉਸ ਪਰਮਾਤਮਾ ਦੀ ਸਰਨ ਹੀ ਛੇਤੀ ਜਾ ਪਉ, (ਸਰਨ ਪਏ ਨੂੰ) ਉਹ ਆਪ ਹੀ ਮਿਹਰ ਕਰ ਕੇ ਆਪਣੇ ਚਰਨਾਂ ਵਿਚ ਜੋੜਦਾ ਹੈ ।੪।੫।
ਮਾਰੂ ਮਹਲਾ ੪ ਘਰੁ ੨
ਮਾਰੂ ਚੋਥੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥
ਹੇ ਮਨ! ਰਾਜਾ ਜਨਕ ਨੇ, ਸੁਕਦੇਵ ਰਿਸ਼ੀ ਨੇ ਗੁਰੂ ਦੇ ਬਚਨਾਂ ਦੀ ਰਾਹੀਂ ਪਰਮਾਤਮਾ ਦਾ ਨਾਮ ਜਪਿਆ, ਇਹ ਪਰਮਾਤਮਾ ਦੀ ਸਰਨ ਆ ਪਏ;
ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥
ਸੁਦਾਮਾ ਭਗਤੀ ਦੀ ਗ਼ਰੀਬੀ ਦੂਰ ਕਰ ਕੇ ਪ੍ਰਭੂ ਸੁਦਾਮੇ ਨੂੰ ਆ ਮਿਲਿਆ । ਇਹ ਸਭ ਭਗਤੀ-ਭਾਵਨਾ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ।
ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥੧॥
ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਪਰਮਾਤਮਾ ਦਾ ਨਾਮ (ਮਨੁੱਖ ਦੇ ਜੀਵਨ ਨੂੰ) ਕਾਮਯਾਬ ਬਣਾਣ ਵਾਲਾ ਹੈ । (ਇਹ ਨਾਮ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਉਤੇ) ਗੁਰੂ ਦੀ ਰਾਹੀਂ ਮਿਹਰ ਕਰਦਾ ਹੈ ।੧।
ਮੇਰੇ ਮਨ ਨਾਮੁ ਜਪਤ ਉਧਰੇ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ) ਵਿਕਾਰਾਂ ਤੋਂ ਬਚ ਜਾਂਦੇ ਹਨ ।
ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥੧॥ ਰਹਾਉ ॥
ਧ੍ਰ¨ ਭਗਤ, ਪ੍ਰਹਿਲਾਦ ਭਗਤ, ਦਾਸੀ ਦਾ ਪੁੱਤਰ ਬਿਦਰ—(ਇਹ ਸਾਰੇ) ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।੧।ਰਹਾਉ।
ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹੀ ਜਗਤ ਵਿਚ ਸਭ ਤੋਂ ਸੇ੍ਰਸ਼ਟ ਪਦਾਰਥ ਹੈ । ਭਗਤ ਜਨ (ਇਸ ਨਾਮ ਦੀ ਬਰਕਤਿ ਨਾਲ ਹੀ) ਵਿਕਾਰਾਂ ਤੋਂ ਬਚਦੇ ਹਨ ।
ਨਾਮਾ ਜੈਦੇਉ ਕਬੀਰੁ ਤ੍ਰਿਲੋਚਨੁ ਸਭਿ ਦੋਖ ਗਏ ਚਮਰੇ ॥
ਨਾਮਦੇਵ ਬਚ ਗਿਆ, ਜੈਦੇਉ ਬਚ ਗਿਆ, ਕਬੀਰ ਬਚ ਗਿਆ, ਤਿ®ਲੋਚਨ ਬਚ ਗਿਆ; ਨਾਮ ਦੀ ਬਰਕਤਿ ਨਾਲ (ਰਵਿਦਾਸ) ਚਮਾਰ ਦੇ ਸਾਰੇ ਪਾਪ ਦੂਰ ਹੋ ਗਏ ।
ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥੨॥
ਹੇ ਮਨ! ਜਿਹੜੇ ਭੀ ਮਨੁੱਖ ਗੁਰੂ ਦੀ ਰਾਹੀਂ ਹਰਿ-ਨਾਮ ਵਿਚ ਲੱਗੇ ਉਹ ਸਭ ਵਿਕਾਰਾਂ ਤੋਂ ਬਚ ਗਏ, (ਉਹਨਾਂ ਦੇ) ਸਾਰੇ ਪਾਪ ਟਲ ਗਏ ।੨।
ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ ॥
ਹੇ ਮਨ! ਜਿਹੜਾ ਜਿਹੜਾ ਵਿਕਾਰੀ ਬੰਦਾ (ਭੀ) ਪਰਮਾਤਮਾ ਦਾ ਨਾਮ ਜਪਦਾ ਹੈ, ਪਰਮਾਤਮਾ ਉਹਨਾਂ ਦੇ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ ।
ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥
(ਵੇਖ) ਵੇਸੁਆ ਦਾ ਸੰਗ ਕਰਨ ਵਾਲਾ ਅਜਾਮਲ ਜਦੋਂ ਮੂੰਹੋਂ ‘ਨਾਰਾਇਣ ਨਰਹਰੀ’ ਉਚਾਰਨ ਲੱਗ ਪਿਆ, ਤਾਂ ਉਹ ਵਿਕਾਰਾਂ ਤੋਂ ਬਚ ਗਿਆ ।
ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥੩॥
ਪਰਮਾਤਮਾ ਦਾ ਨਾਮ ਜਪਦਿਆਂ ਉਗ੍ਰਸੈਣ ਨੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ, ਪਰਮਾਤਮਾ ਨੇ ਉਸ ਦੇ ਬੰਧਨ ਤੋੜ ਕੇ ਉਸ ਨੂੰ ਵਿਕਾਰਾਂ ਤੋਂ ਖ਼ਲਾਸੀ ਬਖ਼ਸ਼ੀ ।੩।
ਜਨ ਕਉ ਆਪਿ ਅਨੁਗ੍ਰਹੁ ਕੀਆ ਹਰਿ ਅੰਗੀਕਾਰੁ ਕਰੇ ॥
ਹੇ ਮਨ! ਪਰਮਾਤਮਾ ਆਪਣੇ ਭਗਤ ਉਤੇ (ਸਦਾ) ਆਪ ਮਿਹਰ ਕਰਦਾ ਆ ਰਿਹਾ ਹੈ, ਆਪਣੇ ਭਗਤ ਦਾ (ਸਦਾ) ਪੱਖ ਕਰਦਾ ਹੈ ।
ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ ॥
ਪਰਮਾਤਮਾ ਆਪਣੇ ਸੇਵਕ ਦੀ ਲਾਜ ਰੱਖਦਾ ਹੈ, ਜਿਹੜੇ ਭੀ ਉਸ ਦੀ ਸਰਨ ਪੈਂਦੇ ਹਨ ਉਹ ਵਿਕਾਰਾਂ ਤੋਂ ਬਚ ਜਾਂਦੇ ਹਨ ।
ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥੪॥੧॥
ਹੇ ਦਾਸ ਨਾਨਕ! (ਆਖ—) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ (ਦੀ ਨਿਗਾਹ) ਕੀਤੀ, ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ।੪।੧।
ਮਾਰੂ ਮਹਲਾ ੪ ॥
ਮਾਰੂ ਚੌਥੀ ਪਾਤਿਸ਼ਾਹੀ।
ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ ॥
ਹੇ ਮਨ! ਸਿੱਧ ਸਮਾਧੀ ਲਾ ਕੇ ਸੁਰਤਿ ਜੋੜ ਕੇ ਜਪਦੇ ਰਹੇ, ਸਾਧਿਕ ਤੇ ਮੁਨੀ ਜਪਦੇ ਰਹੇ ।
ਜਤੀ ਸਤੀ ਸੰਤੋਖੀ ਧਿਆਇਆ ਮੁਖਿ ਇੰਦ੍ਰਾਦਿਕ ਰਵਿਆ ॥
ਜਤੀਆਂ ਨੇ ਪ੍ਰਭੂ ਦਾ ਧਿਆਨ ਧਰਿਆ, ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ, ਇੰਦ® ਆਦਿਕ ਦੇਵਤਿਆਂ ਨੇ ਮੂੰਹੋਂ ਪ੍ਰਭੂ ਦਾ ਨਾਮ ਜਪਿਆ ।
ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥੧॥
ਹੇ ਮਨ! ਜਿਹੜੇ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪਏ, ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਨਾਮ ਜਪਿਆ, ਉਹ ਪਰਮਾਤਮਾ ਨੂੰ ਪਿਆਰੇ ਲੱਗੇ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।੧।
ਮੇਰੇ ਮਨ ਨਾਮੁ ਜਪਤ ਤਰਿਆ ॥
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਦਿਆਂ (ਅਨੇਕਾਂ ਪ੍ਰਾਣੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਏ ।
ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥੧॥ ਰਹਾਉ ॥
ਧੰਨਾ ਜੱਟ ਪਾਰ ਲੰਘ ਗਿਆ, ਬਾਲਮੀਕ ਡਾਕੂ ਪਾਰ ਲੰਘ ਗਿਆ ।੧।ਰਹਾਉ।
ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥
ਹੇ ਮਨ! ਦੇਵਤਿਆਂ ਨੇ, ਮਨੁੱਖਾਂ ਨੇ, (ਸ਼ਿਵ ਜੀ ਦੇ ਉਪਾਸਕ-) ਗਣਾਂ ਨੇ, ਦੇਵਤਿਆਂ ਦੇ ਰਾਗੀਆਂ ਨੇ ਨਾਮ ਜਪਿਆ; ਵਿਚਾਰੇ ਧਰਮਰਾਜ ਨੇ ਹਰੀ ਦੇ ਗੁਣ ਗਾਏ ।
ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ ॥
ਸ਼ਿਵ ਨੇ, ਬ੍ਰਹਮਾ ਨੇ, ਦੇਵਤਿਆਂ ਨੇ ਮੂੰਹੋਂ ਹਰੀ ਦਾ ਨਾਮ ਜਪਿਆ ।
ਹਰਿ ਹਰਿ ਨਾਮਿ ਜਿਨਾ ਮਨੁ ਭੀਨਾ ਤੇ ਗੁਰਮੁਖਿ ਪਾਰਿ ਪਇਆ ॥੨॥
ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਗਿਆ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।੨।
ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ ॥
ਹੇ ਮੇਰੇ ਮਨ! ਤੇਤੀ ਕੋ®ੜ ਦੇਵਤਿਆਂ ਨੇ ਪਰਮਾਤਮਾ ਦਾ ਨਾਮ ਜਪਿਆ, ਹਰਿ-ਨਾਮ ਜਪਣ ਵਾਲਿਆਂ (ਦੀ ਗਿਣਤੀ) ਦਾ ਅੰਤ ਨਹੀਂ ਪਾਇਆ ਜਾ ਸਕਦਾ ।
ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥
ਵੇਦ ਪੁਰਾਣ ਸਿਮ੍ਰਿਤੀਆਂ ਆਦਿਕ ਧਰਮ-ਪੁਸਤਕਾਂ ਦੇ ਲਿਖਣ ਵਾਲਿਆਂ ਨੇ ਹਰਿ-ਨਾਮ ਜਪਿਆ, ਪੰਡਿਤਾਂ ਨੇ ਮੂੰਹੋਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ।
ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥੩॥
ਹੇ ਮਨ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਦੇ ਮਨ ਵਿਚ ਸਾਰੇ ਰਸਾਂ ਦਾ ਸੋਮਾ ਹਰਿ-ਨਾਮ ਟਿਕ ਗਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਏ ।੩।
ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥
ਹੇ ਮੇਰੇ ਮਨ! ਬੇਅੰਤ ਰਚਨਾ ਦੇ ਮਾਲਕ ਪਰਮਾਤਮਾ ਦਾ ਨਾਮ ਜਿਨ੍ਹਾਂ ਪ੍ਰਾਣੀਆਂ ਨੇ ਜਪਿਆ ਹੈ, ਮੈਂ ਉਹਨਾਂ ਦੀ ਗਿਣਤੀ ਨਹੀਂ ਕਰ ਸਕਦਾ ।
ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ ॥
ਜਿਹੜੇ ਪ੍ਰਾਣੀ ਪਰਮਾਤਮਾ ਦੇ ਮਨ ਵਿਚ ਭਾ ਜਾਂਦੇ ਹਨ, ਪਰਮਾਤਮਾ ਕਿਰਪਾ ਕਰ ਕੇ (ਉਹਨਾਂ ਦੀ ਸੇਵਾ-ਭਗਤੀ) ਪਰਵਾਨ ਕਰਦਾ ਹੈ ।
ਗੁਰਿ ਧਾਰਿ ਕ੍ਰਿਪਾ ਹਰਿ ਨਾਮੁ ਦ੍ਰਿੜਾਇਓ ਜਨ ਨਾਨਕ ਨਾਮੁ ਲਇਆ ॥੪॥੨॥
ਹੇ ਨਾਨਕ! ਗੁਰੂ ਨੇ ਕਿਰਪਾ ਕਰ ਕੇ ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, (ਉਹਨਾਂ ਨੇ ਹੀ) ਨਾਮ ਸਿਮਰਿਆ ਹੈ ।੪।੨।