Sri Guru Granth Sahib Ji — Ang 994 (punjabi)
ਏ ਮਨ ਹਰਿ ਜੀਉ ਚੇਤਿ ਤੂ ਮਨਹੁ ਤਜਿ ਵਿਕਾਰ ॥
ਹੇ ਮਨ! ਪਰਮਾਤਮਾ ਨੂੰ ਯਾਦ ਕਰਦਾ ਰਹੁ । ਹੇ ਭਾਈ! ਤੂੰ ਆਪਣੇ ਮਨ ਵਿਚੋਂ ਵਿਚਾਰ ਛੱਡ ਦੇਹ ।
ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥੧॥ ਰਹਾਉ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ । (ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਪਿਆਰ ਬਣੇਗਾ ।੧।ਰਹਾਉ।
ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥
ਹੇ ਭਾਈ! ਇਸ ਜਨਮ ਵਿਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਹਾਂ (ਇਹ ਮਨੁੱਖਾ ਜਨਮ ਲੱਭਣ ਵਾਸਤੇ) ਮੁੜ ਕਿਤੇ ਭੀ ਹੱਥ ਨਹੀਂ ਪੈ ਸਕਦਾ,
ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥੨॥
(ਨਾਮ ਤੋਂ ਖੁੰਝਿਆ ਬੰਦਾ) ਸਾਰੀਆਂ ਹੀ ਜੂਨਾਂ ਵਿਚ ਪਾਇਆ ਜਾਂਦਾ ਹੈ, ਉਹ ਸਦਾ ਵਿਕਾਰਾਂ ਦੇ ਗੰਦ ਵਿਚ ਪਿਆ ਰਹਿੰਦਾ ਹੈ ।੨।
ਵਡਭਾਗੀ ਗੁਰੁ ਪਾਇਆ ਪੂਰਬਿ ਲਿਖਿਆ ਮਾਇ ॥
ਹੇ ਮਾਂ! ਜਿਸ ਮਨੁੱਖ ਦੇ ਮੱਥੇ ਉਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ, ਉਸ ਨੂੰ ਵੱਡੇ ਭਾਗਾਂ ਨਾਲ ਗੁਰੂ ਮਿਲਦਾ ਹੈ ।
ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥੩॥
ਹਰ ਵੇਲੇ ਸਦਾ-ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਸਦਾ-ਥਿਰ ਪ੍ਰਭੂ ਉਸ ਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖਦਾ ਹੈ ।੩।
ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥
ਹੇ ਨਾਨਕ! ਪਰਮਾਤਮਾ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਆਪ ਹੀ (ਇਸ ਉਤੇ) ਮਿਹਰ ਦੀ ਨਿਗਾਹ ਕਰਦਾ ਹੈ;
ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥੪॥੨॥
ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ (ਆਪਣੇ) ਨਾਮ ਵਿਚ (ਜੋੜ ਕੇ ਲੋਕ ਪਰਲੋਕ ਦੀਆਂ) ਵਡਿਆਈਆਂ ਦੇਂਦਾ ਹੈ ।੪।੨।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਪਿਛਲੇ ਗੁਨਹ ਬਖਸਾਇ ਜੀਉ ਅਬ ਤੂ ਮਾਰਗਿ ਪਾਇ ॥
ਹੇ ਪ੍ਰਭੂ ਜੀ! ਮੇਰੇ ਪਿਛਲੇ ਗੁਨਾਹ ਬਖ਼ਸ਼, ਹੁਣ ਤੂੰ ਮੈਨੂੰ ਸਹੀ ਰਸਤੇ ਉਤੇ ਤੋਰ;
ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥੧॥
ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਹਰੀ ਦੇ ਚਰਨਾਂ ਵਿਚ ਟਿਕਿਆ ਰਹਾਂ ।੧।
ਮੇਰੇ ਮਨ ਗੁਰਮੁਖਿ ਨਾਮੁ ਹਰਿ ਧਿਆਇ ॥
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਹਰੀ ਦਾ ਨਾਮ ਸਿਮਰਿਆ ਕਰ (ਤੇ, ਅਰਦਾਸ ਕਰਿਆ ਕਰ—ਹੇ ਪ੍ਰਭੂ! ਮਿਹਰ ਕਰ) ਮੈਂ ਸਦਾ,
ਸਦਾ ਹਰਿ ਚਰਣੀ ਲਾਗਿ ਰਹਾ ਇਕ ਮਨਿ ਏਕੈ ਭਾਇ ॥੧॥ ਰਹਾਉ ॥
ਹੇ ਹਰੀ! ਇਕਾਗ੍ਰ-ਚਿੱਤ ਹੋ ਕੇ ਇਕ ਤੇਰੇ ਹੀ ਪਿਆਰ ਵਿਚ ਟਿਕ ਕੇ ਤੇਰੇ ਚਰਨਾਂ ਵਿਚ ਜੁੜਿਆ ਰਹਾਂ ।੧।ਰਹਾਉ।
ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥
ਹੇ ਭਾਈ! ਨਾਹ ਮੇਰੀ (ਕੋਈ ਉੱਚੀ) ਜਾਤਿ ਹੈ, ਨਾਹ (ਮੇਰੀ ਲੋਕਾਂ ਵਿਚ ਕੋਈ) ਇੱਜ਼ਤ ਹੈ, ਨਾਹ ਮੇਰੀ ਭੁਇੰ ਦੀ ਕੋਈ ਮਾਲਕੀ ਹੈ, ਨਾਹ ਮੇਰਾ ਕੋਈ ਘਰ-ਘਾਟ ਹੈ,
ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥੨॥
(ਮੈਨੂੰ ਨਿਮਾਣੇ ਨੂੰ) ਗੁਰੂ ਨੇ (ਆਪਣੇ) ਸ਼ਬਦ ਨਾਲ ਵਿੰਨ੍ਹ ਕੇ ਮੇਰੀ ਭਟਕਣਾ ਕੱਟ ਦਿੱਤੀ ਹੈ, ਮੈਨੂੰ ਆਤਮਕ ਜੀਵਨ ਦੀ ਸੂਝ ਬਖ਼ਸ਼ ਕੇ ਪਰਮਾਤਮਾ ਦਾ ਨਾਮ ਦਿੱਤਾ ਹੈ।੨।
ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥
(ਹੇ ਭਾਈ! ਹਰਿ-ਨਾਮ ਤੋਂ ਖੁੰਝਿਆ ਹੋਇਆ) ਇਹ ਮਨ ਅਨੇਕਾਂ ਲਾਲਚ ਕਰਦਾ ਫਿਰਦਾ ਹੈ, (ਮਾਇਆ ਦੇ) ਲਾਲਚ ਵਿਚ ਲੱਗ ਕੇ ਭਟਕਦਾ ਹੈ ।
ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥੩॥
(ਮਾਇਆ ਦੇ) ਕੂੜੇ ਧੰਧੇ ਵਿਚ ਫਸਿਆ ਹੋਇਆ ਆਤਮਕ ਮੌਤ ਵਿਚ ਪੈ ਕੇ (ਚਿੰਤਾ-ਫ਼ਿਕਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ ।੩।
ਨਾਨਕ ਸਭੁ ਕਿਛੁ ਆਪੇ ਆਪਿ ਹੈ ਦੂਜਾ ਨਾਹੀ ਕੋਇ ॥
(ਪਰ) ਹੇ ਨਾਨਕ! (ਜੀਆਂ ਦੇ ਕੀਹ ਵੱਸ? ਇਹ ਜੋ ਕੁਝ ਸਾਰਾ ਸੰਸਾਰ ਦਿੱਸ ਰਿਹਾ ਹੈ ਇਹ) ਸਭ ਕੁਝ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਬਿਨਾ (ਕਿਸੇ ਤੇ ਭੀ) ਕੋਈ ਹੋਰ ਨਹੀਂ ਹੈ ।
ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥੪॥੩॥
ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਆਪਣੀ) ਭਗਤੀ ਦਾ ਖ਼ਜ਼ਾਨਾ ਉਸ ਨੇ ਆਪ ਹੀ ਬਖ਼ਸ਼ਿਆ ਹੈ (ਜਿਸ ਕਰਕੇ ਉਹਨਾਂ ਨੂੰ) ਆਤਮਕ ਆਨੰਦ ਬਣਿਆ ਰਹਿੰਦਾ ਹੈ ।੪।੩।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥
ਹੇ ਭਾਈ! ਜਿਹੜੇ ਮਨੁੱਖ ਸਦਾ-ਥਿਰ ਪਰਮਾਤਮਾ (ਦੇ ਨਾਮ) ਵਿਚ (ਸਦਾ) ਰੰਗੇ ਰਹਿੰਦੇ ਹਨ ਉਹਨਾਂ ਦੀ ਭਾਲ ਕਰ (ਉਂਞ) ਉਹ ਜਗਤ ਵਿਚ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ,
ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
ਉਹਨਾਂ ਨੂੰ ਮਿਲਿਆਂ ਪਰਮਾਤਮਾ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋ ਜਾਈਦਾ ਹੈ (ਇੱਜ਼ਤ ਮਿਲਦੀ ਹੈ) ।੧।
ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੂੰ (ਆਪਣੇ) ਹਿਰਦੇ ਵਿਚ (ਸਦਾ) ਯਾਦ ਕਰਦਾ ਰਹ
ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥
(ਇਹੀ ਹੈ ਜੀਵਨ ਦਾ ਅਸਲ ਮਨੋਰਥ; ਬੇਸ਼ੱਕ) ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੈ । ਹੇ ਭਾਈ! ਗੁਰੂ ਪਾਸੋਂ ਇਹ ਨਾਮ ਦਾ ਸੌਦਾ ਲੱਭ ਲੈ ।੧।ਰਹਾਉ।
ਇਕੁ ਸਚਾ ਸਭ ਸੇਵਦੀ ਧੁਰਿ ਭਾਗਿ ਮਿਲਾਵਾ ਹੋਇ ॥
ਹੇ ਭਾਈ! ਸਿਰਫ਼ ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ, ਸਾਰੀ ਲੋਕਾਈ ਉਸ ਦੀ ਹੀ ਸੇਵਾ-ਭਗਤੀ ਕਰਦੀ ਹੈ, ਧੁਰੋਂ ਲਿਖੀ ਕਿਸਮਤ ਨਾਲ ਹੀ (ਉਸ ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ ।
ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥੨॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਉਸ ਦੇ ਚਰਨਾਂ ਵਿਚ) ਜੁੜਦੇ ਹਨ, ਉਹ (ਮੁੜ) ਨਹੀਂ ਵਿੱਛੁੜਦੇ, ਉਹ ਉਸ ਸਦਾ-ਥਿਰ ਪ੍ਰਭੂ (ਦਾ ਮਿਲਾਪ) ਪ੍ਰਾਪਤ ਕਰ ਲੈਂਦੇ ਹਨ ।੨।
ਇਕਿ ਭਗਤੀ ਸਾਰ ਨ ਜਾਣਨੀ ਮਨਮੁਖ ਭਰਮਿ ਭੁਲਾਇ ॥
ਹੇ ਭਾਈ! ਕਈ ਐਸੇ ਬੰਦੇ ਹਨ ਜੋ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੀ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ, ਉਹ ਬੰਦੇ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ ।
ਓਨਾ ਵਿਚਿ ਆਪਿ ਵਰਤਦਾ ਕਰਣਾ ਕਿਛੂ ਨ ਜਾਇ ॥੩॥
(ਪਰ, ਹੇ ਭਾਈ!) ਉਹਨਾਂ (ਮਨਮੁਖਾਂ) ਦੇ ਅੰਦਰ (ਭੀ) ਪਰਮਾਤਮਾ ਆਪ ਹੀ ਵੱਸਦਾ ਹੈ (ਤੇ ਉਹਨਾਂ ਨੂੰ ਕੁਰਾਹੇ ਪਾਈ ਰੱਖਦਾ ਹੈ, ਸੋ ਉਸ ਦੇ ਉਲਟ) ਕੁਝ ਭੀ ਕੀਤਾ ਨਹੀਂ ਜਾ ਸਕਦਾ ।੩।
ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥
(ਤਾਂ ਫਿਰ ਉਹਨਾਂ ਮਨਮੁਖਾਂ ਵਾਸਤੇ ਕੀਹ ਕੀਤਾ ਜਾਏ? ਇਹੀ ਕਿ) ਜਿਸ ਪਰਮਾਤਮਾ ਦੇ ਅੱਗੇ (ਜੀਵ ਦੀ ਕੋਈ) ਪੇਸ਼ ਨਹੀਂ ਜਾ ਸਕਦੀ, ਉਸ ਦੇ ਦਰ ਤੇ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ।
ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥੪॥੪॥
ਹੇ ਨਾਨਕ! ਜਦੋਂ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਮਨ ਵਿਚ ਵੱਸਦਾ ਹੈ ਤਦੋਂ ਉਹ ਪ੍ਰਭੂ (ਅਰਜ਼ੋਈ) ਸੁਣ ਕੇ ਆਦਰ ਦੇਂਦਾ ਹੈ ।੪।੪।
ਮਾਰੂ ਮਹਲਾ ੩ ॥
ਮਾਰੂ ਤੀਜੀ ਪਾਤਿਸ਼ਾਹੀ।
ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥
ਹੇ ਮਨ! (ਪਰਮਾਤਮਾ ਦਾ ਸਿਮਰਨ) ਤਪਦੇ ਰੇਤ-ਥਲੇ (ਵਰਗੇ ਸੜਦੇ ਦਿਲ) ਨੂੰ ਸ਼ਾਂਤ ਕਰ ਦੇਂਦਾ ਹੈ, (ਸਿਮਰਨ ਦੀ ਬਰਕਤਿ ਨਾਲ) ਮਨੂਰ (ਵਰਗੇ ਮਨ) ਤੋਂ ਸੋਨਾ (ਸੁੱਧ) ਬਣ ਜਾਂਦਾ ਹੈ ।
ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥੧॥
ਹੇ ਮਨ! ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।੧।
ਮੇਰੇ ਮਨ ਅਨਦਿਨੁ ਧਿਆਇ ਹਰਿ ਨਾਉ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਾ ਰਹੁ ।
ਸਤਿਗੁਰ ਕੈ ਬਚਨਿ ਅਰਾਧਿ ਤੂ ਅਨਦਿਨੁ ਗੁਣ ਗਾਉ ॥੧॥ ਰਹਾਉ ॥
ਗੁਰੂ ਦੇ ਬਚਨ ਉਤੇ ਤੁਰ ਕੇ ਤੂੰ ਪ੍ਰਭੂ ਦਾ ਆਰਾਧਨ ਕਰਦਾ ਰਹੁ, ਹਰ ਵੇਲੇ ਪਰਮਾਤਮਾ ਦੇ ਗੁਣ ਗਾਇਆ ਕਰ ।੧।ਰਹਾਉ।
ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥
ਹੇ ਮਨ! ਜਦੋਂ ਗੁਰੂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ (ਤਦੋਂ) ਗੁਰੂ ਦੀ ਰਾਹੀਂ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ ।
ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥੨॥
ਹੇ ਮਨ! ਜਿਸ ਗੁਰੂ ਪਾਸੋਂ ਇਹ ਸਮਝ ਪ੍ਰਾਪਤ ਹੁੰਦੀ ਹੈ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ ।੨।
ਸਤਿਗੁਰੁ ਛੋਡਿ ਦੂਜੈ ਲਗੇ ਕਿਆ ਕਰਨਿ ਅਗੈ ਜਾਇ ॥
ਹੇ ਮਨ! ਜਿਹੜੇ ਬੰਦੇ ਗੁਰੂ ਨੂੰ ਛੱਡ ਕੇ (ਮਾਇਆ ਆਦਿਕ) ਹੋਰ ਹੋਰ (ਮੋਹ) ਵਿਚ ਲੱਗੇ ਰਹਿੰਦੇ ਹਨ ਉਹ ਪਰਲੋਕ ਵਿਚ ਜਾ ਕੇ ਕੀਹ ਕਰਨਗੇ?
ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੩॥
(ਅਜਿਹੇ ਬੰਦੇ ਤਾਂ) ਜਮਰਾਜ ਦੀ ਕਚਹਿਰੀ ਵਿਚ ਬੱਝੇ ਮਾਰੀਦੇ ਹਨ, ਅਜਿਹਾਂ ਨੂੰ ਤਾਂ ਬੜੀ ਸਜ਼ਾ ਮਿਲਦੀ ਹੈ ।੩।