Sri Guru Granth Sahib Ji — Ang 991 (punjabi)
ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥
(ਹੇ ਪ੍ਰਭੂ!) ਜਦੋਂ ਤੋਂ ਗੁਰੂ ਨੇ ਮੈਨੂੰ ਤੇਰਾ ਪ੍ਰੇਮ ਦੇ ਕੇ ਉਸਦੇ ਵੱਟੇ ਵਿਚ ਮੇਰਾ ਆਪਾ-ਭਾਵ ਖ਼ਰੀਦ ਲਿਆ ਹੈ, ਮੈਂ ਤੇਰਾ ਦਾਸ ਹੋ ਗਿਆ ਹਾਂ, ਮੈਂ ਤੇਰਾ ਗ਼ੁਲਾਮ ਹੋ ਗਿਆ ਹਾਂ, ਮੈਨੂੰ ਦੁਨੀਆ ਭੀ ਭਾਗਾਂ ਵਾਲਾ ਆਖਣ ਲੱਗ ਪਈ ਹੈ ।
ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥
ਗੁਰੂ ਦੇ ਦਰ ਤੇ ਗੁਰੂ ਦੇ ਉਪਦੇਸ਼ ਦੇ ਇਵਜ਼ ਮੈਂ ਆਪਾ-ਭਾਵ ਦੇ ਦਿੱਤਾ ਹੈ, ਹੁਣ ਜਿਸ ਕੰੰਮ ਵਿਚ ਮੈਨੂੰ ਗੁਰੂ ਲਾਉਂਦਾ ਹੈ ਉਸੇ ਕੰਮ ਵਿਚ ਮੈਂ ਲੱਗਾ ਰਹਿੰਦਾ ਹਾਂ ।੧।
ਤੇਰੇ ਲਾਲੇ ਕਿਆ ਚਤੁਰਾਈ ॥
(ਪਰ ਹੇ ਪ੍ਰਭੂ!) ਮੈਨੂੰ ਤੇਰੇ ਗ਼ੁਲਾਮ ਨੂੰ ਅਜੇ ਪੂਰੀ ਸਮਝ ਨਹੀਂ ਹੈ,
ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥੧॥ ਰਹਾਉ ॥
ਮੈਥੋਂ, ਹੇ ਸਾਹਿਬ! ਤੇਰਾ ਹੁਕਮ ਪੂਰੇ ਤੌਰ ਤੇ ਸਿਰੇ ਨਹੀਂ ਚੜ੍ਹਦਾ (ਅਕਲ ਤਾਂ ਇਹ ਚਾਹੀਦੀ ਸੀ ਕਿ ਸੇਵਾ ਹੁਕਮ ਤੋਂ ਵਧੀਕ ਕੀਤੀ ਜਾਏ; ਪਰ ਵਾਧਾ ਕਰਨਾ ਤਾਂ ਕਿਤੇ ਰਿਹਾ, ਪੂਰੀ ਭੀ ਨਿਬਾਹੀ ਨਹੀਂ ਜਾਂਦੀ) ।੧।ਰਹਾਉ।
ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥
(ਗੁਰੂ ਦੀ ਮੇਹਰ ਨਾਲ) ਤੇਰੇ ਹੁਕਮ ਵਿਚ ਤੁਰਨ ਵਾਲੀ (ਮੇਰੀ ਮਤਿ ਬਣੀ ਉਸ ਮਤਿ-) ਮਾਂ (ਨੇ ਮੈਨੂੰ ਸੇਵਕ-ਜੀਵਨ ਵਾਲਾ ਜਨਮ ਦਿੱਤਾ), (ਤੇਰਾ ਬਖ਼ਸ਼ਿਆ ਸੰਤੋਖ) ਮੇਰਾ ਪਿਉ ਬਣਿਆ । ਮੈਨੂੰ (ਮੇਰੇ ਸੇਵਕ-ਸੁਭਾਵ ਨੂੰ) ਸੰਤੋਖ-ਪਿਉ ਤੋਂ ਹੀ ਜਨਮ ਮਿਲਿਆ ।
ਲਾਲੀ ਨਾਚੈ ਲਾਲਾ ਗਾਵੈ ਭਗਤਿ ਕਰਉ ਤੇਰੀ ਰਾਇਆ ॥੨॥
ਹੁਣ, ਹੇ ਪ੍ਰਭੂ! ਜਿਉਂ ਜਿਉਂ ਮੈਂ ਤੇਰੀ ਭਗਤੀ ਕਰਦਾ ਹਾਂ ਮੇਰੀ ਮਾਂ (-ਮਤਿ) ਹੁਲਾਰੇ ਵਿਚ ਆਉਂਦੀ ਹੈ, ਮੇਰਾ ਪਿਉ (-ਸੰਤੋਖ) ਉਛਾਲੇ ਮਾਰਦਾ ਹੈ ।੨।
ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤ ਪੀਸਣ ਜਾਉ ॥
ਹੇ ਪ੍ਰਭੂ! ਮੈਨੂੰ ਤਾਂ ਸਮਝ ਨਹੀਂ ਕਿ ਮੈਂ ਕਿਸ ਤਰ੍ਹਾਂ ਤੇਰਾ ਹੁਕਮ ਪੂਰੇ ਤੌਰ ਤੇ ਕਮਾ ਸਕਾਂ, ਪਰ ਜੇ ਤੂੰ ਮੇਹਰ ਕਰੇਂ ਤਾਂ) ਹੇ ਪਾਤਿਸ਼ਾਹ! ਮੈਂ ਤੇਰੇ (ਬੰਦਿਆਂ) ਲਈ ਪੀਣ ਵਾਸਤੇ ਪਾਣੀ ਢੋਵਾਂ, ਤੇਰੇ (ਬੰਦਿਆਂ ਦੇ) ਖਾਣ ਵਾਸਤੇ ਚੱਕੀ ਪੀਹਾਂ,
ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥੩॥
ਪੱਖਾ ਫੇਰਾਂ, ਤੇਰੇ (ਬੰਦਿਆਂ ਦੇ) ਪੈਰ ਘੁੱਟਾਂ, ਤੇ ਸਦਾ ਤੇਰਾ ਨਾਮ ਜਪਦਾ ਰਹਾਂ ।੩।
ਲੂਣ ਹਰਾਮੀ ਨਾਨਕੁ ਲਾਲਾ ਬਖਸਿਹਿ ਤੁਧੁ ਵਡਿਆਈ ॥
(ਪਰ ਹੇ ਦਇਆ ਦੇ ਮਾਲਕ ਪ੍ਰਭੂ!) ਤੇਰਾ ਗ਼ੁਲਾਮ ਨਾਨਕ ਤੇਰੀ ਉਤਨੀ ਖ਼ਿਦਮਤ ਨਹੀਂ ਕਰ ਸਕਦਾ ਜਿਤਨੀਆਂ ਤੂੰ ਬਖ਼ਸ਼ਸ਼ਾਂ ਕਰ ਰਿਹਾ ਹੈਂ (ਤੇਰਾ ਗ਼ੁਲਾਮ) ਤੇਰੀਆਂ ਬਖ਼ਸ਼ਸ਼ਾਂ ਦੇ ਮੋਹ ਵਿਚ ਹੀ ਫਸ ਜਾਂਦਾ ਹੈ, ਖ਼ਿਦਮਤ ਕਰਾਣ ਵਾਸਤੇ ਭੀ ਜੇ ਤੂੰ ਆਪ ਹੀ ਮੇਹਰ ਕਰੇਂ (ਤਾਂ ਮੈਂ ਖ਼ਿਦਮਤ ਕਰ ਸਕਾਂਗਾ, ਇਸ ਵਿਚ ਭੀ) ਤੇਰੀ ਹੀ ਜੈ-ਜੈਕਾਰ ਹੋਵੇਗੀ ।
ਆਦਿ ਜੁਗਾਦਿ ਦਇਆਪਤਿ ਦਾਤਾ ਤੁਧੁ ਵਿਣੁ ਮੁਕਤਿ ਨ ਪਾਈ ॥੪॥੬॥
ਤੂੰ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਦਇਆ ਦਾ ਮਾਲਕ ਹੈਂ ਦਾਤਾਂ ਦੇਂਦਾ ਆਇਆ ਹੈਂ (ਇਹਨਾਂ ਦਾਤਾਂ ਦੇ ਮੋਹ ਤੋਂ) ਖ਼ਲਾਸੀ ਤੇਰੀ ਸਹੈਤਾ ਤੋਂ ਬਿਨਾ ਨਹੀਂ ਹੋ ਸਕਦੀ ।੪।੬।
ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
(ਦੁਨੀਆ ਦੇ ਲੋਕਾਂ ਨਾਲ ਡੂੰਘੀਆਂ ਸਾਂਝਾਂ ਨਾਹ ਪਾਣ ਕਰ ਕੇ) ਕੋਈ ਆਖਦਾ ਹੈ ਕਿ ਨਾਨਕ ਤਾਂ ਕੋਈ ਭੂਤ ਹੈ (ਕਿਉਂਕਿ ਇਹ ਬੰਦਿਆਂ ਤੋਂ ਤ®ਹਿੰਦਾ ਹੈ) ਕੋਈ ਆਖਦਾ ਹੈ ਕਿ ਨਾਨਕ ਕੋਈ ਜਿੰਨ ਹੈ (ਜੋ ਬੰਦਿਆਂ ਤੋਂ ਪਰੇ ਪਰੇ ਜੂਹ-ਉਜਾੜ ਵਿਚ ਹੀ ਬਹੁਤਾ ਚਿਰ ਟਿਕਿਆ ਰਹਿੰਦਾ ਹੈ) ।
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥
ਪਰ ਕੋਈ ਬੰਦਾ ਆਖਦਾ ਹੈ (ਨਹੀਂ) ਨਾਨਕ ਹੈ ਤਾਂ (ਸਾਡੇ ਵਰਗਾ) ਆਦਮੀ (ਹੀ) ਉਂਞ ਹੈ ਆਜਿਜ਼ ਜੇਹਾ ।੧।
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਮੈਂ ਸ਼ਾਹ-ਪ੍ਰਭੂ ਦੇ ਨਾਮ ਦਾ ਆਸ਼ਿਕ ਹੋ ਗਿਆ ਹਾਂ, ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਡੂੰਘੀਆਂ ਸਾਂਝਾਂ ਨਹੀਂ ਪਾਂਦਾ,
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥
(ਇਸ ਵਾਸਤੇ ਦੁਨੀਆ ਆਖਦੀ ਹੈ ਕਿ) ਨਾਨਕ ਝੱਲਾ ਹੋ ਗਿਆ ਹੈ ।੧।ਰਹਾਉ।
ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਜਦੋਂ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਕਿਸੇ ਹੋਰ ਦੀ ਖ਼ੁਸ਼ਾਮਦ-ਮੁਥਾਜੀ ਨਹੀਂ ਕਰਦਾ)
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥
ਜਦੋਂ ਉਹ ਦੁਨੀਆ ਦੇ ਡਰ-ਫ਼ਿਕਰਾਂ ਵਲੋਂ ਬੇ-ਪਰਵਾਹ ਜੇਹਾ ਹੋ ਜਾਂਦਾ ਹੈ, ਤਦੋਂ (ਦੁਨੀਆ ਦੇ ਲੋਕਾਂ ਦੀਆਂ ਨਜ਼ਰਾਂ ਵਿਚ) ਉਹ ਝੱਲਾ ਸਮਝਿਆ ਜਾਂਦਾ ਹੈ ।੨।
ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ਜਦੋਂ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝਣ ਲੱਗ ਪੈਂਦਾ ਹੈ (ਰਜ਼ਾ ਦੇ ਉਲਟ ਤੁਰਨ ਲਈ ਆਪਣੀ) ਕਿਸੇ ਹੋਰ ਚਤੁਰਾਈ ਦਾ ਆਸਰਾ ਨਹੀਂ ਲੈਂਦਾ,
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥
ਜਦੋਂ ਮਨੁੱਖ ਸਿਰਫ਼ (ਰਜ਼ਾ ਵਿਚ ਰਾਜ਼ੀ ਰਹਿਣ ਦੀ ਹੀ) ਕਾਰ ਕਰਦਾ ਹੈ, (ਹਰੇਕ ਕਿਰਤ-ਕਾਰ ਵਿਚ ਪ੍ਰਭੂ ਦੀ ਰਜ਼ਾ ਨੂੰ ਹੀ ਮੁਖ ਮੰਨਦਾ ਹੈ) ਤਾਂ ਲੋਕਾਂ ਦੀਆਂ ਨਜ਼ਰਾਂ ਵਿਚ ਉਹ ਝੱਲਾ ਮੰਨਿਆ ਜਾਂਦਾ ਹੈ ।੩।
ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਜਦੋਂ ਮਨੁੱਖ ਆਪਣੇ ਆਪ ਨੂੰ (ਹੋਰ ਸਭਨਾਂ ਨਾਲੋਂ) ਮਾੜਾ ਸਮਝਦਾ ਹੈ, ਜਦੋਂ ਹੋਰ ਜਗਤ ਨੂੰ ਆਪਣੇ ਨਾਲੋਂ ਚੰਗਾ ਸਮਝਦਾ ਹੈ,
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥
ਜਦੋਂ ਮਨੁੱਖ ਮਾਲਿਕ-ਪ੍ਰਭੂ ਦਾ ਪਿਆਰ ਹੀ (ਆਪਣੇ ਹਿਰਦੇ ਵਿਚ) ਟਿਕਾਈ ਰੱਖਦਾ ਹੈ, ਤਦੋਂ ਉਹ (ਦੁਨੀਆ ਦੀਆਂ ਨਿਗਾਹਾਂ ਵਿਚ) ਝੱਲਾ ਜਾਣਿਆ ਜਾਂਦਾ ਹੈ ।੪।੭।
ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।
ਇਹੁ ਧਨੁ ਸਰਬ ਰਹਿਆ ਭਰਪੂਰਿ ॥
(ਪਰਮਾਤਮਾ ਹਰ ਥਾਂ ਜ਼ੱØਰੇ ਜ਼ੱØਰੇ ਵਿਚ ਵਿਆਪਕ ਹੈ, ਉਸ ਦਾ) ਇਹ ਨਾਮ-ਧਨ (ਭੀ) ਸਭ ਵਿਚ ਮੌਜੂਦ ਹੈ, (ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਨੂੰ ਹਰ ਥਾਂ ਹੀ ਵੇਖ ਸਕੀਦਾ ਹੈ ਤੇ ਉਸ ਦੀ ਯਾਦ ਨੂੰ ਹਿਰਦੇ ਵਿਚ ਵਸਾ ਸਕੀਦਾ ਹੈ),
ਮਨਮੁਖ ਫਿਰਹਿ ਸਿ ਜਾਣਹਿ ਦੂਰਿ ॥੧॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਭਟਕਦੇ ਫਿਰਦੇ ਹਨ, ਅਤੇ ਉਹ ਬੰਦੇ (ਪਰਮਾਤਮਾ ਨੂੰ, ਪਰਮਾਤਮਾ ਦੇ ਨਾਮ-ਧਨ ਨੂੰ) ਕਿਤੇ ਦੂਰ ਦੁਰੇਡੇ ਥਾਂ ਤੇ ਸਮਝਦੇ ਹਨ ।੧।
ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ-ਧਨ ਨਾਮ-ਵੱਖਰ ਦੇਂਦਾ ਹੈਂ ਉਸ ਨੂੰ ਇਹ ਨਾਮ-ਧਨ (ਮਾਇਆ ਦੀ ਤਿ®ਸ਼ਨਾ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।
ਜਿਸੁ ਤੂ ਦੇਹਿ ਤਿਸੈ ਨਿਸਤਾਰੈ ॥੧॥ ਰਹਾਉ ॥
(ਮੇਹਰ ਕਰ) ਤੇਰਾ ਇਹ ਨਾਮ-ਧਨ ਇਹ ਨਾਮ-ਵੱਖਰ ਮੇਰੇ ਹਿਰਦੇ ਵਿਚ ਭੀ ਵੱਸ ਪਏ ।੧।ਰਹਾਉ।
ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥
(ਹਿਰਦੇ ਵਿਚ ਵਸਾਇਆ ਹੋਇਆ ਪਰਮਾਤਮਾ ਦਾ ਨਾਮ) ਇਕ ਐਸਾ ਧਨ ਹੈ ਜੋ ਨਾਹ ਸੜਦਾ ਹੈ ਨਾਹ ਹੀ ਇਸ ਨੂੰ ਕੋਈ ਚੋਰ ਚੁਰਾ ਕੇ ਲੈ ਜਾ ਸਕਦਾ ਹੈ,
ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥੨॥
ਇਹ ਧਨ (ਪਾਣੀਆਂ ਹੜ੍ਹਾਂ ਵਿਚ ਭੀ) ਡੁੱਬਦਾ ਨਹੀਂ ਹੈ ਅਤੇ ਨਾਹ ਹੀ ਇਸ ਧਨ ਦੀ ਖ਼ਾਤਰ ਕਿਸੇ ਨੂੰ ਕੋਈ ਦੰਡ ਮਿਲਦਾ ਹੈ ।੨।
ਇਸੁ ਧਨ ਕੀ ਦੇਖਹੁ ਵਡਿਆਈ ॥
ਵੇਖੋ, ਇਸ ਧਨ ਦਾ ਵੱਡਾ ਗੁਣ ਇਹ ਹੈ ਕਿ (ਜਿਸ ਮਨੁੱਖ ਦੇ ਪਾਸ ਇਹ ਧਨ ਹੈ, ਉਸ ਦੀ ਜ਼ਿੰਦਗੀ ਦਾ)
ਸਹਜੇ ਮਾਤੇ ਅਨਦਿਨੁ ਜਾਈ ॥੩॥
ਹਰੇਕ ਦਿਹਾੜਾ ਅਡੋਲ ਅਵਸਥਾ ਵਿਚ ਮਸਤ ਰਿਹਾਂ ਹੀ ਗੁਜ਼ਰਦਾ ਹੈ ।੩।
ਇਕ ਬਾਤ ਅਨੂਪ ਸੁਨਹੁ ਨਰ ਭਾਈ ॥
ਹੇ ਭਾਈ ਜਨੋ! (ਇਸ ਨਾਮ-ਧਨ ਦੀ ਬਾਬਤ) ਇਕ ਹੋਰ ਸੋਹਣੀ ਗੱਲ (ਭੀ) ਸੁਣੋ
ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥੪॥
(ਉਹ ਇਹ ਹੈ ਕਿ) ਇਸ ਧਨ (ਦੀ ਪ੍ਰਾਪਤੀ) ਤੋਂ ਬਿਨਾ ਕਦੇ ਕਿਸੇ ਨੂੰ ਉੱਚੀ ਆਤਮਕ ਅਵਸਥਾ ਨਹੀਂ ਮਿਲੀ ।੪।
ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥
ਨਾਨਕ ਆਖਦਾ ਹੈ—ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਲ ਪੈਂਦਾ ਹੈ ਤਦੋਂ ਉਹ ਇਹ ਨਾਮ-ਧਨ ਹਾਸਲ ਕਰ ਲੈਂਦਾ ਹੈ
ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥੫॥੮॥
ਤੇ ਫਿਰ ਉਹ (ਹੋਰਨਾਂ ਨੂੰ) ਉਸ ਪਰਮਾਤਮਾ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ਜਿਸ ਦੇ ਗੁਣ ਕਿਸੇ ਪਾਸੋਂ ਬਿਆਨ ਨਹੀਂ ਹੋ ਸਕਦੇ ।੫।੮।
ਮਾਰੂ ਮਹਲਾ ੧ ॥
ਮਾਰੂ ਪਹਿਲੀ ਪਾਤਿਸ਼ਾਹੀ।
ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥
(ਹੇ ਜੋਗੀ!) ਤੂੰ ਤਾਮਸੀ ਸੁਭਾਵ ਨੂੰ ਦੂਰ ਕਰ (ਇਹ ਹੈ ਸੱਜੀ ਨਾਸ ਦੇ ਰਸਤੇ ਪ੍ਰਾਣ ਉਤਾਰਨੇ), ਸ਼ਾਂਤੀ ਸੁਭਾਵ ਨੂੰ (ਆਪਣੇ ਅੰਦਰ) ਤਕੜਾ ਕਰ (ਇਹ ਹੈ ਖੱਬੀ ਨਾਸ ਦੇ ਰਸਤੇ ਪ੍ਰਾਣ ਚੜ੍ਹਾਣੇ) । ਸੁਆਸ ਸੁਆਸ ਨਾਮ ਜਪਣ ਵਾਲਾ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ (ਇਹ ਹੈ ਪ੍ਰਾਣਾਂ ਨੂੰ ਸੁਖਮਨਾ ਨਾੜੀ ਵਿਚ ਟਿਕਾਣਾ) ।
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੧॥
(ਬੱਸ! ਹੇ ਜੋਗੀ! ਪਰਮਾਤਮਾ ਦੇ ਚਰਨਾਂ ਵਿਚ ਜੁੜਨ ਦਾ ਕੋਈ) ਅਜੇਹਾ ਮੇਲ ਮਿਲਾE । ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵੱਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਨਹੀਂ ਦੌੜਦਾ, ਨਾਹ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੁੰਦਾ ਹੈ ।੧।
ਮੂੜੇ ਕਾਇਚੇ ਭਰਮਿ ਭੁਲਾ ॥
(ਹੇ ਜੋਗੀ!) ਤੂੰ ਜਗਤ ਦੀ ਮਾਇਆ ਵਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪਰਮਾਤਮਾ ਨੂੰ ਅਜੇ ਤਕ ਪਛਾਣ ਨਹੀਂ ਸਕਿਆ,
ਨਹ ਚੀਨਿਆ ਪਰਮਾਨੰਦੁ ਬੈਰਾਗੀ ॥੧॥ ਰਹਾਉ ॥
ਹੇ ਮੂਰਖ! ਤੂੰ (ਪ੍ਰਾਣਾਯਾਮ ਦੇ) ਭੁਲੇਖੇ ਵਿਚ ਪੈ ਕੇ ਕਿਉਂ (ਜੀਵਨ ਦੇ ਅਸਲੀ ਤੋਂ) ਲਾਂਭੇ ਜਾ ਰਿਹਾ ਹੈਂ? ।੧।ਰਹਾਉ।
ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤਜਿ ਛੋਡਿ ਤਉ ਅਪਿਉ ਪੀਜੈ ॥
(ਹੇ ਜੋਗੀ!) ਜਰਾ-ਰਹਿਤ ਪ੍ਰਭੂ ਦੇ ਮੇਲ ਦੇ ਰਾਹ ਵਿਚ ਰੋਕ ਪਾਣ ਵਾਲੇ ਮੋਹ ਨੂੰ (ਆਪਣੇ ਅੰਦਰੋਂ) ਸਾੜ ਦੇ, ਮੌਤ-ਰਹਿਤ ਹਰੀ ਦੇ ਮਿਲਾਪ ਦੇ ਰਸਤੇ ਵਿਚ ਵਿਘਨ ਪਾਣ ਵਾਲੇ ਮਨ ਨੂੰ ਵੱਸ ਵਿਚ ਕਰ ਰੱਖ, ਭਟਕਣਾ ਛੱਡ ਦੇ, ਤਦੋਂ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਸਕੀਦਾ ਹੈ ।
ਮੀਨ ਕੀ ਚਪਲ ਸਿਉ ਜੁਗਤਿ ਮਨੁ ਰਾਖੀਐ ਉਡੈ ਨਹ ਹੰਸੁ ਨਹ ਕੰਧੁ ਛੀਜੈ ॥੨॥
ਇਸੇ ਤਰ੍ਹਾਂ ਮੱਛੀ ਵਰਗਾ ਚੰਚਲ ਮਨ ਕਾਬੂ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵਲ ਦੌੜਨੋਂ ਹਟ ਜਾਂਦਾ ਹੈ, ਸਰੀਰ ਭੀ ਵਿਕਾਰਾਂ ਵਿਚ ਪੈ ਕੇ ਖ਼ੁਆਰ ਹੋਣੋਂ ਬਚ ਜਾਂਦਾ ਹੈ