Sri Guru Granth Sahib Ji — Ang 985 (punjabi)
ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਸ਼ਾਹੀ।
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥
ਹੇ ਭਾਈ! ਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ,
ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥
ਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ ।੧।ਰਹਾਉ।
ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥
ਹੇ ਭਾਈ! ਅਸੀ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ ।
ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥
ਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ ।੨।
ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥
ਹੇ ਭਾਈ! ਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ;
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥
ਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤਿ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ ।੨।
ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥
ਹੇ ਭਾਈ! ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ ।
ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥
ਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ ।੩।
ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥
ਹੇ ਦਾਸ ਨਾਨਕ! (ਆਖ—) ਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮਤਿ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ,
ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥
(ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ ।੪।੩।
ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਸ਼ਾਹੀ।
ਮੇਰਾ ਮਨੁ ਰਾਮ ਨਾਮਿ ਰਸਿ ਲਾਗਾ ॥
ਹੇ ਭਾਈ! ਜਦੋਂ (ਮੈਨੂੰ ਗੁਰੂ ਮਿਲਿਆ ਹੈ ਮੇਰੇ (ਹਿਰਦੇ-) ਕੌਲ ਫੁੱਲ ਦਾ ਖਿੜਾਉ ਹੋ ਗਿਆ ਹੈ, ਮੇਰਾ ਮਨ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਹਰਿ-ਨਾਮ ਦੇ ਸੁਆਦ ਵਿਚ ਮਗਨ ਰਹਿੰਦਾ ਹੈ;
ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥੧॥ ਰਹਾਉ ॥
ਮੈਂ ਪਰਮਾਤਮਾ ਦਾ ਨਾਮ ਜਪ ਰਿਹਾ ਹਾਂ, ਤੇ (ਮੇਰੇ ਅੰਦਰੋਂ) ਹਰੇਕ ਕਿਸਮ ਦੀ ਭਟਕਣ ਹਰੇਕ ਕਿਸਮ ਦਾ ਡਰ ਦੂਰ ਹੋ ਗਿਆ ਹੈ ।੧।ਰਹਾਉ।
ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥
ਹੇ ਭਾਈ! ਗੁਰੂ ਦੀ ਮਤਿ ਦੀ ਬਰਕਤਿ ਨਾਲ ਮੇਰਾ ਸੁੱਤਾ ਹੋਇਆ ਮਨ ਜਾਗ ਪਿਆ ਹੈ, ਮੇਰਾ ਹਿਰਦਾ ਅਦਬ ਅਤੇ ਪ੍ਰੇਮ ਨਾਲ ਪ੍ਰਭੂ ਦੀ ਭਗਤੀ ਵਿਚ ਲੱਗਾ ਰਹਿੰਦਾ ਹੈ ।
ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥੧॥
ਵੱਡੇ ਭਾਗਾਂ ਨਾਲ ਮੈਂ ਪਰਮਾਤਮਾ ਨੂੰ ਆਪਣੇ ਵਿਚ ਵਸਾ ਲਿਆ ਹੈ, ਹੁਣ ਮੇਰੇ ਸਾਰੇ ਪਾਪ ਨਾਸ ਹੋ ਗਏ ਹਨ ਤੇ ਮੇਰੇ ਅੰਦਰ ਠੰਢ ਵਰਤ ਰਹੀ ਹੈ ।੧।
ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ ॥
ਹੇ ਭਾਈ! ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ ।
ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥੨॥
(ਉਸ ਦੇ ਅੰਦਰੋਂ ਸੁਖ ਇਕ ਖਿਨ ਵਿਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ ।੨।
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥
ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਗੁਰੂ (ਦੇ ਚਰਨਾਂ) ਨਾਲ ਬਹੁਤ ਗੂੜ੍ਹਾ ਪਿਆਰ ਬਣਦਾ ਹੈ (ਉਹ ਪਿਆਰ ਇਉਂ ਹੀ ਪੱਕਾ ਹੁੰਦਾ ਹੈ) ਜਿਵੇਂ ਮਜੀਠ ਦਾ ਰੰਗ ਬਹੁਤ ਪੱਕਾ ਹੰੁਦਾ ਹੈ,
ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥੩॥
(ਮਜੀਠ ਨਾਲ ਰੰਗੇ ਹੋਏ) ਕੱਪੜੇ ਪਾਟ ਭਾਵੇਂ ਜਾਣ (ਪਰ ਰੰਗ ਨਹੀਂ ਉਤਰਦਾ) । ਸਰੀਰ-ਕੱਪੜਾ ਨਾਸ ਭਾਵੇਂ ਹੋ ਜਾਏ, ਪਰ ਇਸ ਦਾ ਹਰਿ-ਨਾਮ ਦਾ ਭਾਗਾਂ ਵਾਲਾ ਰੰਗ ਨਹੀਂ ਉਤਰਦਾ ।੩।
ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥
ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪਰਮਾਤਮਾ ਦਾ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਹ ਮਨੁੱਖ ਹਰਿ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗਿਆ ਰਹਿੰਦਾ ਹੈ (ਲੋਕ ਪਰਲੋਕ ਵਿਚ ਉਹ) ਸੋਭਾ (ਖੱਟਦਾ ਹੈ) ।
ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥੪॥੪॥
ਜਿਹੜਾ ਜਿਹੜਾ ਸੇਵਕ-ਭਗਤ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਦਾਸ ਨਾਨਕ ਉਹਨਾਂ ਦੇ ਚਰਨ ਧੋਂਦਾ ਹੈ ।੪।੪।
ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਿਸ਼ਾਹੀ।
ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥
ਹੇ ਮੇਰੇ ਮਨ! ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ । (ਹੇ ਭਾਈ! ਨਾਮ ਜਪਣ ਦੀ ਬਰਕਤਿ ਨਾਲ ਹੀ) ਮੇਰਾ ਮਨ ਮੇਰਾ ਤਨ (ਭਾਵ, ਸਾਰੇ ਗਿਆਨ ਇੰਦ®ੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ,
ਮੇਰਾ ਮਨੁ ਤਨੁ ਲੀਨੁ ਭਇਆ ਰਾਮ ਨਾਮੈ ਮਤਿ ਗੁਰਮਤਿ ਰਾਮ ਰਸਾਲਾ ॥੧॥ ਰਹਾਉ ॥
ਮੇਰੀ ਮਤਿ ਗੁਰੂ ਦੀ ਮਤਿ ਵਿਚ ਲੀਨ ਹੋ ਗਈ ਹੈ, ਪਰਮਾਤਮਾ ਮੈਨੂੰ ਸਾਰੇ ਰਸਾਂ ਦਾ ਖ਼ਜ਼ਾਨਾ ਦਿੱਸ ਰਿਹਾ ਹੈ ।੧।ਰਹਾਉ।
ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥
ਹੇ ਭਾਈ! ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ, ਮਨ ਵਿਚ ਹਰੀ ਦਾ ਜਾਪ ਜਪਣਾ ਚਾਹੀਦਾ ਹੈ ।
ਜਿਨੑ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥੧॥
ਜਗਤ ਦਾ ਮਾਲਕ ਪ੍ਰਭੂ ਉਹਨਾਂ ਬੰਦਿਆਂ ਨੂੰ (ਹੀ) ਮਿਲਦਾ ਹੈ ਜਿਨ੍ਹਾਂ ਦੇ ਮੱਥੇ ਉਤੇ ਇਹ ਲੇਖ ਲਿਖਿਆ ਹੁੰਦਾ ਹੈ ।੧।
ਜਿਨੑ ਹਰਿ ਨਾਮੁ ਧਿਆਇਆ ਤਿਨੑ ਚੂਕੇ ਸਰਬ ਜੰਜਾਲਾ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਸਾਰੇ ਮਾਇਕ ਬੰਧਨ ਮੁੱਕ ਗਏ ।
ਤਿਨੑ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥੨॥
(ਆਤਮਕ) ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ, ਗੁਰੂ ਨੇ ਉਹਨਾਂ ਨੂੰ ਬਚਾ ਲਿਆ, ਪਰਮਾਤਮਾ (ਆਪ ਉਹਨਾਂ ਦਾ) ਰਾਖਾ ਬਣਿਆ ।੨।
ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥
ਹੇ ਭਾਈ! ਅਸੀ ਜੀਵ ਤਾਂ ਬੱਚੇ ਹਾਂ (ਅਸੀ ਆਪਣਾ ਹਾਣ ਲਾਭ) ਕੁਝ ਨਹੀਂ ਸਮਝਦੇ; ਪਰ ਪਰਮਾਤਮਾ ਮਾਪਿਆਂ ਵਾਂਗ ਸਾਡੀ ਪਾਲਣਾ ਕਰਨ ਵਾਲਾ ਹੈ ।
ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥੩॥
(ਬੱਚੇ ਸਦਾ ਅੱਗ ਵਿਚ ਹੱਥ ਪਾਂਦੇ ਹਨ, ਮਾਪੇ ਬਚਾਂਦੇ ਹਨ) ਅਸੀ ਮਾਇਆ ਦੀ ਅੱਗ ਵਿਚ ਹੱਥ ਪਾਂਦੇ ਰਹਿੰਦੇ ਹਾਂ (ਮਨ ਫਸਾਂਦੇ ਰਹਿੰਦੇ ਹਾਂ), ਪਰ ਦੀਨਾਂ ਉਤੇ ਦਇਆ ਕਰਨ ਵਾਲੇ ਗੁਰੂ ਨੇ ਸਦਾ ਸਾਡੀ ਰੱਖਿਆ ਕੀਤੀ ਹੈ ।੩।
ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥
(ਹੇ ਭਾਈ! ਪਰਮਾਤਮਾ ਦੇ ਨਾਮ ਨਾਲ) ਬੜੇ ਬੜੇ ਵਿਕਾਰੀ ਪਵਿੱਤਰ ਹੋ ਗਏ ਹਨ; ਹਰੀ-ਜਸ ਨੇ (ਉਹਨਾਂ ਦੇ) ਸਾਰੇ ਪਾਪ ਸਾੜ ਦਿੱਤੇ ਹਨ ।
ਮਨਿ ਅਨਦੁ ਭਇਆ ਗੁਰੁ ਪਾਇਆ ਜਨ ਨਾਨਕ ਸਬਦਿ ਨਿਹਾਲਾ ॥੪॥੫॥
ਹੇ ਦਾਸ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲ ਪਿਆ, ਉਸ ਦੇ ਮਨ ਵਿਚ ਆਨੰਦ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਨਿਹਾਲ ਹੋ ਗਿਆ ।੪।੫।
ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਿਸ਼ਾਹੀ।