Sri Guru Granth Sahib Ji — Ang 984 (punjabi)
ਰਾਗੁ ਮਾਲੀ ਗਉੜਾ ਮਹਲਾ ੪
ਰਾਗੁ ਮਾਲੀ ਗਾਉੜਾ ਚੌਥੀ ਪਾਤਸ਼ਾਹੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਅਨਿਕ ਜਤਨ ਕਰਿ ਰਹੇ ਹਰਿ ਅੰਤੁ ਨਾਹੀ ਪਾਇਆ ॥
ਹੇ ਪ੍ਰਭੂ ਪਾਤਿਸ਼ਾਹ! (ਤੇਰੇ ਗੁਣਾਂ ਦਾ ਅੰਤ ਲੱਭਣ ਵਾਸਤੇ ਬੇਅੰਤ ਜੀਵ) ਅਨੇਕਾਂ ਜਤਨ ਕਰ ਕਰ ਕੇ ਥੱਕ ਗਏ ਹਨ, ਕਿਸੇ ਨੇ ਤੇਰਾ ਅੰਤ ਨਹੀਂ ਲੱਭਾ ।
ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥
ਹੇ ਹਰੀ! ਤੂੰ ਅਪਹੁੰਚ ਹੈਂ, ਤੂੰ ਅਪਹੁੰਚ ਹੈਂ, ਤੂੰ ਅਥਾਹ ਹੈਂ, ਤੈਨੂੰ ਕੋਈ ਨਹੀਂ ਸਮਝ ਸਕਦਾ, ਮੇਰੀ ਤੈਨੂੰ ਹੀ ਨਮਸਕਾਰ ਹੈ ।੧।ਰਹਾਉ।
ਕਾਮੁ ਕ੍ਰੋਧੁ ਲੋਭੁ ਮੋਹੁ ਨਿਤ ਝਗਰਤੇ ਝਗਰਾਇਆ ॥
ਹੇ ਪ੍ਰਭੂ! ਕਾਮ ਕੋ®ਧ ਲੋਭ ਮੋਹ (ਆਦਿਕ ਵਿਕਾਰ ਇਤਨੇ ਬਲੀ ਹਨ ਕਿ ਜੀਵ ਇਹਨਾਂ ਦੇ) ਉਕਸਾਏ ਹੋਏ ਸਦਾ ਦੁਨੀਆ ਦੇ ਝਗੜਿਆਂ ਵਿਚ ਹੀ ਪਏ ਰਹਿੰਦੇ ਹਨ ।
ਹਮ ਰਾਖੁ ਰਾਖੁ ਦੀਨ ਤੇਰੇ ਹਰਿ ਸਰਨਿ ਹਰਿ ਪ੍ਰਭ ਆਇਆ ॥੧॥
ਹੇ ਪ੍ਰਭੂ! ਅਸੀ ਜੀਵ ਤੇਰੇ ਦਰ ਦੇ ਮੰਗਤੇ ਹਾਂ, ਸਾਨੂੰ ਇਹਨਾਂ ਤੋਂ ਬਚਾ ਲੈ, ਬਚਾ ਲੈ, ਅਸੀ ਤੇਰੀ ਸਰਨ ਆਏ ਹਾਂ ।੧।
ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ ॥
ਹੇ ਪ੍ਰਭੂ! ਤੂੰ ਸਰਨ ਪਿਆਂ ਦੀ ਰੱਖਿਆ ਕਰਨ ਵਾਲਾ ਹੈਂ, ਹੇ ਹਰੀ! ‘ਭਗਤੀ ਨਾਲ ਪਿਆਰ ਕਰਨ ਵਾਲਾ’—ਇਹ ਤੇਰਾ (ਪ੍ਰਸਿੱਧ) ਨਾਮ ਹੈ ।
ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ ॥੨॥
ਤੇਰੇ ਸੇਵਕ ਪ੍ਰਹਿਲਾਦ ਨੂੰ ਹਰਨਾਖਸ਼ ਨੇ ਫੜ ਲਿਆ, ਹੇ ਹਰੀ! ਤੂੰ ਉਸ ਦੀ ਰੱਖਿਆ ਕੀਤੀ, ਤੂੰ ਉਸ ਨੂੰ ਸੰਕਟ ਤੋਂ ਬਚਾਇਆ ।੨।
ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ ॥
ਹੇ ਮਨ! ਉਸ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰਨ ਲਈ ਸਦਾ ਉਸ ਨੂੰ ਯਾਦ ਕਰਿਆ ਕਰ, ਉਹ ਪਾਤਿਸ਼ਾਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ।
ਭਉ ਜਨਮ ਮਰਨ ਨਿਵਾਰਿ ਠਾਕੁਰ ਹਰਿ ਗੁਰਮਤੀ ਪ੍ਰਭੁ ਪਾਇਆ ॥੩॥
ਹੇ ਠਾਕੁਰ! ਹੇ ਹਰੀ! (ਅਸਾਂ ਜੀਵਾਂ ਦਾ) ਜਨਮ ਮਰਨ ਦੇ ਗੇੜ ਦਾ ਡਰ ਦੂਰ ਕਰ । ਹੇ ਭਾਈ! ਗੁਰੂ ਦੀ ਮਤਿ ਤੇ ਤੁਰਿਆਂ ਉਹ ਪ੍ਰਭੂ ਮਿਲਦਾ ਹੈ ।੩।
ਹਰਿ ਪਤਿਤ ਪਾਵਨ ਨਾਮੁ ਸੁਆਮੀ ਭਉ ਭਗਤ ਭੰਜਨੁ ਗਾਇਆ ॥
ਹੇ ਭਾਈ! ਹੇ ਸੁਆਮੀ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਤੂੰ (ਆਪਣੇ ਭਗਤਾਂ ਦਾ) ਹਰੇਕ ਡਰ ਦੂਰ ਕਰਨ ਵਾਲਾ ਹੈਂ ।
ਹਰਿ ਹਾਰੁ ਹਰਿ ਉਰਿ ਧਾਰਿਓ ਜਨ ਨਾਨਕ ਨਾਮਿ ਸਮਾਇਆ ॥੪॥੧॥
ਹੇ ਦਾਸ ਨਾਨਕ! (ਆਖ—) ਜਿਨ੍ਹਾਂ ਭਗਤਾਂ ਨੇ ਉਸ ਦੀ ਸਿਫ਼ਤਿ-ਸਾਲਾਹ ਕੀਤੀ ਹੈ, ਜਿਨ੍ਹਾਂ ਨੇ ਉਸ ਦੇ ਨਾਮ ਦਾ ਹਾਰ ਆਪਣੇ ਹਿਰਦੇ ਵਿਚ ਸਾਂਭਿਆ ਹੈ, ਉਹ ਉਸ ਦੇ ਨਾਮ ਵਿਚ ਹੀ ਸਦਾ ਲੀਨ ਰਹਿੰਦੇ ਹਨ ।੪।੧।
ਮਾਲੀ ਗਉੜਾ ਮਹਲਾ ੪ ॥
ਮਾਲੀ ਗਉੜਾ ਚੌਥੀ ਪਾਤਸ਼ਾਹੀ।
ਜਪਿ ਮਨ ਰਾਮ ਨਾਮੁ ਸੁਖਦਾਤਾ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ ।
ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥
ਸਾਧ ਸੰਗਤਿ ਵਿਚ ਮਿਲ ਕੇ ਜਿਸ ਮਨੁੱਖ ਨੇ ਪ੍ਰਭੂ ਦੇ ਨਾਮ ਦਾ ਆਨੰਦ ਹਾਸਲ ਕੀਤਾ, ਉਸ ਨੇ ਗੁਰੂ ਦੀ ਰਾਹੀਂ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ।੧।ਰਹਾਉ।
ਵਡਭਾਗੀ ਗੁਰ ਦਰਸਨੁ ਪਾਇਆ ਗੁਰਿ ਮਿਲਿਐ ਹਰਿ ਪ੍ਰਭੁ ਜਾਤਾ ॥
ਹੇ ਮਨ! ਕਿਸੇ ਵਡਭਾਗੀ ਨੇ ਹੀ ਗੁਰੂ ਦਰਸਨ ਪ੍ਰਾਪਤ ਕੀਤਾ ਹੈ, (ਕਿਉਂਕਿ) ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ ।
ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥੧॥
ਜਿਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਆਤਮਕ) ਇਸ਼ਨਾਨ ਕਰਦਾ ਹੈ, ਉਸ ਦੇ ਅੰਦਰੋਂ ਭੈੜੀ ਮਤਿ ਦੀ ਸਾਰੀ ਮੈਲ ਨਿਕਲ ਜਾਂਦੀ ਹੈ ।੧।
ਧਨੁ ਧਨੁ ਸਾਧੁ ਜਿਨੑੀ ਹਰਿ ਪ੍ਰਭੁ ਪਾਇਆ ਤਿਨੑ ਪੂਛਉ ਹਰਿ ਕੀ ਬਾਤਾ ॥
ਹੇ ਮੇਰੇ ਮਨ! ਭਾਗਾਂ ਵਾਲੇ ਹਨ ਉਹ ਸੰਤ ਜਨ, ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ । ਮੈਂ ਭੀ (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਹਨਾਂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਾਂ ।
ਪਾਇ ਲਗਉ ਨਿਤ ਕਰਉ ਜੁਦਰੀਆ ਹਰਿ ਮੇਲਹੁ ਕਰਮਿ ਬਿਧਾਤਾ ॥੨॥
ਮੈਂ ਉਹਨਾਂ ਦੀ ਚਰਨੀਂ ਲੱਗਾਂ, ਮੈਂ ਨਿੱਤ ਉਹਨਾਂ ਅੱਗੇ ਅਰਜ਼ੋਈ ਕਰਾਂ ਕਿ ਮਿਹਰ ਕਰ ਕੇ ਮੈਨੂੰ ਸਿਰਜਣਹਾਰ ਪ੍ਰਭੂ ਦਾ ਮਿਲਾਪ ਕਰਾ ਦਿਉ ।੨।
ਲਿਲਾਟ ਲਿਖੇ ਪਾਇਆ ਗੁਰੁ ਸਾਧੂ ਗੁਰ ਬਚਨੀ ਮਨੁ ਤਨੁ ਰਾਤਾ ॥
ਹੇ ਮੇਰੇ ਮਨ! ਜਿਸ ਮਨੁੱਖ ਨੇ ਮੱਥੇ ਦੇ ਲਿਖੇ ਲੇਖਾਂ ਅਨੁਸਾਰ ਗੁਰੂ ਮਹਾਂ ਪੁਰਖ ਲੱਭ ਲਿਆ ਉਸ ਦਾ ਮਨ ਉਸ ਦਾ ਤਨ ਗੁਰੂ ਦੇ ਬਚਨਾਂ ਵਿਚ ਰੰਗਿਆ ਜਾਂਦਾ ਹੈ ।
ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥੩॥
(ਗੁਰੂ ਦੀ ਰਾਹੀਂ ਜਿਸ ਨੂੰ) ਪਰਮਾਤਮਾ ਮਿਲ ਪੈਂਦਾ ਹੈ, ਉਸ ਨੂੰ ਆਤਮਕ ਆਨੰਦ ਮਿਲ ਜਾਂਦਾ ਹੈ, ਉਸ ਦੇ ਸਾਰੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ।੩।
ਰਾਮ ਰਸਾਇਣੁ ਜਿਨੑ ਗੁਰਮਤਿ ਪਾਇਆ ਤਿਨੑ ਕੀ ਊਤਮ ਬਾਤਾ ॥
ਹੇ ਮਨ! ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਮਨੁੱਖਾਂ ਨੇ ਸਭ ਤੋਂ ਸ੍ਰੇਸ਼ਟ ਨਾਮ-ਰਸ ਪ੍ਰਾਪਤ ਕਰ ਲਿਆ, ਉਹਨਾਂ ਦੀ (ਲੋਕ ਪਰਲੋਕ ਵਿਚ) ਬਹੁਤ ਸੋਭਾ ਹੁੰਦੀ ਹੈ;
ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥੪॥੨॥
ਉਹਨਾਂ ਦੇ ਚਰਨਾਂ ਦੀ ਧੂੜ ਵੱਡੇ ਭਾਗਾਂ ਨਾਲ ਮਿਲਦੀ ਹੈ । ਦਾਸ ਨਾਨਕ (ਭੀ ਉਹਨਾਂ ਦੀ) ਚਰਨੀਂ ਪੈਂਦਾ ਹੈ ।੪।੨।