Sri Guru Granth Sahib Ji — Ang 983 (punjabi)
ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥੩॥
ਪਰ ਉਸ ਨੂੰ ਆਪਣੇ ਮਨ ਵਿਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ, ਉਸ ਦੇ ਇਹ ਸਾਰੇ (ਸਰੀਰਕ) ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ।੩।
ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥
ਹੇ ਸਖੀ! ਹੇ ਸਹੇਲੀ! ਮਾਲਕ-ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਈ ਰੱਖ, (ਤੇ ਇਸ ਤਰ੍ਹਾਂ) ਆਤਮਕ ਅਡੋਲਤਾ ਨਾਲ ਜੀਵਨ-ਸਫ਼ਰ ਵਿਚ ਤੁਰ । ਹੇ ਸਹੇਲੀਏ!
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥੪॥
ਗੁਰੂ ਦੀ ਸਰਨ ਪੈ ਕੇ ਕੀਤੀ ਹੋਈ ਸੇਵਾ-ਭਗਤੀ ਪ੍ਰਭੂ ਨੂੰ ਪਿਆਰੀ ਲੱਗਦੀ ਹੈ । ਹੇ ਸਤਿਗੁਰ! ਮੈਨੂੰ (ਭੀ) ਅਲੱਖ ਪ੍ਰਭੂ ਦੀ ਸੂਝ ਬਖ਼ਸ਼ ।੪।
ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥
ਹੇ ਸਖੀ! (ਉਂਞ ਤਾਂ ਚਾਹੇ) ਇਸਤ®ੀ ਹੈ (ਚਾਹੇ) ਮਰਦ ਹੈ, (ਚਾਹੇ) ਮਰਦ ਹੈ (ਚਾਹੇ) ਇਸਤ®ੀ ਹੈ, ਸਭਨਾਂ ਵਿਚ ਹਰ ਥਾਂ ਇਕੋ ਸਰਬ-ਵਿਆਪਕ ਪਰਮਾਤਮਾ ਹੀ ਵੱਸ ਰਿਹਾ ਹੈ;
ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥੫॥
ਪਰ ਜਿਸ ਮਨੁੱਖ ਨੂੰ ਸੰਤ ਜਨਾਂ (ਦੇ ਚਰਨਾਂ) ਦੀ ਧੂੜ (ਆਪਣੇ) ਮਨ ਵਿਚ ਪਿਆਰੀ ਲੱਗਦੀ ਹੈ, ਉਸ ਨੂੰ ਹੀ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ । ਹੇ ਸਖੀ! ਸੰਤ ਜਨਾਂ ਨੂੰ ਮਿਲਿਆਂ ਹੀ ਪ੍ਰਭੂ ਪਾਰ ਲੰਘਾਂਦਾ ਹੈ ।੫।
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥
ਹੇ ਸਖੀ! ਪਿੰਡ ਪਿੰਡ ਸ਼ਹਿਰ ਸ਼ਹਿਰ ਸਭਨੀਂ ਥਾਈਂ ਫਿਰ ਕੇ ਵੇਖ ਲਿਆ ਹੈ (ਪਰਮਾਤਮਾ ਇਉਂ ਬਾਹਰ ਭਾਲਿਆਂ ਨਹੀਂ ਲੱਭਦਾ), ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਲਭਿਆ ਹੈ ।
ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥੬॥
ਹੇ ਹਰੀ! (ਮੇਰੇ ਅੰਦਰ ਭੀ) ਸਰਧਾ ਪੈਦਾ ਕਰ ਕੇ ਮੈਨੂੰ ਭੀ (ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਜੋੜ, ਮੈਨੂੰ ਭੀ ਗੁਰੂ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ।੬।
ਪਵਨ ਸੂਤੁ ਸਭੁ ਨੀਕਾ ਕਰਿਆ ਸਤਿਗੁਰਿ ਸਬਦੁ ਵੀਚਾਰੇ ॥
ਹੇ ਸਖੀ! ਜਿਸ ਮਨੁੱਖ ਨੇ ਗੁਰੂ (ਦੇ ਚਰਨਾਂ) ਵਿਚ (ਜੁੜ ਕੇ) ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾ ਕੇ (ਨਾਮ ਸਿਮਰਨ ਦੀ ਬਰਕਤਿ ਨਾਲ) ਆਪਣੇ ਸੁਆਸਾਂ ਦੀ ਲੜੀ ਨੂੰ ਸੋਹਣਾ ਬਣਾ ਲਿਆ,
ਨਿਜ ਘਰਿ ਜਾਇ ਅੰਮ੍ਰਿਤ ਰਸੁ ਪੀਆ ਬਿਨੁ ਨੈਨਾ ਜਗਤੁ ਨਿਹਾਰੇ ॥੭॥
ਉਸ ਨੇ ਮਾਇਆ ਦਾ ਮੋਹ ਦੂਰ ਕਰ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਕੇ, ਅੰਤਰ ਆਤਮੇ ਟਿਕ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ।
ਤਉ ਗੁਨ ਈਸ ਬਰਨਿ ਨਹੀ ਸਾਕਉ ਤੁਮ ਮੰਦਰ ਹਮ ਨਿਕ ਕੀਰੇ ॥
ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ । ਤੂੰ ਇਕ ਸੋਹਣਾ ਮੰਦਰ ਹੈਂ ਅਸੀ ਜੀਵ ਉਸ ਵਿਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ ।
ਨਾਨਕ ਕ੍ਰਿਪਾ ਕਰਹੁ ਗੁਰ ਮੇਲਹੁ ਮੈ ਰਾਮੁ ਜਪਤ ਮਨੁ ਧੀਰੇ ॥੮॥੫॥
ਹੇ ਨਾਨਕ! (ਆਖ—ਹੇ ਪ੍ਰਭੂ! ਮੇਰੇ ਉੱਤੇ) ਮਿਹਰ ਕਰ, ਮੈਨੂੰ ਗੁਰੂ ਨਾਲ ਮਿਲਾ ਦੇਹ, ਤਾਕਿ ਮੇਰਾ ਮਨ ਨਾਮ ਜਪ ਜਪ ਕੇ (ਤੇਰੇ ਚਰਨਾਂ ਵਿਚ) ਸਦਾ ਟਿਕਿਆ ਰਹੇ ।੮।੫।
ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।
ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥
ਹੇ ਮੇਰੇ ਮਨ! ਅਪਹੁੰਚ ਤੇ ਬੇਅੰਤ ਮਾਲਕ-ਪ੍ਰਭੂ ਦੇ ਗੁਣ ਯਾਦ ਕਰਿਆ ਕਰ (ਤੇ ਆਖਿਆ ਕਰ—ਹੇ ਪ੍ਰਭੂ!)
ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥੧॥ ਰਹਾਉ ॥
ਅਸੀ ਜੀਵ ਪਾਪੀ ਹਾਂ, ਗੁਣਾਂ ਤੋਂ ਬਹੁਤ ਸੱਖਣੇ ਹਾਂ । ਕਿਰਪਾ ਕਰ ਕੇ ਸਾਨੂੰ ਗੁਰੂ ਦੀ ਰਾਹੀਂ (ਗੁਰੂ ਦੀ ਸਰਨ ਪਾ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ ।੧।ਰਹਾਉ।
ਸਾਧੂ ਪੁਰਖ ਸਾਧ ਜਨ ਪਾਏ ਇਕ ਬਿਨਉ ਕਰਉ ਗੁਰ ਪਿਆਰੇ ॥
ਹੇ ਪਿਆਰੇ ਗੁਰੂ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਪ੍ਰਾਪਤ ਕਰਦਾ ਹੈ ਉਹ ਭੀ ਗੁਰਮੁਖ ਬਣ ਜਾਂਦਾ ਹੈ, ਮੈਂ ਭੀ (ਤੇਰੇ ਦਰ ਤੇ) ਬੇਨਤੀ ਕਰਦਾ ਹਾਂ
ਰਾਮ ਨਾਮੁ ਧਨੁ ਪੂਜੀ ਦੇਵਹੁ ਸਭੁ ਤਿਸਨਾ ਭੂਖ ਨਿਵਾਰੇ ॥੧॥
(ਮੈਨੂੰ ਭੀ ਸੰਤ ਜਨਾਂ ਦੀ ਸੰਗਤਿ ਬਖ਼ਸ਼, ਅਤੇ) ਮੈਨੂੰ ਪਰਮਾਤਮਾ ਦਾ ਨਾਮ-ਧਨ ਸਰਮਾਇਆ ਦੇਹ ਜੋ ਮੇਰੇ ਅੰਦਰੋਂ ਮਾਇਆ ਦੀ ਤਿ®ਸ਼ਨਾ ਮਾਇਆ ਦੀ ਭੁੱਖ ਸਭ ਦੂਰ ਕਰ ਦੇਵੇ ।੧।
ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥
ਹੇ ਭਾਈ! ਪਤੰਗਾ (ਦੀਵੇ ਦੀ ਲਾਟ ਉੱਤੇ) ਸੜ ਜਾਂਦਾ ਹੈ; ਹਰਨ, ਭੌਰਾ, ਹਾਥੀ, ਮੱਛੀ ਇਹਨਾਂ ਨੂੰ ਭੀ ਇਕ ਇਕ ਵਿਕਾਰ-ਵਾਸਨਾ ਆਪਣੇ ਵੱਸ ਵਿਚ ਕਰ ਕੇ ਮਾਰ ਦੇਂਦੇ ਹਨ ।
ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥੨॥
ਪਰ ਮਨੁੱਖਾ ਸਰੀਰ ਵਿਚ ਤਾਂ ਇਹ ਕਾਮਾਦਿਕ ਪੰਜੇ ਹੀ ਦੈਂਤ ਬਲਵਾਨ ਹਨ, (ਮਨੁੱਖ ਇਹਨਾਂ ਦਾ ਟਾਕਰਾ ਕਿਵੇਂ ਕਰੇ?) । ਗੁਰੂ ਹੀ ਸਤਿਗੁਰੂ ਹੀ ਇਹਨਾਂ ਵਿਕਾਰਾਂ ਨੂੰ ਦੂਰ ਕਰਦਾ ਹੈ ।੨।
ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥
ਹੇ ਭਾਈ! ਵੇਦ ਸ਼ਾਸਤਰ ਕਈ ਵਾਰੀ ਸੋਧ ਕੇ ਵੇਖ ਲਏ ਹਨ, ਨਾਰਦ ਆਦਿਕ ਰਿਸ਼ੀ ਮੁਨੀ ਭੀ (ਜੀਵਨ ਜੁਗਤਿ ਬਾਰੇ) ਜੋ ਬਚਨ ਜ਼ੋਰ ਦੇ ਕੇ ਕਹਿ ਗਏ ਹਨ (ਉਹ ਭੀ ਸੋਧ ਵੇਖੇ ਹਨ;
ਰਾਮ ਨਾਮੁ ਪੜਹੁ ਗਤਿ ਪਾਵਹੁ ਸਤਸੰਗਤਿ ਗੁਰਿ ਨਿਸਤਾਰੇ ॥੩॥
ਪਰ ਅਸਲ ਗੱਲ ਇਹ ਹੈ ਕਿ ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਸਿੱਖੋਗੇ ਤਦੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਕਰੋਗੇ, ਗੁਰੂ ਨੇ ਸਾਧ ਸੰਗਤਿ ਵਿਚ ਹੀ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਏ ਹਨ ।੩।
ਪ੍ਰੀਤਮ ਪ੍ਰੀਤਿ ਲਗੀ ਪ੍ਰਭ ਕੇਰੀ ਜਿਵ ਸੂਰਜੁ ਕਮਲੁ ਨਿਹਾਰੇ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੀਤਮ ਪ੍ਰਭੂ ਦਾ ਪਿਆਰ ਬਣਿਆ ਹੈ (ਉਹ ਉਸ ਦੇ ਮਿਲਾਪ ਲਈ ਇਉਂ ਤਾਂਘਦਾ ਰਹਿੰਦਾ ਹੈ) ਜਿਵੇਂ ਕੌਲ ਫੁੱਲ ਸੂਰਜ ਨੂੰ ਤੱਕਦਾ ਹੈ
ਮੇਰ ਸੁਮੇਰ ਮੋਰੁ ਬਹੁ ਨਾਚੈ ਜਬ ਉਨਵੈ ਘਨ ਘਨਹਾਰੇ ॥੪॥
(ਤੇ ਖਿੜਦਾ ਹੈ, ਜਿਵੇਂ) ਜਦੋਂ ਬੱਦਲ (ਵਰ੍ਹਨ ਲਈ) ਬਹੁਤ ਝੁਕਦਾ ਹੈ ਤਦੋਂ ਉੱਚੇ ਪਹਾੜਾਂ (ਵਲੋਂ ਘਟਾਂ ਆਉਂਦੀਆਂ ਵੇਖ ਕੇ) ਮੋਰ ਬਹੁਤ ਨੱਚਦਾ ਹੈ ।੪।
ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥
ਹੇ ਭਾਈ! ਪਰਮਾਤਮਾ ਨਾਲੋਂ ਟੁੱਟਾ ਹੋਇਆ ਮਨੁੱਖ (ਮਾਨੋ, ਇਕ ਵਿਹੁਲਾ ਰੁੱਖ ਹੈ) ਉਸ ਨੂੰ ਭਾਵੇਂ ਕਿਤਨਾ ਹੀ ਅੰਮ੍ਰਿਤ ਸਿੰਜੀ ਜਾE, ਉਸ ਦੀਆਂ ਟਾਹਣੀਆਂ ਉਸ ਦੇ ਫੁੱਲ ਸਭ ਵਿਹੁਲੇ ਹੀ ਰਹਿਣਗੇ ।
ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ ॥੫॥
ਸਾਕਤ ਮਨੁੱਖ ਨਾਲ ਜਿਉਂ ਜਿਉਂ ਲੋਕ ਨਿਮ੍ਰਤਾ ਦੀ ਵਰਤੋਂ ਕਰਦੇ ਹਨ, ਤਿਉਂ ਤਿਉਂ ਉਹ ਛੇੜ-ਖਾਨੀਆਂ ਕਰ ਕੇ (ਆਪਣੇ ਅੰਦਰੋਂ) ਕੌੜਾ ਜ਼ਹਰ ਹੀ ਕੱਢਦਾ ਹੈ ।੫।
ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥
(ਇਸ ਵਾਸਤੇ, ਹੇ ਭਾਈ! ਸਾਕਤ ਨਾਲ ਸਾਂਝ ਪਾਣ ਦੇ ਥਾਂ) ਸੰਤ ਜਨਾਂ ਨਾਲ ਗੁਰਮੁਖਾਂ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ । ਸੰਤ ਜਨ ਦੂਜਿਆਂ ਦੀ ਭਲਾਈ ਵਾਲੇ ਭਲੇ ਬਚਨ ਹੀ ਬੋਲਦੇ ਹਨ ।
ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥੬॥
ਜਿਵੇਂ ਪਾਣੀ ਨੂੰ ਮਿਲ ਕੇ ਕੌਲ ਫੁੱਲ ਖਿੜਦੇ ਹਨ, ਤਿਵੇਂ ਜਦੋਂ ਕੋਈ ਸੰਤ ਕਿਸੇ ਸੰਤ ਨੂੰ ਮਿਲਦਾ ਹੈ ਤਾਂ ਉਸ ਦਾ ਮਨ ਖਿੜ ਪੈਂਦਾ ਹੈ ।੬।
ਲੋਭ ਲਹਰਿ ਸਭੁ ਸੁਆਨੁ ਹਲਕੁ ਹੈ ਹਲਕਿਓ ਸਭਹਿ ਬਿਗਾਰੇ ॥
ਹੇ ਭਾਈ! ਲੋਭ ਦੀ ਲਹਿਰ ਨਿਰੋੋਲ ਹਲਕਾਇਆ ਕੁੱਤਾ ਹੀ ਹੈ (ਜਿਵੇਂ) ਹਲਕਾਇਆ ਕੁੱਤਾ ਸਭਨਾਂ ਨੂੰ (ਵੱਢ ਵੱਢ ਕੇ) ਵਿਗਾੜਦਾ ਜਾਂਦਾ ਹੈ (ਤਿਵੇਂ ਲੋਭੀ ਮਨੁੱਖ ਹੋਰਨਾਂ ਨੂੰ ਭੀ ਆਪਣੀ ਸੰਗਤਿ ਵਿਚ ਲੋਭੀ ਬਣਾਈ ਜਾਂਦਾ ਹੈ) ।
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋੁਈ ਗੁਰਿ ਗਿਆਨੁ ਖੜਗੁ ਲੈ ਮਾਰੇ ॥੭॥
(ਇਸ ਲੋਭ ਤੋਂ ਬਚਣ ਲਈ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ-ਦਰ ਤੇ ਪੁਕਾਰ ਕਰਦਾ ਹੈ, ਤਦੋਂ) ਪਰਮਾਤਮਾ ਦੀ ਹਜ਼ੂਰੀ ਵਿਚ ਉਸ ਦੀ ਅਰਜ਼ੋਈ ਦੀ ਖ਼ਬਰ ਪਹੁੰਚਦੀ ਹੈ, ਪਰਮਾਤਮਾ ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਲੈ ਕੇ ੳ
ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥
ਹੇ ਮੇਰੇ ਪ੍ਰਭੂ! (ਇਸ ਲੋਭ-ਕੁੱਤੇ ਤੋਂ) ਮੈਨੂੰ ਭੀ ਬਚਾ ਲੈ, ਬਚਾ ਲੈ, ਬਚਾ ਲੈ, ਕਿਰਪਾ ਕਰ ਕੇ ਮੈਨੂੰ ਭੀ ਬਚਾ ਲੈ ।
ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥੮॥੬॥
ਹੇ ਨਾਨਕ! (ਆਖ—ਹੇ ਪ੍ਰਭੂ!) ਮੇਰਾ ਹੋਰ ਕੋਈ ਆਸਰਾ ਨਹੀਂ । ਗੁਰੂ ਹੀ ਮੇਰਾ ਆਸਰਾ ਹੈ, ਗੁਰੂ ਹੀ ਪਾਰ ਲੰਘਾਂਦਾ ਹੈ (ਮੈਨੂੰ ਗੁਰੂ ਦੀ ਸਰਨ ਰੱਖ) ।੮।੬। ਛਕਾ ੧ ।
ਛਕਾ ੧ ॥