Sri Guru Granth Sahib Ji — Ang 979 (punjabi)
ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ ॥
ਹੇ ਨਾਨਕ! ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਗੁਣ ਗਾਣ ਵਾਲੇ ਮਨੁੱਖ) ਆਨੰਦ-ਮਗਨ ਹੀ ਹੋ ਜਾਂਦੇ ਹਨ, (ਉਹਨਾਂ ਦੇ ਅੰਦਰੋਂ ਮਾਇਆ ਦੇ ਪਿੱਛੇ) ਭਟਕਦੇ ਫਿਰਨ ਦੇ ਭਿੱਤ ਖੁਲ੍ਹ ਜਾਂਦੇ ਹਨ,
ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥੨॥੨॥੩॥
ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਮਿਲ ਪੈਂਦਾ ਹੈ, (ਪ੍ਰਭੂ ਉਹਨਾਂ ਦੀ ਜਿੰਦ ਨੂੰ ਆਪਣੇ ਚਰਨਾਂ ਵਿਚ ਇਉਂ ਜੋੜ ਲੈਂਦਾ ਹੈ ਜਿਵੇਂ) ਹੀਰੇ ਨੂੰ ਹੀਰਾ ਵਿੰਨ੍ਹ ਲੈਂਦਾ ਹੈ ।੨।੨।੩।
ਨਟ ਮਹਲਾ ੫ ॥
ਨਟ ਪੰਜਵੀਂ ਪਾਤਸ਼ਾਹੀ।
ਅਪਨਾ ਜਨੁ ਆਪਹਿ ਆਪਿ ਉਧਾਰਿਓ ॥
ਹੇ ਭਾਈ! ਪਰਮਾਤਮਾ ਨੇ ਸਦਾ ਆਪ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ ।
ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥੧॥ ਰਹਾਉ ॥
ਪ੍ਰਭੂ ਆਪਣੇ ਸੇਵਕ ਦੇ ਨਾਲ ਅੱਠੇ ਪਹਿਰ ਵੱਸਦਾ ਹੈ, (ਪ੍ਰਭੂ ਨੇ ਆਪਣੇ ਸੇਵਕ ਨੂੰ ਆਪਣੇ) ਮਨ ਤੋਂ ਕਦੇ ਭੀ ਨਹੀਂ ਭੁਲਾਇਆ ।੧।ਰਹਾਉ।
ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬਿਚਾਰਿਓ ॥
(ਹੇ ਭਾਈ! ਪ੍ਰਭੂ ਨੇ ਆਪਣੇ ਸੇਵਕ ਦਾ ਬਾਹਰਲਾ) ਰੰਗ ਰੂਪ ਕੁਝ ਭੀ ਕਦੇ ਨਹੀਂ ਵੇਖਿਆ, ਸੇਵਕ ਦੇ (ਉੱਚੇ ਨੀਵੇਂ) ਕੁਲ ਨੂੰ ਭੀ ਨਹੀਂ ਵਿਚਾਰਿਆ ।
ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥੧॥
(ਸੇਵਕ ਨੂੰ ਸਦਾ ਹੀ) ਹਰੀ ਨੇ ਮਿਹਰ ਕਰ ਕੇ ਆਪਣਾ ਨਾਮ ਬਖ਼ਸ਼ਿਆ ਹੈ, (ਨਾਮ ਦੀ ਬਰਕਤਿ ਨਾਲ ਉਸ ਨੂੰ) ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕਾ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ।੧।
ਮਹਾ ਬਿਖਮੁ ਅਗਨਿ ਕਾ ਸਾਗਰੁ ਤਿਸ ਤੇ ਪਾਰਿ ਉਤਾਰਿਓ ॥
ਹੇ ਨਾਨਕ! (ਆਖ—ਹੇ ਭਾਈ! ਇਹ ਜਗਤ ਤਿ®ਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚੋਂ ਪਾਰ ਲੰਘਣਾ) ਬਹੁਤ ਔਖਾ ਹੈ, (ਪਰਮਾਤਮਾ ਨੇ ਸਦਾ ਆਪਣੇ ਸੇਵਕ ਨੂੰ) ਇਸ ਵਿਚੋਂ (ਆਪ) ਪਾਰ ਲੰਘਾਇਆ ਹੈ ।
ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥੨॥੩॥੪॥
ਸੇਵਕ ਆਪਣੇ ਪਰਮਾਤਮਾ ਦਾ ਦਰਸ਼ਨ ਕਰ ਕਰ ਕੇ ਖ਼ੁਸ਼ ਹੁੰਦਾ ਹੈ ਤੇ ਉਸ ਤੋਂ ਮੁੜ ਮੁੜ ਸਦਕੇ ਜਾਂਦਾ ਹੈ ।੨।੩।੪।
ਨਟ ਮਹਲਾ ੫ ॥
ਨਟ ਪੰਜਵੀਂ ਪਾਤਸ਼ਾਹੀ।
ਹਰਿ ਹਰਿ ਮਨ ਮਹਿ ਨਾਮੁ ਕਹਿਓ ॥
ਹੇ ਭਾਈ! (ਜਿਸ ਭੀ ਮਨੁੱਖ ਨੇ) ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਸਿਮਰਿਆ ਹੈ,
ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥੧॥ ਰਹਾਉ ॥
ਇਕ ਖਿਨ ਵਿਚ ਹੀ ਉਸ ਦੇ ਕੋ®ੜਾਂ ਪਾਪ ਮਿਟ ਜਾਂਦੇ ਹਨ, ਉਸ ਦਾ ਕੋਈ ਭੀ ਦੁੱਖ ਰਹਿ ਨਹੀਂ ਜਾਂਦਾ ।੧।ਰਹਾਉ।
ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥
ਹੇ ਭਾਈ! (ਹੋਰ) ਸਾਰੇ (ਖ਼ਿਆਲ) ਛੱਡ ਕੇ ਜਿਸ ਮਨੁੱਖ ਦੀ ਲਗਨ ਇਕ ਪਰਮਾਤਮਾ ਵਿਚ ਲੱਗ ਗਈ, ਜਿਸ ਨੇ ਪਰਮਾਤਮਾ ਦੇ ਚਰਨ (ਆਪਣੇ ਮਨ ਵਿਚ ਘੁੱਟ ਕੇ) ਫੜ ਲਏ,
ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥੧॥
ਜਿਹੜਾ ਮਨੁੱਖ ਪ੍ਰਭੂ ਦੀ ਭਾਲ ਕਰਦਿਆਂ ਕਰਦਿਆਂ (ਉਸੇ ਦਾ ਹੀ) ਮਤਵਾਲਾ ਬਣ ਗਿਆ, ਉਸ ਨੇ ਪ੍ਰਭੂ ਨੂੰ ਗੁਰੂ ਦੀ ਸੰਗਤਿ ਵਿਚ ਲੱਭ ਲਿਆ ।੧।
ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥
ਹੇ ਨਾਨਕ! ਆਖ—(ਹੇ ਭਾਈ!) ਪਰਮਾਤਮਾ ਦਾ ਨਾਮ ਉਚਾਰਨ ਵਾਲੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਨਾਮ ਸੁਣਨ ਵਾਲਿਆਂ ਨੂੰ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ; ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ (ਪ੍ਰਭੂ ਉਸ ਨੂੰ ਪਾਰ ਲੰਘਾ ਦੇਂਦਾ ਹੈ) ।
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥੨॥੪॥੫॥
ਹੇ ਭਾਈ! ਆਪਣੇ ਮਾਲਕ-ਪ੍ਰਭੂ ਨੂੰ ਮੁੜ ਮੁੜ ਸਿਮਰ ਕੇ ਆਤਮਕ ਆਨੰਦ ਬਣਿਆ ਰਹਿੰਦਾ ਹੈ ।੨।੪।੫।
ਨਟ ਮਹਲਾ ੫ ॥
ਨਟ ਪੰਜਵੀਂ ਪਾਤਸ਼ਾਹੀ।
ਚਰਨ ਕਮਲ ਸੰਗਿ ਲਾਗੀ ਡੋਰੀ ॥
ਤੇਰੇ ਸੋਹਣੇ ਚਰਨਾਂ ਨਾਲ ਮੇਰੀ ਪ੍ਰੇਮ ਦੀ ਤਾਰ ਲੱਗ ਗਈ ਹੈ ।
ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥੧॥ ਰਹਾਉ ॥
ਹੇ ਸੁਖਾਂ ਦੇ ਸਮੁੰਦਰ ਹਰੀ! ਮੇਰੀ ਆਤਮਕ ਅਵਸਥਾ ਉੱਚੀ ਬਣਾ ਦੇਹ ।੧।ਰਹਾਉ।
ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥
ਹੇ ਸੁਖ-ਸਾਗਰ! ਤੂੰ ਆਪਣੇ ਸੇਵਕ ਨੂੰ ਆਪਣਾ ਪੱਲਾ ਆਪ ਫੜਾਇਆ ਹੈ, (ਤੇਰੇ ਸੇਵਕ ਦਾ) ਮਨ (ਤੇਰੇ) ਪਿਆਰ ਦੀ ਖ਼ੁਮਾਰੀ ਵਿਚ ਵਿੱਝ ਗਿਆ ਹੈ ।
ਜਸੁ ਗਾਵਤ ਭਗਤਿ ਰਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥੧॥
ਤੇਰਾ ਜਸ ਗਾਂਦਿਆਂ (ਤੇਰੇ ਸੇਵਕ ਦੇ ਹਿਰਦੇ ਵਿਚ ਤੇਰੀ) ਭਗਤੀ ਦਾ (ਅਜਿਹਾ) ਸੁਆਦ ਪੈਦਾ ਹੋਇਆ ਹੈ (ਜਿਸ ਨੇ) ਮਾਇਆ ਦੀ ਫਾਹੀ ਤੋੜ ਦਿੱਤੀ ਹੈ ।੧।
ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥
ਹੇ ਨਾਨਕ! (ਆਖ—) ਹੇ ਸਰਬ-ਵਿਆਪਕ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਹਰ ਥਾਂ ਭਰਪੂਰ ਹੈਂ । ਮੈਂ (ਕਿਤੇ ਭੀ ਤੈਥੋਂ ਬਿਨਾ) ਕਿਸੇ ਹੋਰ ਨੂੰ ਨਹੀਂ ਵੇਖਦਾ ।
ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥੨॥੫॥੬॥
ਆਪਣੇ ਸੇਵਕ ਨੂੰ (ਆਪਣੇ ਚਰਨਾਂ ਵਿਚ) ਤੂੰ ਆਪ ਜੋੜ ਲਿਆ ਹੈ, (ਜਿਸ ਕਰ ਕੇ ਤੇਰੇ ਚਰਨਾਂ ਦੀ) ਪ੍ਰੀਤ (ਤੇਰੇ ਸੇਵਕ ਦੇ ਹਿਰਦੇ ਵਿਚ) ਕਦੇ ਘਟਦੀ ਨਹੀਂ ।੨।੫।੬।
ਨਟ ਮਹਲਾ ੫ ॥
ਨਟ ਪੰਜਵੀਂ ਪਾਤਸ਼ਾਹੀ।
ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥
ਹੇ ਮੇਰੇ ਮਨ! ਹਰੀ ਨਾਰਾਇਣ ਦੇ ਨਾਮ ਦਾ ਜਾਪ ਜਪਿਆ ਕਰ ।
ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥੧॥ ਰਹਾਉ ॥
ਹੇ ਪ੍ਰਭੂ! ਤੂੰ ਮੇਰੇ ਮਨ ਤੋਂ ਕਦੇ ਭੀ ਨਾਹ ਭੁੱਲ, (ਮੇਰਾ ਮਨ) ਅੱਠੇ ਪਹਰ ਤੇਰੇ ਗੁਣ ਗਾਂਦਾ ਰਹੇ ।੧।ਰਹਾਉ।
ਸਾਧੂ ਧੂਰਿ ਕਰਉ ਨਿਤ ਮਜਨੁ ਸਭ ਕਿਲਬਿਖ ਪਾਪ ਗਵਾਇਣ ॥
(ਹੇ ਪ੍ਰਭੂ! ਮਿਹਰ ਕਰ) ਮੈਂ ਗੁਰੂ ਦੇ ਚਰਨਾਂ ਦੀ ਧੂੜ ਵਿਚ ਸਦਾ ਇਸ਼ਨਾਨ ਕਰਦਾ ਰਹਾਂ, (ਗੁਰੂ ਦੇ ਚਰਨਾਂ ਦੀ ਧੂੜ) ਸਾਰੇ ਪਾਪ ਦੂਰ ਕਰਨ ਦੇ ਸਮਰੱਥ ਹੈ ।
ਪੂਰਨ ਪੂਰਿ ਰਹੇ ਕਿਰਪਾ ਨਿਧਿ ਘਟਿ ਘਟਿ ਦਿਸਟਿ ਸਮਾਇਣੁ ॥੧॥
ਹੇ ਸਭ ਵਿਚ ਵੱਸ ਰਹੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਤੂੰ ਮੈਨੂੰ ਹਰੇਕ ਸਰੀਰ ਵਿਚ ਸਮਾਇਆ ਹੋਇਆ ਦਿੱਸਦਾ ਰਹੇਂ ।੧।
ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥
ਹੇ ਪ੍ਰਭੂ! ਹੇ ਹਰੀ! ਕੋ®ੜਾਂ ਜਪ ਤਪ ਤੇ ਲੱਖਾਂ ਪੂਜਾ ਤੇਰੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦੇ ।
ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥੨॥੬॥੭॥
(ਤੇਰਾ ਦਾਸ) ਨਾਨਕ ਦੋਵੇਂ ਹੱਥ ਜੋੜ ਕੇ (ਤੈਥੋਂ) ਖੈਰ ਮੰਗਦਾ ਹੈ (ਕਿ ਮੈਂ ਤੇਰੇ) ਦਾਸਾਂ ਦੇ ਦਾਸਾਂ ਦਾ ਦਾਸ (ਬਣਿਆ ਰਹਾਂ) ।੨।੬।੭।
ਨਟ ਮਹਲਾ ੫ ॥
ਨਟ ਪੰਜਵੀਂ ਪਾਤਸ਼ਾਹੀ।
ਮੇਰੈ ਸਰਬਸੁ ਨਾਮੁ ਨਿਧਾਨੁ ॥
ਹੇ ਭਾਈ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਮੇਰੇ ਵਾਸਤੇ ਦੁਨੀਆ ਦਾ ਸਾਰਾ ਧਨ-ਪਦਾਰਥ ਹੈ ।
ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥੧॥ ਰਹਾਉ ॥
(ਪਰਮਾਤਮਾ) ਨੇ ਕਿਰਪਾ ਕਰ ਕੇ (ਮੈਨੂੰ) ਗੁਰੂ ਦੀ ਸੰਗਤਿ ਵਿਚ ਮਿਲਾ ਦਿੱਤਾ, (ਤੇ) ਗੁਰੂ ਨੇ (ਮੈਨੂੰ ਪਰਮਾਤਮਾ ਦੇ ਨਾਮ ਦਾ) ਦਾਨ ਦਿੱਤਾ ।੧।ਰਹਾਉ।
ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥
ਹੇ ਭਾਈ! ਪਰਮਾਤਮਾ ਸਾਰੇ ਸੁਖ ਦੇਣ ਵਾਲਾ ਹੈ, ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ । (ਜਿਉਂ ਜਿਉਂ) ਮੈਂ ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ, (ਮੈਨੂੰ) ਆਤਮਕ ਜੀਵਨ ਦੀ ਮੁਕੰਮਲ ਸੂਝ (ਪ੍ਰਾਪਤ ਹੁੰਦੀ ਜਾਂਦੀ ਹੈ) ।
ਕਾਮੁ ਕ੍ਰੋਧੁ ਲੋਭੁ ਖੰਡ ਖੰਡ ਕੀਨੑੇ ਬਿਨਸਿਓ ਮੂੜ ਅਭਿਮਾਨੁ ॥੧॥
ਮੈਂ ਕਾਮ ਕੋ®ਧ ਲੋਭ (ਆਦਿਕ ਵਿਕਾਰਾਂ) ਨੂੰ ਟੋਟੇ ਟੋਟੇ ਕਰ ਦਿੱਤਾ, (ਜੀਵਾਂ ਨੂੰ) ਮੂਰਖ (ਬਣਾ ਦੇਣ ਵਾਲਾ) ਅਹੰਕਾਰ (ਮੇਰੇ ਅੰਦਰੋਂ) ਨਾਸ ਹੋਇਆ ।੧।
ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥
ਹੇ ਪ੍ਰਭੂ! ਤੂੰ ਸੁਜਾਨ ਹੈਂ, ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦੱਸ ਕੇ ਗਿਣਾਂ? ਹੇ ਸੁਖਾਂ ਦੇ ਸਮੁੰਦਰ ਪ੍ਰਭੂ!
ਚਰਨ ਕਮਲ ਸਰਨਿ ਸੁਖ ਸਾਗਰ ਨਾਨਕੁ ਸਦ ਕੁਰਬਾਨੁ ॥੨॥੭॥੮॥
(ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹੈ, ਅਤੇ ਤੈਥੋਂ ਸਦਾ ਸਦਕੇ ਹੁੰਦਾ ਹੈ ।੨।੭।੮।