Sri Guru Granth Sahib Ji — Ang 975 (punjabi)
ਰਾਗੁ ਨਟ ਨਾਰਾਇਨ ਮਹਲਾ ੪
ਰਾਗ ਨਟ ਨਾਰਾਇਨ। ਚੌਥੀ ਪਾਤਸ਼ਾਹੀ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸੱਚਾ ਉਸ ਦਾ ਨਾਮ, ਰਚਨਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿੱਡਰ, ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
ਮੇਰੇ ਮਨ ਜਪਿ ਅਹਿਨਿਸਿ ਨਾਮੁ ਹਰੇ ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਦਿਨ ਰਾਤ (ਸਦਾ) ਜਪਿਆ ਕਰ ।
ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥੧॥ ਰਹਾਉ ॥
ਜੇ ਅਨੇਕਾਂ ਤੇ ਕੋ®ੜਾਂ ਪਾਪ ਭੀ ਕੀਤੇ ਹੋਏ ਹੋਣ, ਤਾਂ (ਪਰਮਾਤਮਾ ਦਾ ਨਾਮ) ਸਭਨਾਂ ਨੂੰ ਦੂਰ ਕਰ ਕੇ (ਮਨੁੱਖ ਦੇ ਹਿਰਦੇ ਵਿਚੋਂ) ਲਾਂਭੇ ਸੁੱਟ ਦੇਂਦਾ ਹੈ ।੧।ਰਹਾਉ।
ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥
ਹੇ ਮੇਰੇ ਮਨ! ਜਿਹੜੇ ਮਨੁੱਖ ਸੇਵਕ-ਭਾਵਨਾ ਨਾਲ ਪਰਮਾਤਮਾ ਦਾ ਨਾਮ ਜਪਦੇ ਆਰਾਧਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ।
ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥੧॥
(ਜਿਹੜਾ ਪ੍ਰਾਣੀ ਨਾਮ ਜਪਦਾ ਹੈ ਉਸ ਦੇ ਅੰਦਰੋਂ) ਸਾਰੇ ਵਿਕਾਰ ਸਾਰੇ ਪਾਪ (ਇਉਂ) ਨਿਕਲ ਜਾਂਦੇ ਹਨ, ਜਿਵੇਂ ਪਾਣੀ (ਕੱਪੜਿਆਂ ਦੀ) ਮੈਲ ਦੂਰ ਕਰ ਦੇਂਦਾ ਹੈ ।੧।
ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥
ਹੇ ਮੇਰੇ ਮਨ! (ਜਿਹੜੇ ਮਨੁੱਖ) ਹਰ ਖਿਨ (ਹਰ ਵੇਲੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਮੂੰਹੋਂ ਪਰਮਾਤਮਾ ਦਾ ਨਾਮ ਉਚਾਰਦੇ ਰਹਿੰਦੇ ਹਨ,
ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥੨॥
(ਕਾਮਾਦਿਕ) ਪੰਜ ਵਿਕਾਰ ਜੋ ਕਾਬੂ ਵਿਚ ਨਹੀਂ ਆ ਸਕਦੇ ਤੇ ਜੋ (ਆਮ ਤੌਰ ਤੇ ਜੀਵਾਂ ਦੇ) ਸਰੀਰ ਵਿਚ (ਟਿਕੇ ਰਹਿੰਦੇ ਹਨ), (ਪਰਮਾਤਮਾ ਦਾ ਨਾਮ ਉਹਨਾਂ ਦੇ ਸਰੀਰ ਵਿਚੋਂ) ਇਕ ਖਿਨ-ਪਲ ਵਿਚ ਹੀ ਦੂਰ ਕਰ ਦੇਂਦਾ ਹੈ ।੨।
ਵਡਭਾਗੀ ਹਰਿ ਨਾਮੁ ਧਿਆਵਹਿ ਹਰਿ ਕੇ ਭਗਤ ਹਰੇ ॥
ਹੇ ਮੇਰੇ ਮਨ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਵੱਡੇ ਭਾਗਾਂ ਵਾਲੇ ਬੰਦੇ ਪਰਮਾਤਮਾ ਦਾ ਨਾਮ (ਹਰ ਵੇਲੇ) ਸਿਮਰਦੇ ਰਹਿੰਦੇ ਹਨ ।
ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥੩॥
ਹੇ ਪ੍ਰਭੂ! ਇਹੋ ਜਿਹੇ ਭਗਤਾਂ ਦੀ ਸੰਗਤਿ ਮੈਨੂੰ ਬਖ਼ਸ਼! ਮੇਰੇ ਵਰਗੇ ਅਨੇਕਾਂ ਮੂਰਖ (ਉਹਨਾਂ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੩।
ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥
ਹੇ ਜਗਤ ਦੇ ਆਸਰੇ ਪ੍ਰਭੂ! ਮਿਹਰ ਕਰ, ਮਿਹਰ ਕਰ ਮੈਂ ਤੇਰੀ ਸਰਨ ਪਿਆ ਹਾਂ, ਮੈਨੂੰ (ਇਹਨਾਂ ਪੰਜਾਂ ਤੋਂ) ਬਚਾ ਲੈ ।
ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥੪॥੧॥
ਹੇ ਹਰੀ! ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ (ਨਾਨਕ ਦੀ) ਇੱਜ਼ਤ ਰੱਖ ਲੈ ।੪।੧।
ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।
ਰਾਮ ਜਪਿ ਜਨ ਰਾਮੈ ਨਾਮਿ ਰਲੇ ॥
(ਹੇ ਭਾਈ!) ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਹੋ ਜਾਂਦੇ ਹਨ ।
ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥੧॥ ਰਹਾਉ ॥
(ਪਰ) ਗੁਰੂ ਦੇ ਬਚਨਾਂ ਉਤੇ ਤੁਰ ਕੇ ਪਰਮਾਤਮਾ ਦਾ ਨਾਮ (ਸਿਰਫ਼ ਉਸ ਮਨੁੱਖ ਨੇ) ਜਪਿਆ ਹੈ (ਜਿਸ ਉਤੇ) ਪਰਮਾਤਮਾ ਨੇ ਆਪ ਮਿਹਰ ਕੀਤੀ ਹੈ ।੧।ਰਹਾਉ।
ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥
ਹੇ ਭਾਈ! ਮਾਲਕ-ਪ੍ਰਭੂ ਅਪਹੁੰਚ ਹੈ, ਇੰਦਿ®ਆਂ ਦੀ ਰਾਹੀਂ ਉਸ ਤਕ ਪਹੁੰਚ ਨਹੀਂ ਹੋ ਸਕਦੀ । ਉਸ ਦੇ ਭਗਤ ਉਸ ਦਾ ਨਾਮ ਜਪ ਕੇ (ਇਉਂ ਹੋ ਜਾਂਦੇ ਹਨ, ਜਿਵੇਂ) ਪਾਣੀ ਵਿਚ ਪਾਣੀ ਮਿਲ ਕੇ (ਇੱਕ-ਰੂਪ ਹੋ ਜਾਂਦਾ ਹੈ) ।
ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥੧॥
ਹੇ ਭਾਈ! ਜਿਨ੍ਹਾਂ ਸੰਤ ਜਨਾਂ ਨੇ (ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਮੈਂ ਉਹਨਾਂ ਸੰਤ ਜਨਾਂ ਤੋਂ ਸਦਕੇ ਹਾਂ ਕੁਰਬਾਨ ਹਾਂ ।੧।
ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥
ਹੇ ਭਾਈ! ਜਿਸ ਸੇਵਕ ਨੇ ਉੱਤਮ ਪੁਰਖ ਪ੍ਰਭੂ ਦਾ ਨਾਮ ਜਪਿਆ, ਪ੍ਰਭੂ ਨੇ ਉਸ ਦੇ ਸਾਰੇ ਦੁੱਖ ਦਰਿੱਦਰ ਨਾਸ ਕਰ ਦਿੱਤੇ ।
ਵਿਚਿ ਦੇਹੀ ਦੋਖ ਅਸਾਧ ਪੰਚ ਧਾਤੂ ਹਰਿ ਕੀਏ ਖਿਨ ਪਰਲੇ ॥੨॥
ਮਨੁੱਖਾ ਸਰੀਰ ਵਿਚ ਕਾਮਾਦਿਕ ਪੰਜ ਬਲੀ ਵਿਕਾਰ ਵੱਸਦੇ ਹਨ, (ਨਾਮ ਜਪਣ ਵਾਲੇ ਦੇ ਅੰਦਰੋਂ) ਪ੍ਰਭੂ ਇਹ ਵਿਕਾਰ ਇਕ ਖਿਨ ਵਿਚ ਨਾਸ ਕਰ ਦੇਂਦਾ ਹੈ ।੨।
ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥
ਹੇ ਭਾਈ! ਸੰਤ ਜਨਾਂ ਦੇ ਮਨ ਵਿਚ ਪਰਮਾਤਮਾ ਨੇ (ਆਪਣੇ ਚਰਨਾਂ ਵਿਚ) ਪ੍ਰੀਤ ਇਉਂ ਲਾਈ ਹੈ, ਜਿਵੇਂ (ਚਕੋਰ) ਚੰਦ®ਮਾ ਨੂੰ (ਪਿਆਰ ਨਾਲ) ਵੇਖਦਾ ਹੈ,
ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥੩॥
ਜਿਵੇਂ (ਭੌਰਾ) ਕੌਲ ਫੁੱਲ ਨੂੰ ਵੇਖਦਾ ਹੈ, ਜਿਵੇਂ ਪੈਲ ਪਾਂਦਾ ਮੋਰ ਆਪਣੇ ਮਨ ਵਿਚ (ਤਦੋਂ) ਖ਼ੁਸ਼ ਹੁੰਦਾ ਹੈ (ਜਦੋਂ) ਬੱਦਲ ਝੁਕਦਾ ਹੈ ਤੇ ਬਹੁਤ ਗੱਜਦਾ ਹੈ ।੩।
ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹਿ ਦੇਖਿ ਹਰਿ ਮਿਲੇ ॥
ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਮੇਰੇ ਅੰਦਰ (ਆਪਣੇ ਨਾਮ ਦੀ) ਲਗਨ ਲਾ ਦਿੱਤੀ ਹੈ, ਮੈਂ ਉਸ ਨੂੰ ਵੇਖ ਵੇਖ ਕੇ ਉਸ ਦੇ ਚਰਨਾਂ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ ।
ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥੪॥੨॥
ਹੇ ਦਾਸ ਨਾਨਕ! (ਆਖ—) ਹੇ ਹਰੀ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦਾ ਨਸ਼ਾ ਲਾਇਆ ਹੈ, ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ, ਇਸੇ ਵਿਚ ਹੀ ਮੈਨੂੰ ਸੋਹਣਾ ਆਨੰਦ ਹੈ ।੪।੨।
ਨਟ ਮਹਲਾ ੪ ॥
ਨਟ ਚੌਥੀ ਪਾਤਸ਼ਾਹੀ।
ਮੇਰੇ ਮਨ ਜਪਿ ਹਰਿ ਹਰਿ ਨਾਮੁ ਸਖੇ ॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ । (ਹਰਿ-ਨਾਮਿ ਹੀ ਅਸਲ) ਮਿੱਤਰ ਹੈ ।