Sri Guru Granth Sahib Ji — Ang 970 (punjabi)
ਪੂਰਬ ਜਨਮ ਹਮ ਤੁਮੑਰੇ ਸੇਵਕ ਅਬ ਤਉ ਮਿਟਿਆ ਨ ਜਾਈ ॥
ਹੇ ਪ੍ਰਭੂ! ਮੈਂ ਤਾਂ ਪਹਿਲੇ ਜਨਮਾਂ ਵਿਚ ਭੀ ਤੇਰਾ ਹੀ ਸੇਵਕ ਰਿਹਾ ਹਾਂ, ਹੁਣ ਭੀ ਤੇਰੇ ਦਰ ਤੋਂ ਹਟਿਆ ਨਹੀਂ ਜਾ ਸਕਦਾ ।
ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥੨॥
ਤੇਰੇ ਦਰ ਤੇ ਰਿਹਾਂ (ਮਨੁੱਖ ਦੇ ਅੰਦਰ) ਅਡੋਲ ਅਵਸਥਾ ਦੀ ਰੌ (ਚਲ ਪੈਂਦੀ ਹੈ, ਉਹ ਰੌ) ਮੈਨੂੰ ਭੀ ਪ੍ਰਾਪਤ ਹੋ ਗਈ ਹੈ ।੨।
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥
ਜਿਨ੍ਹਾਂ ਦੇ ਮੱਥੇ ਉੱਤੇ ਮਾਲਕ ਦਾ (ਇਹ ਭਗਤੀ ਦਾ) ਨਿਸ਼ਾਨ ਹੁੰਦਾ ਹੈ, ਉਹ ਰਣ-ਭੂਮੀ ਵਿਚ ਲੜ ਮਰਦੇ ਹਨ ।
ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥੩॥
ਜੋ ਇਸ ਨਿਸ਼ਾਨ ਤੋਂ ਸੱਖਣੇ ਹਨ ਉਹ (ਟਾਕਰਾ ਪੈਣ ਤੇ) ਭਾਂਜ ਖਾ ਜਾਂਦੇ ਹਨ, (ਭਾਵ,) ਜੋ ਮਨੁੱਖ ਪ੍ਰਭੂ ਦਾ ਭਗਤ ਬਣਦਾ ਹੈ, ਉਹ ਭਗਤੀ ਨਾਲ ਸਾਂਝ ਪਾਂਦਾ ਹੈ ਤੇ ਪ੍ਰਭੂ ਉਸ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਂਦਾ ਹੈ ।੩।
ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥
(ਮਨੁੱਖਾ-ਸਰੀਰ, ਮਾਨੋ, ਇਕ ਨਿੱਕਾ ਜਿਹਾ ਕੋਠਾ ਹੈ, ਇਸ) ਨਿੱਕੇ ਜਿਹੇ ਸੁਹਣੇ ਕੋਠੇ ਵਿਚ (ਦਿਮਾਗ਼ ਇਕ ਹੋਰ) ਨਿੱਕੀ ਜਿਹੀ ਕੋਠੜੀ ਹੈ, ਪਰਮਾਤਮਾ ਦੇ ਨਾਮ ਦੀ ਵਿਚਾਰ ਦੀ ਬਰਕਤਿ ਨਾਲ ਇਹ ਨਿੱਕੀ ਕੋਠੜੀ ਸੁਹਣੀ ਬਣਦੀ ਜਾਂਦੀ ਹੈ ।
ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ ॥੪॥
ਮੈਨੂੰ ਕਬੀਰ ਨੂੰ ਮੇਰੇ ਗੁਰੂ ਨੇ ਨਾਮ-ਵਸਤ ਦਿੱਤੀ (ਤੇ, ਆਖਣ ਲੱਗਾ) ਇਹ ਵਸਤ (ਇਕ ਨਿੱਕੀ ਕੋਠੜੀ ਵਿਚ) ਸਾਂਭ ਕੇ ਰੱਖ ਲੈ ।੪।
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥
ਮੈਂ ਕਬੀਰ ਨੇ ਇਹ ਨਾਮ-ਵਸਤ ਜਗਤ ਦੇ ਲੋਕਾਂ ਨੂੰ (ਭੀ ਵੰਡ) ਦਿੱਤੀ, ਪਰ ਕਿਸੇ ਭਾਗਾਂ ਵਾਲੇ ਨੇ ਹਾਸਲ ਕੀਤੀ ।
ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥੫॥੪॥
ਜਿਸ ਕਿਸੇ ਨੇ ਇਹ ਨਾਮ-ਅੰਮ੍ਰਿਤ ਦਾ ਸੁਆਦ ਚੱਖਿਆ ਹੈ, ਉਹ ਸਦਾ ਵਾਸਤੇ ਭਾਗਾਂ ਵਾਲਾ ਬਣ ਗਿਆ ਹੈ ।੫।੪।
ਜਿਹ ਮੁਖ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥
ਬ੍ਰਾਹਮਣ ਉਸ ਪ੍ਰਭੂ ਨੂੰ ਕਿਉਂ ਵਿਸਾਰਦਾ ਹੈ, ਜਿਸ ਦੇ ਮੂੰਹ ਵਿਚੋਂ ਵੇਦ ਤੇ ਗਾਇਤ®ੀ (ਆਦਿਕ) ਨਿਕਲੇ (ਮੰਨਦਾ) ਹੈ?
ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥੧॥
ਪੰਡਿਤ ਉਸ ਪਰਮਾਤਮਾ ਨੂੰ ਕਿਉਂ ਨਹੀਂ ਸਿਮਰਦਾ, ਜਿਸ ਦੇ ਚਰਨਾਂ ਤੇ ਸਾਰਾ ਸੰਸਾਰ ਪੈਂਦਾ ਹੈ? ।੧।
ਕਾਹੇ ਮੇਰੇ ਬਾਮੑਨ ਹਰਿ ਨ ਕਹਹਿ ॥
ਹੇ ਮੇਰੇ ਬ੍ਰਾਹਮਣ! ਤੂੰ ਪਰਮਾਤਮਾ ਦਾ ਨਾਮ ਕਿਉਂ ਨਹੀਂ ਸਿਮਰਦਾ?
ਰਾਮੁ ਨ ਬੋਲਹਿ ਪਾਡੇ ਦੋਜਕੁ ਭਰਹਿ ॥੧॥ ਰਹਾਉ ॥
ਹੇ ਪੰਡਿਤ! ਤੂੰ ਰਾਮ ਨਹੀਂ ਬੋਲਦਾ, ਤੇ ਦੋਜਕ (ਦਾ ਦੁੱਖ) ਸਹਾਰ ਰਿਹਾ ਹੈਂ ।੧।ਰਹਾਉ।
ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥
ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁਲ ਦਾ (ਸਮਝਦਾ ਹੈਂ), ਪਰ ਭੋਜਨ ਪਾਂਦਾ ਹੈਂ (ਆਪਣੇ ਤੋਂ) ਨੀਵੀਂ ਕੁਲ ਵਾਲਿਆਂ ਦੇ ਘਰ ਵਿਚ । ਤੂੰ ਹਠ ਵਾਲੇ ਕਰਮ ਕਰ ਕੇ (ਤੇ ਲੋਕਾਂ ਨੂੰ ਵਿਖਾ ਵਿਖਾ ਕੇ) ਆਪਣਾ ਪੇਟ ਪਾਲਦਾ ਹੈਂ ।
ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥੨॥
ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ ।੨।
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥
ਤੂੰ (ਆਪਣੇ ਆਪ ਨੂੰ ਉੱਚੀ ਕੁਲ ਦਾ) ਬ੍ਰਹਮਣ (ਸਮਝਦਾ ਹੈਂ), ਮੈਂ (ਤੇਰੀਆਂ ਨਜ਼ਰਾਂ ਵਿਚ) ਕਾਸ਼ੀ ਦਾ (ਗ਼ਰੀਬ) ਜੁਲਾਹ ਹਾਂ । ਸੋ, ਮੇਰੀ ਤੇਰੀ ਬਰਾਬਰੀ ਕਿਵੇਂ ਹੋ ਸਕਦੀ ਹੈ? (ਭਾਵ, ਤੂੰ ਮੇਰੀ ਗੱਲ ਆਪਣੇ ਮਾਣ ਵਿਚ ਗਹੁ ਨਾਲ ਸੁਣਨ ਨੂੰ ਤਿਆਰ ਨਹੀਂ ਹੋ ਸਕਦਾ) ।
ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥੩॥੫॥
ਪਰ ਅਸੀ (ਜੁਲਾਹੇ ਤਾਂ) ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਤੇ ਤੁਸੀਂ, ਹੇ ਪਾਂਡੇ! ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਰਹਿ ਕੇ ਹੀ ਡੁੱਬ ਕੇ ਮਰ ਰਹੇ ਹੋ ।੩।੫।
ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥
(ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ ।
ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥
ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ।੧।
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥
ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ,
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ ॥
ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ । ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ।੧।ਰਹਾਉ।
ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ ॥
(ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ, (ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ,
ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥
ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ।੨।
ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ ॥
ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤਿ®ਸ਼ਨਾ ਨੂੰ ਸੁਕਾ ਦੇਂਦਾ ਹੈ ।
ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥
ਕਬੀਰ ਆਖਦਾ ਹੈ—ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ ।੩।੬।
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ®ਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ ।
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥
(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ।੧।
ਐਸਾ ਜੋਗੁ ਕਮਾਵਹੁ ਜੋਗੀ ॥
ਹੇ ਜੋਗੀ! ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ,
ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ । ਬੱਸ! ਇਹੀ ਜੋਗ-ਅੱਭਿਆਸ ਕਰੋ ।੧।ਰਹਾਉ।
ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥
(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ ।
ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥
ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ।੨।
ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥
(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ ।
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥
ਕਬੀਰ ਆਖਦਾ ਹੈ—ਹੇ ਸੰਤ ਜਨੋ । ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾE ।੩।੭।
ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥
ਕਿਹੜੇ ਕੰਮਾਂ ਲਈ ਅਸੀ ਜਗਤ ਵਿਚ ਪੈਦਾ ਹੋਏ? ਜਨਮ ਲੈ ਕੇ ਅਸਾਂ ਕੀਹ ਖੱਟਿਆ?
ਭਵ ਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥੧॥
ਅਸਾਂ ਇਕ ਪਲ ਭਰ ਭੀ (ਉਸ ਪ੍ਰਭੂ ਦੇ ਚਰਨਾਂ ਵਿਚ) ਚਿੱਤ ਨਾਹ ਜੋੜਿਆ ਜੋ ਸੰਸਾਰ-ਸਮੁੰਦਰ ਤੋਂ ਤਾਰਨ ਲਈ ਜਹਾਜ਼ ਹੈ, ਜੋ, ਮਾਨੋ, ਮਨ-ਇੱਛਤ ਫਲ ਦੇਣ ਵਾਲਾ ਹੀਰਾ ਹੈ ।੧।