Sri Guru Granth Sahib Ji — Ang 946 (punjabi)
ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥
ਇਕੋ ਅਸਚਰਜ ਸ਼ਬਦ-ਰੂਪ ਪ੍ਰਭੂ ਹੀ ਸੀ, ਉਹੀ (ਜਗਤ ਦਾ) ਰੰਗ ਭੇਖ ਤੇ ਰੂਪ ਸੀ ।
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥੬੭॥
ਹੇ ਨਾਨਕ! (ਐਸੇ ਉਸ) ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਨੂੰ ਮਿਲਣ) ਤੋਂ ਬਿਨਾ, ਜਿਸ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਕੋਈ ਮਨੁੱਖ ਸੁੱਚਾ ਨਹੀਂ ਹੈ ।੬੭।
ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ ॥
ਹੇ ਪੁਰਖ! ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿਚ (ਪੈਂਦਾ) ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ?
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥
ਹੇ ਪੁਰਖ! ਜਗਤ ਹਉਮੈ ਵਿਚ ਪੈਦਾ ਹੁੰਦਾ ਹੈ, ਜੇ (ਇਸ ਨੂੰ) ਪ੍ਰਭੂ ਦਾ ਨਾਮ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ ।
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ (ਆਪਣੀ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ,
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥
ਉਸ ਦਾ ਤਨ ਉਸ ਦਾ ਮਨ ਤੇ ਉਸ ਦੀ ਬਾਣੀ ਪਵਿਤ® ਹੋ ਜਾਂਦੇ ਹਨ; ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ;
ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥
ਉਹ ਮਨੁੱਖ (ਪ੍ਰਭੂ-ਚਰਨਾਂ ਦਾ) ਮਤਵਾਲਾ ਹੋ ਕੇ ਨਿਰੋਲ ਪ੍ਰਭੂ-ਨਾਮ ਵਿਚ ਹੀ ਜੁੜਿਆ ਰਹਿੰਦਾ ਹੈ, ਸਦਾ ਪ੍ਰਭੂ ਨੂੰ ਹਿਰਦੇ ਵਿਚ ਟਿਕਾਈ ਰੱਖਦਾ ਹੈ ।
ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥੬੮॥
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ, ਆਪਣੇ ਹਿਰਦੇ ਵਿਚ ਵਿਚਾਰ ਕੇ ਵੇਖ ਲਵੋ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਇਹੀ ਗਵਾਹੀ ਦੇਵੇਗਾ) ।੬੮।
ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥
ਜੇ ਕੋਈ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹ ਸੱਚੇ ਸ਼ਬਦ ਨੂੰ ਵਿਚਾਰਦਾ ਹੈ,
ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥
ਸਤਿਗੁਰੂ ਦੀ ਬਾਣੀ ਦੀ ਰਾਹੀਂ ਸੱਚਾ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ ।
ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥
ਗੁਰਮੁਖਿ ਮਨੁੱਖ ਦਾ ਮਨ (ਨਾਮ-ਰਸ ਵਿਚ) ਭਿੱਜਦਾ ਹੈ, (ਪਰ ਇਸ ਗੱਲ ਨੂੰ) ਕੋਈ ਵਿਰਲਾ ਸਮਝਦਾ ਹੈ ।
ਗੁਰਮੁਖਿ ਨਿਜ ਘਰਿ ਵਾਸਾ ਹੋਇ ॥
ਗੁਰੂ ਦੇ ਸਨਮੁਖ ਮਨੁੱਖ ਦਾ ਨਿਵਾਸ ਆਪਣੇ ਅਸਲ ਸਰੂਪ ਵਿਚ ਹੋਇਆ ਰਹਿੰਦਾ ਹੈ ।
ਗੁਰਮੁਖਿ ਜੋਗੀ ਜੁਗਤਿ ਪਛਾਣੈ ॥
ਜੋ ਮਨੁੱਖ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਹੀ (ਅਸਲ) ਜੋਗੀ ਹੈ ਉਹ (ਪ੍ਰਭੂ ਨਾਲ ਮਿਲਾਪ ਦੀ) ਜੁਗਤਿ ਪਛਾਣਦਾ ਹੈ ।
ਗੁਰਮੁਖਿ ਨਾਨਕ ਏਕੋ ਜਾਣੈ ॥੬੯॥
ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲਾ ਮਨੁੱਖ ਇੱਕ ਪ੍ਰਭੂ ਨੂੰ (ਹਰ ਥਾਂ ਵਿਆਪਕ) ਜਾਣਦਾ ਹੈ ।੬੯।
ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥
ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਪ੍ਰਭੂ ਨਾਲ) ਮੇਲ ਨਹੀਂ ਹੁੰਦਾ,
ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥
ਗੁਰੂ ਨੂੰ ਮਿਲਣ ਤੋਂ ਬਿਨਾ ਮੁਕਤੀ ਨਹੀਂ ਲੱਭਦੀ ।
ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥
ਗੁਰੂ ਨੂੰ ਮਿਲਣ ਬਗ਼ੈਰ ਪ੍ਰਭੂ ਦਾ ਨਾਮ ਮਿਲ ਨਹੀਂ ਸਕਦਾ,
ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥
ਮਨੁੱਖ ਬੜਾ ਕਸ਼ਟ ਉਠਾਂਦਾ ਹੈ ।
ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥
ਗੁਰੂ ਨੂੰ ਮਿਲਣ ਤੋਂ ਬਿਨਾ ਘੋਰ ਹਨੇਰੇ ਵਿਚ ਅਹੰਕਾਰ ਵਿਚ ਰਹਿੰਦਾ ਹੈ ।
ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥
ਹੇ ਨਾਨਕ! ਸਤਿਗੁਰੂ ਤੋਂ ਬਿਨਾ ਮਨੁੱਖ ਜ਼ਿੰਦਗੀ (ਦੀ ਬਾਜ਼ੀ) ਹਾਰ ਕੇ ਆਤਮਕ ਮੌਤ ਸਹੇੜਦਾ ਹੈ ।੭੦।
ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥
ਜੋ ਮਨੁੱਖ ਗੁਰੂ ਦੇ ਹੁਕਮ ਵਿਚ ਤੁਰਦਾ ਹੈ ਉਸ ਨੇ (ਆਪਣੀ) ਹਉਮੈ ਨੂੰ ਮਾਰ ਕੇ ਆਪਣਾ ਮਨ ਜਿੱਤ ਲਿਆ ਹੈ,
ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥
ਉਸ ਨੇ ਸਦਾ ਟਿਕੇ ਰਹਿਣ ਵਾਲੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪਰੋ ਲਿਆ ਹੈ,
ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥
ਮੌਤ ਦਾ ਡਰ ਮਾਰ ਮੁਕਾ ਕੇ ਉਸ ਨੇ ਜਗਤ ਜਿੱਤ ਲਿਆ ਹੈ,
ਗੁਰਮੁਖਿ ਦਰਗਹ ਨ ਆਵੈ ਹਾਰਿ ॥
ਉਹ (ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਹਜ਼ੂਰੀ ਵਿਚ ਨਹੀਂ ਜਾਂਦਾ (ਭਾਵ, ਜਿੱਤ ਕੇ ਜਾਂਦਾ ਹੈ) ।
ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥
ਗੁਰਮੁਖ ਮਨੁੱਖ ਨੂੰ ਪ੍ਰਭੂ ਸੰਜੋਗ ਬਣਾ ਕੇ (ਆਪਣੇ ਵਿਚ) ਮਿਲਾ ਲੈਂਦਾ ਹੈ (ਇਸ ਭੇਤ ਨੂੰ) ਉਹ ਗੁਰਮੁਖ (ਹੀ) ਸਮਝਦਾ ਹੈ ।
ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥
ਹੇ ਨਾਨਕ! ਗੁਰੂ ਦੇ ਸਨਮੁਖ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਨਾਲ) ਜਾਣ-ਪਛਾਣ ਬਣਾ ਲੈਂਦਾ ਹੈ ।੭੧।
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥
ਹੇ ਜੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ (ਇਹ ਹੈ ਕਿ) ਪ੍ਰਭੂ ਦੇ ਨਾਮ ਤੋਂ ਬਿਨਾ ਜੋਗ (ਪ੍ਰਭੂ ਦਾ ਮਿਲਾਪ) ਨਹੀਂ ।
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥
ਜੋ ‘ਨਾਮ’ ਵਿਚ ਰੱਤੇ ਹੋਏ ਹਨ ਉਹੀ ਹਰ ਵੇਲੇ ਮਤਵਾਲੇ ਹਨ ।
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥
ਨਾਮ’ ਤੋਂ ਹੀ ਸੁਖ ਮਿਲਦਾ ਹੈ; ‘ਨਾਮ’ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ, ‘ਨਾਮ’ ਤੋਂ ਹੀ ਸਾਰੀ ਸੂਝ ਪੈਂਦੀ ਹੈ ।
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥
ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਬਥੇਰੇ ਭੇਖ ਕਰਦੇ ਹਨ ਉਹਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ ।
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥
ਹੇ ਜੋਗੀ! ਸਤਿਗੁਰੂ ਤੋਂ ਪ੍ਰਭੂ ਦਾ ‘ਨਾਮ’ ਮਿਲਦਾ ਹੈ (‘ਨਾਮ’ ਮਿਲਿਆਂ ਹੀ) ਜੋਗ ਦੀ ਸੁਰਤਿ ਸਿਰੇ ਚੜ੍ਹਦੀ ਹੈ ।
ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥
ਹੇ ਨਾਨਕ! ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, ‘ਨਾਮ’ ਤੋਂ ਬਿਨਾ ਮੁਕਤੀ ਨਹੀਂ ਮਿਲਦੀ (ਭਾਵ, ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ ਸਿਮਰਨ ਤੋਂ ਬਿਨਾ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ) ।੭੨)
ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥
ਤੂੰ ਕਿਹੋ ਜਿਹਾ ਹੈਂ ਤੇ ਕੇਡਾ ਵੱਡਾ ਹੈਂ, ਹੇ ਪ੍ਰਭੂ! ਇਹ ਗੱਲ ਤੂੰ ਆਪ ਹੀ ਜਾਣਦਾ ਹੈ । ਕੋਈ ਹੋਰ ਕੀਹ ਕਹਿ ਕੇ ਦੱਸ ਸਕਦਾ ਹੈ?
ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥
ਤੂੰ ਆਪ ਹੀ ਲੁਕਿਆ ਹੋਇਆ ਹੈਂ ਤੂੰ ਆਪ ਹੀ ਪਰਗਟ ਹੈਂ (ਭਾਵ, ਸੂਖਮ ਤੇ ਅਸਥੂਲ ਤੂੰ ਆਪ ਹੀ ਹੈਂ), ਤੂੰ ਆਪ ਹੀ ਸਾਰੇ ਰੰਗ ਮਾਣ ਰਿਹਾ ਹੈਂ ।
ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥
ਸਾਧਨ ਕਰਨ ਵਾਲੇ ਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਗੁਰੂ ਤੇ ਉਹਨਾਂ ਦੇ ਕਈ ਚੇਲੇ ਤੇਰੇ ਹੁਕਮ ਵਿਚ ਤੈਨੂੰ ਖੋਜਦੇ ਫਿਰਦੇ ਹਨ,
ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥
ਤੈਥੋਂ ਤੇਰਾ ‘ਨਾਮ’ ਮੰਗਦੇ ਹਨ, ਤੈਥੋਂ ਇਹ ਭਿੱਖਿਆ ਲੈ ਕੇ ਤੇਰੇ ਦੀਦਾਰ ਤੋਂ ਸਦਕੇ ਹੁੰਦੇ ਹਨ ।
ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥
ਹੇ ਨਾਨਕ! ਅਬਿਨਾਸੀ ਪ੍ਰਭੂ ਨੇ (ਇਹ ਜਗਤ ਦੀ) ਖੇਡ ਰਚੀ ਹੈ ਗੁਰਮੁਖ ਮਨੁੱਖ ਨੂੰ ਇਹ ਸਮਝ ਪੈਂਦੀ ਹੈ ।
ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥
ਸਾਰੇ ਹੀ ਜੁਗਾਂ ਵਿਚ ਉਹ ਆਪ ਹੀ ਮੌਜੂਦ ਹੈ, ਕੋਈ ਹੋਰ ਦੂਜਾ (ਉਸ ਵਰਗਾ) ਨਹੀਂ ।੭੩।੧।