Sri Guru Granth Sahib Ji — Ang 936 (punjabi)
ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ ॥
ਪਰਮਾਤਮਾ ਦਾ ‘ਨਾਮ’ ਭੁਲਾ ਕੇ (ਨਿਰੀ) ਮਾਇਆ ਨੂੰ ਹੀ ਆਪਣੀ ਸਮਝ ਕੇ (ਇਸ ਤਰ੍ਹਾਂ ਸਗੋਂ) ਦੁੱਖ ਵਿਹਾਝ ਕੇ ਹੀ (ਬੇਅੰਤ ਜੀਵ) ਚਲੇ ਗਏ;
ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ ॥
ਕਿਲੇ, ਪੱਕੇ ਘਰ, ਮਹਲ ਮਾੜੀਆਂ ਤੇ ਹਕੂਮਤ (ਸਭ) ਸਾਥ ਛੱਡ ਗਏ, ਇਹ ਤਾਂ (ਮਦਾਰੀ ਦੀ) ਖੇਡ ਹੀ ਸਨ ।
ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ ॥
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਸਾਰਾ ਜੀਵਨ ਵਿਅਰਥ ਜਾਂਦਾ ਹੈ;
ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥੪੨॥
(ਪਰ ਜੀਵ ਵਿਚਾਰੇ ਦੇ ਕੀਹ ਵਸਿ? ਇਹ ਬੇ-ਸਮਝ ਹੈ) ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਸਭ ਕੁਝ ਜਾਣਦਾ ਹੈ (ਉਹੀ ਸਮਝਾਵੇ ਤਾਂ ਜੀਵ ਸਮਝੇ) ।੪੨।
ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥
ਜੋ ਜੀਵ (ਮਾਇਆ ਦੀ ਮਮਤਾ ਦੇ ਬੱਧੇ ਹੋਏ ਜਗਤ ਵਿਚ) ਆਉਂਦੇ ਹਨ ਉਹ (ਇਸ ਮਮਤਾ ਵਿਚ ਫਸੇ ਹੋਏ ਇਥੋਂ) ਜਾਂਦੇ ਹਨ, ਮੁੜ ਜੰਮਦੇ ਮਰਦੇ ਹਨ ਤੇ ਦੁਖੀ ਹੁੰਦੇ ਹਨ;
ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥
(ਉਹਨਾਂ ਵਾਸਤੇ) ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਰਤਾ ਭੀ ਘਟਦੀ ਵਧਦੀ ਨਹੀਂ (ਭਾਵ, ਉਹਨਾਂ ਨੂੰ ਮਮਤਾ ਦੇ ਕਾਰਨ ਚੌਰਾਸੀ ਲੱਖ ਜੂਨਾਂ ਵਿਚੋਂ ਲੰਘਣਾ ਪੈਂਦਾ ਹੈ) ।
ਸੇ ਜਨ ਉਬਰੇ ਜਿਨ ਹਰਿ ਭਾਇਆ ॥
(ਉਹਨਾਂ ਵਿਚੋਂ) ਬਚਦੇ ਸਿਰਫ਼ ਉਹ ਹਨ ਜਿਨ੍ਹਾਂ ਨੂੰ ਪ੍ਰਭੂ ਪਿਆਰਾ ਲੱਗਦਾ ਹੈ (ਕਿਉਂਕਿ ਉਹਨਾਂ ਦੀ ਮਾਇਆ ਪਿੱਛੇ) ਭਟਕਣਾ ਮੁੱਕ ਜਾਂਦੀ ਹੈ,
ਧੰਧਾ ਮੁਆ ਵਿਗੂਤੀ ਮਾਇਆ ॥
ਮਾਇਆ (ਉਹਨਾਂ ਵਲ ਆਇਆਂ) ਖ਼ੁਆਰ ਹੁੰਦੀ ਹੈ (ਉਹਨਾਂ ਨੂੰ ਮੋਹ ਨਹੀਂ ਸਕਦੀ) ।
ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥
(ਜਗਤ ਵਿਚ ਤਾਂ) ਜੋ ਭੀ ਦਿੱਸਦਾ ਹੈ ਨਾਸਵੰਤ ਹੈ, ਮੈਂ ਕਿਸ ਨੂੰ ਮਿੱਤਰ ਬਣਾਵਾਂ? (ਸਾਥ ਨਿਬਾਹੁਣ ਵਾਲਾ ਮਿੱਤਰ ਤਾਂ ਸਿਰਫ਼ ਪਰਮਾਤਮਾ ਹੀ ਹੈ,
ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥
ਉਸ ਦੇ ਅੱਗੇ ਹੀ) ਮੈਂ ਆਪਣੀ ਜਿੰਦ ਅਰਪਣ ਕਰਾਂ ਤੇ ਤਨ ਮਨ ਭੇਟ ਰੱਖਾਂ ।
ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥
ਹੇ ਕਰਤਾਰ! ਤੂੰ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ । (ਹੇ ਪਾਂਡੇ!) ਮੈਨੂੰ ਕਰਤਾਰ ਦਾ ਹੀ ਆਸਰਾ ਹੈ ।
ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥੪੩॥
ਪ੍ਰਭੂ ਦੇ ਗੁਣ ਗਾਂਵਿਆਂ ਹੀ ਹਉਮੈ ਮਰਦੀ ਹੈ । (ਕਿਉਂਕਿ) ਸਤਿਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਹੀ ਮਨ ਵਿਚ ਠੋਕਰ (ਲੱਗਦੀ ਹੈ) ।੪੩।
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥
(ਜਗਤ ਵਿਚ) ਨਾਹ ਕੋਈ ਰਾਣਾ ਨਾਹ ਕੋਈ ਕੰਗਾਲ ਸਦਾ ਜਿਊਂਦਾ ਰਹਿ ਸਕਦਾ ਹੈ; ਨਾਹ ਕੋਈ ਅਮੀਰ ਤੇ ਨਾਹ ਕੋਈ ਫਕੀਰ;
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥
ਹਰੇਕ ਆਪੋ ਆਪਣੀ ਵਾਰੀ (ਇਥੋਂ ਤੁਰ ਪੈਂਦਾ ਹੈ) ਕੋਈ ਕਿਸੇ ਨੂੰ ਇਹ ਤਸੱਲੀ ਦੇਣ ਜੋਗਾ ਨਹੀਂ (ਕਿ ਤੂੰ ਸਦਾ ਇਥੇ ਟਿਕਿਆ ਰਹੇਂਗਾ) ।
ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥
(ਜਗਤ ਦਾ) ਪੈਂਡਾ ਬੜਾ ਔਖਾ ਤੇ ਡਰਾਉਣਾ ਹੈ, (ਇਹ ਇਕ) ਬੇਅੰਤ ਡੂੰਘੇ ਸਮੁੰਦਰ (ਦਾ ਸਫ਼ਰ ਹੈ) ਪਹਾੜੀ ਰਸਤਾ ਹੈ ।
ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥
ਮੇਰੇ ਅੰਦਰ ਤਾਂ ਕਈ ਔਗੁਣ ਹਨ ਜਿਨ੍ਹਾਂ ਕਰਕੇ ਦੁਖੀ ਹੋ ਰਹੀ ਹਾਂ, (ਮੇਰੇ ਪੱਲੇ ਗੁਣ ਨਹੀਂ ਹਨ) ਗੁਣਾਂ ਤੋਂ ਬਿਨਾਂ ਕਿਵੇਂ ਮੰਜ਼ਲ ਤੇ ਅੱਪੜਾਂ? (ਭਾਵ, ਪ੍ਰਭੂ-ਚਰਨਾਂ ਵਿਚ ਜੁੜ ਨਹੀਂ ਸਕਦੀ) ।
ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥
ਗੁਣਾਂ ਵਾਲੇ ਗੁਣ ਪੱਲੇ ਬੰਨ੍ਹ ਕੇ ਪ੍ਰਭੂ ਨੂੰ ਮਿਲ ਪਏ ਹਨ (ਮੇਰਾ ਭੀ ਚਿੱਤ ਕਰਦਾ ਹੈ ਕਿ) ਉਹਨਾਂ ਪਿਆਰਿਆਂ ਨੂੰ ਮਿਲਾਂ (ਪਰ) ਕਿਵੇਂ (ਮਿਲਾਂ)?
ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ ॥
ਜੇ ਪ੍ਰਭੂ ਨੂੰ ਹਿਰਦੇ ਵਿਚ ਸਦਾ ਜਪਾਂ ਤਦੋਂ ਉਹਨਾਂ ਗੁਣੀ ਗੁਰਮੁਖਾਂ ਵਰਗੀ ਹੋ ਸਕਦੀ ਹਾਂ ।
ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥
(ਮਾਇਆ-ਵੇੜ੍ਹਿਆ ਜੀਵ) ਅਉਗਣਾਂ ਨਾਲ ਨਕਾ-ਨਕ ਭਰਿਆ ਰਹਿੰਦਾ ਹੈ (ਉਂਞ) ਗੁਣ ਭੀ ਉਸ ਦੇ ਅੰਦਰ ਹੀ ਵੱਸਦੇ ਹਨ (ਕਿਉਂਕਿ ਗੁਣੀ ਪ੍ਰਭੂ ਅੰਦਰ ਵੱਸ ਰਿਹਾ ਹੈ),
ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥
ਪਰ ਸਤਿਗੁਰੂ ਤੋਂ ਬਿਨਾ ਗੁਣਾਂ ਦੀ ਸੂਝ ਨਹੀਂ ਪੈਂਦੀ । (ਤਦ ਤਕ ਨਹੀਂ ਪੈਂਦੀ) ਜਦ ਤਕ ਗੁਰੂ ਦੇ ਸ਼ਬਦ ਵਿਚ ਵੀਚਾਰ ਨਾਹ ਕੀਤੀ ਜਾਏ ।੪੪।
ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥
(ਇਸ ਜਗਤ ਰਣ-ਭੂਮੀ ਵਿਚ, ਜੀਵ) ਸਿਪਾਹੀਆਂ ਨੇ (ਸਰੀਰ-ਰੂਪ) ਡੇਰੇ ਮੱਲੇ ਹੋਏ ਹਨ, (ਪ੍ਰਭੂ-ਖਸਮ ਪਾਸੋਂ) ਰਿਜ਼ਕ ਲਿਖਾ ਕੇ (ਇਥੇ) ਆਏ ਹਨ ।
ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥
ਜੋ ਸਿਪਾਹੀ ਹਰਿ-ਨਾਮ ਦੀ ਖੱਟੀ ਖੱਟ ਕੇ ਮਾਲਕ ਦੀ (ਰਜ਼ਾ-ਰੂਪ) ਕਾਰ ਸਿਰ ਤੇ ਕਮਾਂਦੇ ਹਨ
ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥
ਉਹਨਾਂ ਨੇ ਚਸਕਾ ਲਾਲਚ ਤੇ ਹੋਰ ਵਿਕਾਰ ਮਨ ਵਿਚੋਂ ਕੱਢ ਦਿੱਤੇ ਹਨ ।
ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥
ਜਿਸ (ਜੀਵ-) ਸਿਪਾਹੀ ਨੇ (ਸਰੀਰ-) ਕਿਲ੍ਹੇ ਵਿਚ (ਪ੍ਰਭੂ-) ਪਾਤਸ਼ਾਹ ਦੀ ਦੁਹਾਈ ਪਾਈ ਹੈ (ਭਾਵ, ਸਿਮਰਨ ਨੂੰ ਹਰ ਵੇਲੇ ਵਸਾਇਆ ਹੈ) ਉਹ (ਕਾਮਾਦਿਕ ਪੰਜਾਂ ਦੇ ਮੁਕਾਬਲੇ ਤੇ) ਕਦੇ ਹਾਰ ਕੇ ਨਹੀਂ ਆਉਂਦਾ ।
ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥
(ਪਰ ਜੋ ਮਨੁੱਖ) ਪ੍ਰਭੂ ਮਾਲਕ ਦਾ ਨੌਕਰ (ਭੀ) ਅਖਵਾਏ ਤੇ ਸਾਹਮਣੇ ਜਵਾਬ ਭੀ ਦੇਵੇ (ਭਾਵ, ਉਸ ਦੇ ਹੁਕਮ ਵਿਚ ਨਾਹ ਤੁਰੇ)
ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥
ਉਹ ਆਪਣੀ ਤਨਖ਼ਾਹ ਗਵਾ ਲੈਂਦਾ ਹੈ (ਭਾਵ, ਉਹ ਮੇਹਰ ਤੋਂ ਵਾਂਜਿਆ ਰਹਿੰਦਾ ਹੈ), ਅਜੇਹੇ ਜੀਵ (ਰੱਬੀ) ਤਖ਼ਤ ਉਤੇ ਨਹੀਂ ਬੈਠ ਸਕਦੇ (ਭਾਵ, ਉਸ ਨਾਲ ਇਕ-ਰੂਪ ਨਹੀਂ ਹੋ ਸਕਦੇ) ।
ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
ਪਰ ਪ੍ਰਭੂ ਦੇ ਗੁਣ ਗਾਉਣੇ ਪ੍ਰੀਤਮ-ਪ੍ਰਭੂ ਦੇ ਆਪਣੇ ਹੱਥ ਵਿਚ ਹਨ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ ਦੇਂਦਾ ਹੈ, ਕਿਸੇ ਹੋਰ ਦੇ ਅੱਗੇ ਪੁਕਾਰ ਨਹੀਂ ਕੀਤੀ ਜਾ ਸਕਦੀ,
ਆਪਿ ਕਰੇ ਕਿਸੁ ਆਖੀਐ ਅਵਰੁ ਨ ਕੋਇ ਕਰੇਇ ॥੪੫॥
ਕਿਉਂਕਿ ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਕੋਈ ਹੋਰ ਕੁਝ ਨਹੀਂ ਕਰ ਸਕਦਾ ।੪੫।
ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥
ਮੈਨੂੰ ਕੋਈ ਹੋਰ ਦੂਜਾ ਐਸਾ ਨਹੀਂ ਸੁੱਝਦਾ ਜੋ (ਸਦਾ ਲਈ) ਆਸਣ ਵਿਛਾ ਕੇ ਬੈਠ ਸਕੇ (ਭਾਵ, ਜੋ ਸਾਰੇ ਜਗਤ ਦਾ ਅਟੱਲ ਮਾਲਕ ਅਖਵਾ ਸਕੇ);
ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥
ਜੀਵਾਂ ਦੇ ਨਰਕ ਦੂਰ ਕਰਨ ਵਾਲਾ ਤੇ ਜੀਵਾਂ ਦਾ ਮਾਲਕ ਸਦਾ ਕਾਇਮ ਰਹਿਣ ਵਾਲਾ ਇਕ ਪ੍ਰਭੂ ਹੀ ਹੈ ਜੋ ਨਾਮ (ਸਿਮਰਨ) ਦੀ ਰਾਹੀਂ (ਮਿਲਦਾ) ਹੈ ।
ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥
(ਉਸ ਪ੍ਰਭੂ ਦੀ ਖ਼ਾਤਰ) ਮੈਂ ਜੰਗਲ-ਬੇਲਾ ਢੂੰਢ ਢੂੰਢ ਕੇ ਥੱਕ ਗਈ ਹਾਂ, (ਹੁਣ ਜਦੋਂ) ਮੈਂ ਮਨ ਵਿਚ ਸੋਚਦੀ ਹਾਂ
ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥
(ਤਾਂ ਸਮਝ ਆਈ ਹੈ ਕਿ) ਲਾਲਾਂ ਰਤਨਾਂ ਤੇ ਮੋਤੀਆਂ (ਭਾਵ, ਰੱਬੀ ਗੁਣਾਂ) ਦਾ ਖ਼ਜ਼ਾਨਾ ਸਤਿਗੁਰੂ ਦੇ ਹੱਥ ਵਿਚ ਹੈ;
ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥
ਜੇ ਮੈਂ ਇਕ-ਮਨ ਹੋ ਕੇ (ਸਿਮਰਨ ਕਰ ਕੇ) ਸੁੱਧ-ਆਤਮਾ ਹੋ ਜਾਵਾਂ ਤਾਂ ਮੈਨੂੰ ਪ੍ਰਭੂ ਮਿਲ ਪਏ ।
ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥
ਹੇ ਨਾਨਕ! ਜੋ ਜੀਵ ਪ੍ਰੀਤਮ-ਪ੍ਰਭੂ ਦੇ ਪਿਆਰ ਵਿਚ ਜੁੜੇ ਹੋਏ ਹਨ ਉਹ ਪਰਲੋਕ ਦੀ ਖੱਟੀ ਖੱਟ ਲੈਂਦੇ ਹਨ ।
ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥
(ਹੇ ਪਾਂਡੇ!) ਜਿਸ (ਪ੍ਰਭੂ) ਨੇ ਰਚਨਾ ਰਚੀ ਹੈ ਜਿਸ ਨੇ ਜਗਤ ਦਾ ਢਾਂਚਾ ਬਣਾਇਆ ਹੈ,
ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥੪੬॥
ਜੋ ਆਪ ਬੇਅੰਤ ਹੈ, ਜਿਸ ਦਾ ਅੰਤ ਤੇ ਹੱਦ-ਬੰਨਾ ਨਹੀਂ ਪਾਇਆ ਜਾ ਸਕਦਾ, ਉਸ ਨੂੰ ਗੁਰੂ ਦੇ ਦੱਸੇ ਹੋਏ ਰਾਹ ਤੇ ਤੁਰਿਆਂ ਹੀ ਸਿਮਰਿਆ ਜਾ ਸਕਦਾ ਹੈ ।੪੬।
ੜਾੜੈ ਰੂੜਾ ਹਰਿ ਜੀਉ ਸੋਈ ॥
ਉਹ ਪ੍ਰਭੂ ਹੀ (ਸਭ ਤੋਂ ਵਧੀਕ) ਸੁੰਦਰ ਹੈ,
ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥
ਉਸ ਤੋਂ ਬਿਨਾ ਹੋਰ ਕੋਈ (ਭਾਵ, ਉਸ ਦੇ ਬਰਾਬਰ ਦਾ) ਹਾਕਮ ਨਹੀਂ ਹੈ ।
ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥
(ਹੇ ਪਾਂਡੇ!) ਤੂੰ ਮਨ ਨੂੰ ਵੱਸ ਕਰਨ ਲਈ (‘ਗੁਰ-ਸ਼ਬਦ’-ਰੂਪ) ਮੰਤ® ਸੁਣ (ਇਸ ਨਾਲ) ਇਹ ਪ੍ਰਭੂ ਮਨ ਵਿਚ ਆ ਵੱਸੇਗਾ ।
ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥
(ਪਰ) ਮਤਾਂ ਕੋਈ ਕਿਸੇ ਭੁਲੇਖੇ ਵਿਚ ਪਏ, (ਕਿ ਪ੍ਰਭੂ ਗੁਰੂ ਤੋਂ ਬਿਨਾ ਪ੍ਰਾਪਤ ਹੋ ਸਕਦਾ ਹੈ) ਪ੍ਰਭੂ (ਤਾਂ) ਗੁਰੂ ਦੀ ਮੇਹਰ ਨਾਲ ਹੀ ਮਿਲਦਾ ਹੈ ।
ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥
ਗੁਰੂ ਹੀ ਸੱਚਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦਾ ਨਾਮ-ਰੂਪ ਪੂੰਜੀ ਹੈ,
ਗੁਰਮੁਖਿ ਪੂਰਾ ਤਿਸੁ ਸਾਬਾਸਿ ॥
ਗੁਰੂ ਹੀ ਪੂਰਨ ਪੁਰਖ ਹੈ, ਗੁਰੂ ਨੂੰ ਹੀ ਧੰਨ ਧੰਨ (ਆਖੋ) ।
ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਬੀਚਾਰਿ ॥
(ਜਿਸ ਕਿਸੇ ਨੂੰ ਮਿਲਿਆ ਹੈ) ਸਤਿਗੁਰੂ ਦੀ ਸੁੰਦਰ ਬਾਣੀ ਦੀ ਰਾਹੀਂ ਹੀ, ਗੁਰੂ ਦੇ ਸ਼ਬਦ ਦੀ ਵਿਚਾਰ ਦੀ ਰਾਹੀਂ ਹੀ ਪ੍ਰਭੂ ਮਿਲਿਆ ਹੈ;