Sri Guru Granth Sahib Ji — Ang 935 (punjabi)
ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥
ਐਸੇ ਮਨੁੱਖ ਨੂੰ ਨਾਹ ਗੋਪਾਲ ਨਾਲ ਡੂੰਘੀ ਸਾਂਝ ਹਾਸਲ ਹੁੰਦੀ ਹੈ, ਨਾਹ ਉੱਚੀ ਸੁਰਤਿ, ਤੇ ਨਾਹ ਹੀ ਧਰਮ ।
ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥
(ਇਹ ਅਹੰਕਾਰ ਦੇ ਕਾਰਨ) ‘ਨਾਮ’ ਤੋਂ ਬਿਨਾ ਨਿਰਭਉ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ, ‘ਅਹੰਕਾਰ’ ਨੂੰ ਸਮਝਿਆ ਨਹੀਂ ਜਾ ਸਕਦਾ (ਭਾਵ, ਅਹੰਕਾਰ ਵਿਚ ਟਿਕੇ ਰਿਹਾਂ ਇਹ ਸਮਝ ਭੀ ਨਹੀਂ ਆਉਂਦੀ ਕਿ ਸਾਡੇ ਉਤੇ ਅਹੰਕਾਰ ਦੀ ਕਾਠੀ ਪਈ ਹੋਈ ਹੈ) ।
ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥
(ਇਹ ਇਕ ਐਸਾ ਸਮੁੰਦਰ ਹੈ ਕਿ) ਇਸ ਦੀ ਡੂੰਘਾਈ ਤੇ ਪਾਰਲਾ ਬੰਨਾ ਨਹੀਂ ਲੱਭ ਸਕਦਾ,
ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥
ਮੈਂ ਜਤਨ ਕਰ ਕੇ ਥੱਕ ਗਈ ਹਾਂ, ਪਰ ਅੰਤ ਨਹੀਂ ਪਾ ਸਕੀ; ਗੋਪਾਲ ਦੇ ਨਾਮ ਵਿਚ ਰੰਗੇ ਹੋਏ ਗੁਰਮੁਖਾਂ ਤੋਂ ਬਿਨਾ ਹੋਰ ਕਿਸੇ ਅੱਗੇ ਇਹ ਦੁੱਖ ਦੱਸਿਆ ਭੀ ਨਹੀਂ ਜਾ ਸਕਦਾ ।
ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥
ਹੇ ਨਾਨਕ! ਜੇ ਮੈਂ ਉਸ ਪਿਆਰੇ ਪ੍ਰਭੂ ਨੂੰ ਮੁੜ ਮੁੜ ਯਾਦ ਕਰਾਂ ਤੇ ਉਹ ਮੇਲਣ ਦੇ ਸਮਰੱਥ ਪਿਆਰਾ ਆਪ ਹੀ ਮਿਲਾ ਲੈਂਦਾ ਹੈ ।
ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ॥੩੭॥
ਜਿਸ ਪ੍ਰਭੂ ਨੇ (‘ਅਭਿਮਾਨ’ ਦੀ ਵਿੱਥ ਪਾ ਕੇ) ਵਿਛੋੜਿਆ ਹੋਇਆ ਹੈ ਉਹ ਗੁਰੂ ਦੇ ਅਥਾਹ ਪਿਆਰ ਦੀ ਰਾਹੀਂ ਮਿਲਾਏਗਾ ।੩੭।
ਪਾਪੁ ਬੁਰਾ ਪਾਪੀ ਕਉ ਪਿਆਰਾ ॥
(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,
ਪਾਪਿ ਲਦੇ ਪਾਪੇ ਪਾਸਾਰਾ ॥
ਉਹ (ਪਾਪੀ) ਪਾਪ ਨਾਲ ਲੱਦਿਆ ਹੋਇਆ ਪਾਪ ਦਾ ਹੀ ਖਿਲਾਰਾ ਖਿਲਾਰਦਾ ਹੈ
ਪਰਹਰਿ ਪਾਪੁ ਪਛਾਣੈ ਆਪੁ ॥
(ਹੇ ਪਾਂਡੇ!) ਪਾਪ ਮਾੜਾ (ਕੰਮ) ਹੈ, ਪਰ ਪਾਪੀ ਨੂੰ ਪਿਆਰਾ ਲੱਗਦਾ ਹੈ,
ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥
ਜੇ ਮਨੁੱਖ ਪਾਪ ਛੱਡ ਕੇ ਆਪਣੇ ਅਸਲੇ ਨੂੰ ਪਛਾਣੇ ਤਾਂ ਉਸ ਨੂੰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦੇ ।
ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥
ਨਰਕ ਵਿਚ ਪੈਣੋਂ ਕਿਵੇਂ ਬਚੇ? ਤੇ ਜਮਕਾਲ (ਭਾਵ, ਮੌਤ ਦੇ ਡਰ) ਨੂੰ ਇਹ ਕਿਵੇਂ ਟਾਲ ਸਕੇ?
ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ ॥
(ਜਦ ਤਕ) ਝੂਠ ਪਾਪ-ਰੂਪ ਮੌਤ (ਜੀਵ ਦੇ ਆਤਮਕ ਜੀਵਨ ਨੂੰ) ਤਬਾਹ ਕਰ ਰਹੀ ਹੈ, ਤਦ ਤਕ ਇਸ ਦਾ ਜੰਮਣਾ ਮਰਣਾ ਕਿਵੇਂ ਮੁੱਕੇ?
ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ ॥
(ਜਿਤਨਾ ਚਿਰ) ਮਨ (ਪਾਪਾਂ ਦੇ) ਜੰਜਾਲਾਂ ਨਾਲ ਘਿਰਿਆ ਹੋਇਆ ਹੈ, ਇਹ (ਇਹਨਾਂ ਪਾਪਾਂ ਦੇ) ਹੋਰ ਹੋਰ ਜੰਜਾਲਾਂ ਵਿਚ ਪੈਂਦਾ ਹੈ,
ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥੩੮॥
ਗੋਪਾਲ ਦੇ ਨਾਮ ਤੋਂ ਬਿਨਾ (ਇਹਨਾਂ ਜੰਜਾਲਾਂ ਤੋਂ) ਬਚ ਨਹੀਂ ਸਕੀਦਾ, (ਸਗੋਂ ਜੀਵ) ਪਾਪਾਂ ਵਿਚ ਹੀ ਮੁੜ ਮੁੜ ਦੁਖੀ ਹੁੰਦੇ ਹਨ ।੩੮।
ਫਿਰਿ ਫਿਰਿ ਫਾਹੀ ਫਾਸੈ ਕਊਆ ॥
ਕਾਲੀਆਂ ਕਰਤੂਤਾਂ ਵਾਲਾ ਮਨੁੱਖ ਮੁੜ ਮੁੜ ਫਾਹੀ ਵਿਚ ਫਸਦਾ ਹੈ,
ਫਿਰਿ ਪਛੁਤਾਨਾ ਅਬ ਕਿਆ ਹੂਆ ॥
(ਫਸ ਕੇ) ਫਿਰ ਪਛੁਤਾਂਦਾ ਹੈ ਕਿ ਇਹ ਕੀਹ ਹੋ ਗਿਆ;
ਫਾਥਾ ਚੋਗ ਚੁਗੈ ਨਹੀ ਬੂਝੈ ॥
ਫਸਿਆ ਹੋਇਆ ਭੀ (ਫਾਹੀ ਵਿਚ ਫਸਾਣ ਵਾਲਾ) ਚੋਗਾ ਹੀ ਚੁਗੀ ਜਾਂਦਾ ਹੈ ਤੇ ਹੋਸ਼ ਨਹੀਂ ਕਰਦਾ ।
ਸਤਗੁਰੁ ਮਿਲੈ ਤ ਆਖੀ ਸੂਝੈ ॥
ਜੇ ਸਤਿਗੁਰੂ (ਇਸ ਨੂੰ) ਮਿਲ ਪਏ, ਤਾਂ ਅੱਖੀਂ (ਅਸਲ ਗੱਲ) ਦਿੱਸ ਪੈਂਦੀ ਹੈ ।
ਜਿਉ ਮਛੁਲੀ ਫਾਥੀ ਜਮ ਜਾਲਿ ॥
ਜਿਵੇਂ ਮੱਛੀ ਮੌਤ ਲਿਆਉਣ ਵਾਲੇ ਜਾਲ ਵਿਚ ਵਸ ਜਾਂਦੀ ਹੈ (ਤਿਵੇਂ ਜੀਵ ਆਤਮਕ ਮੌਤ ਲਿਆਉਣ ਵਾਲੇ ਪਾਪਾਂ ਵਿਚ ਫਸਦਾ ਹੈ) ।
ਵਿਣੁ ਗੁਰ ਦਾਤੇ ਮੁਕਤਿ ਨ ਭਾਲਿ ॥
(ਹੇ ਪਾਂਡੇ! ਗੋਪਾਲ ਦੇ ਨਾਮ ਦੀ) ਦਾਤਿ ਦੇਣ ਵਾਲੇ ਗੁਰੂ ਤੋਂ ਬਿਨਾ (ਇਸ ਫਾਹੀ ਵਿਚੋਂ) ਛੁਟਕਾਰਾ (ਭੀ) ਨਾਹ ਲੱਭ (ਭਾਵ, ਨਹੀਂ ਲੱਭਦਾ) ।
ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ ॥
(ਇਸ ਫਾਹੀ ਵਿਚ ਫਸਿਆ ਜੀਵ) ਮੁੜ ਮੁੜ ਜੰਮਦਾ ਤੇ ਮਰਦਾ ਹੈ ।
ਇਕ ਰੰਗਿ ਰਚੈ ਰਹੈ ਲਿਵ ਲਾਇ ॥
ਜੋ ਜੀਵ ਇਕ ਗੋਪਾਲ ਦੇ ਪਿਆਰ ਵਿਚ ਜੁੜਦਾ ਹੈ ਤੇ ਸੁਰਤਿ ਲਾਈ ਰੱਖਦਾ ਹੈ;
ਇਵ ਛੂਟੈ ਫਿਰਿ ਫਾਸ ਨ ਪਾਇ ॥੩੯॥
ਉਹ ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਵਿਚੋਂ ਨਿਕਲ ਜਾਂਦਾ ਹੈ, ਤੇ ਫਿਰ ਉਸ ਨੂੰ ਫਾਹੀ ਨਹੀਂ ਪੈਂਦੀ ।੩੯।
ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ ॥
(ਹੇ ਪਾਂਡੇ!) ਇਹ ਕਾਇਆਂ (ਜੀਵਾਤਮਾ ਨੂੰ) ‘ਵੀਰ ਵੀਰ’ ਆਖਦੀ ਰਹਿ ਜਾਂਦੀ ਹੈ (ਪਰ ਮੌਤ ਆਇਆਂ) ਵੀਰ ਹੋਰੀਂ ਬਿਗਾਨੇ ਹੋ ਜਾਂਦੇ ਹਨ,
ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ ॥
ਵੀਰ ਹੋਰੀਂ (ਪਰਲੋਕ ਵਿਚ ਆਪਣੇ ਘਰ ਵਿਚ ਚਲੇ ਜਾਂਦੇ ਹਨ ਤੇ ਭੈਣ (ਕਾਇਆਂ) ਵਿਛੋੜੇ ਵਿਚ (ਭਾਵ, ਮੌਤ ਆਉਣ ਤੇ) ਸੜ ਜਾਂਦੀ ਹੈ ।
ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ ॥
(ਫਿਰ ਭੀ ਇਹ) ਅੰਞਾਣ (ਕਾਇਆਂ) ਬੱਚੀ ਪਿਉ ਦੇ ਘਰ ਵਿਚ ਰਹਿੰਦੀ ਹੋਈ ਗੁੱਡੀਆਂ ਗੁੱਡਿਆਂ ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ (ਭਾਵ, ਸਰੀਰ ਤੇ ਜਿੰਦ ਦਾ ਮੇਲ ਚਾਰ ਦਿਨ ਦਾ ਜਾਣਦਿਆਂ ਭੀ ਜੀਵ ਦੁਨੀਆ ਦੇ ਪਦਾਰਥਾਂ ਵਿਚ ਹੀ ਮਸਤ ਰਹਿੰਦਾ ਹੈ) ।
ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ ॥
(ਜਿੰਦ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ) ਹੇ (ਜੀਵ-) ਇਸਤ®ੀ! ਜੇ ਪਤੀ (-ਪ੍ਰਭੂ) ਨੂੰ ਮਿਲਣਾ ਚਾਹੁੰਦੀ ਹੈਂ ਤਾਂ ਪਿਆਰ ਨਾਲ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ।
ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ ॥
ਜਿਸ ਜੀਵ ਨੂੰ ਗੋਪਾਲ ਦੀ ਕਿਰਪਾ ਨਾਲ ਸਤਿਗੁਰੂ ਮਿਲਦਾ ਹੈ ਉਹ (ਇਸ ਗੱਲ ਨੂੰ) ਸਮਝਦਾ ਹੈ । ਪਰ ਕੋਈ ਵਿਰਲਾ ਮਨੁੱਖ ਹੀ ਇਹ ਸੂਝ ਹਾਸਲ ਕਰਦਾ ਹੈ ।
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥
ਗੋਪਾਲ-ਪ੍ਰਭੂ ਦੇ ਗੁਣ ਗਾਉਣੇ ਗੋਪਾਲ ਦੇ ਆਪਣੇ ਹੱਥ ਵਿਚ ਹਨ, (ਇਹ ਦਾਤਿ ਉਹ) ਉਸ ਨੂੰ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ ।
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥
ਕੋਈ ਵਿਰਲਾ ਗੁਰਮੁਖ ਸਤਿਗੁਰੂ ਦੀ ਬਾਣੀ ਨੂੰ ਵਿਚਾਰਦਾ ਹੈ;
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥
ਉਹ ਬਾਣੀ ਸਤਿਗੁਰੂ ਦੀ (ਐਸੀ) ਹੈ ਕਿ (ਇਸ ਦੀ ਵਿਚਾਰ ਨਾਲ) ਮਨੁੱਖ ਸੈ੍ਵ-ਸਰੂਪ ਵਿਚ ਟਿਕ ਜਾਂਦਾ ਹੈ ।੪੦।
ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥
(ਇਹ ਜਗਤ ਦੀ ਬਣਤਰ) ਮੁੜ ਮੁੜ ਭੱਜਦੀ ਹੈ ਤੇ ਘੜੀਦੀ ਹੈ, ਮੁੜ ਮੁੜ ਘੜੀਦੀ ਹੈ ਤੇ ਭੱਜਦੀ ਹੈ । (ਉਹ ਗੋਪਾਲ ਇਸ ਸੰਸਾਰ-) ਸਰੋਵਰ ਨੂੰ ਭਰ ਕੇ ਸੁਕਾ ਦੇਂਦਾ ਹੈ, ਫਿਰ ਹੋਰ ਨਕਾ-ਨਕ ਭਰਦਾ ਹੈ ।
ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ ॥
ਉਹ ਗੋਪਾਲ ਪ੍ਰਭੂ ਸਭ ਕੁਝ ਕਰਨ-ਜੋਗਾ ਹੈ, ਵੇਪਰਵਾਹ ਹੈ ।
ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥
(ਹੇ ਪਾਂਡੇ! ਉਸ ਗੋਪਾਲ-ਪ੍ਰਭੂ ਨੂੰ ਭੁਲਾ ਕੇ) ਜੋ ਜੀਵ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ ਉਹ (ਮਾਇਆ ਪਿਛੇ ਹੀ) ਕਮਲੇ ਹੋਏ ਪਏ ਹਨ, (ਉਹਨਾਂ ਨੂੰ) ਭਾਗਾਂ ਤੋਂ ਬਿਨਾ (ਉਸ ਵੇਪਰਵਾਹ ਦੀ ਸਿਫ਼ਤਿ-ਸਾਲਾਹ ਵਜੋਂ) ਕੁਝ ਨਹੀਂ ਮਿਲਦਾ ।
ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥
ਸਤਿਗੁਰੂ ਦੀ ਗਿਆਨ-ਰੂਪ ਡੋਰੀ ਪ੍ਰਭੂ ਨੇ (ਆਪਣੇ) ਹੱਥ ਵਿਚ ਫੜੀ ਹੋਈ; ਜਿਨ੍ਹਾਂ ਨੂੰ (ਇਸ ਡੋਰੀ ਨਾਲ ਆਪਣੇ ਵਲ) ਖਿੱਚਦਾ ਹੈ ਉਹ (ਉਸ ਵਲ) ਤੁਰ ਪੈਂਦੇ ਹਨ (ਭਾਵ, ਜਿਨ੍ਹਾਂ ਉਤੇ ਗੋਪਾਲ-ਪ੍ਰਭੂ ਮਿਹਰ ਕਰਦਾ ਹੈ
ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥
ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ) ਉਹ ਪ੍ਰਭੂ ਦੇ ਗੁਣ ਗਾ ਕੇ ਉਸ ਦੇ ਪਿਆਰ ਵਿਚ ਮਸਤ ਰਹਿੰਦੇ ਹਨ, ਮੁੜ ਉਹਨਾਂ ਨੂੰ ਪਛੁਤਾਣਾ ਨਹੀਂ ਪੈਂਦਾ, ਉਹ (ਪ੍ਰਭੂ ਦੀ ਹੀ) ਭਾਲ ਕਰਦੇ ਹਨ ।
ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥
(ਜਦੋਂ) ਸਤਿਗੁਰੂ ਦੀ ਰਾਹੀਂ (ਰਸਤਾ) ਸਮਝ ਲੈਂਦੇ ਹਨ ਤਾਂ ਆਪਣੇ (ਅਸਲ) ਘਰ ਵਿਚ ਟਿਕ ਜਾਂਦੇ ਹਨ (ਭਟਕਣੋਂ ਹਟ ਜਾਂਦੇ ਹਨ) ।
ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥
ਇਹ ਸੰਸਾਰ-ਸਮੁੰਦਰ (ਜੀਵਾਂ ਵਾਸਤੇ) ਔਖਾ ਰਸਤਾ ਹੈ, ਇਸ ਵਿਚੋਂ ਤਦੋਂ ਹੀ ਤਰ ਸਕੀਦਾ ਹੈ ਜੇ (ਦੁਨੀਆ ਵਾਲੀਆਂ) ਆਸਾਂ ਬਨਾਣੀਆਂ ਛੱਡ ਦੇਈਏ,
ਗੁਰ ਪਰਸਾਦੀ ਆਪੋ ਚੀਨੑੈ ਜੀਵਤਿਆ ਇਵ ਮਰੀਐ ॥੪੧॥
ਸਤਿਗੁਰੂ ਦੀ ਮੇਹਰ ਨਾਲ ਆਪਣੇ ਆਪ ਨੂੰ (ਆਪਣੇ ਅਸਲੇ ਨੂੰ) ਪਛਾਣੀਏ; ਇਸ ਤਰ੍ਹਾਂ ਜਿਊਂਦਿਆਂ ਮਰ ਜਾਈਦਾ ਹੈ (ਭਾਵ, ਇਸੇ ਜੀਵਨ ਵਿਚ ਹੀ ਮਨ ਵਿਕਾਰਾਂ ਵਲੋਂ ਹਟ ਜਾਂਦਾ ਹੈ) ।੪੧।
ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਨ ਸਾਥਿ ॥
(ਬੇਅੰਤ ਜੀਵ) ਮਾਇਆ ਲਈ ਤਰਲੇ ਲੈਂਦੇ ਮਰ ਗਏ, ਪਰ ਮਾਇਆ ਕਿਸੇ ਦੇ ਨਾਲ ਨਾਹ ਨਿਭੀ,
ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥
ਜਦੋਂ (ਜੀਵ-) ਹੰਸ ਦੁਚਿੱਤਾ ਹੋ ਕੇ (ਮੌਤ ਆਇਆਂ) ਉਠ ਤੁਰਦਾ ਹੈ ਤਾਂ ਮਾਇਆ ਦਾ ਸਾਥ ਛੁੱਟ ਜਾਂਦਾ ਹੈ ।
ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ ॥
ਜੋ ਮਨ ਮਾਇਆ ਵਿਚ ਫਸਿਆ ਹੁੰਦਾ ਹੈ ਉਸ ਨੂੰ ਜਮ ਵਲੋਂ ਤਾੜਨਾ ਹੁੰਦੀ ਹੈ (ਭਾਵ, ਉਹ ਮੌਤ ਦਾ ਨਾਮ ਸੁਣ ਸੁਣ ਕੇ ਡਰਦਾ ਹੈ), (ਮਾਇਆ ਤਾਂ ਇਥੇ ਰਹਿ ਗਈ, ਤੇ ਮਾਇਆ ਦੀ ਖ਼ਾਤਰ ਕੀਤੇ ਹੋਏ) ਅਉਗਣ ਨਾਲ ਤੁਰ ਪੈਂਦੇ ਹਨ ।
ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥
ਪਰ ਜੇ ਮਨੁੱਖ ਦੇ ਪੱਲੇ ਗੁਣ ਹੋਣ ਤਾਂ ਮਨ ਮਾਇਆ ਵਲੋਂ ਪਰਤ ਕੇ ਆਪਣੇ ਅੰਦਰ ਹੀ ਆਪਾ-ਭਾਵ ਤੋਂ ਮਰ ਜਾਂਦਾ ਹੈ (ਭਾਵ, ਇਸ ਵਿਚ ਮੋਹ ਆਦਿਕ ਵਿਕਾਰ ਨਹੀਂ ਰਹਿ ਜਾਂਦੇ) ।