Sri Guru Granth Sahib Ji — Ang 920 (punjabi)
ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥
ਨਾਨਕ ਆਖਦਾ ਹੈ—ਹੇ ਸੰਤ ਜਨੋ! ਸੁਣੋ ਉਹ ਸਿੱਖ (ਹੀ) ਖਿੜੇ-ਮੱਥੇ ਰਹਿ ਸਕਦਾ ਹੈ ।੨੧।
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ ਤਾਂ ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ ।
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ ।
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
ਅਨੇਕਾਂ ਜੂਨੀਆਂ ਵਿਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ ।
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
ਆਖ਼ਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ ।
ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥
ਨਾਨਕ ਆਖਦਾ ਹੈ—ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ ।੨੨।
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
ਹੇ ਸਤਿਗੁਰੂ ਦੇ ਪਿਆਰੇ ਸਿੱਖੋ! ਆਵੋ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਜੋੜਨ ਵਾਲੀ ਬਾਣੀ (ਰਲ ਕੇ) ਗਾਵੋ ।
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
ਆਪਣੇ ਗੁਰੂ ਦੀ ਬਾਣੀ ਗਾਵੋ, ਇਹ ਬਾਣੀ ਹੋਰ ਸਭ ਬਾਣੀਆਂ ਨਾਲੋਂ ਸ਼ਿਰੋਮਣੀ ਹੈ ।
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
ਇਹ ਬਾਣੀ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਹੀ ਟਿਕਦੀ ਹੈ ਜਿਨ੍ਹਾਂ ਉਤੇ ਪਰਮਾਤਮਾ ਦੀ ਮੇਹਰ ਦੀ ਨਜ਼ਰ ਹੋਵੇ, ਬਖ਼ਸ਼ਸ਼ ਹੋਵੇ ।
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
(ਹੇ ਪਿਆਰੇ ਗੁਰਸਿੱਖੋ!) ਪਰਮਾਤਮਾ ਦਾ ਨਾਮ ਸਿਮਰੋ, ਪਰਮਾਤਮਾ ਦੇ ਪਿਆਰ ਵਿਚ ਸਦਾ ਜੁੜੇ ਰਹੋ, ਇਹ ਨਾਮ-ਜਲ ਪੀE ।
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
ਨਾਨਕ ਆਖਦਾ ਹੈ—(ਹੇ ਗੁਰਸਿੱਖੋ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੀ ਇਹ ਬਾਣੀ ਸਦਾ ਗਾਵੋ (ਇਸੇ ਵਿਚ ਆਤਮਕ ਆਨੰਦ ਹੈ) ।੨੩।
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
ਗੁਰ-ਆਸ਼ੇ ਤੋਂ ਉਲਟ ਬਾਣੀ (ਮਾਇਆ) ਦੀ ਝਲਕ ਦੇ ਸਾਹਮਣੇ ਥਿੜਕਾ ਦੇਣ ਵਾਲੀ ਹੁੰਦੀ ਹੈ ।
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਇਹ ਪੱਕੀ ਗੱਲ ਹੈ ਕਿ ਗੁਰ-ਆਸ਼ੇ ਦੇ ਉਲਟ ਜਾਣ ਵਾਲੀ ਬਾਣੀ ਨੂੰ ਸੁਣਨ ਵਾਲਿਆਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ,
ਕਹਦੇ ਕਚੇ ਸੁਣਦੇ ਕਚੇ ਕਚਂੀ ਆਖਿ ਵਖਾਣੀ ॥
ਸੁਣਨ ਵਾਲਿਆਂ ਦੇ ਮਨ ਭੀ ਥਿੜਕ ਜਾਂਦੇ ਹਨ, ਤੇ ਜੋ ਅਜੇਹੀ ਬਾਣੀ ਦੀ ਪੜ੍ਹ ਪੜ੍ਹ ਕੇ ਵਿਆਖਿਆ ਕਰਦੇ ਹਨ, ਉਹ ਭੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ ।
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਜੇ ਉਹ ਬੰਦੇ ਜੀਭ-ਨਾਲ ਹਰੀ-ਨਾਮ ਭੀ ਬੋਲਣ ਤਾਂ ਭੀ ਜੋ ਕੁਝ ਉਹ ਬੋਲਦੇ ਹਨ ਉਸ ਨਾਲ ਉਹਨਾਂ ਦੀ ਡੂੰਘੀ ਸਾਂਝ ਨਹੀਂ ਪੈਂਦੀ ,
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
ਉਹਨਾਂ ਦੇ ਮਨ ਨੂੰ ਮਾਇਆ ਨੇ ਮੋਹ ਰੱਖਿਆ ਹੈ, ਉਹ ਜੋ ਕੁਝ ਬੋਲਦੇ ਹਨ ਜ਼ਬਾਨੀ ਜ਼ਬਾਨੀ ਹੀ ਬੋਲਦੇ ਹਨ ।
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥
ਨਾਨਕ ਆਖਦਾ ਹੈ—ਗੁਰ-ਆਸ਼ੇ ਤੋਂ ਉਲਟ ਬਾਣੀ ਮਨੁੱਖ ਦੇ ਮਨ ਨੂੰ ਆਤਮਕ ਆਨੰਦ ਦੇ ਟਿਕਾਣੇ ਤੋਂ ਹੇਠਾਂ ਡੇਗਦੀ ਹੈ ।੨੪।
ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥
ਸਤਿਗੁਰੂ ਦਾ ਸ਼ਬਦ ਇਕ ਐਸੀ ਅਮੋਲਕ ਦਾਤਿ ਹੈ ਜਿਸ ਵਿਚ ਪਰਮਾਤਮਾ ਦੀਆਂ ਵਡਿਆਈਆਂ ਭਰੀਆਂ ਪਈਆਂ ਹਨ ।
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥
ਸ਼ਬਦ, ਮਾਨੋ, (ਐਸਾ) ਰਤਨ ਹੈ, ਕਿ ਉਸ ਦੀ ਰਾਹੀਂ ਮਨ ਟਿਕ ਜਾਂਦਾ ਹੈ (ਪਰਮਾਤਮਾ ਵਿਚ) ਇਕ ਅਸਚਰਜ ਲੀਨਤਾ ਬਣੀ ਰਹਿੰਦੀ ਹੈ ।
ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥
ਜੇ ਸ਼ਬਦ ਵਿਚ (ਮਨੁੱਖ ਦਾ) ਮਨ ਜੁੜ ਜਾਏ, ਤਾਂ (ਇਸ ਦੀ ਬਰਕਤਿ ਨਾਲ) ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ (ਉਸ ਦਾ) ਪ੍ਰੇਮ ਬਣ ਜਾਂਦਾ ਹੈ ।
ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ) ਰਤਨ-ਸ਼ਬਦ ਹੀ ਟਿਕਿਆ ਰਹਿੰਦਾ ਹੈ । (ਪਰ ਇਹ ਦਾਤਿ ਉਸ ਨੂੰ ਹੀ ਮਿਲਦੀ ਹੈ) ਜਿਸ ਨੂੰ (ਪ੍ਰਭੂ ਆਪ ਇਹ) ਸੂਝ ਬਖ਼ਸ਼ਦਾ ਹੈ ।
ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥
ਨਾਨਕ ਆਖਦਾ ਹੈ—ਗੁਰੂ ਦਾ ਸ਼ਬਦ, ਮਾਨੋ, ਇਕ ਰਤਨ ਹੈ ਜਿਸ ਵਿਚ ਪ੍ਰਭੂ ਦਾ ਨਾਮ-ਰੂਪ ਹੀਰਾ ਜੜਿਆ ਹੋਇਆ ਹੈ ।੨੫।
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
ਜੀਵਾਤਮਾ ਅਤੇ ਮਾਇਆ ਪੈਦਾ ਕਰ ਕੇ ਪਰਮਾਤਮਾ ਆਪ ਹੀ (ਇਹ) ਹੁਕਮ ਵਰਤਾਂਦਾ ਹੈ,
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥
ਪ੍ਰਭੂ ਆਪ ਹੀ ਇਹ ਹੁਕਮ ਵਰਤਾਂਦਾ ਹੈ, ਆਪ ਹੀ ਇਹ ਖੇਡ ਵੇਖਦਾ ਹੈ , ਕਿਸੇ ਕਿਸੇ ਵਿਰਲੇ ਨੂੰ ਗੁਰੂ ਦੀ ਰਾਹੀਂ (ਇਸ ਖੇਡ ਦੀ) ਸੂਝ ਦੇ ਦੇਂਦਾ ਹੈ ।
ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥
ਮਾਇਆ (ਦੇ ਮੋਹ) ਦੇ ਬੰਧਨ ਤੋੜ ਦੇਂਦਾ ਹੈ, ਉਹ ਬੰਦਾ ਮਾਇਆ ਦੇ ਬੰਧਨਾਂ ਤੋਂ ਸੁਤੰਤਰ ਹੋ ਜਾਂਦਾ ਹੈ (ਕਿਉਂਕਿ) ਉਹ ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾ ਲੈਂਦਾ ਹੈ ।
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥
ਗੁਰੂ ਦੇ ਦੱਸੇ ਰਾਹ ਉਤੇ ਤੁਰਨ ਜੋਗਾ ਉਹੀ ਮਨੁੱਖ ਹੁੰਦਾ ਹੈ ਜਿਸ ਨੂੰ ਪ੍ਰਭੂ ਇਹ ਸਮਰੱਥਾ ਦੇਂਦਾ ਹੈ, ਉਹ ਮਨੁੱਖ ਇਕ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ
ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥
ਨਾਨਕ ਆਖਦਾ ਹੈ—ਪਰਮਾਤਮਾ ਆਪ ਹੀ (ਜੀਵਾਤਮਾ ਤੇ ਮਾਇਆ ਦੀ) ਰਚਨਾ ਕਰਦਾ ਹੈ ਤੇ ਆਪ ਹੀ (ਕਿਸੇ ਵਿਰਲੇ ਨੂੰ ਇਹ) ਸੂਝ ਬਖ਼ਸ਼ਦਾ ਹੈ ।੨੬।
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
ਸਿੰਮ੍ਰਿਤੀਆਂ ਸ਼ਾਸਤ® ਆਦਿਕ ਪੜ੍ਹਨ ਵਾਲੇ ਪੰਡਿਤ ਸਿਰਫ਼ ਇਹੀ ਵਿਚਾਰਾਂ ਕਰਦੇ ਹਨ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ, ਉਹਨਾਂ ਨੂੰ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ ।
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
ਇਹ ਗੱਲ ਯਕੀਨੀ ਜਾਣੋ ਕਿ) ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਆਤਮਕ ਆਨੰਦ ਦਾ ਰਸ ਨਹੀਂ ਆ ਸਕਦਾ,
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥
ਜਗਤ ਤਿੰਨਾਂ ਗੁਣਾਂ ਵਿਚ ਹੀ ਭਟਕ ਭਟਕ ਕੇ ਗ਼ਾਫ਼ਿਲ ਹੋਇਆ ਪਿਆ ਹੈ, ਮਾਇਆ ਦੇ ਮੋਹ ਵਿਚ ਸੁੱਤਿਆਂ ਦੀ ਹੀ ਸਾਰੀ ਉਮਰ ਗੁਜ਼ਰ ਜਾਂਦੀ ਹੈ ,
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
ਗੁਰੂ ਦੀ ਕਿਰਪਾ ਨਾਲ (ਸਿਰਫ਼) ਉਹ ਮਨੁੱਖ ਜਾਗਦੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ ਜੋ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ।
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥
ਨਾਨਕ ਆਖਦਾ ਹੈ—ਉਹੀ ਮਨੁੱਖ ਆਤਮਕ ਆਨੰਦ ਮਾਣਦਾ ਹੈ ਜੋ ਹਰ ਵੇਲੇ ਪ੍ਰਭੂ ਦੀ ਯਾਦ ਦੀ ਲਗਨ ਵਿਚ ਟਿਕਿਆ ਰਹਿੰਦਾ ਹੈ, ਤੇ ਜਿਸ ਦੀ ਉਮਰ (ਇਸ ਤਰ੍ਹਾਂ ਮੋਹ ਦੀ ਨੀਂਦ ਵਿਚੋਂ) ਜਾਗਦਿਆਂ ਬੀਤਦੀ ਹੈ ।੨੭।
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥
ਉਸ ਪਰਮਾਤਮਾ ਨੂੰ ਕਦੇ ਭੁਲਾਣਾ ਨਹੀਂ ਚਾਹੀਦਾ, ਜੋ ਮਾਂ ਦੇ ਪੇਟ ਵਿਚ (ਭੀ) ਪਾਲਣਾ ਕਰਦਾ ਹੈ,
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥
ਇਤਨੇ ਵੱਡੇ ਦਾਤੇ ਨੂੰ ਮਨੋਂ ਭੁਲਾਣਾ ਨਹੀਂ ਚਾਹੀਦਾ ਜੋ (ਮਾਂ ਦੇ ਪੇਟ ਦੀ) ਅੱਗ ਵਿਚ (ਭੀ) ਖ਼ੁਰਾਕ ਅਪੜਾਂਦਾ ਹੈ ।
ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥
ਉਸ ਬੰਦੇ ਨੂੰ (ਮੋਹ ਆਦਿਕ) ਕੁਝ ਭੀ ਪੋਹ ਨਹੀਂ ਸਕਦਾ ਜਿਸ ਨੂੰ ਪ੍ਰਭੂ ਆਪਣੇ ਚਰਨਾਂ ਦੀ ਪ੍ਰੀਤ ਬਖ਼ਸ਼ਦਾ ਹੈ ।