Sri Guru Granth Sahib Ji — Ang 910 (punjabi)
ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥
(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ ਆਪਣੇ ਸਰੀਰ-ਨਗਰ ਨੂੰ ਖੋਜਦਾ ਹੈ (ਆਪਣੇ ਜੀਵਨ ਦੀ ਪੜਤਾਲ ਕਰਦਾ ਰਹਿੰਦਾ ਹੈ, ਉਹ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ ।੨੨।
ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥
ਉਹ ਮਨੁੱਖ ਮਨ ਦੇ ਮਾਇਕ ਫੁਰਨੇ ਨੂੰ ਮਾਰ ਕੇ ਆਪਣੇ ਮਨ ਨੂੰ ਆਤਮਕ ਅਡੋਲਤਾ ਵਿਚ ਟਿਕਾ ਲੈਂਦਾ ਹੈ; ਉਹ ਮਨੁੱਖ ਜੀਭ ਨੂੰ ਪਦਾਰਥਾਂ ਦੇ ਰਸਾਂ ਵਲੋਂ ਹਟਾ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੋੜਦਾ ਹੈ ।੨੩।
ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
ਉਸ ਮਨੁੱਖ ਦੀਆਂ ਅੱਖਾਂ (ਦੁਨੀਆ ਦੇ ਪਦਾਰਥਾਂ ਵਲੋਂ ਹਟ ਕੇ) ਅਸਚਰਜ-ਰੂਪ ਪਰਮਾਤਮਾ ਨੂੰ (ਹਰ ਥਾਂ) ਵੇਖਦੀਆਂ ਹਨ, ਉਸ ਦਾ ਚਿੱਤ ਅਦ੍ਰਿਸ਼ਟ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ।੨੪।
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥
(ਹੇ ਸੰਤ ਜਨੋ! ਉਸ ਮਨੁੱਖ ਦੀ) ਜੋੋਤਿ ਉਸ ਨੂਰੋ-ਨੂਰ-ਪ੍ਰਭੂ ਵਿਚ ਮਿਲੀ ਰਹਿੰਦੀ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਤੇ, ਜੋ ਸਦਾ ਨਿਰਲੇਪ ਰਹਿੰਦਾ ਹੈ ।੨੫।
ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥
ਹੇ ਸੰਤ ਜਨੋ! ਮੈਂ ਭੀ ਆਪਣੇ ਉਸ ਗੁਰੂ ਨੂੰ ਹੀ ਸਦਾ ਵਡਿਆਉਂਦਾ ਰਹਿੰਦਾ ਹਾਂ ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੂਝ ਬਖ਼ਸ਼ੀ ਹੈ ।੨੬।
ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥
ਹੇ ਸੰਤ ਜਨੋ! ਨਾਨਕ ਇਕ ਇਹ ਬੇਨਤੀ ਕਰਦਾ ਹੈ (ਕਿ ਪਰਮਾਤਮਾ ਦਾ ਨਾਮ ਜਪਿਆ ਕਰੋ) ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਨਾਮ ਤੋਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ।੨੭।੨।
ਰਾਮਕਲੀ ਮਹਲਾ ੩ ॥
ਰਾਮਕਲੀ ਤੀਜੀ ਪਾਤਿਸ਼ਾਹੀ।
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥
ਹੇ ਸੰਤ ਜਨੋ! ਪਰਮਾਤਮਾ ਦੀ ਪੂਜਾ-ਭਗਤੀ ਬੜੀ ਔਖਿਆਈ ਨਾਲ ਮਿਲਦੀ ਹੈ । ਪ੍ਰਭੂ ਦੀ ਪੂਜਾ ਕਿਤਨੀ ਦੁਰਲੱਭ ਹੈ—ਇਸ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ ।੧।
ਸੰਤਹੁ ਗੁਰਮੁਖਿ ਪੂਰਾ ਪਾਈ ॥
ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ ।
ਨਾਮੋ ਪੂਜ ਕਰਾਈ ॥੧॥ ਰਹਾਉ ॥
ਨਾਮ ਜਪੋ, ਨਾਮ ਹੀ ਜਪੋ—ਗੁਰੂ ਇਹ ਪੂਜਾ ਕਰਾਂਦਾ ਹੈ ।੧।ਰਹਾਉ।
ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥
(ਹੇ ਸੰਤ ਜਨੋ! ਦੁਨੀਆ ਦੇ ਲੋਕ ਫੁੱਲ ਪੱਤਰਾਂ ਆਦਿਕ ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ) ਹੇ ਸੰਤ ਜਨੋ! ਮੈਂ (ਪਰਮਾਤਮਾ ਦੀ ਪੂਜਾ ਕਰਨ ਵਾਸਤੇ) ਕਿਹੜੀ ਚੀਜ਼ ਉਸ ਅੱਗੇ ਭੇਟਾ ਕਰਾਂ? ਉਸ ਪ੍ਰਭੂ ਦੇ ਨਾਮ ਤੋਂ ਬਿਨਾ (ਨਾਮ ਦੇ ਟਾਕਰੇ ਤੇ) ਹੋਰ ਹਰੇਕ ਚੀਜ਼ ਮੈਲੀ ਹੈ ।੨।
ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥
ਹੇ ਸੰਤ ਜਨੋ! ਜੇ ਕਿਸੇ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ ਤਾਂ ਉਸ ਵੱਲੋਂ ਇਹੀ ਪਰਮਾਤਮਾ ਦੀ ਪੂਜਾ ਹੈ । (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਹੀ ਆਪਣੇ ਮਨ ਵਿਚ ਵਸਾਂਦਾ ਹੈ (ਰਜ਼ਾ ਨੂੰ ਹੀ ਚੰਗੀ ਜਾਣਦਾ ਹੈ) ।੩।
ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥
ਹੇ ਸੰਤ ਜਨੋ! ਸਾਰਾ ਜਗਤ (ਆਪਣੇ ਵਲੋਂ) ਪੂਜਾ ਕਰਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਕੀਤੀ ਹੋਈ ਕੋਈ ਭੀ ਪੂਜਾ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੀ ।੪।
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥
ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ । ਉਸ ਦੀ ਇਹ ਪੂਜਾ ਪ੍ਰਭੂ-ਦਰ ਤੇ ਪਰਵਾਨ ਹੋ ਜਾਂਦੀ ਹੈ ।੫।
ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥
ਹੇ ਸੰਤ ਜਨੋ! ਅਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਬੰਦੇ ਇਕ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦੇ ਹਨ ।੬।
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਪਰਮਾਤਮਾ ਦੀ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ । (ਨਾਮ ਤੋਂ ਖੁੰਝ ਕੇ) ਭੁਲੇਖੇ ਵਿਚ ਪੈ ਕੇ ਦੁਨੀਆ ਕੁਰਾਹੇ ਪਈ ਰਹਿੰਦੀ ਹੈ ।੭।
ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ, ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ ।੮।
ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥
ਹੇ ਸੰਤ ਜਨੋ! ਪਵਿੱਤਰ ਪ੍ਰਭੂ ਆਪ ਹੀ (ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਉਸ ਪਾਸੋਂ ਆਪਣੀ) ਪੂਜਾ-ਭਗਤੀ ਕਰਾਂਦਾ ਹੈ, ਤੇ, ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਦੇ ਕਾਰਨ ਉਸ ਦੀ ਕੀਤੀ ਪੂਜਾ ਪਰਵਾਨ ਕਰਦਾ ਹੈ ।੯।
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥
(ਹੇ ਸੰਤ ਜਨੋ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਦੀ) ਪੂਜਾ ਤਾਂ ਕਰਦੇ ਹਨ, ਪਰੰਤੂ (ਪੂਜਾ ਦਾ) ਸਹੀ ਤਰੀਕਾ ਨਹੀਂ ਜਾਣਦੇ । ਮਾਇਆ ਦੇ ਪਿਆਰ ਵਿਚ ਫਸ ਕੇ (ਮਨਮੁਖ ਮਨੁੱਖ ਆਪਣੇ ਮਨ ਨੂੰ ਵਿਕਾਰਾਂ ਦੀ) ਮੈਲ ਚੰਬੋੜੀ ਰੱਖਦਾ ਹੈ ।੧੦।
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥
(ਹੇ ਸੰਤ ਜਨੋ!) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਪਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ (ਉਹ ਜਾਣਦਾ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਪ੍ਰਭੂ ਦੀ ਭਗਤੀ ਹੈ, ਇਸ ਵਾਸਤੇ ਉਹ ਪ੍ਰਭੂ ਦੀ) ਰਜ਼ਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ ।੧੧।
ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥
ਹੇ ਸੰਤ ਜਨੋ! ਗੁਰਮੁਖ ਮਨੁੱਖ ਭਾਣਾ ਮੰਨਣ ਤੋਂ (ਹੀ ਇਸ ਲੋਕ ਵਿਚ) ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ; ਅਖ਼ੀਰ ਵੇਲੇ ਭੀ ਪ੍ਰਭੂ ਦਾ ਨਾਮ ਉਸ ਦਾ ਸਾਥੀ ਬਣਦਾ ਹੈ ।੧੨।
ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥
ਹੇ ਸੰਤ ਜਨੋ! (ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ) ਆਪਣੇ ਜੀਵਨ ਨੂੰ ਨਹੀਂ ਪੜਤਾਲਦੇ, ਮਾਇਆ ਦੇ ਮੋਹ ਵਿਚ ਫਸੇ ਹੋਏ ਉਹ ਮਨੁੱਖ ਆਪਣੇ ਆਪ ਦੀ ਹੀ ਸੋਭਾ ਕਰਦੇ ਰਹਿੰਦੇ ਹਨ ।੧੩।
ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥
ਹੇ ਸੰਤ ਜਨੋ! (ਧਰਮ ਦਾ) ਪਖੰਡ ਕੀਤਿਆਂ ਮੌਤ (ਦਾ ਸਹਿਮ) ਖ਼ਲਾਸੀ ਨਹੀਂ ਕਰਦਾ । ਜਮ (ਨਾਮ-ਹੀਣ ਬੰਦਿਆਂ ਨੂੰ) ਇਥੋਂ ਉਹਨਾਂ ਦੀ ਇੱਜ਼ਤ ਗੰਵਾ ਕੇ (ਪਰਲੋਕ ਵਿਚ) ਲੈ ਜਾਇਗਾ ।੧੪।
ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥
ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਉਹ ਆਪਣੇ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੇ ਹੀ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ (ਬੇਅੰਤ) ਹੈ ।੧੫।
ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥
(ਹੇ ਸੰਤ ਜਨੋ! ਜਿਨ੍ਹਾਂ ਦੇ ਅੰਦਰ ਗੁਰ-ਸ਼ਬਦ ਵੱਸਦਾ ਹੈ ਉਹਨਾਂ ਦਾ) ਇਹ ਮਨ ਅਜਿਹੀ ਇਕਾਗ੍ਰਤਾ ਬਣਾਂਦਾ ਹੈ ਜਿਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੈ ।੧੬।
ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥
(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਬੰਦੇ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, (ਸਤ-ਸੰਗੀਆਂ ਪਾਸੋਂ) ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਭੀ ਨਾਮ ਉਚਾਰਦੇ ਰਹਿੰਦੇ ਹਨ ।੧੭।
ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥
(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਅਹੰਕਾਰ ਦੂਰ ਕਰਦਾ ਹੈ, ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ।੧੮।
ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ ।੧੯।
ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥
(ਹੇ ਸੰਤ ਜਨੋ!) ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲਾ ਤੇ ਘੋਰ ਪਾਪ ਦੂਰ ਕਰਨ ਵਾਲਾ ਪਰਮਾਤਮਾ ਆਖ਼ਰ (ਉਹਨਾਂ ਦਾ) ਸਾਥੀ ਬਣਦਾ ਹੈ (ਜੋ ਉਸ ਦੀ ਸਿਫ਼ਤਿ-ਸਾਲਾਹ ਵਿਚ ਜੁੜੇ ਰਹਿੰਦੇ ਹਨ) ।੨੦।
ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥
ਹੇ ਸੰਤ ਜਨੋ! ਇਹ ਸਭ ਕੁਝ (ਜੋ ਦਿੱਸ ਰਿਹਾ ਹੈ, ਇਸ ਵਿਚ) ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ । ਹੇ ਨਾਨਕ! ਉਸ ਦੇ ਨਾਮ ਵਿਚ ਜੁੜਿਆਂ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ ।੨੧।੩।੧੨।
ਰਾਮਕਲੀ ਮਹਲਾ ੩ ॥
ਰਾਮਕਲੀ ਤੀਜੀ ਪਾਤਿਸ਼ਾਹੀ।
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥
ਹੇ ਸੰਤ ਜਨੋ! ਅਸੀ ਸੰਸਾਰੀ-ਜੀਵ (ਆਮ ਤੌਰ ਤੇ) ਕੁਚੱਲਣੇ ਗੰਦੇ ਆਚਰਨ ਵਾਲੇ ਅਹੰਕਾਰੀ ਹੋਏ ਰਹਿੰਦੇ ਹਾਂ । (ਕਿਸੇ ਵਡਭਾਗੀ ਨੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ ।੧।
ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ ।
ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, (ਸਮਝੋ) ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ ।੧।ਰਹਾਉ।