Sri Guru Granth Sahib Ji — Ang 909 (punjabi)
ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥
ਹੇ ਜੋਗੀ! ਤੂੰ ਇਹ ਜਿਹੜਾ ਆਪਣਾ ਪਰਵਾਰ ਛੱਡ ਕੇ ਦੇਸ-ਰਟਨ ਕਰਦਾ ਫਿਰਦਾ ਹੈਂ, ਇਸ ਨੂੰ ਜੋਗ ਨਹੀਂ ਆਖੀਦਾ ।
ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਣਾ ਹਰਿ ਪ੍ਰਭੁ ਲਹਹਿ ॥੮॥
ਇਸ ਸਰੀਰ-ਘਰ ਵਿਚ ਹੀ ਪਰਮਾਤਮਾ ਦਾ ਨਾਮ (ਵੱਸ ਰਿਹਾ ਹੈ । ਹੇ ਜੋਗੀ! ਆਪਣੇ ਅੰਦਰੋਂ ਹੀ) ਗੁਰੂ ਦੀ ਕਿਰਪਾ ਨਾਲ ਤੂੰ ਆਪਣੇ ਪਰਮਾਤਮਾ ਨੂੰ ਲੱਭ ਸਕੇਂਗਾ ।੮।
ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥
ਹੇ ਜੋਗੀ! ਇਹ ਸੰਸਾਰ (ਮਾਨੋ) ਮਿੱਟੀ ਦਾ ਬੁੱਤ ਹੈ, ਇਸ ਵਿਚ ਮਾਇਆ ਦੀ ਤਿ®ਸ਼ਨਾ ਦਾ ਵੱਡਾ ਰੋਗ ਲੱਗਾ ਹੋਇਆ ਹੈ ।
ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥੯॥
ਹੇ ਜੋਗੀ! ਜੇ ਕੋਈ ਮਨੁੱਖ (ਤਿਆਗੀਆਂ ਵਾਲੇ) ਭੇਖ ਆਦਿਕਾਂ ਦੇ ਅਨੇਕਾਂ ਜਤਨ ਕਰਦਾ ਰਹੇ, ਤਾਂ ਭੀ ਇਹ ਰੋਗ ਦੂਰ ਨਹੀਂ ਕੀਤਾ ਜਾ ਸਕਦਾ ।੯।
ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥
ਹੇ ਜੋਗੀ! (ਇਸ ਰੋਗ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਨਾਮ (ਹੀ) ਦਵਾਈ ਹੈ (ਪਰ ਇਹ ਦਵਾਈ ਉਹੀ ਮਨੁੱਖ ਵਰਤਦਾ ਹੈ) ਜਿਸ ਉਤੇ (ਮਿਹਰ ਕਰ ਕੇ ਉਸ ਦੇ) ਮਨ ਵਿਚ (ਇਹ ਦਵਾਈ) ਵਸਾਂਦਾ ਹੈ ।
ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥੧੦॥
(ਇਸ ਭੇਤ ਨੂੰ) ਉਹੀ ਮਨੁੱਖ ਸਮਝਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹੀ ਮਨੁੱਖ ਪ੍ਰਭੂ-ਮਿਲਾਪ ਦਾ ਢੰਗ ਸਿੱਖਦਾ ਹੈ ।੧੦।
ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥
ਹੇ ਜੋਗੀ! (ਜਿਸ ਜੋਗ ਦਾ ਅਸੀ ਜ਼ਿਕਰ ਕਰ ਰਹੇ ਹਾਂ ਉਸ) ਜੋਗ ਦਾ ਰਸਤਾ ਔਖਾ ਹੈ, ਇਹ ਰਸਤਾ ਉਸ ਮਨੁੱਖ ਨੂੰ ਲੱਭਦਾ ਹੈ ਜਿਸ ਉਤੇ (ਪ੍ਰਭੂ) ਮਿਹਰ ਦੀ ਨਿਗਾਹ ਕਰਦਾ ਹੈ ।
ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥੧੧॥
ਉਹ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਆਪਣੇ ਅੰਦਰ ਅਤੇ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਹੀ ਵੇਖਦਾ ਹੈ ।੧੧।
ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥
ਹੇ ਜੋਗੀ! ਤੂੰ (ਅੰਮ੍ਰਿਤ ਨਾਮ ਦੀ) ਉਹ ਵੀਣਾ ਵਜਾਇਆ ਕਰ ਜੋ (ਅੰਤਰ ਆਤਮੇ) ਬਿਨਾ ਵਜਾਇਆਂ ਵੱਜਦੀ ਹੈ ।
ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥੧੨॥੧॥੧੦॥
ਨਾਨਕ ਆਖਦਾ ਹੈ—ਹੇ ਜੋਗੀ! (ਜੇ ਤੂੰ ਹਰਿ-ਨਾਮ ਸਿਮਰਨ ਦੀ ਵੀਣਾ ਵਜਾਏਂਗਾ, ਤਾਂ) ਤੂੰ ਵਿਕਾਰਾਂ ਤੋਂ ਖ਼ਲਾਸੀ (ਦਾ ਮਾਲਕ) ਹੋ ਜਾਹਿਂਗਾ, ਅਤੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਟਿਕਿਆ ਰਹੇਂਗਾ ।੧੨।੧।
ਰਾਮਕਲੀ ਮਹਲਾ ੩ ॥
ਰਾਮਕਲੀ ਤੀਜੀ ਪਾਤਿਸ਼ਾਹੀ।
ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥੧॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲੇ ਨੇ ਹੀ ਪਰਮਾਤਮਾ ਦੀ ਭਗਤੀ ਦੇ ਖ਼ਜ਼ਾਨੇ ਦੀ ਕਦਰ ਸਮਝੀ ਹੈ । ਗੁਰੂ ਨੇ (ਆਪ ਇਹ ਕਦਰ) ਸਮਝ (ਸਿੱਖ ਨੂੰ) ਬਖ਼ਸ਼ੀ ਹੈ ।੧।
ਸੰਤਹੁ ਗੁਰਮੁਖਿ ਦੇਇ ਵਡਿਆਈ ॥੧॥ ਰਹਾਉ ॥
ਹੇ ਸੰਤ ਜਨੋ! (ਪਰਮਾਤਮਾ ਲੋਕ ਪਰਲੋਕ ਵਿਚ) ਉਸ ਮਨੁੱਖ ਨੂੰ ਇੱਜ਼ਤ ਦੇਂਦਾ ਹੈ ਜੋ ਸਦਾ ਗੁਰੂ ਦੇ ਸਨਮੁਖ ਰਹਿੰਦਾ ਹੈ ।੧।ਰਹਾਉ।
ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥੨॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿ ਕੇ ਹੀ) ਤੁਸੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕਦੇ ਹੋ, (ਤੁਹਾਡੇ ਅੰਦਰ) ਆਤਮਕ ਅਡੋਲਤਾ ਵਾਲਾ ਸੁਖ ਪੈਦਾ ਹੋ ਸਕਦਾ ਹੈ ਅਤੇ (ਤੁਹਾਡੇ) ਅੰਦਰੋਂ ਕਾਮ ਕੋ®ਧ ਦੂਰ ਹੋ ਸਕਦਾ ਹੈ ।੨।
ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥੩॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਮਨੁੱਖ ਨੇ ਹੀ) ਆਪਾ-ਭਾਵ ਛੱਡ ਕੇ (ਆਪਣੇ ਅੰਦਰ ਪਰਮਾਤਮਾ ਦੇ) ਨਾਮ ਦੀ ਲਗਨ ਬਣਾਈ ਹੈ ਅਤੇ (ਆਪਣੇ ਅੰਦਰੋਂ) ਮੈਂ-ਮੇਰੀ ਦੀ ਆਦਤ ਗੁਰੂ ਦੇ ਸ਼ਬਦ ਦੀ ਰਾਹੀਂ ਸਾੜੀ ਹੈ ।੩।
ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥੪॥
(ਹੇ ਸੰਤ ਜਨੋ! ਗੁਰਮੁਖਿ ਨੂੰ ਹੀ ਇਹ ਸਮਝ ਆਉਂਦੀ ਹੈ ਕਿ) ਜੀਵ ਜਿਸ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਉਸੇ ਦੇ ਹੁਕਮ ਅਨੁਸਾਰ ਹੀ ਨਾਸ ਹੋ ਜਾਂਦਾ ਹੈ, ਅਤੇ ਅਖ਼ੀਰ ਸਮੇ ਸਿਰਫ਼ ਪ੍ਰਭੂ-ਨਾਮ ਹੀ ਸਾਥੀ ਬਣਦਾ ਹੈ ।੪।
ਸਦਾ ਹਜੂਰਿ ਦੂਰਿ ਨਹ ਦੇਖਹੁ ਰਚਨਾ ਜਿਨਿ ਰਚਾਈ ॥੫॥
(ਹੇ ਸੰਤ ਜਨੋ!) ਜਿਸ ਪਰਮਾਤਮਾ ਨੇ ਇਹ ਜਗਤ ਦੀ ਖੇਡ ਬਣਾਈ ਹੈ ਉਸ ਨੂੰ ਇਸ ਵਿਚ ਹਰ ਥਾਂ ਹਾਜ਼ਰ-ਨਾਜ਼ਰ ਵੇਖੋ, ਇਸ ਵਿਚੋਂ ਲਾਂਭੇ ਦੂਰ ਨਾਹ ਸਮਝੋ ।੫।
ਸਚਾ ਸਬਦੁ ਰਵੈ ਘਟ ਅੰਤਰਿ ਸਚੇ ਸਿਉ ਲਿਵ ਲਾਈ ॥੬॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਹੋਇਆਂ ਹੀ) ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸ ਸਕਦਾ ਹੈ ਅਤੇ ਸਦਾ-ਥਿਰ ਪ੍ਰਭੂ ਨਾਲ ਲਗਨ ਲੱਗ ਸਕਦੀ ਹੈ ।੬।
ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥੭॥
(ਹੇ ਸੰਤ ਜਨੋ! ਜਿਹੜਾ) ਹਰਿ-ਨਾਮ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ਉਹ ਗੁਰੂ ਦੀ ਸਾਧ ਸੰਗਤਿ ਵਿਚ ਵੱਡੀ ਕਿਸਮਤ ਨਾਲ ਮਿਲ ਜਾਂਦਾ ਹੈ ।੭।
ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥੮॥
(ਹੇ ਸੰਤ ਜਨੋ!) ਭਟਕਣਾ ਵਿਚ ਪੈ ਕੇ ਕੁਰਾਹੇ ਨਾਹ ਪਏ ਰਹੋ, ਗੁਰੂ ਦਾ ਦਰ ਮੱਲੀ ਰੱਖੋ, (ਆਪਣੇ ਮਨ ਨੂੰ ਪ੍ਰਭੂ-ਚਰਨਾਂ ਵਿਚ ਹੀ) ਇੱਕੋ ਥਾਂ ਟਿਕਾਈ ਰੱਖੋ ।੮।
ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥੯॥
(ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾਂ ਸਾਰੀ ਲੁਕਾਈ ਕੁਰਾਹੇ ਪਈ ਹੋਈ ਹੈ, ਅਤੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੀ ਹੈ ।੯।
ਜੋਗੀ ਜੁਗਤਿ ਗਵਾਈ ਹੰਢੈ ਪਾਖੰਡਿ ਜੋਗੁ ਨ ਪਾਈ ॥੧੦॥
(ਹੇ ਸੰਤ ਜਨੋ! ਧਾਰਮਿਕ ਭੇਖ ਦੇ) ਪਖੰਡ ਨਾਲ ਪ੍ਰਭੂ ਦਾ ਮਿਲਾਪ ਹਾਸਲ ਨਹੀਂ ਹੁੰਦਾ; (ਜਿਹੜਾ ਜੋਗੀ ਨਿਰਾ ਇਸ ਪਖੰਡ ਵਿਚ ਪਿਆ ਹੋਇਆ ਹੈ, ਉਸ) ਜੋਗੀ ਨੇ ਪ੍ਰਭੂ-ਮਿਲਾਪ ਦੀ ਜੁਗਤੀ (ਹੱਥੋਂ) ਗਵਾ ਲਈ ਹੈ, ਉਹ (ਵਿਅਰਥ) ਭਟਕਦਾ ਫਿਰਦਾ ਹੈ ।੧੦।
ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗੁ ਪਾਈ ॥੧੧॥
(ਹੇ ਸੰਤ ਜਨੋ! ਜਿਹੜਾ ਜੋਗੀ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਸ ਨੇ) ਗੁਰ-ਸ਼ਬਦ ਦੀ ਬਰਕਤ ਨਾਲ ਪ੍ਰਭੂ-ਮਿਲਾਪ ਹਾਸਲ ਕਰ ਲਿਆ ਹੈ, ਉਹ ਜੋਗੀ ਸਾਧ ਸੰਗਤਿ ਵਿਚ ਟਿਕਿਆ ਹੋਇਆ (ਮਾਨੋ) ਆਸਣ ਉਤੇ ਬੈਠਾ ਹੋਇਆ ਹੈ ।੧੧।
ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥੧੨॥
(ਹੇ ਸੰਤ ਜਨੋ! ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਦੀ, ਮਾਇਆ ਪਿੱਛੇ ਭਟਕਣ ਦੀ ਖੇਡ ਮੁਕਾ ਲੈਂਦਾ ਹੈ ।੧੨।
ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥੧੩॥
(ਹੇ ਸੰਤ ਜਨੋ!) ਇਹ ਮਨੁੱਖ ਸਰੀਰ ਸੋਹਣਾ ਤਲਾਬ ਹੈ, ਜਿਹੜਾ ਮਨੁੱਖ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ, (ਉਹ, ਮਾਨੋ, ਇਸ ਤਲਾਬ ਵਿਚ) ਇਸ਼ਨਾਨ ਕਰ ਰਿਹਾ ਹੈ ।੧੩।
ਨਾਮਿ ਇਸਨਾਨੁ ਕਰਹਿ ਸੇ ਜਨ ਨਿਰਮਲ ਸਬਦੇ ਮੈਲੁ ਗਵਾਈ ॥੧੪॥
(ਹੇ ਸੰਤ ਜਨੋ!) ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਇਸ਼ਨਾਨ ਕਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਹਨ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਮਨ ਦੀ ਵਿਕਾਰਾਂ ਵਾਲੀ) ਮੈਲ ਦੂਰ ਕਰ ਲਈ ਹੈ ।੧੪।
ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ॥੧੫॥
(ਹੇ ਸੰਤ ਜਨੋ! ਪ੍ਰਭੂ ਦੀ ਮਾਇਆ ਬੜੀ ਪ੍ਰਬਲ ਹੈ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ (ਜੀਵ ਪ੍ਰਭੂ ਦੀ ਯਾਦ ਵੱਲੋਂ) ਬੇ-ਪਰਵਾਹ ਰਹਿੰਦੇ ਹਨ, (ਪ੍ਰਭੂ ਦਾ) ਨਾਮ ਯਾਦ ਨਹੀਂ ਕਰਦੇ । (ਹੇ ਸੰਤ ਜਨੋ! ਪਰਮਾਤਮਾ ਦੇ) ਨਾਮ ਤੋਂ ਬਿਨਾ ਹਰੇਕ ਜੀਵ ਆਤਮਕ ਮੌਤ ਸਹੇੜ ਲੈਂਦਾ ਹੈ ।੧੫।
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥੧੬॥
(ਹੇ ਸੰਤ ਜਨੋ! ਕੋਈ ਵੱਡੇ ਤੋਂ ਵੱਡਾ ਭੀ ਹੋਵੇ) ਬ੍ਰਹਮਾ (ਹੋਵੇ) ਵਿਸ਼ਨੂੰ (ਹੋਵੇ) ਸ਼ਿਵ (ਹੋਵੇ) (ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਮਾਇਆ ਦੇ) ਤਿੰਨ ਗੁਣਾਂ ਦੇ ਪੂਰਨ ਪ੍ਰਭਾਵ ਹੇਠ ਰਹਿੰਦਾ ਹੈ । ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਕਾਰਨ (ਪ੍ਰਭੂ-ਚਰਨਾਂ ਤੋਂ ਖੁੰਝਿਆ ਹੋਇਆ ਹਰੇਕ ਜੀਵ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ।੧੬।
ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥੧੭॥
(ਹੇ ਸੰਤ ਜਨੋ!) ਗੁਰੂ ਦੀ ਕਿਰਪਾ ਨਾਲ (ਪ੍ਰਭੂ-ਨਾਮ ਦੀ ਰਾਹੀਂ ਜਿਸ ਮਨੁੱਖ ਦੀ) ਤਿ®ਊੜੀ (ਭਾਵ, ਮਨ ਦੀ ਖਿੱਝ) ਦੂਰ ਹੁੰਦੀ ਹੈ, (ਉਹ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿ ਕੇ) ਚੌਥੀ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜਦਾ ਹੈ ।੧੭।
ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥੧੮॥
(ਹੇ ਸੰਤ ਜਨੋ!) ਪੰਡਿਤ ਲੋਕ (ਪੁਰਾਣ ਆਦਿਕ ਪੁਸਤਕਾਂ) ਪੜ੍ਹਦੇ ਹਨ, ਇਹਨਾਂ ਨੂੰ ਪੜ੍ਹ ਕੇ (ਸ੍ਰੋਤਿਆਂ ਨੂੰ ਦੇਵਤਿਆਂ ਆਦਿਕ ਦਾ ਪਰਸਪਰ) ਲੜਾਈ-ਝਗੜਾ ਸੁਣਾਂਦੇ ਹਨ, (ਪਰ ਇਸ ਤਰ੍ਹਾਂ) ਉਹਨਾਂ ਨੂੰ (ਆਪ ਨੂੰ ਉੱਚੇ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ।੧੮।
ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ॥੧੯॥
ਮਾਇਆ ਦੇ ਮੋਹ ਵਿਚ ਫਸੇ ਹੋਏ (ਉਹ ਪੰਡਿਤ ਲੋਕ) ਭਟਕਣਾ ਦੇ ਕਾਰਨ (ਆਪ) ਕੁਰਾਹੇ ਪਏ ਰਹਿੰਦੇ ਹਨ । ਫਿਰ ਹੇ ਭਾਈ! ਉਹ ਹੋਰ ਕਿਸ ਨੂੰ ਸਿੱਖਿਆ ਦੇਂਦੇ ਹਨ? (ਉਹਨਾਂ ਦੀ ਸਿੱਖਿਆ ਦਾ ਕਿਸੇ ਹੋਰ ਨੂੰ ਕੋਈ ਲਾਭ ਨਹੀਂ ਹੋ ਸਕਦਾ) ।੧੯।
ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥੨੦॥
ਹੇ ਸੰਤ ਜਨੋ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦਾ ਬੋਲ ਸ੍ਰੇਸ਼ਟ ਹੋਇਆ ਕਰਦਾ ਹੈ । ਉਹ ਬੋਲ ਹਰੇਕ ਜੁਗ ਵਿਚ ਹੀ (ਹਰੇਕ ਸਮੇ ਹੀ ਸਭਨਾਂ ਉਤੇ) ਆਪਣਾ ਪ੍ਰਭਾਵ ਪਾਂਦਾ ਹੈ ।੨੦।
ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਚਿ ਸਮਾਈ ॥੨੧॥
(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ) ਬਾਣੀ ਵਿਚ ਸੁਰਤਿ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।੨੧।