Sri Guru Granth Sahib Ji — Ang 907 (punjabi)
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥
ਅਸੀ ਜੀਵ ਜਦੋਂ ਸੰਸਾਰ ਵਿਚ ਆਉਂਦੇ ਹਾਂ ਤਾਂ ਉਸ ਪਰਮਾਤਮਾ ਨੇ ਹੀ ਸਾਨੂੰ ਭੇਜਿਆ ਹੁੰਦਾ ਹੈ, ਇਥੋਂ ਜਾਂਦੇ ਹਾਂ ਤਦੋਂ ਭੀ ਉਸੇ ਨੇ ਬੁਲਾ ਭੇਜਿਆ ਹੁੰਦਾ ਹੈ ।
ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥੧੦॥
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ । (ਅਸੀ ਜੀਵ ਉਸ ਦੀ ਰਜ਼ਾ ਨੂੰ ਭੁੱਲ ਜਾਂਦੇ ਹਾਂ, ਪਰ) ਉਹ ਬਖ਼ਸ਼ਣਹਾਰ ਹੈ ਉਹ ਬਖ਼ਸ਼ ਲੈਂਦਾ ਹੈ ।੧੦।
ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥
(ਜੇ ਜੀਵ!) ਪਰਮਾਤਮਾ ਦਾ ਨਾਮ ਸਾਰੇ ਆਨੰਦ ਰਸ ਦੇਣ ਵਾਲਾ ਹੈ, ਜਿਸ ਜਿਸ ਬੰਦੇ ਨੇ ਇਹ ਨਾਮ-ਰਸ ਚੱਖ ਲਿਆ ਹੈ ਉਹਨਾਂ ਦੀ ਸੰਗਤਿ ਵਿਚ ਰਿਹਾਂ ਇਸ ਭੇਤ ਦੀ ਸਮਝ ਆਉਂਦੀ ਹੈ ।
ਰਿਧਿ ਸਿਧਿ ਬੁਧਿ ਗਿਆਨੁ ਗੁਰੂ ਤੇ ਪਾਇਆ ਮੁਕਤਿ ਪਦਾਰਥੁ ਸਰਣਿ ਪਇਆ ॥੧੧॥
ਗੁਰੂ ਦੀ ਸਰਨ ਪੈ ਕੇ ਗੁਰੂ ਤੋਂ ਹੀ ਪਰਮਾਤਮਾ ਦਾ ਨਾਮ-ਪਦਾਰਥ ਮਿਲਦਾ ਹੈ, ਇਸ ਨਾਮ ਵਿਚ ਸਭ ਕਰਾਮਾਤੀ ਤਾਕਤਾਂ ਹਨ, ਉੱਚੀ ਅਕਲ ਹੈ, ਸਹੀ ਜੀਵਨ-ਰਾਹ ਦੀ ਸੂਝ ਹੈ, ਤੇ ਇਸ ਨਾਮ ਨਾਲ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ ।੧੧।
ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਵਾਪਰਦੇ) ਦੁੱਖ ਸੁਖ ਨੂੰ ਇਕੋ ਜਿਹਾ ਜਾਣਦਾ ਹੈ, ਉਹ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ ।
ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥੧੨॥੭॥
ਹੇ ਨਾਨਕ! ਗੁਰੂ ਦੀ ਸਰਨ ਪਿਆ ਮਨੁੱਖ ਆਪਾ-ਭਾਵ ਮਾਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਅਡੋਲ ਆਤਮਕ ਅਵਸਥਾ ਵਿਚ ਰਹਿੰਦਾ ਹੈ ।੧੨।੭।
ਰਾਮਕਲੀ ਦਖਣੀ ਮਹਲਾ ੧ ॥
ਰਾਮਕਲੀ ਦੱਖਣੀ। ਪਹਿਲੀ ਪਾਤਿਸ਼ਾਹੀ।
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ ਸਾਚ ਸਬਦਿ ਰਸਿ ਲੀਣਾ ॥੧॥
(ਮੇਰਾ ਗੁਰੂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਰਹਿੰਦਾ ਹੈ ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ-ਵਾਸ਼ਨਾ ਤੋਂ ਬਚੇ ਰਹਿਣਾ, ਉੱਚਾ ਆਚਰਨ, ਇੰਦਿ®ਆਂ ਨੂੰ ਵਿਕਾਰਾਂ ਵਲੋਂ ਰੋਕਣਾ, ਤੇ ਸਦਾ-ਥਿਰ ਪ੍ਰਭੂ ਦਾ ਸਿਮਰਨ—ਇਹੀ ਹੈ ਸਹੀ ਜੀਵਨ ।੧।
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥
ਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪੇ੍ਰਮ-ਰੰਗ ਵਿਚ ਰੰਗਿਆ ਰਹਿੰਦਾ ਹੈ ।
ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥੧॥ ਰਹਾਉ ॥
(ਮੇਰੇ ਗੁਰੂ ਦੀ) ਸੁਰਤਿ ਦਿਨ ਰਾਤ ਇਕ ਪਰਮਾਤਮਾ (ਦੇ ਚਰਨਾਂ) ਵਿਚ ਲੱਗੀ ਰਹਿੰਦੀ ਹੈ, (ਮੇਰਾ ਗੁਰੂ) ਸਦਾ-ਥਿਰ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰ ਕੇ (ਉਸ ਦੀਦਾਰ ਵਿਚ) ਮਸਤ ਰਹਿੰਦਾ ਹੈ ।੧।ਰਹਾਉ।
ਰਹੈ ਗਗਨ ਪੁਰਿ ਦ੍ਰਿਸਟਿ ਸਮੈਸਰਿ ਅਨਹਤ ਸਬਦਿ ਰੰਗੀਣਾ ॥੨॥
(ਮੇਰੇ ਗੁਰੂ) ਸਦਾ ਉੱਚੀ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, (ਮੇਰੇ ਗੁਰੂ ਦੀ) (ਪਿਆਰ-ਭਰੀ) ਨਿਗਾਹ (ਸਭ ਵਲ) ਇਕੋ ਜਿਹੀ ਹੈ । (ਮੇਰਾ ਗੁਰੂ) ਉਸ ਸ਼ਬਦ ਵਿਚ ਰੰਗਿਆ ਹੋਇਆ ਹੈ ਜਿਸ ਦੀ ਧੁਨਿ ਉਸ ਦੇ ਅੰਦਰ ਇਕ-ਰਸ ਹੋ ਰਹੀ ਹੈ ।੨।
ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥੩॥
ਉੱਚਾ ਆਚਰਨ (-ਰੂਪ) ਲੰਗੋਟ ਬੰਨ੍ਹ ਕੇ (ਮੇਰਾ ਗੁਰੂ) ਸਰਬ-ਵਿਆਪਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ, ਉਸ ਦੀ ਜੀਭ (ਪ੍ਰਭੂ ਦੇ) ਪ੍ਰੇਮ ਵਿਚ ਰਸੀ ਰਹਿੰਦੀ ਹੈ ।੩।
ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥੪॥
ਕਦੇ ਉਕਾਈ ਨਾਹ ਖਾਣ ਵਾਲੇ (ਮੇਰੇ) ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ-ਰਚਨਾ ਰਚੀ ਹੈ, ਉਸ ਦੀ ਜਗਤ-ਕਿਰਤ ਨੂੰ ਵੇਖ ਵੇਖ ਕੇ (ਮੇਰਾ ਗੁਰੂ ਉਸ ਦੀ ਸਰਬ-ਸਮਰੱਥਾ ਵਿਚ) ਨਿਸ਼ਚਾ ਰੱਖਦਾ ਹੈ ।੪।
ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥੫॥
ਸ੍ਰਿਸ਼ਟੀ ਦੇ ਸਾਰੇ ਹੀ ਜੀਵ ਇਕ ਪਰਮਾਤਮਾ ਵਿਚ ਹਨ (ਭਾਵ, ਇਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ), ਸਾਰੇ ਜੀਵਾਂ ਵਿਚ ਇਕ ਪਰਮਾਤਮਾ ਵਿਆਪਕ ਹੈ—ਇਹ ਕੌਤਕ (ਮੇਰੇ) ਗੁਰੂ ਨੇ (ਆਪ) ਵੇਖ ਕੇ (ਮੈਨੂੰ) ਵਿਖਾ ਦਿੱਤਾ ਹੈ ।੫।
ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥੬॥
(ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ) ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।੬।
ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥੭॥
(ਗੁਰੂ ਨੇ ਆਪਣੀ ਰੌਸ਼ਨ ਜੋਤਿ ਦੇ) ਦੀਵੇ ਤੋਂ (ਮੇਰੇ ਅੰਦਰ) ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ (ਰੱਬੀ) ਜੋਤਿ ਵਿਖਾ ਦਿੱਤੀ ਹੈ, ਜੋ ਤਿੰਨਾਂ ਭਵਨਾਂ ਵਿਚ ਮੌਜੂਦ ਹੈ ।੭।
ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ॥੮॥
(ਮੇਰਾ ਗੁਰੂ ਇਕ ਐਸਾ ਨਾਥਾਂ ਦਾ ਭੀ ਨਾਥ ਹੈ ਜੋ) ਸਦਾ ਅਟੱਲ ਰਹਿਣ ਵਾਲੇ ਅਡੋਲਤਾ ਦੇ ਤਖ਼ਤ ਉਤੇ ਬੈਠਾ ਹੋਇਆ ਹੈ ਜੋ ਸਦਾ-ਥਿਰ ਰਹਿਣ ਵਾਲੇ ਮਹਿਲ ਵਿਚ ਬੈਠਾ ਹੋਇਆ ਹੈ, (ਉਥੇ ਆਸਣ ਜਮਾਈ) ਬੈਠੇ (ਮੇਰੇ ਗੁਰੂ-ਜੋਗੀ) ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ ।੮।
ਮੋਹਿ ਗਇਆ ਬੈਰਾਗੀ ਜੋਗੀ ਘਟਿ ਘਟਿ ਕਿੰਗੁਰੀ ਵਾਈ ॥੯॥
ਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ (ਸਾਰੇ ਸੰਸਾਰ ਨੂੰ) ਮੋਹ ਲਿਆ ਹੈ, ਉਸ ਨੇ ਹਰੇਕ ਦੇ ਅੰਦਰ (ਆਤਮਕ ਜੀਵਨ ਦੀ ਰੌ) ਕਿੰਗੁਰੀ ਵਜਾ ਦਿੱਤੀ ਹੈ ।੯।
ਨਾਨਕ ਸਰਣਿ ਪ੍ਰਭੂ ਕੀ ਛੂਟੇ ਸਤਿਗੁਰ ਸਚੁ ਸਖਾਈ ॥੧੦॥੮॥
ਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਮੇਰੇ) ਗੁਰੂ ਦਾ ਮਿੱਤਰ ਹੈ, ਗੁਰੂ ਦੀ ਰਾਹੀਂ ਪ੍ਰਭੂ ਦੀ ਸਰਨ ਪੈ ਕੇ ਜੀਵ (ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ ।੧੦।੮।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥੧॥
ਧਰਤੀ ਅਕਾਸ਼ ਨੂੰ ਆਪਣੀ ਸੱਤਿਆ ਨਾਲ ਟਿਕਾ ਰੱਖਣ ਵਾਲਾ ਪਰਮਾਤਮਾ (ਜਿਸ ਜੀਵ ਨੂੰ ਮਾਇਆ-ਮੋਹ ਆਦਿਕ ਤੋਂ ਬਚਾਂਦਾ ਹੈ ਉਸ ਦੇ) ਹਿਰਦੇ ਵਿਚ ਟਿਕ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ (ਭਾਵ, ਉਸ ਦੇ ਅੰਦਰ ਆਪਣਾ ਆਪ ਪਰਗਟ ਕਰਦਾ ਹੈ) ।੧।
ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਬੇਅੰਤ ਲੁਕਾਈ ਨੂੰ (ਹਉਮੈ ਮਮਤਾ ਕਾਮਾਦਿਕ ਤੋਂ) ਬਚਾਂਦਾ (ਚਲਿਆ ਆ ਰਿਹਾ) ਹੈ ।੧।ਰਹਾਉ।
ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥੨॥
ਹੇ ਪ੍ਰਭੂ! (ਗੁਰੂ ਦੀ ਰਾਹੀਂ ਜਿਸ ਮਨੁੱਖ ਦਾ ਤੂੰ ਉੱਧਾਰ ਕਰਦਾ ਹੈਂ) ਉਹ ਅਪਣੱਤ ਨੂੰ (ਆਪਣੇ ਅੰਦਰੋਂ) ਮਾਰ ਕੇ ਹਉਮੈ ਨੂੰ ਭੀ ਮੁਕਾ ਲੈਂਦਾ ਹੈ, ਤੇ ਉਸ ਨੂੰ ਇਸ ਤਿ®-ਭਵਨੀ ਜਗਤ ਵਿਚ ਤੇਰੀ ਹੀ ਜੋਤਿ ਨਜ਼ਰੀਂ ਆਉਂਦੀ ਹੈ ।੨।
ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥੩॥
(ਹੇ ਪ੍ਰਭੂ! ਜਿਸ ਜੀਵ ਨੂੰ ਤੂੰ ਤਾਰਦਾ ਹੈਂ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਉੱਚੀ ਵਿਚਾਰ ਦਾ ਮਾਲਕ ਹੋ ਕੇ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ (ਤੇਰੀ ਯਾਦ ਨੂੰ) ਆਪਣੇ ਮਨ ਵਿਚ ਟਿਕਾਂਦਾ ਹੈ ।੩।
ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥੪॥
(ਹੇ ਪ੍ਰਭੂ! ਜਿਸ ਉਤੇ ਤੇਰੀ ਮੇਹਰ ਹੁੰਦੀ ਹੈ ਉਹ ਹੈ ਅਸਲ ਜੋਗੀ, ਉਸ ਦੀ) ਸੁਰਤਿ ਤੇਰੇ ਨਾਸ-ਰਹਿਤ ਸਰੂਪ ਵਿਚ ਟਿਕਦੀ ਹੈ (ਇਹ, ਮਾਨੋ, ਉਸ ਦੇ ਅੰਦਰ ਜੋਗੀ ਵਾਲੀ) ਸਿੰਙੀ ਵੱਜਦੀ ਹੈ, ਉਸ ਨੂੰ ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਦਿੱਸਦੀ ਹੈ (ਉਹ ਕਿਸੇ ਨੂੰ ਤਿਆਗ ਕੇ ਜੰਗਲੀਂ ਪਹਾੜੀਂ ਨਹੀਂ ਭਟਕਦਾ) ।੪।
ਪਰਪੰਚ ਬੇਣੁ ਤਹੀ ਮਨੁ ਰਾਖਿਆ ਬ੍ਰਹਮ ਅਗਨਿ ਪਰਜਾਰੀ ॥੫॥
(ਗੁਰੂ ਦੇ ਸ਼ਬਦ ਵਿਚ ਟਿਕਿਆ ਹੋਇਆ ਮਨੁੱਖ ਅਸਲ ਜੋਗੀ ਹੈ,) ਉਹ ਆਪਣੇ ਮਨ ਨੂੰ ਉਸ ਪਰਮਾਤਮਾ ਵਿਚ ਜੋੜੀ ਰੱਖਦਾ ਹੈ ਜਿਸ ਵਿਚ ਜਗਤ-ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ, ਉਹ ਆਪਣੇ ਅੰਦਰ ਰੱਬੀ ਜੋਤਿ ਚੰਗੀ ਤਰ੍ਹਾਂ ਜਗਾ ਲੈਂਦਾ ਹੈ ।੫।
ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥੬॥
(ਹੇ ਅਉਧੂ! ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸਰਨ ਪਾ ਕੇ ਆਤਮ-ਉੱਧਾਰ ਦੇ ਰਸਤੇ ਪਾਂਦਾ ਹੈ) ਉਹ ਮਨੁੱਖ ਇਸ ਪੰਜ-ਤੱਤੀ ਮਨੁੱਖਾ ਸਰੀਰ ਨੂੰ ਹਾਸਲ ਕਰ ਕੇ (ਜੰਗਲੀਂ ਪਹਾੜੀਂ ਜਾ ਕੇ ਇਸ ਨੂੰ ਸੁਆਹ ਵਿਚ ਨਹੀਂ ਰੋੋਲਦਾ, ਉਹ ਤਾਂ) ਬੇਅੰਤ ਪਰਮਾਤਮਾ ਦੀ ਪਵਿੱਤਰ ਜੋਤਿ ਦਾ ਦੀਵਾ ਦਿਨ ਰਾਤ (ਆਪਣੇ ਅੰਦਰ ਜਗਾਈ ਰੱਖਦਾ ਹੈ) ।੬।
ਰਵਿ ਸਸਿ ਲਉਕੇ ਇਹੁ ਤਨੁ ਕਿੰਗੁਰੀ ਵਾਜੈ ਸਬਦੁ ਨਿਰਾਰੀ ॥੭॥
(ਹੇ ਅਉਧੂ! ਪ੍ਰਭੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨੁੱਖ ਆਪਣੇ ਇਸ ਸਰੀਰ ਨੂੰ ਕਿੰਗੁਰੀ ਬਣਾਂਦਾ ਹੈ, ਸੁਆਸ ਸੁਆਸ ਨਾਮ ਜਪਣ ਨੂੰ ਇਸ ਸਰੀਰ-ਕਿੰਗੁਰੀ ਦੇ ਤੂੰਬੇ ਬਣਾਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਅਨੋਖੀ ਖਿੱਚ ਨਾਲ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਉਸ ਦੇ ਅੰਦਰ ਸੁਆਦਲਾ ਪੇ੍ਰਮ-ਰਾਗ ਪੈਦਾ ਕਰਦਾ ਹੈ) ।੭।
ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥੮॥
ਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਉੱਧਾਰਦਾ ਹੈ, ਉਹ) ਉਸ ਆਤਮਕ ਅਵਸਥਾ-ਰੂਪ ਨਗਰੀ ਵਿਚ ਅਡੋਲ-ਚਿੱਤ ਹੋ ਕੇ ਜੁੜਦਾ ਹੈ ਜਿਥੇ ਕੱਲਿਆਣ-ਸਰੂਪ ਪ੍ਰਭੂ ਦਾ ਹੀ ਪ੍ਰਭਾਵ ਹੈ, ਜਿੱਥੇ ਉਸ ਦੇ ਅੰਦਰ ਅਲੱਖ ਅਪਹੁੰਚ ਤੇ ਬੇਅੰਤ ਪਰਮਾਤਮਾ ਪਰਗਟ ਹੋ ਪੈਂਦਾ ਹੈ (ਉਹ ਉੱਚੀ ਆਤਮਕ ਅਵਸਥਾ ਹੀ ਗੁਰਸਿੱਖ ਜੋਗੀ ਦੀ ਸ਼ਿਵ-ਨਗਰੀ ਹੈ) ।੮।
ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥੯॥
(ਹੇ ਅਉਧੂ! ਪ੍ਰਭੂ ਤੋਂ ਵਰੋਸਾਏ ਹੋਏ ਮਨੁੱਖ ਦਾ ਇਹ) ਸਰੀਰ (ਮਾਨੋ, ਵੱਸਦਾ) ਸ਼ਹਿਰ ਬਣ ਜਾਂਦਾ ਹੈ ਜਿਸ ਵਿਚ ਪੰਜੇ ਗਿਆਨ-ਇੰਦ੍ਰੇ ਵਿਚਾਰਵਾਨ ਹੋ ਕੇ (ਉੱਚੀ ਆਤਮਕ ਸੂਝ-ਬੂਝ ਵਾਲੇ ਹੋ ਕੇ) ਵੱਸਦੇ ਹਨ (ਭਾਵ, ਵਿਕਾਰਾਂ ਦੇ ਪਿੱਛੇ ਭਟਕਦੇ ਨਹੀਂ ਫਿਰਦੇ, ਵਰੋਸਾਏ ਮਨੁੱਖ ਦਾ) ਇਹ ਮਨ (ਸਰੀਰ-ਨਗਰੀ ਵਿਚ) ਰਾਜਾ ਬਣ ਜਾਂਦਾ ਹੈ (ਕਾਮਾਦਿਕਾਂ ਨੂੰ ਵੱਸ ਵਿਚ ਰੱਖੀ ਬੈਠਦਾ ਹੈ) ।੯।
ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥੧੦॥
(ਹੇ ਅਉਧੂ! ਜਿਸ ਮਨੁੱਖ ਦਾ, ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ, ਉੱਧਾਰ ਕਰਦਾ ਹੈ ਉਸ ਦਾ ਮਨ ਕਾਮਾਦਿਕਾਂ ਉਤੇ) ਬਲੀ ਹੋ ਕੇ (ਆਤਮਕ ਅਡੋਲਤਾ ਦੇ) ਆਸਣ ਉਤੇ ਬੈਠਦਾ ਹੈ ਆਪਣੇ ਅੰਦਰ ਹੀ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ, ਨਿਆਂ ਕਰਦਾ ਹੈ (ਭਾਵ, ਸਾਰੇ ਇੰਦ੍ਰਿਆਂ ਨੂੰ ਆਪੋ ਆਪਣੀ ਹੱਦ ਵਿਚ ਰੱਖਦਾ ਹੈ), ਤੇ ਪਰਉਪਕਾਰੀ ਹੋ ਜਾਂਦਾ ਹੈ ।੧੦।
ਕਾਲੁ ਬਿਕਾਲੁ ਕਹੇ ਕਹਿ ਬਪੁਰੇ ਜੀਵਤ ਮੂਆ ਮਨੁ ਮਾਰੀ ॥੧੧॥
(ਹੇ ਅਉਧੂ! ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ ਉਹ ਧੂਣੀਆਂ ਤਪਾ ਤਪਾ ਕੇ ਨਹੀਂ ਸੜਦਾ, ਉਹ ਤਾਂ ਇਹ ਸੰਸਾਰਕ ਜੀਵਨ) ਜੀਊਂਦਾ ਹੀ (ਹਉਮੈ ਮਮਤਾ ਕਾਮਾਦਿਕਾਂ ਵਲੋਂ) ਮਰ ਜਾਂਦਾ ਹੈ, ਉਹ ਆਪਣੇ ਮਨ ਨੂੰ (ਇਹਨਾਂ ਵਲੋਂ) ਮਾਰ ਦੇਂਦਾ ਹੈ, (ਇਸ ਅਵਸਥਾ ਵਿਚ ਪਹੁੰਚੇ ਹੋਏ ਦਾ) ਵਿਚਾਰੇ ਜਨਮ ਮਰਨ ਕੁਝ ਵਿਗਾੜ ਨਹੀਂ ਸਕਦੇ ।੧੧।