Sri Guru Granth Sahib Ji — Ang 890 (punjabi)
ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥
(ਜਵਾਨੀ ਲੰਘ ਜਾਣ ਤੇ) ਤੀਜੀ ਉਮਰੇ ਮਾਇਆ ਜੋੜਨ ਲੱਗ ਪੈਂਦਾ ਹੈ
ਬਿਰਧਿ ਭਇਆ ਛੋਡਿ ਚਲਿਓ ਪਛੁਤਾਇ ॥੨॥
(ਆਖ਼ਰ ਜਦੋਂ) ਬੁੱਢਾ ਹੋ ਜਾਂਦਾ ਹੈ ਤਾਂ ਅਫ਼ਸੋਸ ਕਰਦਾ (ਜੋੜੀ ਹੋਈ ਮਾਇਆ) ਛੱਡ ਕੇ (ਇਥੋਂ) ਤੁਰ ਪੈਂਦਾ ਹੈ ।੨।
ਚਿਰੰਕਾਲ ਪਾਈ ਦ੍ਰੁਲਭ ਦੇਹ ॥
(ਹੇ ਭਾਈ!) ਬੜੇ ਚਿਰਾਂ ਪਿੱਛੋਂ ਜੀਵ ਨੂੰ ਇਹ ਦੁਰਲੱਭ ਮਨੁੱਖਾ ਸਰੀਰ ਮਿਲਦਾ ਹੈ।
ਨਾਮ ਬਿਹੂਣੀ ਹੋਈ ਖੇਹ ॥
ਪਰ ਨਾਮ ਤੋਂ ਵਾਂਜੇ ਰਹਿ ਕੇ ਇਹ ਸਰੀਰ ਮਿੱਟੀ ਹੋ ਜਾਂਦਾ ਹੈ ।
ਪਸੂ ਪਰੇਤ ਮੁਗਧ ਤੇ ਬੁਰੀ ॥
(ਨਾਮ ਤੋਂ ਬਿਨਾ, ਵਿਕਾਰਾਂ ਦੇ ਕਾਰਨ) ਮੂਰਖ ਜੀਵ ਦੀ ਇਹ ਦੇਹੀ ਪਸ਼ੂਆਂ ਤੇ ਪਰੇਤਾਂ ਨਾਲੋਂ ਭੀ ਭੈੜੀ (ਸਮਝੋ) ।
ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥੩॥
ਜਿਸ ਪਰਮਾਤਮਾ ਨੇ (ਇਸ ਦੀ) ਇਹ ਮਨੁੱਖਾ ਦੇਹੀ ਬਣਾਈ ਉਸ ਨੂੰ ਕਦੇ ਚੇਤੇ ਨਹੀਂ ਕਰਦਾ ।੩।
ਸੁਣਿ ਕਰਤਾਰ ਗੋਵਿੰਦ ਗੋਪਾਲ ॥
ਹੇ ਨਾਨਕ! (ਆਖ—ਜੀਵ ਵਿਚਾਰੇ ਕੀਹ ਕਰਨ? ਹੇ ਕਰਤਾਰ! ਹੇ ਗੋਬਿੰਦ! ਹੋ ਗੋਪਾਲ!
ਦੀਨ ਦਇਆਲ ਸਦਾ ਕਿਰਪਾਲ ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਦਾ ਹੀ ਕਿਰਪਾ ਦੇ ਸੋਮੇ!
ਤੁਮਹਿ ਛਡਾਵਹੁ ਛੁਟਕਹਿ ਬੰਧ ॥
ਤੂੰ ਆਪ ਹੀ ਜੀਵਾਂ ਦੇ ਮਾਇਆ ਦੇ ਬੰਧਨ ਤੋੜੇਂ ਤਾਂ ਹੀ ਟੁੱਟ ਸਕਦੇ ਹਨ ।
ਬਖਸਿ ਮਿਲਾਵਹੁ ਨਾਨਕ ਜਗ ਅੰਧ ॥੪॥੧੨॥੨੩॥
ਹੇ ਕਰਤਾਰ! (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਇਸ ਜਗਤ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜੀ ਰੱਖ ।੪।੧੨।੨੩।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਕਰਿ ਸੰਜੋਗੁ ਬਨਾਈ ਕਾਛਿ ॥
(ਜਿਵੇਂ ਕੋਈ ਦਰਜ਼ੀ ਕੱਪੜਾ ਮਾਪ ਕਤਰ ਕੇ ਮਨੁੱਖ ਦੇ ਸਰੀਰ ਵਾਸਤੇ ਕਮੀਜ਼ ਆਦਿਕ ਬਣਾਂਦਾ ਹੈ, ਤਿਵੇਂ ਪਰਮਾਤਮਾ ਨੇ ਜਿੰਦ ਤੇ ਸਰੀਰ ਦੇ) ਮਿਲਾਪ (ਦਾ ਅਵਸਰ) ਬਣਾ ਕੇ (ਜਿੰਦ ਵਾਸਤੇ ਇਹ ਸਰੀਰ-ਚੋਲੀ) ਕੱਛ ਕੇ ਬਣਾ ਦਿੱਤੀ ।
ਤਿਸੁ ਸੰਗਿ ਰਹਿਓ ਇਆਨਾ ਰਾਚਿ ॥
ਉਸ (ਸਰੀਰ-ਚੋਲੀ) ਨਾਲ ਬੇ-ਸਮਝ ਜੀਵ ਪਰਚਿਆ ਰਹਿੰਦਾ ਹੈ ।
ਪ੍ਰਤਿਪਾਰੈ ਨਿਤ ਸਾਰਿ ਸਮਾਰੈ ॥
ਸਦਾ ਇਸ ਸਰੀਰ ਨੂੰ ਪਾਲਦਾ ਪੋਸਦਾ ਰਹਿੰਦਾ ਹੈ, ਤੇ ਸਦਾ ਇਸ ਦੀ ਸਾਂਭ-ਸੰਭਾਲ ਕਰਦਾ ਰਹਿੰਦਾ ਹੈ ।
ਅੰਤ ਕੀ ਬਾਰ ਊਠਿ ਸਿਧਾਰੈ ॥੧॥
ਅੰਤ ਦੇ ਵੇਲੇ ਜੀਵ (ਇਸ ਨੂੰ ਛੱਡ ਕੇ) ਉੱਠ ਤੁਰਦਾ ਹੈ ।੧।
ਨਾਮ ਬਿਨਾ ਸਭੁ ਝੂਠੁ ਪਰਾਨੀ ॥
ਹੇ ਜੀਵ! ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਰਾ ਅਡੰਬਰ ਨਾਸਵੰਤ ਹੈ ।
ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥੧॥ ਰਹਾਉ ॥
ਹੇ ਪ੍ਰਾਣੀ! ਜੇਹੜੇ ਬੰਦੇ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਪਦਾਰਥਾਂ ਨਾਲ ਮਸਤ ਰਹਿੰਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਵਿਚ ਠੱਗੇ ਜਾਂਦੇ ਹਨ ।੧।ਰਹਾਉ।
ਤੀਰਥ ਨਾਇ ਨ ਉਤਰਸਿ ਮੈਲੁ ॥
(ਹੇ ਭਾਈ! ਮਾਇਆ ਦੇ ਮੋਹ ਦੀ ਇਹ) ਮੈਲ ਤੀਰਥਾਂ ਉਤੇ ਇਸ਼ਨਾਨ ਕਰ ਕੇ ਨਹੀਂ ਉਤਰੇਗੀ ।
ਕਰਮ ਧਰਮ ਸਭਿ ਹਉਮੈ ਫੈਲੁ ॥
(ਤੀਰਥ-ਇਸ਼ਨਾਨ ਆਦਿਕ ਇਹ) ਸਾਰੇ (ਮਿਥੇ ਹੋਏ) ਧਾਰਮਿਕ ਕੰਮ ਹਉਮੈ ਦਾ ਖਿਲਾਰਾ ਹੀ ਹੈ ।
ਲੋਕ ਪਚਾਰੈ ਗਤਿ ਨਹੀ ਹੋਇ ॥
(ਤੀਰਥ-ਇਸ਼ਨਾਨ ਆਦਿਕ ਕਰਮਾਂ ਦੀ ਰਾਹੀਂ ਆਪਣੇ ਧਾਰਮਿਕ ਹੋਣ ਬਾਰੇ) ਲੋਕਾਂ ਦੀ ਤਸੱਲੀ ਕਰਾਇਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ।
ਨਾਮ ਬਿਹੂਣੇ ਚਲਸਹਿ ਰੋਇ ॥੨॥
ਪਰਮਾਤਮਾ ਦੇ ਨਾਮ ਤੋਂ ਸੱਖਣੇ ਸਭ ਜੀਵ (ਇਥੋਂ) ਰੋ ਰੋ ਕੇ ਹੀ ਜਾਣਗੇ ।੨।
ਬਿਨੁ ਹਰਿ ਨਾਮ ਨ ਟੂਟਸਿ ਪਟਲ ॥
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦਾ) ਪੜਦਾ ਨਹੀਂ ਟੁੱਟੇਗਾ ।
ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥
ਸਾਰੇ ਹੀ ਸ਼ਾਸਤ® ਅਤੇ ਸਿਮ੍ਰਿਤੀਆਂ ਵਿਚਾਰਿਆਂ ਭੀ (ਇਹ ਪੜਦਾ ਦੂਰ ਨਹੀਂ ਹੋਵੇਗਾ) ।
ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥
ਪਰ ਉਹੀ ਬੰਦਾ ਨਾਮ ਜਪਦਾ ਹੈ ਜਿਸ ਨੂੰ ਪ੍ਰਭੂ ਆਪ ਨਾਮ ਜਪਣ ਲਈ ਪ੍ਰੇਰਦਾ ਹੈ ।੩।
ਸਗਲ ਫਲਾ ਸੇ ਸੂਖਿ ਸਮਾਏ ॥੩॥
(ਜਿਹੜੇ ਬੰਦੇ ਨਾਮ ਜਪਦੇ ਹਨ) ਉਹਨਾਂ ਨੂੰ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਹੁੰਦੇ ਹਨ, ਉਹ ਬੰਦੇ (ਸਦਾ) ਆਨੰਦ ਵਿਚ ਟਿਕੇ ਰਹਿੰਦੇ ਹਨ ।
ਰਾਖਨਹਾਰੇ ਰਾਖਹੁ ਆਪਿ ॥
ਹੇ ਸਭ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਤੂੰ ਆਪ ਹੀ (ਮਾਇਆ ਦੇ ਮੋਹ ਤੋਂ ਅਸਾਂ ਜੀਵਾਂ ਦੀ) ਰੱਖਿਆ ਕਰ ਸਕਦਾ ਹੈਂ ।
ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥
ਹੇ ਪ੍ਰਭੂ! ਸਾਰੇ ਸੁਖ ਤੇਰੇ ਆਪਣੇ ਹੱਥ ਵਿਚ ਹਨ ।
ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥
ਹੇ ਮਾਲਕ-ਪ੍ਰਭੂ! ਤੂੰ ਜਿਸ ਕੰਮ ਵਿਚ (ਸਾਨੂੰ) ਲਾਂਦਾ ਹੈਂ, ਅਸੀ ਉਸੇ ਕੰਮ ਵਿਚ ਲੱਗ ਪੈਂਦੇ ਹਾਂ ।
ਨਾਨਕ ਸਾਹਿਬੁ ਅੰਤਰਜਾਮੀ ॥੪॥੧੩॥੨੪॥
ਹੇ ਨਾਨਕ! (ਆਖ—) ਮਾਲਕ-ਪ੍ਰਭੂ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ।੪।੧੩।੨੪।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥
ਜੋ ਕੁਝ ਪਰਮਾਤਮਾ ਕਰਦਾ ਹੈ ਉਸੇ ਨੂੰ ਜਿਹੜਾ ਮਨੁੱਖ ਸੁਖ ਸਮਝਦਾ ਹੈ ।
ਮਨੁ ਅਸਮਝੁ ਸਾਧਸੰਗਿ ਪਤੀਆਨਾ ॥
ਉਸ ਦਾ (ਪਹਿਲਾ) ਅੰਞਾਣ ਮਨ ਗੁਰੂ ਦੀ ਸੰਗਤਿ ਵਿਚ ਗਿੱਝ ਜਾਂਦਾ ਹੈ ।
ਡੋਲਨ ਤੇ ਚੂਕਾ ਠਹਰਾਇਆ ॥
(ਗੁਰੂ ਦੀ ਕਿਰਪਾ ਨਾਲ ਪ੍ਰਭੂ-ਚਰਨਾਂ ਵਿਚ) ਟਿਕਾਇਆ ਹੋਇਆ ਉਸ ਦਾ ਮਨ ਡੋਲਣ ਤੋਂ ਹਟ ਜਾਂਦਾ ਹੈ,
ਸਤਿ ਮਾਹਿ ਲੇ ਸਤਿ ਸਮਾਇਆ ॥੧॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ ਉਹ) ਸਦਾ-ਥਿਰ ਪ੍ਰਭੂ (ਦਾ ਨਾਮ) ਲੈ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ।੧।
ਦੂਖੁ ਗਇਆ ਸਭੁ ਰੋਗੁ ਗਇਆ ॥
ਉਸ ਦਾ ਸਾਰਾ ਦੁੱਖ ਸਾਰਾ ਰੋਗ ਦੂਰ ਹੋ ਜਾਂਦਾ ਹੈ,
ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥੧॥ ਰਹਾਉ ॥
(ਹੇ ਭਾਈ!) ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਪ੍ਰਭੂ ਦੀ ਰਜ਼ਾ ਉਸ ਨੂੰ ਮਨ ਵਿਚ ਮਿੱਠੀ ਲੱਗਣ ਲੱਗ ਪੈਂਦੀ ਹੈ ।੧।ਰਹਾਉ।
ਸਗਲ ਪਵਿਤ੍ਰ ਸਰਬ ਨਿਰਮਲਾ ॥
ਉਸ ਮਨੁੱਖ ਦੇ ਸਾਰੇ ਉੱਦਮ ਪਵਿੱਤਰ ਹੁੰਦੇ ਹਨ ਉਸ ਦੇ ਸਾਰੇ ਕੰਮ ਨਿਰਮਲ ਹੁੰਦੇ ਹਨ,
ਜੋ ਵਰਤਾਏ ਸੋਈ ਭਲਾ ॥
ਜੋ ਕੁਝ ਪਰਮਾਤਮਾ ਕਰਦਾ ਹੈ, ਉਸ ਮਨੁੱਖ ਨੂੰ ਉਹੀ ਉਹੀ ਕੰਮ ਭਲਾ ਜਾਪਦਾ ਹੈ,
ਜਹ ਰਾਖੈ ਸੋਈ ਮੁਕਤਿ ਥਾਨੁ ॥
(ਗੁਰੂ) ਜਿੱਥੇ ਉਸ ਨੂੰ ਰੱਖਦਾ ਹੈ ਉਹੀ ਉਸ ਦੇ ਵਾਸਤੇ ਵਿਕਾਰਾਂ ਤੋਂ ਖ਼ਲਾਸੀ ਦਾ ਥਾਂ ਹੁੰਦਾ ਹੈ;
ਜੋ ਜਪਾਏ ਸੋਈ ਨਾਮੁ ॥੨॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦਾ ਮਿਲਾਪ ਹੋ ਜਾਂਦਾ ਹੈ, ਗੁਰੂ) ਉਸ ਤੋਂ ਪਰਮਾਤਮਾ ਦਾ ਨਾਮ ਹੀ ਸਦਾ ਜਪਾਂਦਾ ਹੈ; ।੨।
ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥
(ਹੇ ਭਾਈ!) ਜਿੱਥੇ ਗੁਰਮੁਖ ਮਨੁੱਖ (ਆਪਣੇ) ਪੈਰ ਧਰਦੇ ਹਨ ਉਹ ਥਾਂ ਅਠਾਹਠ ਤੀਰਥ ਸਮਝੋ,
ਤਹ ਬੈਕੁੰਠੁ ਜਹ ਨਾਮੁ ਉਚਰਹਿ ॥
(ਕਿਉਂਕਿ) ਜਿੱਥੇ ਸੰਤ ਜਨ ਪਰਮਾਤਮਾ ਦਾ ਨਾਮ ਉਚਾਰਦੇ ਹਨ ਉਹ ਥਾਂ ਸੱਚਖੰਡ ਬਣ ਜਾਂਦਾ ਹੈ ।
ਸਰਬ ਅਨੰਦ ਜਬ ਦਰਸਨੁ ਪਾਈਐ ॥
ਜਦੋਂ ਗੁਰਮੁਖਾਂ ਦਾ ਦਰਸ਼ਨ ਕਰੀਦਾ ਹੈ ਤਦੋਂ ਸਾਰੇ ਆਤਮਕ ਆਨੰਦ ਪ੍ਰਾਪਤ ਹੋ ਜਾਂਦੇ ਹਨ,
ਰਾਮ ਗੁਣਾ ਨਿਤ ਨਿਤ ਹਰਿ ਗਾਈਐ ॥੩॥
(ਗੁਰਮੁਖਾਂ ਦੀ ਸੰਗਤਿ ਵਿਚ) ਸਦਾ ਪਰਮਾਤਮਾ ਦੇ ਗੁਣ ਗਾ ਸਕੀਦੇ ਹਨ, ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਗਾਈ ਜਾ ਸਕਦੀ ਹੈ ।੩।
ਆਪੇ ਘਟਿ ਘਟਿ ਰਹਿਆ ਬਿਆਪਿ ॥
ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈ,
ਦਇਆਲ ਪੁਰਖ ਪਰਗਟ ਪਰਤਾਪ ॥
ਦਇਆ ਦੇ ਸੋਮੇ ਅਕਾਲ ਪੁਰਖ ਦਾ ਤੇਜ-ਪਰਤਾਪ ਪ੍ਰਤੱਖ (ਹਰ ਥਾਂ ਦਿੱਸ ਰਿਹਾ ਹੈ);
ਕਪਟ ਖੁਲਾਨੇ ਭ੍ਰਮ ਨਾਠੇ ਦੂਰੇ ॥
(ਗੁਰੂ ਦੀ ਕਿਰਪਾ ਨਾਲ ਮਨ ਦੇ) ਕਿਵਾੜ ਖੁਲ੍ਹ ਗਏ ਹਨ, ਤੇ, ਸਾਰੇ ਭਰਮ ਕਿਤੇ ਦੂਰ ਭੱਜ ਗਏ ਹਨ ।
ਨਾਨਕ ਕਉ ਗੁਰ ਭੇਟੇ ਪੂਰੇ ॥੪॥੧੪॥੨੫॥
(ਹੇ ਭਾਈ!) ਨਾਨਕ ਨੂੰ ਪੂਰੇ ਗੁਰੂ ਜੀ ਮਿਲ ਪਏ ਹਨ ।੪।੧੪।੨੫।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਕੋਟਿ ਜਾਪ ਤਾਪ ਬਿਸ੍ਰਾਮ ॥
ਕੋ®ੜਾਂ ਜਪਾਂ ਤਪਾਂ (ਦਾ ਫਲ ਉਸ ਦੇ ਅੰਦਰ) ਆ ਵੱਸਦਾ ਹੈ ।
ਰਿਧਿ ਬੁਧਿ ਸਿਧਿ ਸੁਰ ਗਿਆਨ ॥
ਉਹ ਮਨੁੱਖ ਰਿੱਧੀਆਂ ਸਿੱਧੀਆਂ (ਦਾ ਮਾਲਕ ਹੋ ਜਾਂਦਾ ਹੈ) । ਉਸ ਮਨੁੱਖ ਦੀ ਦੇਵਤਿਆਂ ਵਾਲੀ ਸੂਝ-ਬੂਝ ਹੋ ਜਾਂਦੀ ਹੈ, ਉਸ ਦੀ ਬੁੱਧੀ (ਉੱਚੀ ਹੋ ਜਾਂਦੀ ਹੈ)
ਅਨਿਕ ਰੂਪ ਰੰਗ ਭੋਗ ਰਸੈ ॥
ਉਹ (ਮਾਨੋ) ਅਨੇਕਾਂ ਰੂਪਾਂ ਰੰਗਾਂ ਅਤੇ ਮਾਇਕ ਪਦਾਰਥਾਂ ਦਾ ਰਸ ਮਾਣਦਾ ਹੈ ।
ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥੧॥
(ਹੇ ਭਾਈ!) ਗੁਰੂ ਦੀ ਰਾਹੀਂ (ਜਿਸ ਮਨੁੱਖ ਦੇ) ਹਿਰਦੇ ਵਿਚ ਅੱਖ ਦੇ ਫੋਰ ਜਿਤਨੇ ਸਮੇ ਵਾਸਤੇ ਭੀ ਹਰਿ-ਨਾਮ ਵੱਸਦਾ ਹੈ ।੧।
ਹਰਿ ਕੇ ਨਾਮ ਕੀ ਵਡਿਆਈ ॥
(ਹੇ ਭਾਈ!) ਪਰਮਾਤਮਾ ਦੇ ਨਾਮ ਦੀ ਮਹੱਤਤਾ ਦੱਸੀ ਨਹੀਂ ਜਾ ਸਕਦੀ,
ਕੀਮਤਿ ਕਹਣੁ ਨ ਜਾਈ ॥੧॥ ਰਹਾਉ ॥
ਹਰਿ-ਨਾਮ ਦਾ ਮੁੱਲ ਪਾਇਆ ਨਹੀਂ ਜਾ ਸਕਦਾ ।੧।ਰਹਾਉ।
ਸੂਰਬੀਰ ਧੀਰਜ ਮਤਿ ਪੂਰਾ ॥
ਉਹ (ਵਿਕਾਰਾਂ ਦੇ ਟਾਕਰੇ ਤੇ) ਸੂਰਮਾ ਹੈ ਬਹਾਦਰ ਹੈ, ਪੂਰੀ ਅਕਲ ਅਤੇ ਧੀਰਜ ਦਾ ਮਾਲਕ ਹੋ ਜਾਂਦਾ ਹੈ,