Sri Guru Granth Sahib Ji — Ang 883 (punjabi)
ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥
ਹੇ ਭਾਈ! ਜਿਸ ਪਰਮਾਤਮਾ ਨੇ (ਇਹ ਖੇਲ) ਬਣਾਇਆ ਹੈ ਉਹੀ (ਇਸ ਨੂੰ ਚਲਾਣਾ) ਜਾਣਦਾ ਹੈ, ਉਸ ਪਰਮਾਤਮਾ ਦਾ ਟਿਕਾਣਾ ਅਪਹੁੰਚ ਹੈ (ਜੀਵ ਉਸ ਪਰਮਾਤਮਾ ਦੀ ਰਜ਼ਾ ਨੂੰ ਸਮਝ ਨਹੀਂ ਸਕਦਾ) ।
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥੪॥੧॥
ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰਾ ਦਾਸ ਹਾਂ (ਮੇਹਰ ਕਰ) ਮੈਂ ਤੇਰੀ ਭਗਤੀ ਕਰਦਾ ਰਹਾਂ, ਮੈਂ ਤੇਰੇ ਗੁਣ ਗਾਂਦਾ ਰਹਾਂ ।੪।੧।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਪਵਹੁ ਚਰਣਾ ਤਲਿ ਊਪਰਿ ਆਵਹੁ ਐਸੀ ਸੇਵ ਕਮਾਵਹੁ ॥
ਹੇ ਸੰਤ ਜਨੋ! ਸਭਨਾਂ ਦੇ ਚਰਨਾਂ ਹੇਠ ਪਏ ਰਹੋ । ਜੇ ਇਹੋ ਜਿਹੀ ਸੇਵਾ-ਭਗਤੀ ਦੀ ਕਮਾਈ ਕਰੋਗੇ, ਤਾਂ ਉੱਚੇ ਜੀਵਨ ਵਾਲੇ ਬਣ ਜਾਉਗੇ ।
ਆਪਸ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥੧॥
ਜਦੋਂ ਤੁਸੀਂ ਸਭਨਾਂ ਨੂੰ ਆਪਣੇ ਨਾਲੋਂ ਚੰਗੇ ਸਮਝਣ ਲੱਗ ਪਵੋਗੇ, ਤਾਂ ਪਰਮਾਤਮਾ ਦੀ ਹਜ਼ੂਰੀ ਵਿਚ (ਟਿਕੇ ਰਹਿ ਕੇ) ਆਨੰਦ ਮਾਣੋਗੇ ।੧।
ਸੰਤਹੁ ਐਸੀ ਕਥਹੁ ਕਹਾਣੀ ॥ ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥੧॥ ਰਹਾਉ ॥
ਹੇ ਸੰਤ ਜਨੋ! ਇਹੋ ਜਿਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹੋ, ਗੁਰੂ ਦੀ ਸਰਨ ਪੈ ਕੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਰਹੋ, ਜਿਸ ਦੀ ਬਰਕਤਿ ਨਾਲ ਦੇਵਤੇ ਮਨੁੱਖ ਸਭ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ।੧।ਰਹਾਉ।
ਪਰਪੰਚੁ ਛੋਡਿ ਸਹਜ ਘਰਿ ਬੈਸਹੁ ਝੂਠਾ ਕਹਹੁ ਨ ਕੋਈ ॥
ਹੇ ਸੰਤ ਜਨੋ! ਮਾਇਆ ਦਾ ਮੋਹ ਛੱਡ ਕੇ ਕਿਸੇ ਨੂੰ ਭੈੜਾ ਨਾਹ ਆਖਿਆ ਕਰੋ, (ਇਸ ਤਰ੍ਹਾਂ) ਆਤਮਕ ਅਡੋਲਤਾ ਵਿਚ ਟਿਕੇ ਰਹੋ ।
ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥੨॥
ਗੁਰੂ ਦੀ ਸਰਨ ਪਏ ਰਹੋ । ਇਸ ਤਰ੍ਹਾਂ ਸਹੀ ਜੀਵਨ-ਰਾਹ ਲੱਭ ਕੇ ਦੁਨੀਆ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਕਰ ਲਵੋਗੇ (ਭਾਵ, ਮਾਇਆ ਦੇ ਮੋਹ ਤੋਂ ਖ਼ਲਾਸੀ ਹਾਸਲ ਕਰ ਲਵੋਗੇ । ਬੇ-ਮੁਥਾਜ ਹੋ ਜਾਉਗੇ) ।੨।
ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਪ੍ਰੀਤ ਜੋੜੋ, (ਮਨ ਵਿਚੋਂ) ਭਟਕਣਾ ਦੂਰ ਕਰੋ, ਆਪਣੇ ਆਪ ਦੀ ਪਛਾਣ ਕਰੋ (ਆਪਣੇ ਜੀਵਨ ਨੂੰ ਪੜਤਾਲਦੇ ਰਹੋ) ।
ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥੩॥
ਪਰਮਾਤਮਾ ਨੂੰ ਸਦਾ ਆਪਣੇ ਨੇੜੇ ਪ੍ਰਤੱਖ ਅੰਗ-ਸੰਗ ਵੱਸਦਾ ਸਮਝੋ, (ਫਿਰ) ਕਿਸੇ ਨਾਲ ਭੀ ਕੋਈ ਭੈੜ ਨਹੀਂ ਕਰ ਸਕੋਗੇ (ਇਹੀ ਹੈ ਸਹੀ ਜੀਵਨ-ਰਾਹ) ।੩।
ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥
ਹੇ ਭਾਈ! ਜੇ ਗੁਰੂ ਮਿਲ ਪਏ, ਤਾਂ (ਜ਼ਿੰਦਗੀ ਦਾ) ਰਸਤਾ ਖੁਲ੍ਹਾ (ਵਿਕਾਰਾਂ ਦੀਆਂ ਰੁਕਾਵਟਾਂ ਤੋਂ ਸੁਤੰਤਰ) ਹੋ ਜਾਂਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੋ ਜਾਂਦੀ ਹੈ, ਇਸ) ਆਤਮਕ ਅਡੋਲਤਾ ਵਿਚ ਮਾਲਕ-ਪ੍ਰਭੂ ਮਿਲ ਪੈਂਦਾ ਹੈ ।
ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥੪॥੨॥
ਉਹ ਮਨੁੱਖ ਭਾਗਾਂ ਵਾਲੇ ਹਨ, ਜਿਨ੍ਹਾਂ ਨੇ ਇਸ ਜੀਵਨ ਵਿਚ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ । ਹੇ ਦਾਸ ਨਾਨਕ! (ਆਖ—ਮੈਂ ਉਹਨਾਂ ਤੋਂ) ਸਦਾ ਸਦਕੇ ਜਾਂਦਾ ਹਾਂ ।੪।੨।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥
ਹੁਣ ਜੇ ਕੋਈ ਮਾਇਕ ਲਾਭ ਹੋਵੇ ਤਾਂ ਖ਼ੁਸ਼ੀ ਆਪਣਾ ਜ਼ੋਰ ਨਹੀਂ ਪਾਂਦੀ, ਜੇ ਕੋਈ ਨੁਕਸਾਨ ਹੋ ਜਾਏ ਤਾਂ ਦੁੱਖ ਨਹੀਂ ਵਾਪਰਦਾ, ਕੋਈ ਭੀ ਚਿੰਤਾ ਆਪਣਾ ਦਬਾਉ ਨਹੀਂ ਪਾ ਸਕਦੀ ।
ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥੧॥
ਹੇ ਭਾਈ! ਜਦੋਂ ਤੋਂ (ਮੈਨੂੰ) ਪੂਰਾ ਗੁਰੂ ਮਿਲਿਆ ਹੈ, ਤਦੋਂ ਤੋਂ (ਮੇਰੇ ਅੰਦਰੋਂ ਪ੍ਰਭੂ ਨਾਲੋਂ) ਸਾਰੀ ਵਿੱਥ ਮੁੱਕ ਚੁਕੀ ਹੈ, (ਮੇਰੇ ਅੰਦਰ) ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ।੧।
ਇਹ ਬਿਧਿ ਹੈ ਮਨੁ ਜੋਗਨੀ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰਾ) ਮਨ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਜੁੜਿਆ ਹੋਇਆ ਹੈ,
ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥੧॥ ਰਹਾਉ ॥
ਕਿ ਇਸ ਉੱਤੇ ਮੋਹ, ਗ਼ਮ, ਰੋਗ, ਲੋਕ-ਲਾਜ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ । ਇਸ ਅਵਸਥਾ ਵਿਚ (ਇਹ ਮੇਰਾ ਮਨ) ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣ ਰਿਹਾ ਹੈ ।੧।ਰਹਾਉ।
ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੇਰੇ ਇਸ ਮਨ ਨੂੰ) ਸੁਰਗ, ਮਾਤ-ਲੋਕ, ਪਾਤਾਲ (ਇਕੋ ਜਿਹੇ ਹੀ) ਪਵਿੱਤਰ ਦਿੱਸ ਰਹੇ ਹਨ, ਕੋਈ ਲੋਕ-ਲਾਜ ਭੀ ਨਹੀਂ ਪੋਂਹਦੀ ।
ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥੨॥
(ਗੁਰੂ ਦੀ) ਆਗਿਆ ਵਿਚ ਰਹਿ ਕੇ (ਮੇਰਾ ਮਨ) ਸਦਾ ਆਨੰਦ ਮਾਣ ਰਿਹਾ ਹੈ । ਹੁਣ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਸਾਰੇ ਗੁਣਾਂ ਦਾ ਮਾਲਕ-ਪ੍ਰਭੂ ਹੀ ਮੈਨੂੰ ਦਿੱਸਦਾ ਹੈ ।੨।
ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥
ਹੁਣ ਇਸ ਮਨ ਵਿਚ ਰਿੱਧੀਆਂ ਸਿੱਧੀਆਂ, ਤੀਰਥ-ਇਸ਼ਨਾਨ, ਪ੍ਰਾਣਾਯਾਮ, ਸੰਸਾਰਕ ਰੂਪ, ਧਰਤੀ ਦੇ ਪਦਾਰਥ ਕੋਈ ਭੀ ਨਹੀਂ ਟਿਕ ਸਕਦੇ
ਸਤਿਗੁਰ ਜੋਗ ਕਾ ਤਹਾ ਨਿਵਾਸਾ ਜਹ ਅਵਿਗਤ ਨਾਥੁ ਅਗਮ ਧਨੀ ॥੩॥
ਹੇ ਭਾਈ! ਹੁਣ ਮੇਰੇ ਇਸ ਮਨ ਵਿਚ ਗੁਰੂ ਦੇ ਮਿਲਾਪ ਦਾ ਸਦਾ ਲਈ ਨਿਵਾਸ ਹੋ ਗਿਆ ਹੈ, ਅਦ੍ਰਿਸ਼ਟ ਅਪਹੁੰਚ ਮਾਲਕ ਖਸਮ-ਪ੍ਰਭੂ ਭੀ ਉਥੇ ਹੀ ਵੱਸਦਾ ਦਿੱਸ ਪਿਆ ਹੈ । ।੩।
ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥
(ਹੁਣ ਮੈਨੂੰ ਸਮਝ ਆ ਗਈ ਹੈ ਕਿ) ਇਹ ਸਰੀਰ, ਇਹ ਜਿੰਦ, ਇਹ ਧਨ ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ (ਉਹ ਬੜਾ ਬਖ਼ਸ਼ਿੰਦ ਹੈ) ਮੈਂ ਉਸ ਦੇ ਕੇਹੜੇ ਕੇਹੜੇ ਗੁਣ ਬਿਆਨ ਕਰ ਸਕਦਾ ਹਾਂ?
ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥੪॥੩॥
ਹੇ ਨਾਨਕ! ਆਖ—(ਹੇ ਭਾਈ!) ਗੁਰੂ ਨੇ (ਮੇਰੇ ਮਨ ਵਿਚੋਂ) ਮੇਰ-ਤੇਰ ਮੁਕਾ ਦਿੱਤੀ ਹੈ (ਮੈਂ ਹੁਣ ਪ੍ਰਭੂ-ਚਰਨਾਂ ਵਿਚ ਇਉਂ ਮਿਲ ਗਿਆ ਹਾਂ, ਜਿਵੇਂ) ਪਾਣੀ ਵਿਚ ਪਾਣੀ ਮਿਲ ਜਾਂਦਾ ਹੈ ।੪।੩।
ਰਾਮਕਲੀ ਮਹਲਾ ੫ ॥
ਰਾਮਕਲੀ ਪੰਜਵੀਂ ਪਾਤਿਸ਼ਾਹੀ।
ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥
ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ) ।
ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥
ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ । ਉਹ ਪਦਾਰਥ ਹੈ—ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ ।੧।
ਅਚਰਜੁ ਕਿਛੁ ਕਹਣੁ ਨ ਜਾਈ ॥
ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ ।
ਬਸਤੁ ਅਗੋਚਰ ਭਾਈ ॥੧॥ ਰਹਾਉ ॥
(ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ।੧।ਰਹਾਉ।
ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥
ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ । ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ । (ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ ।
ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥
ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ।੨।
ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥
ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ । ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ ।
ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥
ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ । ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ—ਇਹ ਗੱਲ ਉਹ ਆਪ ਹੀ ਜਾਣਦਾ ਹੈ ।੩।
ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥
ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹ।
ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥
ਹੇ ਨਾਨਕ! ਆਖ—ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) । ਹੁਣ ਮੈਂ (ਮਾਇਆ ਦੀ ਤਿ®ਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ ।੪।੪।