Sri Guru Granth Sahib Ji — Ang 879 (punjabi)
ਐਸਾ ਗਿਆਨੁ ਬੀਚਾਰੈ ਕੋਈ ॥
ਅਜੇਹਾ ਗਿਆਨ ਕੋਈ ਵਿਰਲਾ (ਗੁਰਮੁਖਿ) ਵਿਚਾਰਦਾ ਹੈ
ਤਿਸ ਤੇ ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥
ਉਸ (ਸਰਬ-ਸਿਰਜਣਹਾਰ ਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ) ਦੀ ਬਰਕਤਿ ਨਾਲ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ ।੧।ਰਹਾਉ।
ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥
ਦਿਨ (ਦੇ ਚਾਨਣ) ਵਿਚ ਰਾਤ (ਦਾ ਹਨੇਰਾ) ਲੀਨ ਹੋ ਜਾਂਦਾ ਹੈ, ਰਾਤ (ਦੇ ਹਨੇਰੇ) ਵਿਚ ਸੂਰਜ (ਦਾ ਚਾਨਣ) ਮੁੱਕ ਜਾਂਦਾ ਹੈ । ਇਹੀ ਹਾਲਤ ਹੈ ਗਰਮੀ ਦੀ ਤੇ ਠੰਢ ਦੀ (ਕਦੇ ਗਰਮੀ ਹੈ ਕਦੇ ਠੰਢ, ਕਿਤੇ ਗਰਮੀ ਹੈ ਕਿਤੇ ਠੰਢ)—(ਇਹ ਸਾਰੀ ਖੇਡ ਉਸ ਪਰਮਾਤਮਾ ਦੀ ਕੁਦਰਤਿ ਦੀ ਹੈ) ।
ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥੨॥
ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਜਾਣਦਾ । ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ (ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ) ।੨।
ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥
ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ ।
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥੩॥
ਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ । ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਆਪਣੀ ਸੁਰਤਿ ਜੋੜਦਾ ਹੈ ਤੇ ਉਸ ਸੁਰਤਿ ਵਿਚੋਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ ।੩।
ਮਨ ਮਹਿ ਜੋਤਿ ਜੋਤਿ ਮਹਿ ਮਨੂਆ ਪੰਚ ਮਿਲੇ ਗੁਰ ਭਾਈ ॥
ਉਹਨਾਂ ਦੇ ਮਨ ਵਿਚ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ, ਪਰਮਾਤਮਾ ਦੀ ਯਾਦ ਵਿਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ, ਉਹਨਾਂ ਦੇ ਪੰਜੇ ਗਿਆਨ-ਇੰਦ੍ਰੇ ਇਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ
ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥੪॥੯॥
ਹੇ ਨਾਨਕ! (ਆਖ—) ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸੁਰਤਿ ਜੋੜੀ ਹੈ ।੪।੯।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਜਾ ਹਰਿ ਪ੍ਰਭਿ ਕਿਰਪਾ ਧਾਰੀ ॥
ਜਦੋਂ ਹਰਿ ਪ੍ਰਭੂ ਨੇ ਆਪ (ਕਿਸੇ ਜੀਵ ਉਤੇ) ਮੇਹਰ ਕੀਤੀ,
ਤਾ ਹਉਮੈ ਵਿਚਹੁ ਮਾਰੀ ॥
ਤਦੋਂ ਹੀ ਜੀਵ ਨੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ ।
ਸੋ ਸੇਵਕਿ ਰਾਮ ਪਿਆਰੀ ॥ ਜੋ ਗੁਰ ਸਬਦੀ ਬੀਚਾਰੀ ॥੧॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜੀ (ਜਿੰਦ-) ਦਾਸੀ ਵਿਚਾਰਵਾਨ ਹੋ ਗਈ (ਤੇ ਆਪਣੇ ਅੰਦਰੋਂ ਹਉਮੈ ਲੋਕ-ਲਾਜ ਮਾਰ ਸਕੀ) ਉਹ ਦਾਸੀ ਪਰਮਾਤਮਾ ਨੂੰ ਚੰਗੀ ਲੱਗਣ ਲੱਗ ਪਈ ।੧।
ਸੋ ਹਰਿ ਜਨੁ ਹਰਿ ਪ੍ਰਭ ਭਾਵੈ ॥
ਪਰਮਾਤਮਾ ਦਾ ਉਹ ਸੇਵਕ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ,
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥੧॥ ਰਹਾਉ ॥
ਜੋ ਲੋਕ-ਲਾਜ (ਹਉਮੈ) ਛੱਡ ਕੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਹੈ ।੧।ਰਹਾਉ।
ਧੁਨਿ ਵਾਜੇ ਅਨਹਦ ਘੋਰਾ ॥
(ਮੇਰੇ ਉਤੇ ਗੁਰੂ ਨੇ ਮੇਹਰ ਕੀਤੀ, ਮੇਰਾ ਮਨ ਗੁਰੂ ਦੇ ਸ਼ਬਦ ਵਿਚ ਜੁੜਿਆ, ਅੰਦਰ ਐਸਾ ਆਨੰਦ ਬਣਿਆ, ਮਾਨੋ,) ਇੱਕ-ਰਸ ਵੱਜ ਰਹੇ ਵਾਜਿਆਂ ਦੀ ਗੰਭੀਰ ਮਿੱਠੀ ਸੁਰ ਸੁਣਾਈ ਦੇਣ ਲੱਗ ਪਈ ।
ਮਨੁ ਮਾਨਿਆ ਹਰਿ ਰਸਿ ਮੋਰਾ ॥
ਮੇਰਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੁਆਦ ਵਿਚ ਮਗਨ ਹੋ ਗਿਆ ਹੈ ।
ਗੁਰ ਪੂਰੈ ਸਚੁ ਸਮਾਇਆ ॥
ਪੂਰੇ ਗੁਰੂ ਦੀ ਰਾਹੀਂ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮੇਰੇ ਮਨ ਵਿਚ) ਰਚ ਗਿਆ ਹੈ,
ਗੁਰੁ ਆਦਿ ਪੁਰਖੁ ਹਰਿ ਪਾਇਆ ॥੨॥
ਮੈਨੂੰ ਸਭ ਤੋਂ ਵੱਡੀ ਹਸਤੀ ਵਾਲਾ ਸਭ ਦਾ ਮੁੱਢ ਸਭ ਵਿਚ ਵਿਆਪਕ ਪ੍ਰਭੂ ਮਿਲ ਪਿਆ ਹੈ ।੨।
ਸਭਿ ਨਾਦ ਬੇਦ ਗੁਰਬਾਣੀ ॥
ਗੁਰੂ ਦੀ ਬਾਣੀ ਦੀ ਰਾਹੀਂ ਜਿਸ ਮਨੁੱਖ ਦਾ ਮਨ ਪਰਮਾਤਮਾ (ਦੇ ਪਿਆਰ) ਵਿਚ ਰੰਗਿਆ ਜਾਂਦਾ ਹੈ,
ਮਨੁ ਰਾਤਾ ਸਾਰਿਗਪਾਣੀ ॥
ਉਸ ਨੂੰ ਜੋਗੀਆਂ ਦੇ ਸਿੰਙੀ ਆਦਿਕ ਸਾਰੇ ਵਾਜੇ ਤੇ ਹਿੰਦੂ ਮਤ ਦੇ ਵੇਦ ਆਦਿਕ ਧਰਮ-ਪੁਸਤਕ ਸਭ ਗੁਰੂ ਦੀ ਬਾਣੀ ਵਿਚ ਹੀ ਆ ਜਾਂਦੇ ਹਨ (ਭਾਵ, ਗੁਰਬਾਣੀ ਦੇ ਟਾਕਰੇ ਤੇ ਉਸ ਨੂੰ ਇਹਨਾਂ ਦੀ ਲੋੜ ਨਹੀਂ ਰਹਿ ਜਾਂਦੀ) ।
ਤਹ ਤੀਰਥ ਵਰਤ ਤਪ ਸਾਰੇ ॥
(ਜਿਸ ਆਤਮਕ ਅਵਸਥਾ ਵਿਚ ਉਹ ਪਹੁੰਚਦਾ ਹੈ) ਉਥੇ ਸਾਰੇ ਤੀਰਥ-ਇਸ਼ਨਾਨ ਸਾਰੇ ਵਰਤ ਤੇ ਤਪ ਭੀ ਉਸ ਨੂੰ ਮਿਲਿਆਂ ਬਰਾਬਰ ਹੋ ਜਾਂਦੇ ਹਨ ।
ਗੁਰ ਮਿਲਿਆ ਹਰਿ ਨਿਸਤਾਰੇ ॥੩॥
ਜੇਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ।੩।
ਜਹ ਆਪੁ ਗਇਆ ਭਉ ਭਾਗਾ ॥
ਜਿਸ ਹਿਰਦੇ ਵਿਚੋਂ ਆਪਾ-ਭਾਵ ਦੂਰ ਹੋ ਗਿਆ, ਉਥੋਂ ਹੋਰ ਸਭ ਡਰ-ਸਹਿਮ ਭੱਜ ਗਿਆ,
ਗੁਰ ਚਰਣੀ ਸੇਵਕੁ ਲਾਗਾ ॥
ਉਹ ਸੇਵਕ ਗੁਰੂ ਦੇ ਚਰਨਾਂ ਵਿਚ ਹੀ ਲੀਨ ਹੋ ਗਿਆ ।
ਗੁਰਿ ਸਤਿਗੁਰਿ ਭਰਮੁ ਚੁਕਾਇਆ ॥
ਉਸ ਦੀ (ਮਾਇਆ ਆਦਿਕ ਵਲ ਦੀ ਸਾਰੀ) ਭਟਕਣਾ ਗੁਰੂ ਨੇ ਦੂਰ ਕਰ ਦਿੱਤੀ,
ਕਹੁ ਨਾਨਕ ਸਬਦਿ ਮਿਲਾਇਆ ॥੪॥੧੦॥
ਹੇ ਨਾਨਕ! ਆਖ—ਜਿਸ ਮਨੁੱਖ ਨੂੰ ਗੁਰੂ ਨੇ ਆਪਣੇ ਸ਼ਬਦ ਵਿਚ ਜੋੜ ਲਿਆ ।੪।੧੦।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਛਾਦਨੁ ਭੋਜਨੁ ਮਾਗਤੁ ਭਾਗੈ ॥
(ਪਰ ਜੇਹੜਾ ਜੋਗੀ) ਅੰਨ ਬਸਤ® (ਹੀ) ਮੰਗਦਾ ਫਿਰਦਾ ਹ।
ਖੁਧਿਆ ਦੁਸਟ ਜਲੈ ਦੁਖੁ ਆਗੈ ॥
ਇਥੇ ਚੰਦਰੀ ਭੁੱਖ (ਦੀ ਅੱਗ) ਵਿਚੋਂ ਸੜਦਾ ਰਹਿੰਦਾ ਹੈ (ਕੋਈ ਆਤਮਕ ਪੂੰਜੀ ਤਾਂ ਬਣਾਂਦਾ ਹੀ ਨਹੀਂ, ਇਸ ਵਾਸਤੇ) ਅਗਾਂਹ (ਪਰਲੋਕ ਵਿਚ ਭੀ) ਦੁੱਖ ਪਾਂਦਾ ਹੈ ।
ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥
ਜਿਸ (ਜੋਗੀ) ਨੇ ਗੁਰੂ ਦੀ ਮਤਿ ਨਾਹ ਲਈ ਉਸ ਨੇ ਭੈੜੀ ਮੱਤੇ ਲੱਗ ਕੇ ਆਪਣੀ ਇੱਜ਼ਤ ਗਵਾ ਲਈ ।
ਗੁਰਮਤਿ ਭਗਤਿ ਪਾਵੈ ਜਨੁ ਕੋਈ ॥੧॥
ਕੋਈ ਕੋਈ (ਵਡ-ਭਾਗੀ) ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਦਾ ਲਾਹਾ ਖੱਟਦਾ ਹੈ ।੧।
ਜੋਗੀ ਜੁਗਤਿ ਸਹਜ ਘਰਿ ਵਾਸੈ ॥
ਅਸਲ ਜੋਗੀ ਦੀ ਰਹਿਤ-ਬਹਿਤ ਇਹ ਹੈ ਕਿ ਉਹ ਅਡੋਲਤਾ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਸਦਾ ਸ਼ਾਂਤ ਰਹਿੰਦਾ ਹੈ) ।
ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥
ਉਹ ਸਮਾਨ ਨਿਗਾਹ ਨਾਲ (ਸਭ ਜੀਵਾਂ ਵਿਚ) ਇੱਕ ਪਰਮਾਤਮਾ ਨੂੰ ਹੀ ਰਮਿਆ ਹੋਇਆ ਵੇਖਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪੇ੍ਰਮ-ਭਿੱਛਿਆ ਨਾਲ ਆਪਣੀ (ਆਤਮਕ) ਭੁੱਖ ਮਿਟਾਂਦਾ ਹੈ (ਆਪਣੇ ਮਨ ਨੂੰ ਤਿ®ਸ਼ਨਾ ਵਲੋਂ ਬਚਾਈ ਰੱਖਦਾ ਹੈ) ।੧।ਰਹਾਉ।
ਪੰਚ ਬੈਲ ਗਡੀਆ ਦੇਹ ਧਾਰੀ ॥
ਮਨੁੱਖਾ ਸਰੀਰ, ਮਾਨੋ, ਇਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ (ਗਿਆਨ-ਇੰਦ®ੇ) ਬੈਲ ਚਲਾ ਰਹੇ ਹਨ ।
ਰਾਮ ਕਲਾ ਨਿਬਹੈ ਪਤਿ ਸਾਰੀ ॥
ਜਤਨਾ ਚਿਰ ਇਸ ਵਿਚ ਸਰਬ-ਵਿਆਪਕ ਪ੍ਰਭੂ ਦੀ ਜੋਤਿ-ਸੱਤਾ ਮੌਜੂਦ ਹੈ, ਇਸ ਦਾ ਸਾਰਾ ਆਦਰ ਬਣਿਆ ਰਹਿੰਦਾ ਹੈ ।
ਧਰ ਤੂਟੀ ਗਾਡੋ ਸਿਰ ਭਾਰਿ ॥
(ਜਿਵੇਂ) ਜਦੋਂ ਗੱਡੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ ਗੱਡਾ ਸਿਰ-ਪਰਨੇ ਹੋ ਜਾਂਦਾ ਹੈ (ਨਕਾਰਾ ਹੋ ਜਾਂਦਾ ਹੈ)
ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥
ਉਸ ਦੀਆਂ ਲੱਕੜਾਂ ਖਿਲਰ ਜਾਂਦੀਆਂ ਹਨ (ਉਸ ਦੇ ਅੰਗ ਵੱਖ ਵੱਖ ਹੋ ਜਾਂਦੇ ਹਨ), ਉਹ ਆਪਣੇ ਵਿਚਲੇ ਲੱਦੇ ਹੋਏ ਭਾਰ ਹੇਠ ਹੀ ਦੱਬਿਆ ਪਿਆ ਗਲ-ਸੜ ਜਾਂਦਾ ਹੈ (ਤਿਵੇਂ ਜਦੋਂ ਗੁਰ-ਸ਼ਬਦ ਦੀ ਅਗਵਾਈ ਤੋਂ ਬਿਨਾ ਗਿਆਨ-ਇੰਦ®ੇ ਆਪ-ਹੁਦਰੇ ਹੋ ਜਾਂਦੇ ਹਨ, ਮਨੁੱਖਾ ਜੀਵਨ ਦੀ ਪੱਧਰੀ ਚਾਲ ਉਲਟ-ਪੁਲਟ ਹੋ ਜਾਂਦੀ ਹੈ, ਸਿਮਰਨ-ਰ
ਗੁਰ ਕਾ ਸਬਦੁ ਵੀਚਾਰਿ ਜੋਗੀ ॥
ਹੇ ਜੋਗੀ! ਤੂੰ ਗੁਰੂ ਦੇ ਸ਼ਬਦ ਨੂੰ ਸਮਝ (ਉਸ ਸ਼ਬਦ ਦੀ ਅਗਵਾਈ ਵਿਚ)
ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥
ਦੁਖ ਸੁਖ ਨੂੰ, ਨਿਰਾਸਤਾ-ਭਰੇ ਗ਼ਮ ਅਤੇ ਆਸਾਂ-ਭਰੇ ਦੁੱਖ ਨੂੰ ਇੱਕ-ਸਮਾਨ ਸਹਾਰਨ (ਦੀ ਜਾਚ ਸਿੱਖ) ।
ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚਿੱਤ ਵਿਚ ਵਸਾ—ਇਹ ਤੇਰਾ ਭੰਡਾਰਾ ਬਣੇ (ਇਹ ਤੇਰੇ ਆਤਮਾ ਦੀ ਖ਼ੁਰਾਕ ਬਣੇ) ।
ਅਸਥਿਰੁ ਕੰਧੁ ਜਪੈ ਨਿਰੰਕਾਰੀ ॥੩॥
ਨਿਰੰਕਾਰ ਦਾ ਨਾਮ ਜਪ, (ਇਸ ਦੀ ਬਰਕਤਿ ਨਾਲ) ਗਿਆਨ ਇੰਦ੍ਰੇ ਵਿਕਾਰਾਂ ਵਲ ਡੋਲਣੋਂ ਬਚੇ ਰਹਿਣਗੇ ।੩।
ਸਹਜ ਜਗੋਟਾ ਬੰਧਨ ਤੇ ਛੂਟਾ ॥
ਜਿਸ ਜੋਗੀ ਨੇ ਮਨ ਦੀ ਅਡੋਲਤਾ ਨੂੰ ਆਪਣੇ ਲੱਕ ਨਾਲ ਬੰਨ੍ਹਣ ਵਾਲਾ ਉੱਨ ਦਾ ਰੱਸਾ ਬਣਾ ਲਿਆ ਹ।
ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥
ਉਹ ਮਾਇਆ ਦੇ ਬੰਧਨਾਂ ਤੋਂ ਬਚ ਗਿਆ ਹੈ; ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਕਾਮ ਕੋ੍ਰਧ (ਆਦਿਕ) ਨੂੰ ਵੱਸ ਵਿਚ ਕਰ ਲਿਆ ਹੈ ।
ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥
ਜੇਹੜਾ ਜੋਗੀ ਪਰਮਾਤਮਾ ਦੀ ਸਰਨ ਗੁਰੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੇ (ਕੰਨਾਂ ਵਿਚ ਮੁੰਦ੍ਰਾਂ ਪਾਣ ਦੇ ਥਾਂ) ਮਨ ਵਿਚ ਮੁੰਦ੍ਰਾਂ ਪਾ ਲਈਆਂ ਹਨ (ਮਨ ਨੂੰ ਵਿਕਾਰਾਂ ਵਲੋਂ ਬਚਾ ਲਿਆ ਹੈ) ।
ਨਾਨਕ ਰਾਮ ਭਗਤਿ ਜਨ ਤਰਣਾ ॥੪॥੧੧॥
ਹੇ ਨਾਨਕ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਹੜ੍ਹ ਵਿਚੋਂ) ਉਹੀ ਮਨੁੱਖ ਪਾਰ ਲੰਘਦੇ ਹਨ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ।੪।੧੧।