Sri Guru Granth Sahib Ji — Ang 878 (punjabi)
ਛਿਅ ਦਰਸਨ ਕੀ ਸੋਝੀ ਪਾਇ ॥੪॥੫॥
ਇਸ ਤਰ੍ਹਾਂ ਉਸ ਵਿਰਕਤ ਨੂੰ ਛੇ ਹੀ ਭੇਖਾਂ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ (ਭਾਵ, ਉਸ ਨੂੰ ਛੇ ਹੀ ਭੇਖਾਂ ਦੀ ਲੋੜ ਨਹੀਂ ਰਹਿ ਜਾਂਦੀ ਹੈ ।੪।੫।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥
ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ ।
ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥੧॥
(ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ । ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਹ ।੧।
ਗੁਰ ਤਾਰਿ ਤਾਰਣਹਾਰਿਆ ॥
(ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ ।
ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥੧॥ ਰਹਾਉ ॥
ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ । ਮੈਂ ਤੈਥੋਂ ਸਦਕੇ ਜਾਂਦਾ ਹਾਂ ।੧।ਰਹਾਉ।
ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥
ਉਹ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਂਦੇ ਹਨ, ਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ,
ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥੨॥
ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ ।੨।
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥
ਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ । ਮੈਂ ਤੇਰਾ ਨਾਮ ਹੀ ਸਿਮਰਦਾ ਹਾਂ ।
ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥੩॥੬॥
ਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ ।੩।੬।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਸੁਰਤੀ ਸੁਰਤਿ ਰਲਾਈਐ ਏਤੁ ॥
(ਪਹਿਲਾਂ ਤਾਂ) ਇਸ ਮਨੁੱਖਾ ਜਨਮ ਵਿਚ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜਨੀ ਚਾਹੀਦੀ ਹੈ ।
ਤਨੁ ਕਰਿ ਤੁਲਹਾ ਲੰਘਹਿ ਜੇਤੁ ॥
ਸਰੀਰ ਨੂੰ (ਵਿਕਾਰਾਂ ਦੇ ਭਾਰ ਤੋਂ ਬਚਾ ਕੇ ਹੌਲਾ-ਫੁੱਲ ਕਰ ਲੈ, ਅਜੇਹੇ ਸਰੀਰ ਨੂੰ) ਤੁਲਹਾ ਬਣਾ, ਜਿਸ (ਸਰੀਰ) ਦੀ ਸਹੈਤਾ ਨਾਲ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਸਕੇਂਗਾ ।
ਅੰਤਰਿ ਭਾਹਿ ਤਿਸੈ ਤੂ ਰਖੁ ॥
ਤੇਰੇ (ਆਪਣੇ) ਅੰਦਰ ਬ੍ਰਹਮ-ਅਗਨੀ (ਰੱਬੀ ਜੋਤਿ) ਹੈ, ਉਸ ਨੂੰ (ਸੰਭਾਲ ਕੇ) ਰੱਖ,
ਅਹਿਨਿਸਿ ਦੀਵਾ ਬਲੈ ਅਥਕੁ ॥੧॥
(ਇਸ ਤਰ੍ਹਾਂ ਤੇਰੇ ਅੰਦਰ) ਦਿਨ ਰਾਤ ਲਗਾਤਾਰ (ਗਿਆਨ ਦਾ) ਦੀਵਾ ਬਲਦਾ ਰਹੇਗਾ ।੧।
ਐਸਾ ਦੀਵਾ ਨੀਰਿ ਤਰਾਇ ॥
(ਹੇ ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ ਜਿਸ ਦੀਵੇ ਦੀ ਰਾਹੀਂ
ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥
(ਜਿਸ ਦੀਵੇ ਦੇ ਚਾਨਣ ਨਾਲ) ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ ।੧।ਰਹਾਉ।
ਹਛੀ ਮਿਟੀ ਸੋਝੀ ਹੋਇ ॥
(ਜੇ ਸਹੀ ਜੀਵਨ-ਜੁਗਤਿ ਨੂੰ ਸਮਝਣ ਵਾਲੀ) ਸੁਚੱਜੀ ਅਕਲ ਦੀ ਮਿੱਟੀ ਹੋਵੇ,
ਤਾ ਕਾ ਕੀਆ ਮਾਨੈ ਸੋਇ ॥
ਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪਰਮਾਤਮਾ ਪਰਵਾਨ ਕਰਦਾ ਹੈ ।
ਕਰਣੀ ਤੇ ਕਰਿ ਚਕਹੁ ਢਾਲਿ ॥
(ਹੇ ਭਾਈ!) ਉੱਚੇ ਆਚਰਨ (ਦੀ ਲੱਕੜੀ) ਤੋਂ (ਚੱਕ) ਬਣਾ ਕੇ (ਉਸ) ਚੱਕ ਤੋਂ (ਦੀਵਾ) ਘੜ ।
ਐਥੈ ਓਥੈ ਨਿਬਹੀ ਨਾਲਿ ॥੨॥
ਇਹ ਦੀਵਾ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰਾ ਸਾਥ ਨਿਬਾਹੇਗਾ (ਜੀਵਨ-ਸਫ਼ਰ ਵਿਚ ਤੇਰੀ ਰਾਹਬਰੀ ਕਰੇਗਾ) ।੨।
ਆਪੇ ਨਦਰਿ ਕਰੇ ਜਾ ਸੋਇ ॥
ਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਇਸ ਆਤਮਕ ਦੀਵੇ ਦੇ ਭੇਤ ਨੂੰ) ਸਮਝ ਲੈਂਦਾ ਹੈ,
ਗੁਰਮੁਖਿ ਵਿਰਲਾ ਬੂਝੈ ਕੋਇ ॥
ਪਰ ਸਮਝਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੈ ।
ਤਿਤੁ ਘਟਿ ਦੀਵਾ ਨਿਹਚਲੁ ਹੋਇ ॥
ਅਜੇਹੇ ਮਨੁੱਖ ਦੇ ਹਿਰਦੇ ਵਿਚ (ਇਹ ਆਤਮਕ) ਦੀਵਾ ਟਿਕਵਾਂ (ਰਹਿ ਕੇ ਜਗਦਾ) ਹੈ ।
ਪਾਣੀ ਮਰੈ ਨ ਬੁਝਾਇਆ ਜਾਇ ॥
(ਇਹ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਦੀਵਾ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਹੀ ਇਹ ਦੀਵਾ ਬੁਝਾਇਆ ਜਾ ਸਕਦਾ ਹੈ ।
ਐਸਾ ਦੀਵਾ ਨੀਰਿ ਤਰਾਇ ॥੩॥
ਹੇ ਭਾਈ! ਤੂੰ ਭੀ ਇਹੋ ਜਿਹਾ (ਆਤਮਕ ਜੀਵਨ-ਦਾਤਾ) ਦੀਵਾ (ਰੋਜ਼ਾਨਾ ਜੀਵਨ ਦੀ ਨਦੀ ਦੇ) ਪਾਣੀ ਵਿਚ ਤਾਰ ।੩।
ਡੋਲੈ ਵਾਉ ਨ ਵਡਾ ਹੋਇ ॥
(ਕਿਤਨਾ ਹੀ ਵਿਕਾਰਾਂ ਦਾ) ਝੱਖੜ ਝੁੱਲੇ, ਇਹ (ਆਤਮਕ ਚਾਨਣ ਦੇਣ ਵਾਲਾ ਦੀਵਾ) ਡੋਲਦਾ ਨਹੀਂ, ਇਹ (ਆਤਮਕ ਦੀਵਾ) ਬੁੱਝਦਾ ਨਹੀਂ ।
ਜਾਪੈ ਜਿਉ ਸਿੰਘਾਸਣਿ ਲੋਇ ॥
(ਇਸ ਦੀਵੇ ਦੇ) (ਚਾਨਣ ਨਾਲ) ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪ੍ਰਤੱਖ ਦਿੱਸ ਪੈਂਦਾ ਹੈ ।
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥
ਕੋਈ ਖਤ੍ਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ,
ਨਿਰਤਿ ਨ ਪਾਈਆ ਗਣੀ ਸਹੰਸ ॥
(ਨਿਰੇ ਇਹ ਚਾਰੇ ਵਰਨ ਨਹੀਂ) ਮੈਂ ਜੇ ਹਜ਼ਾਰਾਂ ਹੀ ਜਾਤੀਆਂ ਗਿਣੀ ਜਾਵਾਂ ਜਿਨ੍ਹਾਂ ਦੀ ਗਿਣਤੀ ਦਾ ਲੇਖਾ ਮੁੱਕ ਨਾਹ ਸਕੇ—
ਐਸਾ ਦੀਵਾ ਬਾਲੇ ਕੋਇ ॥
(ਇਹਨਾਂ ਵਰਨਾਂ ਜਾਤੀਆਂ ਵਿਚ ਜੰਮਿਆ ਹੋਇਆ) ਜੇਹੜਾ ਭੀ ਜੀਵ ਇਹੋ ਜਿਹਾ (ਆਤਮਕ ਚਾਨਣ ਦੇਣ ਵਾਲਾ) ਦੀਵਾ ਜਗਾਏਗਾ,
ਨਾਨਕ ਸੋ ਪਾਰੰਗਤਿ ਹੋਇ ॥੪॥੭॥
ਹੇ ਨਾਨਕ! ਉਸ ਦੀ ਆਤਮਕ ਅਵਸਥਾ ਅਜੇਹੀ ਬਣ ਜਾਇਗੀ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਇਗਾ ।੪।੭।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥
(ਹੇ ਪ੍ਰਭੂ!) ਤੇਰੇ ਨਾਮ ਨਾਲ ਡੂੰਘੀ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਵਾਣਾ ਹੈ,
ਸਾਚੁ ਭੇਟ ਬੈਸਣ ਕਉ ਥਾਉ ॥
ਤੇਰੀ ਸਿਫ਼ਤਿ-ਸਾਲਾਹ (ਤੇਰੇ ਦਰ ਤੇ ਪਰਵਾਨ ਹੋਣੀ ਵਾਲੀ) ਭੇਟਾ ਹੈ (ਜਿਸ ਦੀ ਬਰਕਤਿ ਨਾਲ ਤੇਰੀ ਹਜ਼ੂਰੀ ਵਿਚ) ਬੈਠਣ ਲਈ ਥਾਂ ਮਿਲਦਾ ਹੈ ।
ਸਤੁ ਸੰਤੋਖੁ ਹੋਵੈ ਅਰਦਾਸਿ ॥
(ਹੇ ਭਾਈ!) ਜਦੋਂ ਮਨੁੱਖ ਸੰਤੋਖ ਧਾਰਦਾ ਹੈ, (ਦੂਜਿਆਂ ਦੀ) ਸੇਵਾ ਕਰਦਾ ਹੈ (ਤੇ ਇਸ ਜੀਵਨ-ਮਰਯਾਦਾ ਵਿਚ ਰਹਿ ਕੇ ਪ੍ਰਭੂ-ਦਰ ਤੇ) ਅਰਦਾਸ ਕਰਦਾ ਹੈ,
ਤਾ ਸੁਣਿ ਸਦਿ ਬਹਾਲੇ ਪਾਸਿ ॥੧॥
ਤਦੋਂ (ਅਰਦਾਸ) ਸੁਣ ਕੇ (ਸਵਾਲੀ ਨੂੰ) ਸੱਦ ਕੇ ਪ੍ਰਭੂ ਆਪਣੇ ਕੋਲ ਬਿਠਾਂਦਾ ਹੈ ।੧।
ਨਾਨਕ ਬਿਰਥਾ ਕੋਇ ਨ ਹੋਇ ॥
ਹੇ ਨਾਨਕ! ਹਜ਼ੂਰੀ ਵਿਚ ਪਹੁੰਚ ਕੇ) ਕੋਈ (ਸਵਾਲੀ) ਖ਼ਾਲੀ ਨਹੀਂ ਮੁੜਦਾ
ਐਸੀ ਦਰਗਹ ਸਾਚਾ ਸੋਇ ॥੧॥ ਰਹਾਉ ॥
ਪਰਮਾਤਮਾ ਦੀ ਦਰਗਾਹ ਅਜੇਹੀ ਹੈ, ਉਹੀ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੀ ਅਜੇਹਾ ਹੈ ।੧।ਰਹਾਉ।
ਪ੍ਰਾਪਤਿ ਪੋਤਾ ਕਰਮੁ ਪਸਾਉ ॥
ਹੇ ਪ੍ਰਭੂ! ਜਿਸ ਮਨੁੱਖ ਉਤੇ ਤੇਰੀ ਮੇਹਰ ਹੋਵੇ ਜਿਸ ਉਤੇ ਤੂੰ ਬਖ਼ਸ਼ਸ਼ ਕਰੇਂ ਉਸ ਨੂੰ ਤੇਰੇ ਨਾਮ ਦਾ ਖ਼ਜ਼ਾਨਾ ਮਿਲਦਾ ਹੈ ।
ਤੂ ਦੇਵਹਿ ਮੰਗਤ ਜਨ ਚਾਉ ॥
ਮੈਂ ਮੰਗਤੇ ਦੀ ਭੀ ਇਹ ਤਾਂਘ ਹੈ ਕਿ ਤੂੰ ਮੈਨੂੰ ਆਪਣੇ ਨਾਮ ਦੀ ਦਾਤਿ ਦੇਵੇਂ (ਤਾ ਕਿ ਮੇਰੇ ਹਿਰਦੇ ਵਿਚ ਤੇਰੇ ਚਰਨਾਂ ਦਾ ਪਿਆਰ ਪੈਦਾ ਹੋਵੇ) ।
ਭਾਡੈ ਭਾਉ ਪਵੈ ਤਿਤੁ ਆਇ ॥
ਹੇ ਪ੍ਰਭੂ! ਸਿਰਫ਼ ਉਸ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਪੈਦਾ ਹੁੰਦਾ ਹੈ
ਧੁਰਿ ਤੈ ਛੋਡੀ ਕੀਮਤਿ ਪਾਇ ॥੨॥
ਜਿਸ ਵਿਚ ਤੂੰ ਆਪ ਹੀ ਆਪਣੇ ਦਰ ਤੋਂ ਇਸ ਪ੍ਰੇਮ ਦੀ ਕਦਰ ਪਾ ਦਿੱਤੀ ਹੈ ।੨।
ਜਿਨਿ ਕਿਛੁ ਕੀਆ ਸੋ ਕਿਛੁ ਕਰੈ ॥
ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਬਣਾਈ, ਜੀਵਾਂ ਦੇ ਹਿਰਦੇ ਵਿਚ ਪ੍ਰੇਮ ਦੀ ਖੇਡ ਭੀ ਉਹ ਆਪ ਹੀ ਖੇਡਦਾ ਹੈ ।
ਅਪਨੀ ਕੀਮਤਿ ਆਪੇ ਧਰੈ ॥
ਜੀਵਾਂ ਦੇ ਹਿਰਦੇ ਵਿਚ ਆਪਣੇ ਨਾਮ ਦੀ ਕਦਰ ਭੀ ਉਹ ਆਪ ਹੀ ਟਿਕਾਂਦਾ ਹੈ ।
ਗੁਰਮੁਖਿ ਪਰਗਟੁ ਹੋਆ ਹਰਿ ਰਾਇ ॥
ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ, (ਜਿਸ ਦੇ ਅੰਦਰ ਪਰਗਟ ਹੁੰਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ,
ਨਾ ਕੋ ਆਵੈ ਨਾ ਕੋ ਜਾਇ ॥੩॥
ਉਸ ਤੋਂ ਬਿਨਾ) ਨਾਹ ਕੋਈ ਆਉਂਦਾ ਹੈ ਤੇ ਨਾਹ ਕੋਈ ਜਾਂਦਾ ਹੈ ।੩।
ਲੋਕੁ ਧਿਕਾਰੁ ਕਹੈ ਮੰਗਤ ਜਨ ਮਾਗਤ ਮਾਨੁ ਨ ਪਾਇਆ ॥
(ਜਦੋਂ ਕੋਈ ਮੰਗਦਾ ਕਿਸੇ ਪਾਸੋਂ ਕੁਝ ਮੰਗਦਾ ਹੈ, ਤਾਂ ਆਮ ਤੌਰ ਤੇ) ਮੰਗਤੇ ਨੂੰ ਜਗਤ ਫਿਟਕਾਰ ਹੀ ਪਾਂਦਾ ਹੈ, ਮੰਗਦਿਆਂ ਇੱਜ਼ਤ ਨਹੀਂ ਮਿਲਿਆ ਕਰਦੀ ।
ਸਹ ਕੀਆ ਗਲਾ ਦਰ ਕੀਆ ਬਾਤਾ ਤੈ ਤਾ ਕਹਣੁ ਕਹਾਇਆ ॥੪॥੮॥
ਪਰ ਹੇ ਖਸਮ-ਪ੍ਰਭੂ! ਤੂੰ ਆਪਣੇ ਉਦਾਰ-ਚਿੱਤ ਹੋਣ ਦੀਆਂ ਗੱਲਾਂ ਤੇ ਆਪਣੇ ਦਰ ਦੀ ਮਰਯਾਦਾ ਦੀਆਂ ਗੱਲਾਂ ਕਿ ਤੇਰੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ ਤੂੰ ਆਪ ਹੀ ਮੇਰੇ ਮੂੰਹੋਂ ਅਖਵਾਈਆਂ ਹਨ (ਤੇਰੇ ਦਰ ਦੇ ਸਵਾਲੀ ਨੂੰ ਇੱਜ਼ਤ ਭੀ ਮਿਲਦੀ ਹੈ ਤੇ ਮੂੰਹ-ਮੰਗੀ ਚੀਜ਼ ਭੀ ਮਿਲਦੀ ਹੈ) ।੪।੮।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥
(ਜਿਵੇਂ) ਸਮੁੰਦਰ ਵਿਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਵਿਆਪਕ ਹੈ)
ਉਤਭੁਜ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥੧॥
ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ—ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿEਂਤ ਨੂੰ ਸਮਝਦਾ ਹੈ ।੧।