Sri Guru Granth Sahib Ji — Ang 876 (punjabi)
ਰਾਮਕਲੀ ਮਹਲਾ ੧ ਘਰੁ ੧ ਚਉਪਦੇ
ਰਾਮਕਲੀ ਪਹਿਲੀ ਪਾਤਿਸ਼ਾਹੀ। ਚਉਪਦੇ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਡਰ ਰਹਿਤ, ਦੁਸ਼ਮਣੀ ਵਿਹੂਣ, ਅਜਨਮਾ ਅਤੇ ਸਵੈ ਪ੍ਰਕਾਸ਼ਮਾਨ ਹੈ। ਉਹ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥
ਹੇ ਪ੍ਰਭੂ! (ਤੇਰਾ ਨਾਮ ਵਿਸਾਰ ਕੇ) ਕੋਈ ਮਨੁੱਖ ਮਾਗਧੀ ਪ੍ਰਾਕਿ®ਤ ਵਿਚ ਲਿਖੇ ਹੋਏ ਬੌਧ ਤੇ ਜੈਨ ਗ੍ਰੰਥ ਪੜ੍ਹ ਰਿਹਾ ਹੈ, ਕੋਈ (ਤੈਨੂੰ ਭੁਲਾ ਕੇ) ਪੁਰਾਣ ਆਦਿਕ ਪੜ੍ਹਦਾ ਹੈ,
ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥
ਕੋਈ (ਕਿਸੇ ਦੇਵੀ ਦੇਵਤੇ ਨੂੰ ਸਿੱਧ ਕਰਨ ਲਈ) ਮਾਲਾ ਨਾਲ (ਦੇਵਤੇ ਦੇ) ਨਾਮ ਦਾ ਜਾਪ ਕਰਦਾ ਹੈ, ਕੋਈ ਸਮਾਧੀ ਲਾਈ ਬੈਠਾ ਹੈ ।
ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥੧॥
ਪਰ ਹੇ ਪ੍ਰਭੂ! ਮੈਂ ਸਿਰਫ਼ ਤੇਰੇ ਨਾਮ ਨੂੰ ਪਛਾਣਦਾ ਹਾਂ (ਤੇਰੇ ਨਾਮ ਨਾਲ ਹੀ ਸਾਂਝ ਪਾਂਦਾ ਹਾਂ), ਮੈਂ ਕਦੇ ਭੀ (ਤੇਰੇ ਨਾਮ ਤੋਂ ਬਿਨਾ) ਕੋਈ ਹੋਰ ਉੱਦਮ (ਐਸਾ) ਨਹੀਂ ਸਮਝਦਾ (ਜੋ ਆਤਮਕ ਜੀਵਨ ਨੂੰ ਉੱਚਾ ਕਰ ਸਕੇ) ।੧।
ਨ ਜਾਣਾ ਹਰੇ ਮੇਰੀ ਕਵਨ ਗਤੇ ॥
ਹੇ ਹਰੀ! ਮੈਨੂੰ ਇਹ ਸਮਝ ਨਹੀਂ ਸੀ ਕਿ (ਤੇਰੇ ਨਾਮ ਤੋਂ ਬਿਨਾ) ਮੇਰੀ ਆਤਮਕ ਅਵਸਥਾ ਨੀਵੀਂ ਹੋ ਜਾਇਗੀ ।
ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥੧॥ ਰਹਾਉ ॥
ਹੇ ਪ੍ਰਭੂ! ਮੈਂ ਮੂਰਖ ਹਾਂ, ਅਗਿਆਨੀ ਹਾਂ, (ਪਰ) ਤੇਰੀ ਸਰਨ ਆਇਆ ਹਾਂ । ਹੇ ਪ੍ਰਭੂ-ਪਤੀ! ਮੇਹਰ ਕਰ (ਮੈਨੂੰ ਆਪਣਾ ਨਾਮ ਬਖ਼ਸ਼, ਤੇ) ਮੇਰੀ ਇੱਜ਼ਤ ਰੱਖ ਲੈ ।੧।ਰਹਾਉ।
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥
(ਤੇਰੇ ਨਾਮ ਨੂੰ ਵਿਸਾਰ ਕੇ ਜੀਵ ਲੋਭ ਵਿਚ ਫਸ ਜਾਂਦਾ ਹੈ) ਕਦੇ (ਜਦੋਂ ਮਾਇਆ ਮਿਲਦੀ ਹੈ) ਜੀਵ (ਬੜਾ ਹੀ ਖ਼ੁਸ਼ ਹੁੰਦਾ, ਮਾਨੋ) ਆਕਾਸ਼ ਵਿਚ ਜਾ ਚੜ੍ਹਦਾ ਹੈ, ਕਦੇ (ਜਦੋਂ ਮਾਇਆ ਦੀ ਥੁੜ ਹੋ ਜਾਂਦੀ ਹੈ, ਤਾਂ ਬਹੁਤ ਡਾਵਾਂ-ਡੋਲ ਹੋ ਜਾਂਦਾ ਹੈ, ਮਾਨੋ) ਪਾਤਾਲ ਵਿਚ ਜਾ ਡਿੱਗਦਾ ਹੈ ।
ਲੋਭੀ ਜੀਅੜਾ ਥਿਰੁ ਨ ਰਹਤੁ ਹੈ ਚਾਰੇ ਕੁੰਡਾ ਭਾਲੇ ॥੨॥
ਲੋਭ-ਵੱਸ ਹੋਇਆ ਜੀਵ ਅਡੋਲ-ਚਿੱਤ ਨਹੀਂ ਰਹਿ ਸਕਦਾ, ਚੌਹੀਂ ਪਾਸੀਂ (ਮਾਇਆ ਦੀ) ਭਾਲ ਕਰਦਾ ਫਿਰਦਾ ਹੈ ।੨।
ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥
ਹੇ ਮਾਂ! ਜੀਵ ਜਗਤ ਵਿਚ (ਇਹ ਲੇਖ ਮੱਥੇ ਤੇ) ਲਿਖਾ ਕੇ ਆਉਂਦੇ ਹਨ (ਕਿ) ਮੌਤ (ਜ਼ਰੂਰ ਆਵੇਗੀ; ਪਰ ਤੈਨੂੰ ਵਿਸਾਰ ਕੇ ਇਥੇ ਸਦਾ) ਜੀਊਂਦੇ ਰਹਿਣ ਦਾ ਬਾਨ੍ਹਣੂ ਬੰਨ੍ਹਦੇ ਹਨ ।
ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥੩॥
ਹੇ ਮਾਲਿਕ-ਪ੍ਰਭੂ! ਸਾਡੀਆਂ ਅੱਖਾਂ ਦੇ ਸਾਹਮਣੇ ਹੀ ਅਨੇਕਾਂ ਜੀਵ (ਇਥੋਂ) ਤੁਰੇ ਜਾ ਰਹੇ ਹਨ, (ਮੌਤ ਦੀ) ਅੱਗ ਬਲ ਰਹੀ ਹੈ (ਇਸ ਵਿਚ ਸਭ ਦੇ ਸਰੀਰ ਭਸਮ ਹੋ ਜਾਣੇ ਹਨ, ਪਰ ਤੇਰੇ ਨਾਮ ਤੋਂ ਖੁੰਝ ਕੇ ਜੀਵ ਸਦਾ ਜੀਊਣਾ ਹੀ ਲੋਚਦੇ ਹਨ) ।੩।
ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥
ਹੇ ਪ੍ਰਭੂ! ਨਾਹ ਕਿਸੇ ਦਾ ਕੋਈ ਮਿਤ®, ਨਾਹ ਕਿਸੇ ਦਾ ਕੋਈ ਭਰਾ, ਨਾਹ ਕਿਸੇ ਦਾ ਪਿਉ ਅਤੇ ਨਾਹ ਕਿਸੇ ਦੀ ਮਾਂ (ਅੰਤ ਵੇਲੇ ਕੋਈ ਕਿਸੇ ਨਾਲ ਸਾਥ ਨਹੀਂ ਨਿਬਾਹ ਸਕਦਾ) ।
ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ ॥੪॥੧॥
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ—ਜੇ ਤੂੰ (ਆਪਣੇ ਨਾਮ ਦੀ ਦਾਤਿ) ਦੇਵੇਂ, ਤਾਂ (ਸਿਰਫ਼ ਇਹੀ) ਅੰਤ ਵੇਲੇ ਸਹਾਈ ਹੋ ਸਕਦਾ ਹੈ ।੪।੧।
ਰਾਮਕਲੀ ਮਹਲਾ ੧ ॥
ਰਾਮਕਲੀ ਪਹਿਲੀ ਪਾਤਿਸ਼ਾਹੀ।
ਸਰਬ ਜੋਤਿ ਤੇਰੀ ਪਸਰਿ ਰਹੀ ॥
ਹੇ ਪਰਮਾਤਮਾ! ਸਭ ਜੀਵਾਂ ਵਿਚ ਤੇਰੀ ਜੋਤਿ ਰੁਮਕ ਰਹੀ ਹੈ (ਪਰ ਮੈਨੂੰ ਨਹੀਂ ਦਿੱਸਦੀ ਕਿਉਂਕਿ ਮੈਂ ਮਾਇਆ ਦੇ ਅੰਨ੍ਹੇ ਖੂਹ ਵਿਚ ਡਿੱਗ ਪਿਆ ਹਾਂ ।
ਜਹ ਜਹ ਦੇਖਾ ਤਹ ਨਰਹਰੀ ॥੧॥
ਮੇਹਰ ਕਰ, ਮੈਨੂੰ ਇਸ ਖੂਹ ਵਿਚੋਂ ਕੱਢ ਤਾ ਕਿ) ਜਿਧਰ ਜਿਧਰ ਮੈਂ ਵੇਖਾਂ ਉਧਰ ਉਧਰ (ਮੈਨੂੰ ਤੂੰ ਹੀ ਦਿੱਸੇਂ) ।੧।
ਜੀਵਨ ਤਲਬ ਨਿਵਾਰਿ ਸੁਆਮੀ ॥
ਹੇ ਮਾਲਿਕ-ਪ੍ਰਭੂ! ਮੇਰੀਆਂ ਜ਼ਿੰਦਗੀ ਦੀਆਂ ਵਧਦੀਆਂ ਖ਼ਾਹਸ਼ਾਂ ਦੂਰ ਕਰ ।
ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥੧॥ ਰਹਾਉ ॥
ਮੇਰਾ ਮਨ ਮਾਇਆ ਦੇ ਅੰਨ੍ਹੇ ਖੂਹ ਵਿਚ ਫਸਿਆ ਹੈ, (ਤੇਰੀ ਸਹਾਇਤਾ ਤੋਂ ਬਿਨਾ) ਮੈਂ ਇਸ ਵਿਚੋਂ ਕਿਸੇ ਤਰ੍ਹਾਂ ਭੀ ਪਾਰ ਨਹੀਂ ਲੰਘ ਸਕਦਾ ।੧।ਰਹਾਉ।
ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਹਨਾਂ ਨੂੰ ਬਾਹਰ ਭੀ (ਹਰ ਥਾਂ) ਜ਼ਰੂਰ ਉਹੀ ਦਿੱਸਦਾ ਹੈ
ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥੨॥
(ਉਹਨਾਂ ਨੂੰ ਇਹ ਯਕੀਨ ਬਣ ਜਾਂਦਾ ਹੈ ਕਿ) ਮਾਲਿਕ-ਪ੍ਰਭੂ ਉਹਨਾਂ ਦੀ ਸਦਾ ਸੰਭਾਲ ਕਰਦਾ ਹੈ, ਉਸ ਦੇ ਮਨ ਵਿਚ ਸਦਾ (ਉਹਨਾਂ ਦੀ ਸੰਭਾਲ ਦਾ) ਫ਼ਿਕਰ ਹੈ ।੨।
ਆਪੇ ਨੇੜੈ ਆਪੇ ਦੂਰਿ ॥
ਪਰਮਾਤਮਾ ਆਪ ਹੀ ਸਭ ਜੀਵਾਂ ਦੇ ਨੇੜੇ ਵੱਸ ਰਿਹਾ ਹੈ ਆਪ ਹੀ (ਇਹਨਾਂ ਤੋਂ ਵੱਖ) ਦੂਰ ਭੀ ਹੈ ।
ਆਪੇ ਸਰਬ ਰਹਿਆ ਭਰਪੂਰਿ ॥
ਪ੍ਰਭੂ ਆਪ ਸਭ ਜੀਵਾਂ ਵਿਚ ਵਿਆਪਕ ਹੈ ।
ਸਤਗੁਰੁ ਮਿਲੈ ਅੰਧੇਰਾ ਜਾਇ ॥
ਜੇ ਮੈਨੂੰ ਗੁਰੂ ਮਿਲ ਪਏ ਤਾਂ ਮੇਰਾ ਮਾਇਆ ਦੇ ਅੰਨ੍ਹੇ ਖੂਹ ਵਾਲਾ ਹਨੇਰਾ ਦੂਰ ਹੋ ਜਾਏ ।