Sri Guru Granth Sahib Ji — Ang 874 (punjabi)
ਗੋਂਡ ॥
goNf[
ਮੋਹਿ ਲਾਗਤੀ ਤਾਲਾਬੇਲੀ ॥
ਜਿਵੇਂ ਵੱਛੇ ਤੋਂ ਵਿੱਛੜ ਕੇ ਇਕੱਲੀ ਗਾਂ (ਘਾਬਰਦੀ ਹੈ),
ਬਛਰੇ ਬਿਨੁ ਗਾਇ ਅਕੇਲੀ ॥੧॥
ਤਿਵੇਂ ਮੈਨੂੰ (ਪ੍ਰਭੂ ਤੋਂ ਵਿਛੁੜ ਕੇ) ਤੜਫਣੀ ਲੱਗਦੀ ਹੈ ।੧।
ਪਾਨੀਆ ਬਿਨੁ ਮੀਨੁ ਤਲਫੈ ॥
ਜਿਵੇਂ ਪਾਣੀ ਤੋਂ ਬਿਨਾ ਮੱਛੀ ਫੜਫਦੀ ਹੈ,
ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥
ਤਿਵੇਂ ਮੈਂ ਨਾਮਦੇਵ ਪ੍ਰਭੂ ਦੇ ਨਾਮ ਤੋਂ ਬਿਨਾ ਘਾਬਰਦਾ ਹਾਂ ।੧।ਰਹਾਉ।
ਜੈਸੇ ਗਾਇ ਕਾ ਬਾਛਾ ਛੂਟਲਾ ॥
ਜਿਵੇਂ (ਜਦੋਂ) ਗਾਂ ਦਾ ਵੱਛਾ ਕਿੱਲੇ ਨਾਲੋਂ ਖੁਲ੍ਹਦਾ ਹੈ ਤਾਂ (ਗਾਂ ਦੇ) ਥਣ ਚੁੰਘਦਾ ਹੈ,
ਥਨ ਚੋਖਤਾ ਮਾਖਨੁ ਘੂਟਲਾ ॥੨॥
ਤੇ ਮੱਖਣ ਦੇ ਘੁੱਟ ਭਰਦਾ ਹੈ, ।੨।
ਨਾਮਦੇਉ ਨਾਰਾਇਨੁ ਪਾਇਆ ॥
ਤਿਵੇਂ ਜਦੋਂ ਮੈਨੂੰ ਨਾਮਦੇਵ ਨੂੰ ਸਤਿਗੁਰੂ ਮਿਲਿਆ,
ਗੁਰੁ ਭੇਟਤ ਅਲਖੁ ਲਖਾਇਆ ॥੩॥
ਮੈਨੂੰ ਅਲੱਖ ਪ੍ਰਭੂ ਦੀ ਸੂਝ ਪੈ ਗਈ, ਮੈਨੂੰ ਰੱਬ ਮਿਲ ਪਿਆ ।੩।
ਜੈਸੇ ਬਿਖੈ ਹੇਤ ਪਰ ਨਾਰੀ ॥
ਜਿਵੇਂ (ਵਿਸ਼ਈ ਨੂੰ) ਵਿਸ਼ੇ ਵਾਸਤੇ ਪਰਾਈ ਨਾਰ ਨਾਲ ਪਿਆਰ ਹੁੰਦਾ ਹੈ,
ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥
ਮੈਨੂੰ ਨਾਮੇ ਨੂੰ ਪ੍ਰਭੂ ਨਾਲ ਪਿਆਰ ਹੈ ।੪।
ਜੈਸੇ ਤਾਪਤੇ ਨਿਰਮਲ ਘਾਮਾ ॥
ਜਿਵੇਂ ਚਮਕਦੀ ਧੁੱਪ ਵਿਚ (ਜੀਵ-ਜੰਤ) ਤਪਦੇ-ਲੁੱਛਦੇ ਹਨ
ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥
ਪ੍ਰਭੂ ਦੇ ਨਾਮ ਤੋਂ ਵਿੱਛੜ ਕੇ ਮੈਂ ਨਾਮਦੇਵ ਇਉਂ ਘਾਬਰਦਾ ਹਾਂ ।੫।੪।
ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨
ਰਾਗ ਗੋਂਡ ਨਾਮਦੇਵ ਜੀ ਕੀ ਬਾਣੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥
ਹਰਿ-ਨਾਮ ਸਿਮਰਿਆਂ ਸਭ ਭਟਕਣਾਂ ਦੂਰ ਹੋ ਜਾਂਦੀਆਂ ਹਨ;
ਹਰਿ ਕੋ ਨਾਮੁ ਲੈ ਊਤਮ ਧਰਮਾ ॥
ਹੇ ਭਾਈ! ਨਾਮ ਸਿਮਰ, ਇਹੀ ਹੈ ਸਭ ਤੋਂ ਚੰਗਾ ਧਰਮ ।
ਹਰਿ ਹਰਿ ਕਰਤ ਜਾਤਿ ਕੁਲ ਹਰੀ ॥
ਨਾਮ ਸਿਮਰਿਆਂ (ਨੀਵੀਂ ਉੱਚੀ) ਜਾਤ ਕੁਲ ਦਾ ਵਿਤਕਰਾ ਦੂਰ ਹੋ ਜਾਂਦਾ ਹੈ ।
ਸੋ ਹਰਿ ਅੰਧੁਲੇ ਕੀ ਲਾਕਰੀ ॥੧॥
ਉਹ ਹਰਿ-ਨਾਮ ਹੀ ਮੈਂ ਅੰਨ੍ਹੇ ਦਾ ਆਸਰਾ ਹੈ ।੧।
ਹਰਏ ਨਮਸਤੇ ਹਰਏ ਨਮਹ ॥
ਮੇਰੀ ਉਸ ਪਰਮਾਤਮਾ ਨੂੰ ਨਮਸਕਾਰ ਹੈ,
ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥
ਜਿਸ ਦਾ ਸਿਮਰਨ ਕੀਤਿਆਂ ਜਮਾਂ ਦਾ ਦੁੱਖ ਨਹੀਂ ਰਹਿੰਦਾ ।੧।ਰਹਾਉ।
ਹਰਿ ਹਰਨਾਖਸ ਹਰੇ ਪਰਾਨ ॥
ਪ੍ਰਭੂ ਨੇ ਹਰਨਾਖਸ਼ (ਦੈਂਤ) ਨੂੰ ਮਾਰਿਆ,
ਅਜੈਮਲ ਕੀਓ ਬੈਕੁੰਠਹਿ ਥਾਨ ॥
ਅਜਾਮਲ ਪਾਪੀ ਨੂੰ ਬੈਕੁੰਠ ਵਿਚ ਥਾਂ ਦਿੱਤੀ ।
ਸੂਆ ਪੜਾਵਤ ਗਨਿਕਾ ਤਰੀ ॥
ਉਸ ਹਰੀ ਦਾ ਨਾਮ ਤੋਤੇ ਨੂੰ ਪੜ੍ਹਾਉਂਦਿਆਂ ਵੇਸਵਾ ਭੀ ਵਿਕਾਰਾਂ ਵਲੋਂ ਹਟ ਗਈ;
ਸੋ ਹਰਿ ਨੈਨਹੁ ਕੀ ਪੂਤਰੀ ॥੨॥
ਉਹੀ ਪ੍ਰਭੂ ਮੇਰੀਆਂ ਅੱਖਾਂ ਦੀ ਪੁਤਲੀ ਹੈ ।੨।
ਹਰਿ ਹਰਿ ਕਰਤ ਪੂਤਨਾ ਤਰੀ ॥
ਬਾਲਾਂ ਨੂੰ ਮਾਰਨ ਵਾਲੀ ਅਤੇ ਕਪਟ ਨਾਲ ਭਰੀ ਹੋਈ
ਬਾਲ ਘਾਤਨੀ ਕਪਟਹਿ ਭਰੀ ॥
ਪੂਤਨਾ ਦਾਈ ਭੀ ਤਰ ਗਈ, ਜਦੋਂ ਉਸ ਨੇ ਹਰਿ-ਨਾਮ ਸਿਮਰਿਆ;
ਸਿਮਰਨ ਦ੍ਰੋਪਦ ਸੁਤ ਉਧਰੀ ॥
ਸਿਮਰਨ ਦੀ ਬਰਕਤ ਨਾਲ ਹੀ ਦ੍ਰੋਪਤੀ (ਨਿਰਾਦਰੀ ਤੋਂ) ਬਚੀ ਸੀ, ਤੇ,
ਗਊਤਮ ਸਤੀ ਸਿਲਾ ਨਿਸਤਰੀ ॥੩॥
ਗੌਤਮ ਦੀ ਨੇਕ ਇਸਤ੍ਰੀ ਦਾ ਪਾਰ-ਉਤਾਰਾ ਹੋਇਆ ਸੀ, ਜੋ (ਗੌਤਮ ਦੇ ਸ੍ਰਾਪ ਨਾਲ) ਸਿਲਾ ਬਣ ਗਈ ਸੀ ।੩।
ਕੇਸੀ ਕੰਸ ਮਥਨੁ ਜਿਨਿ ਕੀਆ ॥
ਉਸੇ ਪ੍ਰਭੂ ਨੇ ਕੇਸੀ ਤੇ ਕੰਸ ਦਾ ਨਾਸ ਕੀਤਾ ਸੀ,
ਜੀਅ ਦਾਨੁ ਕਾਲੀ ਕਉ ਦੀਆ ॥
ਤੇ ਕਾਲੀ ਨਾਗ ਦੀ ਜਿੰਦ-ਬਖ਼ਸ਼ੀ ਕੀਤੀ ਸੀ ।
ਪ੍ਰਣਵੈ ਨਾਮਾ ਐਸੋ ਹਰੀ ॥
ਨਾਮਦੇਵ ਬੇਨਤੀ ਕਰਦਾ ਹੈ—ਪ੍ਰਭੂ ਐਸਾ (ਬਖ਼ਸ਼ੰਦ) ਹੈ ਕਿ,
ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥
ਉਸ ਦਾ ਨਾਮ ਸਿਮਰਿਆਂ ਸਭ ਡਰ ਤੇ ਮੁਸੀਬਤਾਂ ਟਲ ਜਾਂਦੀਆਂ ਹਨ ।੪।੧।੫।
ਗੋਂਡ ॥
goNf[
ਭੈਰਉ ਭੂਤ ਸੀਤਲਾ ਧਾਵੈ ॥
ਜੋ ਮਨੁੱਖ ਭੈਰੋਂ ਵਲ ਜਾਂਦਾ ਹੈ (ਭਾਵ, ਜੋ ਭੈਰੋਂ ਦੀ ਅਰਾਧਨਾ ਕਰਦਾ ਹੈ) ਉਹ (ਵਧ ਤੋਂ ਵਧ ਭੈਰੋਂ ਵਰਗਾ ਹੀ) ਭੂਤ ਬਣ ਜਾਂਦਾ ਹੈ ।
ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥
ਜੋ ਸੀਤਲਾ ਨੂੰ ਅਰਾਧਦਾ ਹੈ ਉਹ (ਸੀਤਲਾ ਵਾਂਗ) ਖੋਤੇ ਦੀ ਸਵਾਰੀ ਕਰਦਾ ਹੈ ਤੇ (ਖੋਤੇ ਦੇ ਨਾਲ) ਸੁਆਹ ਹੀ ਉਡਾਉਂਦਾ ਹੈ ।੧।
ਹਉ ਤਉ ਏਕੁ ਰਮਈਆ ਲੈਹਉ ॥
(ਹੇ ਪੰਡਤ!) ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ,
ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥
(ਤੁਹਾਡੇ) ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਵਿਚ ਦੇ ਦਿਆਂਗਾ, (ਭਾਵ, ਪ੍ਰਭੂ-ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਭੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ) ।੧।ਰਹਾਉ।
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥
ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ
ਬਰਦ ਚਢੇ ਡਉਰੂ ਢਮਕਾਵੈ ॥੨॥
ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ ।੨।
ਮਹਾ ਮਾਈ ਕੀ ਪੂਜਾ ਕਰੈ ॥
ਜੋ ਮਨੁੱਖ ਪਾਰਬਤੀ ਦੀ ਪੂਜਾ ਕਰਦਾ ਹੈ
ਨਰ ਸੈ ਨਾਰਿ ਹੋਇ ਅਉਤਰੈ ॥੩॥
ਉਹ ਮਨੁੱਖ ਤੋਂ ਜ਼ਨਾਨੀ ਬਣ ਕੇ ਜਨਮ ਲੈਂਦਾ ਹੈ (ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਯ ਦਾ ਰੂਪ ਹੀ ਬਣ ਸਕਦਾ ਹੈ) ।੩।
ਤੂ ਕਹੀਅਤ ਹੀ ਆਦਿ ਭਵਾਨੀ ॥
ਹੇ ਭਵਾਨੀ! ਤੂੰ ਸਭ ਦਾ ਮੁੱਢ ਅਖਵਾਉਂਦੀ ਹੈਂ,
ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥
ਪਰ (ਆਪਣੇ ਭਗਤਾਂ ਨੂੰ) ਮੁਕਤੀ ਦੇਣ ਵੇਲੇ ਤੂੰ ਭੀ, ਪਤਾ ਨਹੀਂ, ਕਿੱਥੇ ਲੁਕੀ ਰਹਿੰਦੀ ਹੈਂ (ਭਾਵ, ਮੁਕਤੀ ਭਵਾਨੀ ਪਾਸ ਭੀ ਨਹੀਂ ਹੈ) ।੪।
ਗੁਰਮਤਿ ਰਾਮ ਨਾਮ ਗਹੁ ਮੀਤਾ ॥
ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ Eਟ ਲੈ,
ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥
ਨਾਮਦੇਵ ਬੇਨਤੀ ਕਰਦਾ ਹੈ—ਹੇ ਮਿੱਤਰ (ਪੰਡਤ!)(ਤੁਹਾਡੀ ਧਰਮ-ਪੁਸਤਕ) ਗੀਤਾ ਭੀ ਇਹੀ ਆਖਦੀ ਹੈ ।੫।੨।੬।
ਬਿਲਾਵਲੁ ਗੋਂਡ ॥
ਬਿਲਾਵਲ ਗੌਂਡ।
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥
ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿEਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ) ।੧।ਰਹਾਉ।
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥
ਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ,
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥
ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ ।੧।
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
ਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ । ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ,
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥
(ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ ।੨।