Sri Guru Granth Sahib Ji — Ang 863 (punjabi)
ਲਾਲ ਨਾਮ ਜਾ ਕੈ ਭਰੇ ਭੰਡਾਰ ॥
ਉਸ ਦੇ ਘਰ ਵਿਚ ਉਸ ਦੇ ਗੁਣਾਂ-ਰੂਪ ਲਾਲਾਂ ਦੇ ਖ਼ਜ਼ਾਨੇ ਭਰੇ ਪਏ ਹਨ ।
ਸਗਲ ਘਟਾ ਦੇਵੈ ਆਧਾਰ ॥੩॥
ਉਹ ਪ੍ਰਭੂ ਸਭ ਜੀਵਾਂ ਨੂੰ ਆਸਰਾ ਦੇਂਦਾ ਹੈ ।੩।
ਸਤਿ ਪੁਰਖੁ ਜਾ ਕੋ ਹੈ ਨਾਉ ॥
ਮਨ! ਜਿਸ ਪ੍ਰਭੂ ਦਾ ਨਾਮ (ਹੀ ਦੱਸਦਾ ਹੈ ਕਿ ਉਹ) ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸਰਬ-ਵਿਆਪਕ ਹੈ,
ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥
ਉਸ ਦਾ ਜਸ ਹਰ ਵੇਲੇ ਗਾਇਆ ਕਰ, (ਉਸ ਦੀ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਕੋ੍ਰੜਾਂ ਪਾਪ ਮਿਟ ਜਾਂਦੇ ਹਨ ।
ਬਾਲ ਸਖਾਈ ਭਗਤਨ ਕੋ ਮੀਤ ॥
ਉਹ (ਹਰੇਕ ਜੀਵ ਦਾ) ਮੁੱਢ ਦਾ ਸਾਥੀ ਹੈ, ਭਗਤਾਂ ਦਾ ਮਿੱਤਰ ਹੈ ਅਤੇ (ਹਰੇਕ ਦੀ) ਜਿੰਦ ਦਾ ਆਸਰਾ ਹੈ
ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥
ਹੇ ਨਾਨਕ! ਆਪਣੇ ਚਿੱਤ ਵਿਚ ਉਸ ਪ੍ਰਭੂ ਦਾ ਪਿਆਰ ਪੈਦਾ ਕਰ।੪।੧।੩।
ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।
ਨਾਮ ਸੰਗਿ ਕੀਨੋ ਬਿਉਹਾਰੁ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਹੁਣ) ਮੈਂ ਪ੍ਰਭੂ ਦੇ ਨਾਮ ਨਾਲ (ਆਤਮਕ ਜੀਵਨ ਦਾ) ਵਪਾਰ ਕਰ ਰਿਹਾ ਹਾਂ ।
ਨਾਮੋੁ ਹੀ ਇਸੁ ਮਨ ਕਾ ਅਧਾਰੁ ॥
ਪ੍ਰਭੂ ਦਾ ਨਾਮ ਹੀ (ਮੇਰੇ) ਇਸ ਮਨ ਦਾ ਆਸਰਾ ਬਣ ਗਿਆ ਹੈ ।
ਨਾਮੋ ਹੀ ਚਿਤਿ ਕੀਨੀ ਓਟ ॥
ਨਾਮ ਨੂੰ ਹੀ ਮੈਂ ਆਪਣੇ ਚਿੱਤ ਵਿਚ (ਜੀਵਨ ਦਾ) ਸਹਾਰਾ ਬਣਾ ਲਿਆ ਹੈ ।
ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥
(ਹੇ ਭਾਈ! ਪ੍ਰਭੂ ਦਾ) ਨਾਮ ਜਪਦਿਆਂ ਕੋ੍ਰੜਾਂ ਪਾਪ ਮਿਟ ਜਾਂਦੇ ਹਨ ।੧।
ਰਾਸਿ ਦੀਈ ਹਰਿ ਏਕੋ ਨਾਮੁ ॥
ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਹੀ ਸਰਮਾਇਆ ਦਿੱਤਾ ਹੈ (ਤਾ ਕਿ ਮੈਂ ਉੱਚੇ ਆਤਮਕ ਜੀਵਨ ਦਾ ਵਪਾਰ ਕਰ ਸਕਾਂ) ।
ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥
(ਹੁਣ ਪ੍ਰਭੂ ਦਾ ਨਾਮ ਹੀ) ਮੇਰੇ ਮਨ ਦਾ ਸਭ ਤੋਂ ਵੱਡਾ ਪਿਆਰਾ (ਪੂਜਣ-ਜੋਗ ਦੇਵਤਾ ਬਣ ਗਿਆ) ਹੈ । (ਪਰ, ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਹਰਿ-ਨਾਮ ਦਾ ਧਿਆਨ ਬਣ ਸਕਦਾ ਹੈ (ਹਰਿ-ਨਾਮ ਵਿਚ ਸੁਰਤਿ ਜੁੜ ਸਕਦੀ ਹੈ) ।੧।ਰਹਾਉ।
ਨਾਮੁ ਹਮਾਰੇ ਜੀਅ ਕੀ ਰਾਸਿ ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ) ਨਾਮ ਮੇਰੀ ਜਿੰਦ ਦਾ ਸਰਮਾਇਆ ਬਣ ਚੁਕਾ ਹੈ,
ਨਾਮੋ ਸੰਗੀ ਜਤ ਕਤ ਜਾਤ ॥
ਹੀ ਮੇਰਾ ਸਾਥੀ ਹਰ ਥਾਂ ਮੇਰੇ ਨਾਲ ਤੁਰਿਆ ਫਿਰਦਾ ਹੈ ।
ਨਾਮੋ ਹੀ ਮਨਿ ਲਾਗਾ ਮੀਠਾ ॥
ਪ੍ਰਭੂ ਦਾ ਨਾਮ ਹੀ ਮੇਰੇ ਮਨ ਵਿਚ ਮਿੱਠਾ ਲੱਗ ਰਿਹਾ ਹੈ ।
ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥
ਪਾਣੀ ਵਿਚ ਧਰਤੀ ਉਤੇ ਸਭ ਜੀਵਾਂ ਵਿਚ ਮੈਨੂੰ ਹਰਿ-ਨਾਮ ਹੀ (ਹਰੀ ਹੀ) ਦਿੱਸ ਰਿਹਾ ਹੈ ।੨।
ਨਾਮੇ ਦਰਗਹ ਮੁਖ ਉਜਲੇ ॥
ਹੇ ਭਾਈ! ਨਾਮ ਦੀ ਬਰਕਤ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੀਦਾ ਹੈ,
ਨਾਮੇ ਸਗਲੇ ਕੁਲ ਉਧਰੇ ॥
ਨਾਮ ਦੀ ਰਾਹੀਂ ਸਾਰੀਆਂ ਕੁਲਾਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੀਆਂ ਹਨ ।
ਨਾਮਿ ਹਮਾਰੇ ਕਾਰਜ ਸੀਧ ॥
ਪ੍ਰਭੂ ਦੇ ਨਾਮ ਵਿਚ ਜੁੜਿਆਂ ਮੇਰੇ ਸਾਰੇ ਕੰਮ-ਕਾਰ ਸਫਲ ਹੋ ਰਹੇ ਹਨ ।
ਨਾਮ ਸੰਗਿ ਇਹੁ ਮਨੂਆ ਗੀਧ ॥੩॥
ਹੁਣ ਮੇਰਾ ਇਹ ਮਨ ਪਰਮਾਤਮਾ ਦੇ ਨਾਮ ਨਾਲ ਗਿੱਝ ਗਿਆ ਹੈ ।੩।
ਨਾਮੇ ਹੀ ਹਮ ਨਿਰਭਉ ਭਏ ॥
ਹੇ ਭਾਈ! ਪ੍ਰਭੂ-ਨਾਮ ਦਾ ਸਦਕਾ ਹੀ ਦੁਨੀਆ ਦਾ ਕੋਈ ਡਰ ਪੋਹ ਨਹੀਂ ਸਕਦਾ ।
ਨਾਮੇ ਆਵਨ ਜਾਵਨ ਰਹੇ ॥
-ਨਾਮ ਵਿਚ ਜੁੜਿਆਂ ਹੀ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।
ਗੁਰਿ ਪੂਰੈ ਮੇਲੇ ਗੁਣਤਾਸ ॥
ਪਰ) ਪੂਰੇ ਗੁਰੂ ਨੇ (ਹੀ ਸਦਾ) ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨਾਲ (ਜੀਵਾਂ ਨੂੰ) ਮਿਲਾਇਆ ਹੈ (ਗੁਰੂ ਹੀ ਮਿਲਾਂਦਾ ਹੈ) ।
ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥
ਹੇ ਨਾਨਕ! ਆਖ—(ਪ੍ਰਭੂ ਦੇ ਨਾਮ ਦੀ ਬਰਕਤਿ ਨਾਲ) ਆਨੰਦ ਵਿਚ ਆਤਮਕ ਅਡੋਲਤਾ ਵਿਚ ਟਿਕਾਣਾ ਮਿਲ ਜਾਂਦਾ ਹੈ ।੪।੨।੪।
ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।
ਨਿਮਾਨੇ ਕਉ ਜੋ ਦੇਤੋ ਮਾਨੁ ॥
ਜੇਹੜਾ ਨਿਮਾਣੇ ਨੂੰ ਮਾਣ ਦੇਂਦਾ ਹੈ,
ਸਗਲ ਭੂਖੇ ਕਉ ਕਰਤਾ ਦਾਨੁ ॥
ਜੇਹੜਾ ਸਾਰੇ ਭੁੱਖਿਆਂ ਨੂੰ ਰੋਜ਼ੀ ਦੇਂਦਾ ਹੈ
ਗਰਭ ਘੋਰ ਮਹਿ ਰਾਖਨਹਾਰੁ ॥
ਅਤੇ ਜੇਹੜਾ ਭਿਆਨਕ ਗਰਭ ਵਿਚ ਰੱਖਿਆ ਕਰਨ ਜੋਗਾ ਹੈ
ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥
ਹੇ ਭਾਈ! ਉਸ ਮਾਲਕ-ਪ੍ਰਭੂ ਨੂੰ ਸਦਾ ਸਿਰ ਨਿਵਾਇਆ ਕਰ ।੧।
ਐਸੋ ਪ੍ਰਭੁ ਮਨ ਮਾਹਿ ਧਿਆਇ ॥
ਹੇ ਭਾਈ! ਜੇਹੜਾ ਪ੍ਰਭੂ ਸਰੀਰ ਦੇ ਅੰਦਰ ਅਤੇ ਸਰੀਰ ਦੇ ਬਾਹਰ ਹਰ ਥਾਂ ਸਹਾਇਤਾ ਕਰਨ ਵਾਲਾ ਹੈ,
ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥
ਆਪਣੇ ਮਨ ਵਿਚ ਉਸ ਪ੍ਰਭੂ ਦਾ ਧਿਆਨ ਧਰਿਆ ਕਰ ।੧।ਰਹਾਉ।
ਰੰਕੁ ਰਾਉ ਜਾ ਕੈ ਏਕ ਸਮਾਨਿ ॥
(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ ਦੀ ਨਿਗਾਹ ਵਿਚ ਇਕ ਕੰਗਾਲ ਮਨੁੱਖ ਅਤੇ ਇਕ ਰਾਜਾ ਇੱਕੋ ਜਿਹੇ ਹਨ,
ਕੀਟ ਹਸਤਿ ਸਗਲ ਪੂਰਾਨ ॥
ਜੋ ਕੀੜੇ ਹਾਥੀ ਸਭਨਾਂ ਵਿਚ ਹੀ ਵਿਆਪਕ ਹੈ,
ਬੀਓ ਪੂਛਿ ਨ ਮਸਲਤਿ ਧਰੈ ॥
ਜੇਹੜਾ ਕਿਸੇ ਹੋਰ ਨੂੰ ਪੁੱਛ ਕੇ (ਕੋਈ ਕੰਮ ਕਰਨ ਦੀ) ਸਾਲਾਹ ਨਹੀਂ ਕਰਦਾ,
ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥
(ਸਗੋਂ) ਜੋ ਕੁਝ ਕਰਦਾ ਹੈ ਉਹ ਆਪ ਕਰਦਾ ਹੈ ।੨।
ਜਾ ਕਾ ਅੰਤੁ ਨ ਜਾਨਸਿ ਕੋਇ ॥
(ਹੇ ਭਾਈ! ਉਸ ਪ੍ਰਭੂ ਦਾ ਧਿਆਨ ਧਰਿਆ ਕਰ) ਜਿਸ (ਦੀ ਹਸਤੀ) ਦਾ ਅੰਤ ਕੋਈ ਭੀ ਜੀਵ ਜਾਣ ਨਹੀਂ ਸਕੇਗਾ ।
ਆਪੇ ਆਪਿ ਨਿਰੰਜਨੁ ਸੋਇ ॥
ਉਹ ਮਾਇਆ ਤੋਂ ਨਿਰਲੇਪ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ ।
ਆਪਿ ਅਕਾਰੁ ਆਪਿ ਨਿਰੰਕਾਰੁ ॥
ਇਹ ਸਾਰਾ ਦਿੱਸਦਾ ਜਗਤ ਉਸ ਦਾ ਆਪਣਾ ਹੀ ਸਰੂਪ ਹੈ, ਆਕਾਰ-ਰਹਿਤ ਭੀ ਉਹ ਆਪ ਹੀ ਹੈ ।
ਘਟ ਘਟ ਘਟਿ ਸਭ ਘਟ ਆਧਾਰੁ ॥੩॥
ਉਹ ਪ੍ਰਭੂ ਸਾਰੇ ਸਰੀਰਾਂ ਵਿਚ ਮੌਜੂਦ ਹੈ ਅਤੇ ਸਾਰੇ ਸਰੀਰਾਂ ਦਾ ਆਸਰਾ ਹੈ ।੩।
ਨਾਮ ਰੰਗਿ ਭਗਤ ਭਏ ਲਾਲ ॥
ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਸ ਦੇ ਨਾਮ ਦੇ ਰੰਗ ਵਿਚ ਲਾਲ ਹੋਏ ਰਹਿੰਦੇ ਹਨ ।
ਜਸੁ ਕਰਤੇ ਸੰਤ ਸਦਾ ਨਿਹਾਲ ॥
ਉਸ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਹੋਏ ਸੰਤ ਜਨ ਸਦਾ ਖਿੜੇ ਰਹਿੰਦੇ ਹਨ ।
ਨਾਮ ਰੰਗਿ ਜਨ ਰਹੇ ਅਘਾਇ ॥
ਭਾਈ! ਪ੍ਰਭੂ ਦੇ ਸੇਵਕ ਪ੍ਰਭੂ ਦੇ ਨਾਮ ਦੇ ਪ੍ਰੇਮ ਵਿਚ ਟਿਕ ਕੇ ਮਾਇਆ ਦੀ ਤਿ®ਸ਼ਨਾ ਤੋਂ ਬਚੇ ਰਹਿੰਦੇ ਹਨ ।
ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥
ਨਾਨਕ ਉਹਨਾਂ ਸੇਵਕਾਂ ਦੀ ਚਰਨੀਂ ਲੱਗਦਾ ਹੈ ।੪।੩।੫।
ਗੋਂਡ ਮਹਲਾ ੫ ॥
ਗੋਂਡ ਪੰਜਵੀਂ ਪਾਤਿਸ਼ਾਹੀ।
ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥
(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਇਹ ਮਨ ਪਵਿੱਤਰ ਹੋ ਜਾਂਦਾ ਹੈ।
ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥
ਜਿਨ੍ਹਾਂ ਦੀ ਸੰਗਤਿ ਵਿਚ ਸਦਾ ਹਰਿ-ਨਾਮ ਦਾ ਸਿਮਰਨ (ਕਰਨ ਦਾ ਮੌਕਾ ਮਿਲਦਾ) ਹੈ।
ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥
ਜਿਨ੍ਹਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਜਾ ਕੈ ਸੰਗਿ ਰਿਦੈ ਪਰਗਾਸ ॥੧॥
ਅਤੇ ਜਿਨ੍ਹਾਂ ਦੀ ਸੰਗਤਿ ਵਿਚ ਟਿਕਿਆਂ ਹਿਰਦੇ ਵਿਚ (ਸੁੱਚੇ ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ ।੧।
ਸੇ ਸੰਤਨ ਹਰਿ ਕੇ ਮੇਰੇ ਮੀਤ ॥
ਹੇ ਭਾਈ! ਮੇਰੇ ਮਿੱਤਰ ਤਾਂ ਪ੍ਰਭੂ ਦੇ ਉਹ ਸੰਤ ਜਨ ਹਨ।
ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥
ਜਿਨ੍ਹਾਂ ਦੀ ਸੰਗਤਿ ਵਿਚ ਸਦਾ ਸਿਰਫ਼ ਹਰਿ-ਨਾਮ ਗਾਇਆ ਜਾਂਦਾ ਹੈ ।੧।ਰਹਾਉ।
ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥
ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੇ ਉਪਦੇਸ਼ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ।
ਜਾ ਕੈ ਉਪਦੇਸਿ ਭਰਮੁ ਭਉ ਨਸੈ ॥
ਜਿਨ੍ਹਾਂ ਦੇ ਉਪਦੇਸ਼ ਨਾਲ (ਮਨ ਵਿਚੋਂ) ਹਰੇਕ ਡਰ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ।
ਜਾ ਕੈ ਕੀਰਤਿ ਨਿਰਮਲ ਸਾਰ ॥
ਜਿਨ੍ਹਾਂ ਦੇ ਹਿਰਦੇ ਵਿਚ ਸ੍ਰੇਸ਼ਟ ਅਤੇ ਪਵਿੱਤਰ ਕਰਨ ਵਾਲੀ ਹਰਿ-ਕੀਰਤੀ ਵੱਸਦੀ ਰਹਿੰਦੀ ਹੈ।
ਜਾ ਕੀ ਰੇਨੁ ਬਾਂਛੈ ਸੰਸਾਰ ॥੨॥
ਅਤੇ ਜਿਨ੍ਹਾਂ ਦੀ ਚਰਨ-ਧੂੜ ਸਾਰਾ ਜਗਤ ਲੋੜਦਾ ਰਹਿੰਦਾ ਹੈ ।੨।
ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥
(ਹੇ ਭਾਈ! ਮੇਰੇ ਮਿੱਤਰ ਤਾਂ ਉਹ ਸੰਤ ਜਨ ਹਨ) ਜਿਨ੍ਹਾਂ ਦੀ ਸੰਗਤਿ ਵਿਚ ਰਹਿ ਕੇ ਕ੍ਰੋੜਾਂ ਵਿਕਾਰੀਆਂ ਦਾ (ਵਿਕਾਰਾਂ ਵਲੋਂ) ਨਿਸਤਾਰਾ ਹੋ ਜਾਂਦਾ ਹੈ।
ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥
ਜਿਨ੍ਹਾਂ ਦੇ ਹਿਰਦੇ ਵਿਚ (ਹਰ ਵੇਲੇ) ਕੇਵਲ ਪਰਮਾਤਮਾ ਹੀ ਵੱਸਦਾ ਹੈ, ਜਿਨ੍ਹਾਂ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਦਾ ਆਸਰਾ ਬਣਿਆ ਰਹਿੰਦਾ ਹੈ।
ਸਰਬ ਜੀਆਂ ਕਾ ਜਾਨੈ ਭੇਉ ॥
ਜੋ ਸਾਰੇ ਜੀਵਾਂ (ਦੇ ਦਿਲ) ਦਾ ਭੇਤ ਜਾਣਦਾ ਹੈ।
ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥
ਜੋ ਕਿਰਪਾ ਦਾ ਖ਼ਜ਼ਾਨਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜੋ ਪ੍ਰਕਾਸ਼-ਰੂਪ ਹੈ ।੩।
ਪਾਰਬ੍ਰਹਮ ਜਬ ਭਏ ਕ੍ਰਿਪਾਲ ॥
(ਹੇ ਭਾਈ!) ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ।
ਤਬ ਭੇਟੇ ਗੁਰ ਸਾਧ ਦਇਆਲ ॥
ਤਦੋਂ ਇਹੋ ਜਿਹੇ ਦਿਆਲ ਸੰਤ ਜਨ ਮਿਲਦੇ ਹਨ ਤਦੋਂ ਸਤਿਗੁਰੂ ਜੀ ਮਿਲਦੇ ਹਨ ।