Sri Guru Granth Sahib Ji — Ang 854 (punjabi)
ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥
ਹੇ ਨਾਨਕ! (ਆਖ—) ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿਚ ਵਿਆਪਕ ਪ੍ਰਭੂ ਆਪਣੇ ਸੇਵਕ ਦੇ ਪੱਖ ਤੇ ਰਹਿੰਦਾ ਹੈ ।
ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥੧੦॥
ਹੇ ਭਾਈ! (ਗੁਰੂ ਦੇ ਦਰ ਤੋਂ) ਆਤਮਕ ਖ਼ੁਰਾਕ ਮਿਲਦੀ ਵੇਖ ਕੇ ਸਾਰੇ ਲੋਕ ਗੁਰੂ ਦੀ ਚਰਨੀਂ ਆ ਲੱਗੇ । ਗੁਰੂ ਨੇ ਸਭਨਾਂ ਦੇ ਮਨ ਤੋਂ ਅਹੰਕਾਰ ਦੂਰ ਕਰ ਦਿੱਤਾ ।੧੦।
ਸਲੋਕ ਮਃ ੧ ॥
ਸਲੋਕ ਪਹਿਲੀ ਪਾਤਿਸ਼ਾਹੀ।
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥
ਕੋਈ ਮਨੁੱਖ ਹਲ ਵਾਂਹਦਾ ਹੈ, ਕੋਈ (ਹੋਰ) ਮਨੁੱਖ (ਪੱਕਾ ਹੋਇਆ ਫ਼ਸਲ) ਵੱਢਦਾ ਹੈ, ਕੋਈ (ਹੋਰ) ਮਨੁੱਖ (ਉਸ ਵੱਢੇ ਹੋਏ ਫ਼ਸਲ ਨੂੰ) ਖਲਵਾੜੇ ਵਿਚ ਪਾਂਦਾ ਹੈ;
ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥੧॥
ਹੇ ਨਾਨਕ! ਪਰ ਅੰਤ ਨੂੰ (ਉਸ ਅੰਨ ਨੂੰ) ਖਾਂਦਾ ਕੋਈ ਹੋਰ ਹੈ । ਸੋ, ਇਸ ਤਰ੍ਹਾਂ (ਪਰਮਾਤਮਾ ਦੀ ਰਜ਼ਾ ਨੂੰ) ਸਮਝਿਆ ਨਹੀਂ ਜਾ ਸਕਦਾ (ਕਿ ਕਦੋਂ ਕੀਹ ਕੁਝ ਵਾਪਰੇਗਾ) ।੧।
ਮਃ ੧ ॥
ਪਹਿਲੀ ਪਾਤਿਸ਼ਾਹੀ।
ਜਿਸੁ ਮਨਿ ਵਸਿਆ ਤਰਿਆ ਸੋਇ ॥
ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ ਉਹ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।
ਨਾਨਕ ਜੋ ਭਾਵੈ ਸੋ ਹੋਇ ॥੨॥
ਹੇ ਨਾਨਕ! ਉਹੀ ਕੁਝ ਹੁੰਦਾ ਹੈ ਜੋ (ਪਰਮਾਤਮਾ ਨੂੰ) ਚੰਗਾ ਲੱਗਦਾ ਹੈ ।੨।
ਪਉੜੀ ॥
pauVI[
ਪਾਰਬ੍ਰਹਮਿ ਦਇਆਲਿ ਸਾਗਰੁ ਤਾਰਿਆ ॥
ਹੇ ਭਾਈ! ਦਿਆਲ ਪਾਰਬ੍ਰਹਮ ਨੇ ਉਸ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ ।
ਗੁਰਿ ਪੂਰੈ ਮਿਹਰਵਾਨਿ ਭਰਮੁ ਭਉ ਮਾਰਿਆ ॥
ਹੇ ਭਾਈ! ਪੂਰੇ ਮਿਹਰਵਾਨ ਗੁਰੂ ਨੇ (ਜਿਸ ਮਨੁੱਖ ਦੇ ਮਨ ਦੀ) ਭਟਕਣਾ ਤੇ ਸਹਿਮ ਮੁਕਾ ਦਿੱਤਾ,
ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥
ਭਿਆਨਕ ਕ®ੋਧ ਅਤੇ ਕਾਮ (ਆਦਿਕ) ਸਾਰੇ (ਉਸ ਦੇ) ਵੈਰੀ (ਉਸ ਉਤੇ ਜ਼ੋਰ ਪਾਣੋਂ) ਹਾਰ ਗਏ ।
ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥
ਜੀਵਨ ਦੇਣ ਵਾਲਾ ਨਾਮ (ਆਪਣੇ) ਗਲੇ ਵਿਚ (ਆਪਣੇ) ਹਿਰਦੇ ਵਿਚ (ਸਦਾ ਲਈ) ਟਿਕਾ ਲਿਆ ।
ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ ॥੧੧॥
ਹੇ ਨਾਨਕ! ਗੁਰੂ ਦੀ ਸੰਗਤਿ ਵਿਚ (ਰਹਿ ਕੇ ਉਸ ਨੇ ਆਪਣਾ) ਸਾਰਾ ਜੀਵਨ ਸੰਵਾਰ ਲਿਆ ।
ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਜਿਨੑੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨਿੑ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ, ਉਹ ਸਦਾ ਨਾਸਵੰਤ ਪਦਾਰਥਾਂ ਦੀਆਂ ਹੀ ਗੱਲਾਂ ਕਰਦੇ ਰਹਿੰਦੇ ਹਨ ।
ਪੰਚ ਚੋਰ ਤਿਨਾ ਘਰੁ ਮੁਹਨਿੑ ਹਉਮੈ ਅੰਦਰਿ ਸੰਨਿੑ ॥
(ਕਾਮਾਦਿਕ) ਪੰਜੇ ਚੋਰ ਉਹਨਾਂ ਦਾ (ਹਿਰਦਾ-) ਘਰ ਲੁੱਟਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਹਉਮੈ (ਦੀ) ਸੰਨ੍ਹ ਲੱਗੀ ਰਹਿੰਦੀ ਹੈ ।
ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨਿੑ ॥
ਉਹ ਪਰਮਾਤਮਾ ਨਾਲੋਂ ਟੁੱਟੇ ਹੋਏ ਖੋਟੀ ਮਤ ਵਾਲੇ ਮਨੁੱਖ (ਇਹਨਾਂ ਵਿਕਾਰਾਂ ਦੀ ਹੱਥੀਂ ਹੀ) ਲੁੱਟੇ ਜਾਂਦੇ ਹਨ, ਪ੍ਰਭੂ ਦੇ ਨਾਮ ਦਾ ਸੁਆਦ ਉਹ ਨਹੀਂ ਜਾਣਦੇ ਪਛਾਣਦੇ
ਜਿਨੑੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨਿੑ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ (ਮਨ ਦੀ) ਭਟਕਣਾ ਵਿਚ (ਹੀ) ਲੁਟਾ ਦਿੱਤਾ, ਉਹ (ਆਤਮਕ ਜੀਵਨ ਦਾ ਨਾਸ ਕਰਨ ਵਾਲੀ ਮਾਇਆ) ਜ਼ਹਿਰ ਨਾਲ ਹੀ ਪਿਆਰ ਪਾਈ ਰੱਖਦੇ ਹਨ
ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨਿੑ ॥
ਭੈੜੇ ਮਨੁੱਖਾਂ ਨਾਲ ਉਹਨਾਂ ਦਾ ਪਿਆਰ ਹੁੰਦਾ ਹੈ, ਪਰਮਾਤਮਾ ਦੇ ਸੇਵਕਾਂ ਨਾਲ ਉਹ ਝਗੜਾ ਬਣਾਈ ਰੱਖਦੇ ਹਨ ।
ਨਾਨਕ ਸਾਕਤ ਨਰਕ ਮਹਿ ਜਮਿ ਬਧੇ ਦੁਖ ਸਹੰਨਿੑ ॥
ਹੇ ਨਾਨਕ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਤਮਕ ਮੌਤ (ਦੀ ਫਾਹੀ) ਵਿਚ ਬੱਝੇ ਹੋਏ ਮਨੁੱਖ (ਮਾਨੋ) ਨਰਕਾਂ ਵਿਚ ਪਏ ਰਹਿੰਦੇ ਹਨ (ਸਦਾ) ਦੁੱਖ ਹੀ ਸਹਾਰਦੇ ਰਹਿੰਦੇ ਹਨ ।
ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨਿੑ ॥੧॥
(ਪਰ, ਹੇ ਪ੍ਰਭੂ! ਜੀਵਾਂ ਦੇ ਭੀ ਕੀਹ ਵੱਸ?) ਜਿਵੇਂ ਤੂੰ (ਇਹਨਾਂ ਨੂੰ) ਰੱਖਦਾ ਹੈਂ ਤਿਵੇਂ ਰਹਿੰਦੇ ਹਨ, ਤੇ, ਪਿਛਲੇ ਕੀਤੇ ਕਰਮਾਂ ਅਨੁਸਾਰ (ਹੁਣ ਭੀ ਉਹੋ ਜਿਹੇ) ਕਰਮ ਕਰੀ ਜਾ ਰਹੇ ਹਨ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਜਿਨੑੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥
ਹੇ ਭਾਈ! ਜਿਹੜਾ ਜਿਹੜਾ ਨਿਤਾਣਾ ਮਨੁੱਖ (ਭੀ) ਗੁਰੂ ਦੀ ਦੱਸੀ (ਸਿਮਰਨ ਦੀ) ਕਾਰ ਕਰਦਾ ਹੈ, ਉਸ ਨੂੰ (ਆਤਮਕ) ਬਲ ਮਿਲ ਜਾਂਦਾ ਹੈ ।
ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸਕੈ ਤਿਸੁ ॥
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਹਰ ਵੇਲੇ (ਪਰਮਾਤਮਾ ਉਸ ਦੇ) ਮਨ ਵਿਚ ਆ ਵੱਸਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ।
ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥
ਉਸ ਨੂੰ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਆਉਂਦਾ ਰਹਿੰਦਾ ਹੈ, ਮਾਇਆ ਉਸ ਦੀ ਦਾਸੀ ਬਣ ਜਾਂਦੀ ਹੈ (ਉਸ ਉਤੇ ਜ਼ੋਰ ਨਹੀਂ ਪਾ ਸਕਦੀ) ।
ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥
ਉਹ ਮਨੁੱਖ ਪ੍ਰਭੂ ਦੇ ਸੇਵਕਾਂ ਦਾ ਸੇਵਕ ਬਣਿਆ ਰਹਿੰਦਾ ਹੈ, ਉਸ ਨੂੰ ਸਭ ਤੋਂ ਸ੍ਰੇਸ਼ਟ ਪਦਾਰਥ (ਹਰਿ-ਨਾਮ) ਪ੍ਰਾਪਤ ਹੋ ਜਾਂਦਾ ਹੈ ।
ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥
ਹੇ ਨਾਨਕ! (ਆਖ—) ਮੈਂ ਉਸ ਮਨੁੱਖ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਮਨ ਵਿਚ ਜਿਸ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਟਿਕਿਆ ਰਹਿੰਦਾ ਹੈ ।
ਜਿਨੑ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥੨॥
ਪਰ, ਹੇ ਭਾਈ! ਉਸ ਉਸ ਮਨੁੱਖ ਦਾ ਹੀ ਪਿਆਰ ਸੰਤ ਜਨਾਂ ਨਾਲ ਬਣਦਾ ਹੈ ਜਿਸ ਜਿਸ ਦੇ ਭਾਗਾਂ ਵਿਚ ਪਿਛਲੇ ਕੀਤੇ ਕਰਮਾਂ ਅਨੁਸਾਰ (ਸਿਮਰਨ ਦਾ) ਲੇਖ ਲਿਖਿਆ ਹੁੰਦਾ ਹੈ ।੨
ਪਉੜੀ ॥
pauVI[
ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰਿ ਸੁਣਿਆ ॥
ਹੇ ਭਾਈ! ਪੂਰਾ ਗੁਰੂ ਜਿਹੜਾ (ਸਿਫ਼ਤਿ-ਸਾਲਾਹ ਦਾ) ਬਚਨ ਬੋਲਦਾ ਹੈ, ਪਰਮਾਤਮਾ ਉਸ ਵਲ ਧਿਆਨ ਦੇਂਦਾ ਹੈ ।
ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ ॥
ਗੁਰੂ ਦਾ ਉਹ ਬਚਨ ਸਾਰੇ ਸੰਸਾਰ ਵਿਚ ਪ੍ਰਭਾਵ ਪਾਂਦਾ ਹੈ, ਹਰੇਕ ਹਿਰਦੇ ਵਿਚ (ਪ੍ਰਭਾਵ ਪਾਂਦਾ ਹੈ, ਹਰੇਕ ਮਨੁੱਖ ਆਪਣੇ) ਮੂੰਹ ਨਾਲ ਉਚਾਰਦਾ ਹੈ ।
ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ ॥
(ਹੇ ਭਾਈ! ਗੁਰੂ ਦੱਸਦਾ ਹੈ ਕਿ) ਮਾਲਕ-ਪ੍ਰਭੂ ਵਿਚ ਬੇਅੰਤ ਗੁਣ ਹਨ ਗਿਣੇ ਨਹੀਂ ਜਾ ਸਕਦੇ ।
ਸਚੁ ਸਹਜੁ ਅਨਦੁ ਸਤਿਗੁਰੂ ਪਾਸਿ ਸਚੀ ਗੁਰ ਮਣੀਆ ॥
ਹੇ ਭਾਈ! ਪ੍ਰਭੂ ਦਾ ਸਦਾ-ਥਿਰ ਨਾਮ, ਆਤਮਕ ਅਡੋਲਤਾ, ਆਤਮਕ ਅਨੰਦ (ਇਹ) ਗੁਰੂ ਦੇ ਪਾਸ (ਹੀ ਹਨ, ਗੁਰੂ ਪਾਸੋਂ ਹੀ ਇਹ ਦਾਤਾਂ ਮਿਲਦੀਆਂ ਹਨ) । ਗੁਰੂ ਦਾ ਉਪਦੇਸ਼ ਸਦਾ ਕਾਇਮ ਰਹਿਣ ਵਾਲਾ ਰਤਨ ਹੈ ।
ਨਾਨਕ ਸੰਤ ਸਵਾਰੇ ਪਾਰਬ੍ਰਹਮਿ ਸਚੇ ਜਿਉ ਬਣਿਆ ॥੧੨॥
ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੇ ਜੀਵਨ ਆਪ ਸੋਹਣੇ ਬਣਾਂਦਾ ਹੈ, ਸੰਤ ਜਨ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਰਗੇ ਬਣ ਜਾਂਦੇ ਹਨ ।੧੨।
ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾ ਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ,
ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥
ਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ (ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ ।
ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥
ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ ।
ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥
ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥
ਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ) ।
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥
(ਜਿਸ ਮਨੁੱਖ ਨੂੰ ਹਰਿ-ਨਾਮ ਮਿਲਦਾ ਹੈ, ਉਹ) ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ (ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ ।
ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥
ਪਰ, ਹੇ ਭਾਈ! ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ ।
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥
ਹੇ ਨਾਨਕ! (ਆਖ—ਜਿਨ੍ਹਾਂ) ਦਾਸਾਂ ਨੇ (ਪਰਮਾਤਮਾ ਦਾ) ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਮੁੜ ਕਦੇ (ਪਰਮਾਤਮਾ ਨਾਲੋਂ) ਵਿੱਥ ਨਹੀਂ ਬਣਦੀ ।੨।