Sri Guru Granth Sahib Ji — Ang 853 (punjabi)
ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥੮॥
ਹੇ ਭਾਈ! ਸੇਵਕ-ਭਾਵਨਾ ਨਾਲ ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ-ਧਨ ਮਿਲਦਾ ਹੈ; ਪਰ ਉਹ (ਨਿੰਦਕ) ਅਭਾਗੇ ਉਥੋਂ (ਗੁਰੂ-ਦਰ ਤੋਂ) ਇਹ ਧਨ ਲੈ ਨਹੀਂ ਸਕਦੇ (ਤੇ, ਗੁਰੂ-ਦਰ ਤੋਂ ਬਿਨਾ) ਕਿਸੇ ਹੋਰ ਥਾਂ ਕਿਸੇ ਹੋਰ ਦੇਸ ਵਿਚ ਇਹ ਨਾਮ-ਧਨ ਹੈ ਹੀ ਨਹੀਂ ।੮।
ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥
ਹੇ ਭਾਈ! ਜਿਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਨੂੰ (ਕਿਸੇ ਕਿਸਮ ਦਾ) ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਉਹਨਾਂ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ ।
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥
(ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਸੰਸਾਰ ਵਿਚ) ਜੋ ਕੁਝ ਹੋ ਰਿਹਾ ਹੈ ਉਹ ਪਰਮਾਤਮਾ ਦੀ ਰਜ਼ਾ ਵਿਚ ਹੋ ਰਿਹਾ ਹੈ, ਉਸ ਉਤੇ ਕੋਈ ਇਤਰਾਜ਼ ਨਹੀਂ ਕੀਤਾ ਜਾ ਸਕਦਾ ।
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥੧॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਲੜ ਲਾ ਲੈਂਦਾ ਹੈ ਉਹਨਾਂ ਦੀ ਅਰਜ਼ੋਈ (ਪਰਮਾਤਮਾ ਸਦਾ) ਆਪ ਸੁਣਦਾ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਕਾਲੁ ਮਾਰਿ ਮਨਸਾ ਮਨਹਿ ਸਮਾਣੀ ਅੰਤਰਿ ਨਿਰਮਲੁ ਨਾਉ ॥
ਹੇ ਭਾਈ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਵਿੱਤਰ ਨਾਮ ਵੱਸਦਾ ਹੈ ਉਹ ਆਤਮਕ ਮੌਤ ਨੂੰ ਮੁਕਾ ਕੇ ਮਨ ਦੇ ਮਾਇਕ ਫੁਰਨੇ ਨੂੰ ਮਨ ਵਿਚ ਹੀ ਦੱਬ ਦੇਂਦਾ ਹੈ ।
ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥
ਉਹ ਮਨੁੱਖ (ਮਾਇਆ ਦੇ ਹੱਲਿਆਂ ਵਲੋਂ) ਹਰ ਵੇਲੇ ਸੁਚੇਤ ਰਹਿੰਦਾ ਹੈ, ਕਦੇ ਉਹ (ਗ਼ਫ਼ਲਤ ਦੀ ਨੀਂਦ ਵਿਚ) ਨਹੀਂ ਸੌਂਦਾ । ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਅੰਮ੍ਰਿਤ (ਉਸ ਦੀ) ਖ਼ੁਰਾਕ ਹੁੰਦਾ ਹੈ ।
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥
ਉਹ ਮਨੁੱਖ (ਸਦਾ) ਮਿੱਠਾ ਬੋਲਦਾ ਹੈ, (ਸਤਿਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ ।
ਨਿਜ ਘਰਿ ਵਾਸਾ ਸਦਾ ਸੋਹਦੇ ਨਾਨਕ ਤਿਨ ਮਿਲਿਆ ਸੁਖੁ ਪਾਉ ॥੨॥
ਇਹੋ ਜਿਹੇ ਮਨੁੱਖ ਸਦਾ ਪਰਮਾਤਮਾ ਦੇ ਚਰਨਾਂ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ । ਹੇ ਨਾਨਕ! (ਆਖ—ਹੇ ਭਾਈ!) ਇਹੋ ਜਿਹੇ ਮਨੁੱਖਾਂ ਨੂੰ ਮਿਲ ਕੇ ਮੈਂ ਭੀ ਆਤਮਕ ਆਨੰਦ ਮਾਣਦਾ ਹਾਂ ।੨।
ਪਉੜੀ ॥
pauVI[
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥
ਹੇ ਭਾਈ! ਪਰਮਾਤਮਾ ਦਾ ਨਾਮ-ਧਨ ਰਤਨ ਹੀਰੇ ਹਨ । ਇਹ ਹਰਿ-ਨਾਮ-ਧਨ (ਜਿਸ ਨੂੰ) ਪਰਮਾਤਮਾ ਪਾਸੋਂ ਦਿਵਾਇਆ ਹੈ ਗੁਰੂ ਨੇ (ਹੀ) ਦਿਵਾਇਆ ਹੈ ।
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥
ਜੇ ਕਿਸੇ ਮਨੁੱਖ ਨੂੰ (ਗੁਰੂ ਤੋਂ ਬਿਨਾ ਕਿਸੇ ਹੋਰ ਕੋਲ) ਕੁਝ ਦਿੱਸ ਪਏ ਤਾਂ (ਉਸ ਪਾਸੋਂ ਕੋਈ) ਕੁਝ ਮੰਗ ਭੀ ਲਏ, ਜਾਂ, ਕੋਈ ਕੁਝ ਦਿਵਾ ਦੇਵੇ । ਪਰ ਇਹ ਨਾਮ-ਧਨ ਧੱਕਾ ਕਰ ਕੇ (ਭੀ) ਕਿਸੇ ਨਾਲ ਵੰਡਾਇਆ ਨਹੀਂ ਜਾ ਸਕਦਾ (ਇਹ ਤਾਂ ਪਰਮਾਤਮਾ ਦੀ ਮਿਹਰ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ) ।
ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥
ਹੇ ਭਾਈ! ਪਰਮਾਤਮਾ ਨੇ ਧੁਰੋਂ ਜਿਸ ਮਨੁੱਖ ਦੇ ਮੱਥੇ ਤੇ ਲੇਖ ਲਿਖ ਦਿੱਤਾ ਹੈ, ਪਰਮਾਤਮਾ ਉਸ ਮਨੁੱਖ ਦੀ ਗੁਰੂ ਵਿਚ ਸਰਧਾ ਬਣਾਂਦਾ ਹੈ, ਤੇ (ਗੁਰੂ ਦੀ ਰਾਹੀਂ) ਉਸ ਮਨੁੱਖ ਨੂੰ ਨਾਮ-ਧਨ ਦਾ ਹਿੱਸਾ ਮਿਲਦਾ ਹੈ ।
ਇਸੁ ਹਰਿ ਧਨ ਕਾ ਕੋਈ ਸਰੀਕੁ ਨਾਹੀ ਕਿਸੈ ਕਾ ਖਤੁ ਨਾਹੀ ਕਿਸੈ ਕੈ ਸੀਵ ਬੰਨੈ ਰੋਲੁ ਨਾਹੀ ਜੇ ਕੋ ਹਰਿ ਧਨ ਕੀ ਬਖੀਲੀ ਕਰੇ ਤਿਸ ਕਾ ਮੁਹੁ ਹਰਿ ਚਹੁ ਕੁੰਡਾ ਵਿਚਿ ਕਾਲਾ ਕਰਾਇਆ ॥
ਹੇ ਭਾਈ! ਇਹ ਨਾਮ-ਧਨ (ਐਸੀ ਜਾਇਦਾਦ ਹੈ ਕਿ) ਇਸ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ (ਇਸ ਉਤੇ) ਕੋਈ ਜੱਦੀ ਹੱਕ ਨਹੀਂ ਬਣਾ ਸਕਦਾ, ਕਿਸੇ ਕੋਲ ਇਸ ਦੀ ਮਲਕੀਅਤ ਦਾ ਪਟਾ ਭੀ ਨਹੀਂ ਹੋ ਸਕਦਾ । (ਜਿਵੇਂ ਜ਼ਿਮੀਂਦਾਰਾਂ ਦਾ ਜ਼ਮੀਨ ਦੇ) ਵੱਟੇ-ਬੰਨੇ ਦਾ ਰੌਲਾ (ਪੈ ਸਕਦਾ ਹੈ), ਇਸ ਹਰਿ-ਧਨ ਦਾ ਕੋਈ ਅਜਿਹਾ ਰੌਲਾ ਭੀ ਨਹੀਂ ਹੋ ਸਕਦਾ । (ਕਿਸੇ ਗੁਰਮੁਖ ਨੂੰ ਵੇਖ ਕੇ) ਜੇ ਕੋਈ ਮਨੁੱਖ ਇਸ ਨਾਮ-ਧਨ ਦੀ (ਖ਼ਾਤਰ) ਈਰਖਾ ਕਰਦਾ ਹੈ, ਉਸ ਨੂੰ ਸਗੋਂ ਹਰ ਪਾਸੇ ਫਿਟਕਾਰ ਹੀ ਪੈਂਦੀ ਹੈ ।
ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥੯॥
(ਹੇ ਭਾਈ! ਇਹ ਨਾਮ-ਧਨ ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ ਦੇਂਦਾ ਹੈ, ਤੇ) ਜੇ ਪਰਮਾਤਮਾ ਕਿਸੇ ਨੂੰ ਇਹ ਨਾਮ-ਧਨ ਦੇਵੇ ਤਾਂ ਕਿਸੇ ਹੋਰ ਦਾ ਜ਼ੋਰ ਨਹੀਂ ਚੜ੍ਹ ਸਕਦਾ, ਕਿਸੇ ਦੀ ਈਰਖਾ ਕੁਝ ਵਿਗਾੜ ਨਹੀਂ ਸਕਦੀ (ਇਹ ਐਸੀ ਦਾਤਿ ਹੈ ਕਿ) ਇਹ ਹਰ ਰੋਜ਼ ਸਦਾ ਵਧਦੀ ਹੀ ਜਾਂਦੀ ਹੈ ।੯।
ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥
ਹੇ ਪ੍ਰਭੂ! (ਵਿਕਾਰਾਂ ਵਿਚ) ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਕੇ ਬਚਾ ਲੈ,
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥
ਜਿਸ ਭੀ ਤਰੀਕੇ ਨਾਲ ਇਹ ਬਚ ਸਕਦਾ ਹੋਵੇ ਉਸੇ ਤਰ੍ਹਾਂ ਬਚਾ ਲੈ ।
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਮਨ ਵਿਚ ਵਸਾ ਕੇ (ਜਿਸ ਮਨੁੱਖ ਨੂੰ) ਸਤਿਗੁਰੂ ਨੇ (ਸਿਮਰਨ ਦਾ) ਆਤਮਕ ਆਨੰਦ ਵਿਖਾਲ ਦਿੱਤਾ,
ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥੧॥
ਹੇ ਨਾਨਕ! ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਇਹ ਬਖ਼ਸ਼ਸ਼ ਕਰਨ ਵਾਲਾ ਨਹੀਂ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥
ਭਾਈ! ਮਾਇਆ ਦੀ ਹਉਮੈ (ਸਾਰੇ ਸੰਸਾਰ ਨੂੰ) ਆਪਣੇ ਵੱਸ ਵਿਚ ਕਰਨ ਦੀ ਸਮਰਥਾ ਵਾਲੀ ਹੈ, ਹੋਰ (ਦੇ ਮੋਹ) ਵਿਚ ਜਾ ਫਸਦਾ ਹੈ ।
ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥
ਇਹ ਹਉਮੈ ਨਾਹ (ਕਿਸੇ ਪਾਸੋਂ) ਮਾਰੀ ਜਾ ਸਕਦੀ ਹੈ, ਨਾਹ ਹੀ ਇਹ ਆਪ ਮਰਦੀ ਹੈ, ਨਾਹ ਹੀ ਇਹ ਕਿਸੇ ਹੱਟੀ ਤੇ ਵੇਚੀ ਜਾ ਸਕਦੀ ਹੈ ।
ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥
ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਚੰਗੀ ਤਰ੍ਹਾਂ ਸਾੜ ਦੇਈਏ, ਤਦੋਂ ਹੀ ਇਹ (ਜੀਵ ਦੇ) ਅੰਦਰੋਂ ਮੁੱਕਦੀ ਹੈ ।
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥
ਤਨ (ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ।
ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥੨॥
ਹੇ ਨਾਨਕ! ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਣ ਦਾ ਵਸੀਲਾ ਹੈ, ਤੇ, ਇਹ ਸ਼ਬਦ ਗੁਰੂ ਦੀ ਸਰਨ ਪਿਆਂ ਮਿਲਦਾ ਹੈ ।੨।
ਪਉੜੀ ॥
pauVI[
ਸਤਿਗੁਰ ਕੀ ਵਡਿਆਈ ਸਤਿਗੁਰਿ ਦਿਤੀ ਧੁਰਹੁ ਹੁਕਮੁ ਬੁਝਿ ਨੀਸਾਣੁ ॥
ਇੱਜ਼ਤ ਗੁਰੂ (ਅਮਰਦਾਸ ਜੀ) ਦੀ (ਹੋਈ, ਉਹ) ਗੁਰੂ (ਅੰਗਦ ਸਾਹਿਬ) ਨੇ ਪਰਮਾਤਮਾ ਦੀ ਹਜ਼ੂਰੀ ਤੋਂ (ਮਿਲਿਆ) ਹੁਕਮ ਸਮਝ ਕੇ ਪਰਵਾਨਾ ਸਮਝ ਕੇ (ਉਹਨਾਂ ਨੂੰ) ਦਿੱਤੀ ।
ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥
ਪੁੱਤਰਾਂ ਨੇ, ਭਤੀਜਿਆਂ ਨੇ, ਜਵਾਈਆਂ ਨੇ, ਹੋਰ ਸੱਕੇ ਸਾਕ ਅੰਗਾਂ ਨੇ ਚੰਗੀ ਤਰ੍ਹਾਂ ਪਰਖ ਕੇ ਵੇਖ ਲਿਆ ਸੀ (ਗੁਰੂ ਨੇ) ਸਭਨਾਂ ਦਾ ਮਾਣ ਦੂਰ ਕਰ ਦਿੱਤਾ ।
ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥
ਹੇ ਭਾਈ! ਪਰਮਾਤਮਾ ਨੇ (ਗੁਰੂ ਦੀ ਰਾਹੀਂ) ਸਾਰੇ ਸੰਸਾਰ ਨੂੰ (ਨਾਮ ਦੀ) ਬਖ਼ਸ਼ਸ਼ ਕੀਤੀ ਹੈ; ਜਿੱਥੇ ਭੀ ਕੋਈ ਵੇਖਦਾ ਹੈ ਉਥੇ ਹੀ ਪਿਆਰਾ ਗੁਰੂ (ਨਾਮ ਦੀ ਦਾਤਿ ਦੇਣ ਲਈ ਮੌਜੂਦ) ਹੈ ।
ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥
ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਕ ਵਿਚ ਤੇ ਪਰਲੋਕ ਵਿਚ ਕਾਮਯਾਬ ਹੋ ਜਾਂਦਾ ਹੈ, ਪਰ ਜਿਹੜਾ ਮਨੁੱਖ ਗੁਰੂ ਵਲੋਂ ਮੂੰਹ ਮੋੜਦਾ ਹੈ, ਉਹ ਭਟਕਦਾ ਫਿਰਦਾ ਹੈ, ਉਸ ਦਾ ਹਿਰਦਾ-ਥਾਂ (ਵਿਕਾਰਾਂ ਨਾਲ) ਗੰਦਾ ਟਿਕਿਆ ਰਹਿੰਦਾ ਹੈ ।