Sri Guru Granth Sahib Ji — Ang 851 (punjabi)
ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਰਹਿੰਦੇ ਹਨ, ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿੱਸਦਾ (ਇਸ ਵਾਸਤੇ ਉਹ) ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ । ਮਨਮੁਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ।
ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥
(ਪ੍ਰਭੂ ਨੂੰ ਵਿਸਾਰ ਕੇ ਮਨਮੁਖ ਨੇ ਹੋਰ ਹੋਰ ਕਈ ਧੰਧੇ ਸਹੇੜੇ ਹੁੰਦੇ ਹਨ, ਉਹਨਾਂ) ਕੰਮਾਂ ਵਿਚ (ਉਸ ਨੂੰ) ਕਾਮਯਾਬੀਆਂ ਨਹੀਂ ਹੁੰਦੀਆਂ, ਆਖ਼ਰ ਇਥੋਂ ਹਾਹੁਕੇ ਲੈਂਦਾ ਹੀ ਜਾਂਦਾ ਹੈ ।
ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥
ਜਿਸ ਮਨੁੱਖ ਉਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ, ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ ।
ਨਾਮਿ ਰਤੇ ਜਨ ਸਦਾ ਸੁਖੁ ਪਾਇਨਿੑ ਜਨ ਨਾਨਕ ਤਿਨ ਬਲਿ ਜਾਏ ॥੧॥
ਨਾਮ ਵਿਚ ਰੰਗੇ ਹੋਏ ਮਨੁੱਖ ਸਦਾ ਆਤਮਕ ਆਨੰਦ ਮਾਣਦੇ ਹਨ । ਹੇ ਦਾਸ ਨਾਨਕ! (ਆਖ—) ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥
ਹੇ ਭਾਈ! (ਹਰ ਵੇਲੇ ਮਾਇਆ ਦੀ) ਆਸ (ਹਰ ਵੇਲੇ ਮਾਇਆ ਦੀ ਹੀ) ਚਿਤਵਨੀ ਜਗਤ ਵਿਚ (ਜੀਵਾਂ ਨੂੰ) ਮੋਹ ਰਹੀ ਹੈ, ਇਸ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ ।
ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥
ਜਿਤਨਾ ਭੀ ਜਗਤ ਦਿੱਸ ਰਿਹਾ ਹੈ (ਇਸ ਆਸਾ ਮਨਸਾ ਦੇ ਕਾਰਨ ਜਗਤ ਦਾ) ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿਚ ਹੈ ।
ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥
(ਪਰ) ਇਹ ਆਤਮਕ ਮੌਤ (ਪਰਮਾਤਮਾ ਦੇ) ਹੁਕਮ ਵਿਚ ਹੀ ਵਿਆਪਦੀ ਹੈ (ਇਸ ਵਾਸਤੇ ਇਸ ਤੋਂ) ਉਹੀ ਬਚਦਾ ਹੈ ਜਿਸ ਉਤੇ ਕਰਤਾਰ ਮਿਹਰ ਕਰਦਾ ਹੈ (ਤੇ, ਪਰਮਾਤਮਾ ਬਖ਼ਸ਼ਸ਼ ਕਰਦਾ ਹੈ ਗੁਰੂ ਦੀ ਰਾਹੀਂ) ।
ਨਾਨਕ ਗੁਰ ਪਰਸਾਦੀ ਏਹੁ ਮਨੁ ਤਾਂ ਤਰੈ ਜਾ ਛੋਡੈ ਅਹੰਕਾਰੁ ॥
ਹੇ ਨਾਨਕ! ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ (ਆਪਣੇ ਅੰਦਰੋਂ) ਅਹੰਕਾਰ ਦੂਰ ਕਰਦਾ ਹੈ,
ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥੨॥
ਜਦੋਂ ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜਦਾ ਹੈ ਤਦੋਂ ਮਨੁੱਖ ਆਸਾ ਮਨਸਾ ਨੂੰ ਮੁਕਾ ਲੈਂਦਾ ਹੈ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ) ਆਸਾਂ ਤੋਂ ਉਤਾਂਹ ਰਹਿੰਦਾ ਹੈ, ਤਦੋਂ ਮਨੁੱਖ ਦਾ ਮਨ (ਆਸਾ ਮਨਸਾ ਦੀ ਘੁੰਮਣ-ਘੇਰੀ ਵਿਚੋਂ) ਪਾਰ ਲੰਘ ਜਾਂਦਾ ਹੈ ।੨।
ਪਉੜੀ ॥
pauVI[
ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥
ਹੇ ਭਾਈ! ਸੰਸਾਰ ਵਿਚ ਜਿਸ ਥਾਂ ਭੀ ਜਾਈਏ, ਉਥੇ ਹੀ ਮਾਲਕ-ਪ੍ਰਭੂ ਹਾਜ਼ਰ ਹੈ ।
ਅਗੈ ਸਭੁ ਆਪੇ ਵਰਤਦਾ ਹਰਿ ਸਚਾ ਨਿਆਈ ॥
ਪਰਲੋਕ ਵਿਚ ਭੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ ।
ਕੂੜਿਆਰਾ ਕੇ ਮੁਹ ਫਿਟਕੀਅਹਿ ਸਚੁ ਭਗਤਿ ਵਡਿਆਈ ॥
। (ਉਸ ਦੀ ਹਜ਼ੂਰੀ ਵਿਚ) ਮਾਇਆ-ਗ੍ਰਸੇ ਜੀਵਾਂ ਨੂੰ ਫਿਟਕਾਰਾਂ ਪੈਂਦੀਆਂ ਹਨ । (ਪਰ ਜਿਨ੍ਹਾਂ ਦੇ ਹਿਰਦੇ ਵਿਚ) ਸਦਾ-ਥਿਰ ਹਰਿ-ਨਾਮ ਵੱਸਦਾ ਹੈ ਪ੍ਰਭੂ ਦੀ ਭਗਤੀ ਟਿਕੀ ਹੋਈ ਹੈ, ਉਹਨਾਂ ਨੂੰ ਆਦਰ ਮਿਲਦਾ ਹੈ ।
ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ਼ ਭੀ ਅਟੱਲ ਹੈ । (ਉਸ ਦੇ ਨਿਆਂ ਅਨੁਸਾਰ ਹੀ ਗੁਰਮੁਖਾਂ ਦੀ) ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆਹ ਪੈਂਦੀ ਹੈ ।
ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥੫॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਕ ਆਨੰਦ ਮਿਲਿਆ ਹੈ ।੫।
ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਪੂਰੈ ਭਾਗਿ ਸਤਿਗੁਰੁ ਪਾਈਐ ਜੇ ਹਰਿ ਪ੍ਰਭੁ ਬਖਸ ਕਰੇਇ ॥
ਹੇ ਭਾਈ! ਜੇ ਪਰਮਾਤਮਾ ਮਿਹਰ ਕਰੇ ਤਾਂ (ਮਨੁੱਖ ਨੂੰ) ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ।
ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥
(ਗੁਰੂ ਦਾ ਮਿਲਣਾ ਹੀ) ਸਾਰੇ ਵਸੀਲਿਆਂ ਨਾਲੋਂ ਵਧੀਆ ਵਸੀਲਾ ਹੈ (ਜਿਸ ਦੀ ਰਾਹੀਂ ਪਰਮਾਤਮਾ ਦਾ) ਨਾਮ ਹਾਸਲ ਹੁੰਦਾ ਹੈ ।
ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥
(ਨਾਮ ਦੀ ਬਰਕਤ ਨਾਲ ਮਨੁੱਖ ਦਾ) ਮਨ ਠੰਢਾ-ਠਾਰ ਹੋ ਜਾਂਦਾ ਹੈ (ਮਨੁੱਖ ਦੇ) ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।
ਅੰਮ੍ਰਿਤੁ ਖਾਣਾ ਪੈਨੑਣਾ ਨਾਨਕ ਨਾਇ ਵਡਿਆਈ ਹੋਇ ॥੧॥
ਹੇ ਨਾਨਕ! (ਸਤਿਗੁਰੂ ਦੇ ਮਿਲਣ ਨਾਲ ਜਿਸ ਮਨੁੱਖ ਦੀ) ਖ਼ੁਰਾਕ ਤੇ ਪੁਸ਼ਾਕ (ਭਾਵ, ਜ਼ਿੰਦਗੀ ਦਾ ਆਸਰਾ) ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਬਣ ਜਾਂਦਾ ਹੈ ਉਸ ਨੂੰ ਨਾਮ ਦੀ ਰਾਹੀਂ (ਹਰ ਥਾਂ) ਆਦਰ ਮਿਲਦਾ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਏ ਮਨ ਗੁਰ ਕੀ ਸਿਖ ਸੁਣਿ ਪਾਇਹਿ ਗੁਣੀ ਨਿਧਾਨੁ ॥
ਹੇ ਮਨ! ਗੁਰੂ ਦੀ ਸਿੱਖਿਆ ਆਪਣੇ ਅੰਦਰ ਵਸਾ (ਇਸ ਤਰ੍ਹਾਂ) ਤੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਏਂਗਾ ।
ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥
(ਸਾਰੇ) ਸੁਖ ਦੇਣ ਵਾਲਾ ਪਰਮਾਤਮਾ ਤੈਨੂੰ ਤੇਰੇ ਆਪਣੇ ਅੰਦਰ ਵੱਸਦਾ ਦਿੱਸ ਪਏਗਾ (ਤੇਰੇ ਅੰਦਰੋਂ) ਹਉਮੈ ਅਹੰਕਾਰ ਦੂਰ ਹੋ ਜਾਇਗਾ ।
ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥੨॥
ਹੇ ਨਾਨਕ! ਆਤਮਕ ਜੀਵਨ ਦੇਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ (ਗੁਰੂ ਦੀ ਰਾਹੀਂ ਆਪਣੀ) ਮਿਹਰ ਦੀ ਨਿਗਾਹ ਨਾਲ (ਹੀ) ਮਿਲਦਾ ਹੈ ।੨।
ਪਉੜੀ ॥
pauVI[
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ ਹਹਿ ਤਿਤਨੇ ਸਭਿ ਹਰਿ ਕੇ ਕੀਏ ॥
(ਹੇ ਭਾਈ! ਜਗਤ ਵਿਚ) ਜਿਤਨੇ ਭੀ ਸ਼ਾਹ, ਪਾਤਿਸ਼ਾਹ, ਰਾਜੇ, ਖ਼ਾਨ, ਅਮੀਰ ਤੇ ਸਰਦਾਰ ਹਨ, ਉਹ ਸਾਰੇ ਪਰਮਾਤਮਾ ਦੇ (ਹੀ) ਪੈਦਾ ਕੀਤੇ ਹੋਏ ਹਨ ।
ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥
ਜੋ ਕੁਝ ਪਰਮਾਤਮਾ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ, ਉਹ ਸਾਰੇ ਪਰਮਾਤਮਾ ਦੇ (ਦਰ ਦੇ ਹੀ) ਮੰਗਤੇ ਹਨ ।
ਸੋ ਐਸਾ ਹਰਿ ਸਭਨਾ ਕਾ ਪ੍ਰਭੁ ਸਤਿਗੁਰ ਕੈ ਵਲਿ ਹੈ ਤਿਨਿ ਸਭਿ ਵਰਨ ਚਾਰੇ ਖਾਣੀ ਸਭ ਸ੍ਰਿਸਟਿ ਗੋਲੇ ਕਰਿ ਸਤਿਗੁਰ ਅਗੈ ਕਾਰ ਕਮਾਵਣ ਕਉ ਦੀਏ ॥
ਹੇ ਭਾਈ! ਇਹੋ ਜਿਹੀ ਸਮਰਥਾ ਵਾਲਾ ਸਭਨਾਂ ਜੀਵਾਂ ਦਾ ਮਾਲਕ ਉਹ ਪਰਮਾਤਮਾ (ਸਦਾ) ਸਤਿਗੁਰੂ ਦੇ ਪੱਖ ਤੇ ਰਹਿੰਦਾ ਹੈ । ਉਸ ਪਰਮਾਤਮਾ ਨੇ ਚਹੁੰਆਂ ਵਰਨਾਂ ਚਹੁੰਆਂ ਖਾਣੀਆਂ ਦੇ ਸਾਰੇ ਜੀਵ ਸਾਰੀ ਹੀ ਸ੍ਰਿਸ਼ਟੀ (ਦੇ ਜੀਵ) (ਗੁਰੂ ਦੇ) ਸੇਵਕ ਬਣਾ ਕੇ ਗੁਰੂ ਦੇ ਦਰ ਤੇ ਸੇਵਾ ਕਰਨ ਲਈ ਖੜੇ ਕੀਤੇ ਹੋਏ ਹਨ ।
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥
ਹੇ ਸੰਤ ਜਨੋ! ਵੇਖੋ, ਪਰਮਾਤਮਾ ਦੀ ਭਗਤੀ ਕਰਨ ਦਾ ਇਹ ਗੁਣ ਹੈ ਕਿ ਉਸ (ਪਰਮਾਤਮਾ) ਨੇ (ਭਗਤੀ ਕਰਨ ਵਾਲੇ ਆਪਣੇ ਸੇਵਕ ਦੇ) ਸਰੀਰ-ਨਗਰ ਵਿਚੋਂ (ਕਾਮਾਦਿਕ) ਸਾਰੇ ਵੈਰੀ ਦੁਸ਼ਮਨ ਮਾਰ ਕੇ (ਬਾਹਰ) ਕੱਢ ਦਿੱਤੇ ਹੁੰਦੇ ਹਨ ।
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥੬॥
ਹੇ ਭਾਈ! ਪਰਮਾਤਮਾ ਆਪਣੇ ਭਗਤਾਂ ਉਤੇ (ਸਦਾ) ਦਇਆਵਾਨ ਹੁੰਦਾ ਹੈ । ਪਰਮਾਤਮਾ ਮਿਹਰ ਕਰ ਕੇ (ਆਪਣੇ ਭਗਤਾਂ ਨੂੰ ਕਾਮਾਦਿਕ ਵੈਰੀਆਂ ਤੋਂ) ਆਪ ਬਚਾਂਦਾ ਹੈ ।੬।
ਸਲੋਕ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਵਿਚ ਖੋਟ ਟਿਕਿਆ ਰਹਿੰਦਾ ਹੈ (ਇਸ ਵਾਸਤੇ ਉਸ ਨੂੰ) ਸਦਾ (ਆਤਮਕ) ਕਲੇਸ਼ ਰਹਿੰਦਾ ਹੈ, ਉਸ ਦੀ ਸੁਰਤਿ (ਪਰਮਾਤਮਾ ਵਿਚ) ਨਹੀਂ ਜੁੜਦੀ ।
ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥
ਉਸ ਮਨੁੱਖ ਦੀ ਸਾਰੀ ਕਿਰਤ-ਕਾਰ ਦੁੱਖ-ਕਲੇਸ਼ ਵਿਚ ਹੀ ਹੁੰਦੀ ਹੈ (ਹਰ ਵੇਲੇ ਉਸ ਨੂੰ) ਕਲੇਸ਼ ਹੀ ਵਾਪਰਦਾ ਰਹਿੰਦਾ ਹੈ, ਪਰਲੋਕ ਵਿਚ ਭੀ ਉਸ ਦੇ ਵਾਸਤੇ ਕਲੇਸ਼ ਹੀ ਹੈ ।
ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥
ਮਿਹਰ ਨਾਲ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ ਸਦਾ-ਥਿਰ ਹਰਿ-ਨਾਮ ਵਿਚ ਉਸ ਦੀ ਲਗਨ ਲੱਗ ਜਾਂਦੀ ਹੈ,
ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥੧॥
ਹੇ ਨਾਨਕ! ਆਤਮਕ ਅਡੋਲਤਾ ਵਿਚ (ਟਿਕਣ ਕਰਕੇ ਉਸ ਨੂੰ ਆਤਮਕ) ਆਨੰਦ ਮਿਲਿਆ ਰਹਿੰਦਾ ਹੈ ਤੇ ਉਸ ਦੇ ਮਨ ਵਿਚੋਂ ਭਟਕਣਾ ਦੂਰ ਹੋ ਜਾਂਦੀ ਹੈ ਸਹਿਮ ਦੂਰ ਹੋ ਜਾਂਦਾ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥
ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ (ਉਸ ਦੇ ਅੰਦਰ) ਸਦਾ ਪਰਮਾਤਮਾ ਦੇ ਨਾਮ ਦੀ ਰੰਗਣ ਚੜ੍ਹੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਪਿਆਰਾ ਲੱਗਦਾ ਹੈ ।