Sri Guru Granth Sahib Ji — Ang 840 (punjabi)
ਆਈ ਪੂਤਾ ਇਹੁ ਜਗੁ ਸਾਰਾ ॥
(ਉਹ ਨਾਥ-ਪ੍ਰਭੂ ਸਾਰੇ ਜਗਤ ਦੀ ਮਾਂ ਹੈ) ਇਹ ਸਾਰਾ ਜਗਤ ਉਸ ਮਾਂ (-ਨਾਥ-ਪ੍ਰਭੂ) ਦਾ ਪੁੱਤਰ ਹੈ (ਪੈਦਾ ਕੀਤਾ ਹੋਇਆ ਹੈ) ।
ਪ੍ਰਭ ਆਦੇਸੁ ਆਦਿ ਰਖਵਾਰਾ ॥
ਉਸ ਪ੍ਰਭੂ ਨੂੰ ਹੀ ਨਮਸਕਾਰ ਕਰਨੀ ਚਾਹੀਦੀ ਹੈ, ਉਹ ਸਭ ਦਾ ਮੁੱਢ ਹੈ, ਸਭ ਦਾ ਰਾਖਾ ਹੈ ।
ਆਦਿ ਜੁਗਾਦੀ ਹੈ ਭੀ ਹੋਗੁ ॥
ਉਹ ਪ੍ਰਭੂ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਭੀ ਹੈ ਤੇ ਸਦਾ ਲਈ ਮੌਜੂਦ ਰਹੇਗਾ ।
ਓਹੁ ਅਪਰੰਪਰੁ ਕਰਣੈ ਜੋਗੁ ॥੧੧॥
ਉਹ ਪ੍ਰਭੂ-ਨਾਥ ਪਰੇ ਤੋਂ ਪਰੇ ਹੈ (ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ) ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ।੧੧।
ਦਸਮੀ ਨਾਮੁ ਦਾਨੁ ਇਸਨਾਨੁ ॥
ਪਰਮਾਤਮਾ ਦਾ ਨਾਮ ਜਪਣਾ ਹੀ ਦਸਵੀਂ ਥਿਤ ਤੇ ਦਾਨ ਕਰਨਾ ਤੇ ਇਸ਼ਨਾਨ ਕਰਨਾ ਹੈ ।
ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥
ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਸਦਾ-ਥਿਰ ਰਹਿਣ ਵਾਲਾ ਨਿੱਤ ਦਾ ਤੀਰਥ-ਇਸ਼ਨਾਨ ਹੈ ।
ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ (ਮਨ ਨੂੰ ਵਿਕਾਰਾਂ ਦੀ) ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ,
ਬਿਲਮੁ ਨ ਤੂਟਸਿ ਕਾਚੈ ਤਾਗੈ ॥
ਮਨ ਦਾ ਸਹਿਮ ਮੁੱਕ ਜਾਂਦਾ ਹੈ (ਇਉਂ ਤੁਰਤ ਮੁੱਕਦਾ ਹੈ, ਜਿਵੇਂ) ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ ।
ਜਿਉ ਤਾਗਾ ਜਗੁ ਏਵੈ ਜਾਣਹੁ ॥
(ਹੇ ਭਾਈ!) ਜਗਤ (ਦੇ ਸੰਬੰਧ) ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ;
ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥
ਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ ।੧੨।
ਏਕਾਦਸੀ ਇਕੁ ਰਿਦੈ ਵਸਾਵੈ ॥
ਜਿਹੜਾ ਮਨੁੱਖ ਇਕ (ਪਰਮਾਤਮਾ) ਨੂੰ (ਆਪਣੇ) ਹਿਰਦੇ ਵਿਚ ਵਸਾਂਦਾ ਹੈ,
ਹਿੰਸਾ ਮਮਤਾ ਮੋਹੁ ਚੁਕਾਵੈ ॥
(ਉਹ ਮਨੁੱਖ ਆਪਣੇ ਅੰਦਰੋਂ) ਨਿਰਦਇਤਾ, ਮਾਇਆ ਦੀ ਅਪਣੱਤ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ।
ਫਲੁ ਪਾਵੈ ਬ੍ਰਤੁ ਆਤਮ ਚੀਨੈ ॥
(ਜਿਹੜਾ ਮਨੁੱਖ ਹਿੰਸਾ ਮੋਹ ਆਦਿਕ ਤੋਂ ਬਚੇ ਰਹਿਣ ਵਾਲਾ ਇਹ) ਵਰਤ (ਰੱਖਦਾ ਹੈ, ਉਹ ਇਸ ਵਰਤ ਦਾ ਇਹ) ਫਲ ਪ੍ਰਾਪਤ ਕਰਦਾ ਹੈ ਕਿ (ਸਦਾ) ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ ।
ਪਾਖੰਡਿ ਰਾਚਿ ਤਤੁ ਨਹੀ ਬੀਨੈ ॥
ਪਰ ਵਿਖਾਵੇ (ਦੇ ਵਰਤ) ਵਿਚ ਪਤੀਜ ਕੇ ਮਨੁੱਖ (ਸਾਰੇ ਜਗਤ ਦੇ) ਮੂਲ (ਪਰਮਾਤਮਾ ਨੂੰ) ਨਹੀਂ ਵੇਖ ਸਕਦਾ ।
ਨਿਰਮਲੁ ਨਿਰਾਹਾਰੁ ਨਿਹਕੇਵਲੁ ॥
ਹੇ ਭਾਈ! ਪਰਮਾਤਮਾ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਪਰਮਾਤਮਾ ਨੂੰ ਕਿਸੇ ਖ਼ੁਰਾਕ ਦੀ ਲੋੜ ਨਹੀਂ (ਉਹ ਹਰ ਵੇਲੇ ਹੀ ਬ੍ਰਤ-ਧਾਰੀ ਹੈ), ਪਰਮਾਤਮਾ ਸੁੱਧ-ਸਰੂਪ ਹੈ,
ਸੂਚੈ ਸਾਚੇ ਨਾ ਲਾਗੈ ਮਲੁ ॥੧੩॥
(ਜਿਹੜੇ ਮਨੁੱਖ ਉਸ) ਪਵਿੱਤਰ ਪ੍ਰਭੂ ਵਿਚ (ਜੁੜ ਕੇ) ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ, ਉਹਨਾਂ ਨੂੰ (ਵੀ ਵਿਕਾਰਾਂ ਦੀ) ਮੈਲ ਨਹੀਂ ਲੱਗਦੀ ।੧੩।
ਜਹ ਦੇਖਉ ਤਹ ਏਕੋ ਏਕਾ ॥
ਮੈਂ ਜਿਧਰ ਵੇਖਦਾ ਹਾਂ, ਉਧਰ ਇਕ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ ।
ਹੋਰਿ ਜੀਅ ਉਪਾਏ ਵੇਕੋ ਵੇਕਾ ॥
(ਉਸ ਨੇ) ਭਾਂਤ ਭਾਂਤ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਹਨ (ਜੋ ਵਰਤ ਆਦਿਕ ਕਈ ਭਰਮਾਂ ਵਿਚ ਪਏ ਰਹਿੰਦੇ ਹਨ) ।
ਫਲੋਹਾਰ ਕੀਏ ਫਲੁ ਜਾਇ ॥
ਹੇ ਭਾਈ! (ਏਕਾਦਸੀ ਵਾਲੇ ਦਿਨ ਅੰਨ ਛੱਡ ਕੇ) ਨਿਰੇ ਫਲ ਖਾਧਿਆਂ (ਵਰਤ ਦਾ ਅਸਲ) ਫਲ ਨਹੀਂ ਮਿਲਦਾ (ਅਸਲ ਵਰਤ ਹੈ ‘ਵਿਕਾਰਾਂ ਵਲੋਂ ਪਰਹੇਜ਼’, ਉਸ ਦਾ ਫਲ ਹੈ ‘ਉੱਚਾ ਆਤਮਕ ਜੀਵਨ’) ।
ਰਸ ਕਸ ਖਾਏ ਸਾਦੁ ਗਵਾਇ ॥
(ਅੰਨ ਦੇ ਥਾਂ) ਕਈ ਸੁਆਦਾਂ ਵਾਲੇ ਫਲ ਆਦਿਕ ਪਦਾਰਥ (ਜੋ ਮਨੁੱਖ) ਖਾਂਦਾ ਹੈ, (ਉਹ ਤਾਂ ਉਂਞ ਹੀ ਵਰਤ ਦਾ) ਮਜ਼ਾ ਗਵਾ ਲੈਂਦਾ ਹੈ ।
ਕੂੜੈ ਲਾਲਚਿ ਲਪਟੈ ਲਪਟਾਇ ॥
(ਵਰਤ ਰੱਖਣ ਵਾਲਾ ਮਨੁੱਖ ਵਰਤ ਦੇ ਫਲ ਦੀ ਆਸ ਧਾਰ ਕੇ) ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ ।
ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥
(ਇਸ ਲਾਲਚ ਤੋਂ ਉਹ ਮਨੁੱਖ) ਖ਼ਲਾਸੀ ਹਾਸਲ ਕਰਦਾ ਹੈ ਜਿਹੜਾ ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ ।੧੪।
ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥
(ਉਹੀ ਹਨ ਅਸਲ) ਤਿਆਗੀ, (ਉਹਨਾਂ ਦਾ) ਮਨ (ਮਾਨੋ, ਭੇਖਾਂ ਦੇ) ਬਾਰਾਂ ਹੀ ਚਿੰਨ੍ਹਾਂ ਦਾ ਧਾਰਨੀ ਹੁੰਦਾ ਹੈ ।
ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥
ਹੇ ਭਾਈ! (ਗੁਰੂ ਦੇ ਉਪਦੇਸ਼ ਵਿਚ ਜੁੜ ਕੇ ਜਿਹੜੇ ਮਨੁੱਖ) ਦਿਨ ਰਾਤ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ (ਮਾਇਆ ਦੇ ਮੋਹ ਦੀ ਨੀਂਦ ਵਿਚ) ਕਦੇ ਨਹੀਂ ਸੌਂਦੇ,
ਜਾਗਤੁ ਜਾਗਿ ਰਹੈ ਲਿਵ ਲਾਇ ॥
ਹੇ ਭਾਈ! (ਗੁਰੂ ਦੇ ਉਪਦੇਸ਼ ਵਿਚ ਜੁੜ ਕੇ ਜਿਹੜੇ ਮਨੁੱਖ) ਦਿਨ ਰਾਤ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ (ਮਾਇਆ ਦੇ ਮੋਹ ਦੀ ਨੀਂਦ ਵਿਚ) ਕਦੇ ਨਹੀਂ ਸੌਂਦੇ,
ਗੁਰ ਪਰਚੈ ਤਿਸੁ ਕਾਲੁ ਨ ਖਾਇ ॥
ਹੇ ਭਾਈ! ਗੁਰੂ ਦੇ ਉਪਦੇਸ਼ ਵਿਚ (ਟਿਕ ਕੇ ਜਿਹੜਾ ਮਨੁੱਖ ਮਾਇਆ ਦੇ ਹੱਲਿਆਂ ਵਲੋਂ) ਜਾਗਦਾ ਰਹਿੰਦਾ ਹੈ,
ਅਤੀਤ ਭਏ ਮਾਰੇ ਬੈਰਾਈ ॥
ਅਤੇ ਸੁਚੇਤ ਰਹਿ ਕੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਰੱਖਦਾ ਹੈ, ਉਸ (ਦੇ ਆਤਮਕ ਜੀਵਨ) ਨੂੰ (ਆਤਮਕ) ਮੌਤ ਖਾ ਨਹੀਂ ਸਕਦੀ ।
ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥
ਨਾਨਕ ਬੇਨਤੀ ਕਰਦਾ ਹੈ—(ਜਿਨ੍ਹਾਂ ਮਨੁੱਖਾਂ ਨੇ) ਉਥੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਹੋਈ ਹੈ, ਉਹਨਾਂ ਨੇ (ਕਾਮਾਦਿਕ) ਸਾਰੇ ਵੈਰੀ ਮੁਕਾ ਲਏ, ਉਹ (ਅਸਲ) ਤਿਆਗੀ ਬਣ ਗਏ ।੧੫।
ਦੁਆਦਸੀ ਦਇਆ ਦਾਨੁ ਕਰਿ ਜਾਣੈ ॥
ਹੇ ਭਾਈ! (ਕਰਮ-ਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ,
ਬਾਹਰਿ ਜਾਤੋ ਭੀਤਰਿ ਆਣੈ ॥
ਹੇ ਭਾਈ! (ਕਰਮ-ਕਾਂਡੀ ਮਨੁੱਖ ਕਿਸੇ ਵਰਤ ਆਦਿਕ ਸਮੇ ਮਾਇਆ ਦਾ ਦਾਨ ਕਰਦਾ ਹੈ, ਅਤੇ ਕਿਸੇ ਮੰਤ® ਦਾ ਅਜਪਾ ਜਾਪ ਕਰਦਾ ਹੈ, ਪਰ ਜਿਹੜਾ ਮਨੁੱਖ ਬੰਦਿਆਂ ਵਿਚ) ਪਿਆਰ ਵੰਡਣਾ ਜਾਣਦਾ ਹੈ,
ਬਰਤੀ ਬਰਤ ਰਹੈ ਨਿਹਕਾਮ ॥
ਜਿਹੜਾ ਮਨੁੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ,
ਅਜਪਾ ਜਾਪੁ ਜਪੈ ਮੁਖਿ ਨਾਮ ॥
ਅਤੇ ਮੂੰਹੋਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ ।
ਤੀਨਿ ਭਵਣ ਮਹਿ ਏਕੋ ਜਾਣੈ ॥
ਹੇ ਭਾਈ! ਜਿਹੜਾ ਮਨੁੱਖ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝਦਾ ਹੈ,
ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥
ਅਤੇ ਉਸ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਉਹ (ਮਾਨੋ) ਸਰੀਰਕ ਪਵਿਤ®'ਤਾ ਦੇ ਸਾਰੇ ਉੱਦਮ ਕਰ ਰਿਹਾ ਹੈ, ਗਿਆਨ-ਇੰਦਿ®ਆਂ ਨੂੰ ਵੱਸ ਵਿਚ ਕਰਨ ਦੇ ਸਾਰੇ ਜਤਨ ਕਰ ਰਿਹਾ ਹੈ ।੧੬।
ਤੇਰਸਿ ਤਰਵਰ ਸਮੁਦ ਕਨਾਰੈ ॥
ਹੇ ਭਾਈ! (ਜਿਵੇਂ) ਸਮੁੰਦਰ ਦੇ ਕੰਢੇ ਉੱਤੇ ਉੱਗੇ ਹੋਏ ਰੁੱਖ ਦੀ (ਪਾਂਇਆਂ ਹੈ, ਤਿਵੇਂ ਇਹ ਸਰੀਰ ਹੈ ।
ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥
(ਪਰ ਜਿਹੜਾ ਮਨੁੱਖ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨੂੰ (ਆਪਣੇ ਜੀਵਨ ਦੀ) ਜੜ੍ਹ ਬਣਾਂਦਾ ਹੈ,
ਡਰ ਡਰਿ ਮਰੈ ਨ ਬੂਡੈ ਕੋਇ ॥
(ਜਿਹੜਾ ਭੀ ਮਨੁੱਖ ਇਹ ਉੱਦਮ ਕਰਦਾ ਹੈ, ਉਹ ਸੰਸਾਰਕ) ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ (ਵਿਕਾਰਾਂ ਦੇ ਸਮੁੰਦਰ ਵਿਚ) ਨਹੀਂ ਡੁੱਬਦਾ ।
ਨਿਡਰੁ ਬੂਡਿ ਮਰੈ ਪਤਿ ਖੋਇ ॥
(ਪਰ ਪਰਮਾਤਮਾ ਦਾ) ਡਰ-ਅਦਬ ਨਾਹ ਰੱਖਣ ਵਾਲਾ ਮਨੁੱਖ (ਲੋਕ ਪਰਲੋਕ ਦੀ) ਇੱਜ਼ਤ ਗਵਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ ।
ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥
ਹੇ ਭਾਈ! (ਜਿਹੜਾ ਮਨੁੱਖ ਪਰਮਾਤਮਾ ਦੇ) ਡਰ-ਅਦਬ ਵਿਚ (ਆਪਣਾ) ਟਿਕਾਣਾ ਬਣਾਈ ਰੱਖਦਾ ਹੈ, ਜਿਹੜਾ ਮਨੁੱਖ ਆਪਣੇ ਹਿਰਦੇ-ਘਰ ਵਿਚ (ਪ੍ਰਭੂ ਦਾ) ਡਰ ਅਦਬ ਵਸਾਈ ਰੱਖਣਾ ਜਾਣਦਾ ਹੈ,
ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥
ਜਿਸ ਮਨੁੱਖ ਨੂੰ ਆਪਣੇ ਮਨ ਵਿਚ ਸਦਾ-ਥਿਰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ (ਉੱਚੇ ਆਤਮਕ ਜੀਵਨ ਦੇ ਰੱਬੀ) ਤਖ਼ਤ ਉੱਤੇ ਨਿਵਾਸ ਮਿਲਦਾ ਹੈ ।੧੭।
ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥
(ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ) ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ,
ਰਾਜਸ ਤਾਮਸ ਸਤ ਕਾਲ ਸਮਾਵੈ ॥
ਤਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ (ਮਾਇਆ ਦਾ ਇਹ ਹਰੇਕ ਗੁਣ ਉਸ ਚੌਥੇ ਪਦ ਵਿਚ) ਲੀਨ ਹੋ ਜਾਂਦਾ ਹੈ ।
ਸਸੀਅਰ ਕੈ ਘਰਿ ਸੂਰੁ ਸਮਾਵੈ ॥
ਸ਼ਾਂਤੀ ਦੇ ਘਰ ਵਿਚ (ਮਨੁੱਖ ਦੇ ਮਨ ਦੀ) ਤਪਸ਼ ਸਮਾ ਜਾਂਦੀ ਹੈ,
ਜੋਗ ਜੁਗਤਿ ਕੀ ਕੀਮਤਿ ਪਾਵੈ ॥
(ਉਸ ਵੇਲੇ ਮਨੁੱਖ ਪਰਮਾਤਮਾ ਨਾਲ) ਮਿਲਾਪ ਦੀ ਜੁਗਤੀ ਦੀ ਕਦਰ ਸਮਝਦਾ ਹੈ ।
ਚਉਦਸਿ ਭਵਨ ਪਾਤਾਲ ਸਮਾਏ ॥ ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥
ਤਦੋਂ ਮਨੁੱਖ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਹੜਾ ਖੰਡਾਂ ਬ੍ਰਹਮੰਡਾਂ ਵਿਚ ਚੌਦਾਂ ਭਵਨਾਂ ਵਿਚ ਪਾਤਾਲਾਂ ਵਿਚ ਹਰ ਥਾਂ ਸਮਾਇਆ ਹੋਇਆ ਹੈ ।੧੮।
ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥
ਹੇ ਭਾਈ! (ਜਿਵੇਂ) ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ (ਤਿਵੇਂ ਪਰਮਾਤਮਾ ਹਰੇਕ ਹਿਰਦੇ ਵਿਚ ਗੁਪਤ ਵੱਸ ਰਿਹਾ ਹੈ) ।
ਬੂਝਹੁ ਗਿਆਨੀ ਸਬਦੁ ਬੀਚਾਰਿ ॥
ਹੇ ਆਤਮਕ ਜੀਵਨ ਦੀ ਸੂਝ ਦੇ ਖੋਜੀ ਮਨੁੱਖ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਹੀ ਇਸ ਭੇਤ ਨੂੰ) ਸਮਝ ਸਕੋਗੇ ।
ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥
(ਜਿਵੇਂ) ਚੰਦ®ਮਾ ਆਕਾਸ਼ ਵਿਚ (ਹਰ ਪਾਸੇ ਚਾਨਣ ਦੇ ਰਿਹਾ ਹੈ, ਤਿਵੇਂ ਪਰਮਾਤਮਾ ਦੀ) ਜੋਤਿ ਸਾਰੇ ਸੰਸਾਰ ਵਿਚ (ਜੀਵਨ-ਸੱਤਾ ਦੇ ਰਹੀ ਹੈ) ।
ਕਰਿ ਕਰਿ ਵੇਖੈ ਕਰਤਾ ਸੋਈ ॥
ਉਹ ਕਰਤਾਰ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰ ਕੇ (ਸਭ ਦੀ) ਸੰਭਾਲ ਕਰ ਰਿਹਾ ਹੈ ।
ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥
ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ ਮਨੁੱਖ ਉਸ ਪਰਮਾਤਮਾ ਵਿਚ ਹੀ ਸਦਾ ਲੀਨ ਰਹਿੰਦਾ ਹੈ ।
ਮਨਮੁਖਿ ਭੂਲੇ ਆਵਹਿ ਜਾਹਿ ॥੧੯॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ।੧੯।
ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥
ਹੇ ਭਾਈ! ਜਦੋਂ ਮਨੁੱਖ ਗੁਰੂ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, ਤਦੋਂ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦੇਂਦਾ ਹੈ,
ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥
ਅਤੇ ਪ੍ਰਭੂ-ਚਰਨਾਂ ਨੂੰ ਪ੍ਰਭੂ ਦੇ ਦਰ ਨੂੰ (ਆਪਣਾ) ਪੱਕਾ ਆਸਰਾ ਬਣਾ ਕੇ ਉਸ ਥਾਂ ਵਿਚ (ਪ੍ਰਭੂ-ਚਰਨਾਂ ਵਿਚ) ਟਿਕ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।
ਜਹ ਆਸਾ ਤਹ ਬਿਨਸਿ ਬਿਨਾਸਾ ॥
ਜਿਸ ਹਿਰਦੇ ਵਿਚ (ਪਹਿਲਾਂ ਦੁਨੀਆ ਵਾਲੀਆਂ) ਆਸਾਂ (ਹੀ ਆਸਾਂ ਟਿਕੀਆਂ ਰਹਿੰਦੀਆਂ ਸਨ) ਉਥੇ ਆਸਾਂ ਦਾ ਪੂਰਨ ਅਭਾਵ ਹੋ ਜਾਂਦਾ ਹੈ, (ਉਸ ਦੇ ਅੰਦਰੋਂ) ਮੇਰ-ਤੇਰ ਅਤੇ ਮਨ ਦੇ ਫੁਰਨਿਆਂ ਦਾ ਭਾਂਡਾ (ਹੀ) ਭੱਜ ਜਾਂਦਾ ਹੈ ।
ਫੂਟੈ ਖਪਰੁ ਦੁਬਿਧਾ ਮਨਸਾ ॥
ਉਹ ਮਨੁੱਖ (ਮਾਇਆ ਦੀ) ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ ।
ਮਮਤਾ ਜਾਲ ਤੇ ਰਹੈ ਉਦਾਸਾ ॥ ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥
ਨਾਨਕ ਬੇਨਤੀ ਕਰਦਾ ਹੈ—ਮੈਂ ਇਹੋ ਜਿਹੇ ਮਨੁੱਖ ਦਾ (ਸਦਾ) ਦਾਸ ਹਾਂ ।੨੦।੧।