Sri Guru Granth Sahib Ji — Ang 828 (punjabi)
ਤੁਮੑ ਸਮਰਥਾ ਕਾਰਨ ਕਰਨ ॥
ਹੇ ਮੇਰੇ ਗੋਬਿੰਦ! ਹੇ ਮੇਰੇ ਸਭ ਤੋਂ ਵੱਡੇ (ਮਾਲਕ)! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ,
ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥੧॥ ਰਹਾਉ ॥
ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ ।੧।ਰਹਾਉ।
ਜੋ ਜੋ ਕੀਨੋ ਸੋ ਤੁਮੑ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥
ਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ) ।
ਬਡ ਪਰਤਾਪੁ ਸੁਨਿਓ ਪ੍ਰਭ ਤੁਮੑਰੋ ਕੋਟਿ ਅਘਾ ਤੇਰੋ ਨਾਮ ਹਰਨ ॥੧॥
ਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕੋ®ੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ।੧।
ਹਮਰੋ ਸਹਾਉ ਸਦਾ ਸਦ ਭੂਲਨ ਤੁਮੑਰੋ ਬਿਰਦੁ ਪਤਿਤ ਉਧਰਨ ॥
ਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ । ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ ।
ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥੨॥੨॥੧੧੮॥
ਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ ।੨।੨।੧੧੮।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਐਸੀ ਕਿਰਪਾ ਮੋਹਿ ਕਰਹੁ ॥
ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ ਕਿ
ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥੧॥ ਰਹਾਉ ॥
ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾ (ਸਿਰ) ਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ ।੧।ਰਹਾਉ।
ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ—) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ ।
ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ ॥੧॥
ਹੇ ਠਾਕੁਰ! (ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾ ਅੱਗ ਵਿਚ ਸਾੜ ਦੇ ।੧।
ਜੋ ਤੁਮੑ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ—) ਜੋ ਕੁਝ ਤੂੰ ਕਰਦਾ ਹੈਂ, ਉਸੇ ਨੂੰ (ਮੇਰਾ ਮਨ) ਚੰਗਾ ਮੰਨੇ । (ਹੇ ਪ੍ਰਭੂ! ਮੇਰੇ ਅੰਦਰੋਂ) ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ ।
ਨਾਨਕ ਕੇ ਪ੍ਰਭ ਤੁਮ ਹੀ ਦਾਤੇ ਸੰਤਸੰਗਿ ਲੇ ਮੋਹਿ ਉਧਰਹੁ ॥੨॥੩॥੧੧੯॥
ਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ । (ਨਾਨਕ ਦੀ ਇਹ ਅਰਜ਼ੋਈ ਹੈ—) ਸੰਤਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ (ਨਾਨਕ ਨੂੰ ਕਾਮਾਦਿਕ ਤਸਕਰਾਂ ਤੋਂ) ਬਚਾ ਲੈ ।੨।੩।੧੧੯।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਐਸੀ ਦੀਖਿਆ ਜਨ ਸਿਉ ਮੰਗਾ ॥
(ਹੇ ਪ੍ਰਭੂ! ਤੇਰੇ) ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ
ਤੁਮੑਰੋ ਧਿਆਨੁ ਤੁਮੑਾਰੋ ਰੰਗਾ ॥
ਕਿ ਤੇਰੇ ਹੀ ਚਰਨਾਂ ਦਾ ਧਿਆਨ, ਤੇਰਾ ਹੀ ਪ੍ਰੇਮ (ਮੇਰੇ ਅੰਦਰ ਬਣਿਆ ਰਹੇ)
ਤੁਮੑਰੀ ਸੇਵਾ ਤੁਮੑਾਰੇ ਅੰਗਾ ॥੧॥ ਰਹਾਉ ॥
ਤੇਰੀ ਹੀ ਸੇਵਾ ਭਗਤੀ ਕਰਦਾ ਰਹਾਂ, ਤੇਰੇ ਹੀ ਚਰਨਾਂ ਵਿਚ ਜੁੜਿਆ ਰਹਾਂ ।੧।ਰਹਾਉ।
ਜਨ ਕੀ ਟਹਲ ਸੰਭਾਖਨੁ ਜਨ ਸਿਉ ਊਠਨੁ ਬੈਠਨੁ ਜਨ ਕੈ ਸੰਗਾ ॥
(ਹੇ ਪ੍ਰਭੂ! ਤੇਰੇ ਸੇਵਕਾਂ ਪਾਸੋਂ ਮੈਂ ਇਹ ਦਾਨ ਮੰਗਦਾ ਹਾਂ ਕਿ ਤੇਰੇ) ਸੇਵਕਾਂ ਦੀ ਮੈਂ ਟਹਿਲ ਕਰਦਾ ਰਹਾਂ, ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ-ਚਾਲ ਰਹੇ, ਮੇਰਾ ਮੇਲ-ਜੋਲ ਭੀ ਤੇਰੇ ਸੇਵਕਾਂ ਨਾਲ ਹੀ ਰਹੇ ।
ਜਨ ਚਰ ਰਜ ਮੁਖਿ ਮਾਥੈ ਲਾਗੀ ਆਸਾ ਪੂਰਨ ਅਨੰਤ ਤਰੰਗਾ ॥੧॥
ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ-ਮੱਥੇ ਉਤੇ ਲੱਗਦੀ ਰਹੇ—ਇਹ ਚਰਨ-ਧੂੜ (ਮਾਇਆ ਦੀਆਂ) ਅਨੇਕਾਂ ਲਹਿਰਾਂ ਪੈਦਾ ਕਰਨ ਵਾਲੀਆਂ ਆਸਾਂ ਨੂੰ ਸ਼ਾਂਤ ਕਰ ਦੇਂਦੀ ਹੈ ।੧।
ਜਨ ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ ॥
ਹੇ ਨਾਨਕ! ਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸੋਭਾ ਦਾਗ਼-ਹੀਨ ਹੁੰਦੀ ਹੈ, ਸੇਵਕਾਂ ਦੇ ਚਰਨ ਗੰਗਾ ਆਦਿਕ ਕੋ®ੜਾਂ ਤੀਰਥਾਂ ਦੇ ਤੁੱਲ ਹਨ ।
ਜਨ ਕੀ ਧੂਰਿ ਕੀਓ ਮਜਨੁ ਨਾਨਕ ਜਨਮ ਜਨਮ ਕੇ ਹਰੇ ਕਲੰਗਾ ॥੨॥੪॥੧੨੦॥
ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ।੨।੪।੧੨੦।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥
ਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ ।
ਪਾਰਬ੍ਰਹਮ ਪਰਮੇਸਰ ਸਤਿਗੁਰ ਹਮ ਬਾਰਿਕ ਤੁਮੑ ਪਿਤਾ ਕਿਰਪਾਲ ॥੧॥ ਰਹਾਉ ॥
ਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ ।੧।ਰਹਾਉ।
ਮੋਹਿ ਨਿਰਗੁਣ ਗੁਣੁ ਨਾਹੀ ਕੋਈ ਪਹੁਚਿ ਨ ਸਾਕਉ ਤੁਮੑਰੀ ਘਾਲ ॥
ਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ) ।
ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥੧॥
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ—ਇਹ ਗੱਲ ਤੂੰ ਆਪ ਹੀ ਜਾਣਦਾ ਹੈਂ । (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ।੧।
ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ ॥
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ । ਹੇ ਨਾਨਕ! (ਆਖ—) ਹੇ ਪ੍ਰਭੂ ਜੀ!
ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥੨॥੫॥੧੨੧॥
ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ ।੨।੫।੧੨੧।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਰਾਖੁ ਸਦਾ ਪ੍ਰਭ ਅਪਨੈ ਸਾਥ ॥
ਹੇ ਪ੍ਰਭੂ! ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿਚ ਟਿਕਾਈ ਰੱਖ ।
ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥੧॥ ਰਹਾਉ ॥
ਤੂੰ ਸਾਡਾ ਪਿਆਰਾ ਹੈਂ, ਤੂੰ ਸਾਡੇ ਮਨ ਨੂੰ ਖਿੱਚ ਪਾਣ ਵਾਲਾ ਹੈਂ । ਤੈਥੋਂ ਵਿਛੁੜ ਕੇ (ਅਸਾਂ ਜੀਵਾਂ ਦੀ) ਸਾਰੀ ਹੀ ਜ਼ਿੰਦਗੀ ਵਿਅਰਥ ਹੈ ।੧।ਰਹਾਉ।
ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੁ ਮੇਰੋ ਅਨਾਥ ਕੋ ਨਾਥ ॥
ਹੇ ਭਾਈ! ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਇਕ ਖਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ
ਜਲਤ ਅਗਨਿ ਮਹਿ ਜਨ ਆਪਿ ਉਧਾਰੇ ਕਰਿ ਅਪੁਨੇ ਦੇ ਰਾਖੇ ਹਾਥ ॥੧॥
(ਤਿ®ਸ਼ਨਾ ਦੀ) ਅੱਗ ਵਿਚ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾ ਲੈਂਦਾ ਹੈ, ਆਪਣੇ ਬਣਾ ਕੇ ਹੱਥ ਦੇ ਕੇ, ਉਹਨਾਂ ਦੀ ਰੱਖਿਆ ਕਰਦਾ ਹੈ ।੧।
ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ, ਮਨ (ਮਾਇਆ ਦੀ ਤਿ®ਸ਼ਨਾ ਵਲੋਂ) ਰੱਜ ਜਾਂਦਾ ਹੈ, (ਮਾਇਆ ਦੀ ਖ਼ਾਤਰ) ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ ।
ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥੨॥੬॥੧੨੨॥
ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਹੀ ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ । (ਮਾਇਆ ਦੀ ਖ਼ਾਤਰ ਵਰਤੀ ਹੋਈ) ਹੋਰ ਸਾਰੀ ਚਤੁਰਾਈ (ਪ੍ਰਭੂ ਦੀ ਸੇਵਾ-ਭਗਤੀ ਦੇ ਸਾਹਮਣੇ) ਵਿਅਰਥ ਹੈ ।੨।੬।੧੨੨।