Sri Guru Granth Sahib Ji — Ang 809 (punjabi)
ਪਾਵਉ ਧੂਰਿ ਤੇਰੇ ਦਾਸ ਕੀ ਨਾਨਕ ਕੁਰਬਾਣੀ ॥੪॥੩॥੩੩॥
ਹੇ ਨਾਨਕ! (ਆਖ—ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੇ ਪੈਰਾਂ ਦੀ ਖ਼ਾਕ ਹਾਸਲ ਕਰ ਸਕਾਂ, ਮੈਂ ਤੇਰੇ ਸੇਵਕ ਤੋਂ ਸਦਕੇ ਜਾਵਾਂ ।੪।੩।੩੩।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਰਾਖਹੁ ਅਪਨੀ ਸਰਣਿ ਪ੍ਰਭ ਮੋਹਿ ਕਿਰਪਾ ਧਾਰੇ ॥
ਹੇ ਪ੍ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ ।
ਸੇਵਾ ਕਛੂ ਨ ਜਾਨਊ ਨੀਚੁ ਮੂਰਖਾਰੇ ॥੧॥
ਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ । ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ ।੧।
ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥
ਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ!
ਹਮ ਅਪਰਾਧੀ ਸਦ ਭੂਲਤੇ ਤੁਮੑ ਬਖਸਨਹਾਰੇ ॥੧॥ ਰਹਾਉ ॥
ਅਸੀ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ (ਇਸ ਕਰਕੇ) ਮੈਂ ਤੇਰੇ ਉਤੇ ਹੀ (ਤੇਰੀ ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ ।੧।ਰਹਾਉ।
ਹਮ ਅਵਗਨ ਕਰਹ ਅਸੰਖ ਨੀਤਿ ਤੁਮੑ ਨਿਰਗੁਨ ਦਾਤਾਰੇ ॥
ਹੇ ਪ੍ਰਭੂ! ਅਸੀ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ ।
ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ ॥੨॥
ਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ ।੨।
ਤੁਮੑ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ ॥
ਹੇ ਪ੍ਰਭੂ! ਅਸੀ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ ।
ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥੩॥
ਹੇ ਖਸਮ-ਪ੍ਰਭੂ! ਅਸੀ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ।੩।
ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ ॥
ਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ) ।
ਕਹੁ ਨਾਨਕ ਸਰਣਿ ਦਇਆਲ ਗੁਰ ਲੇਹੁ ਮੁਗਧ ਉਧਾਰੇ ॥੪॥੪॥੩੪॥
ਹੇ ਨਾਨਕ! ਆਖ—ਹੇ ਦਇਆ ਦੇ ਸੋਮੇ ਗੁਰੂ! ਅਸੀ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ ।੪।੪।੩੪।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪਨਾ ਧਿਆਈਐ ॥
ਹੇ ਮੇਰੇ ਮਨ! (ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ) ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ (ਇਹਨਾਂ ਦੁੱਖਾਂ ਤੋਂ ਬਚਣ ਲਈ) ਆਪਣੇ ਪਰਮਾਤਮਾ ਨੂੰ (ਹੀ) ਯਾਦ ਕਰਨਾ ਚਾਹੀਦਾ ਹੈਂ
ਜਿਤੁ ਸੇਵਿਐ ਸੁਖੁ ਹੋਇ ਘਨਾ ਮਨ ਸੋਈ ਗਾਈਐ ॥੧॥
ਕਿਉਂਕਿ ਉਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ ।੧।
ਕਹੀਐ ਕਾਇ ਪਿਆਰੇ ਤੁਝੁ ਬਿਨਾ ॥
ਹੇ (ਮੇਰੇ) ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ (ਜਿਨ੍ਹਾਂ ਕਰ ਕੇ ਸਾਨੂੰ ਦੁੱਖ-ਕਲੇਸ਼ ਵਾਪਰਦੇ ਹਨ) ।
ਤੁਮੑ ਦਇਆਲ ਸੁਆਮੀ ਸਭ ਅਵਗਨ ਹਮਾ ॥੧॥ ਰਹਾਉ ॥
ਹੇ ਪਿਆਰੇ ਪ੍ਰਭੂ! (ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ) ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ? ।੧।ਰਹਾਉ।
ਜਿਉ ਤੁਮੑ ਰਾਖਹੁ ਤਿਉ ਰਹਾ ਅਵਰੁ ਨਹੀ ਚਾਰਾ ॥
ਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, (ਤੇਰੀ ਰਜ਼ਾ ਦੇ ਉਲਟ) ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ ।
ਨੀਧਰਿਆ ਧਰ ਤੇਰੀਆ ਇਕ ਨਾਮ ਅਧਾਰਾ ॥੨॥
ਹੇ ਪ੍ਰਭੂ! ਤੂੰ ਹੀ ਨਿEਟਿਆਂ ਦੀ Eਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ ।੨।
ਜੋ ਤੁਮੑ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ ।
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥੩॥
ਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ ।੩।
ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ ॥
ਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ) ।
ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥੪॥੫॥੩੫॥
ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾ ਕਿ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ ।੪।੫।੩੫।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਿਰਤੁ ਹਸੈ ਸਿਰ ਊਪਰੇ ਪਸੂਆ ਨਹੀ ਬੂਝੈ ॥
ਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ (-ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ ।
ਬਾਦ ਸਾਦ ਅਹੰਕਾਰ ਮਹਿ ਮਰਣਾ ਨਹੀ ਸੂਝੈ ॥੧॥
ਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ ।੧।
ਸਤਿਗੁਰੁ ਸੇਵਹੁ ਆਪਨਾ ਕਾਹੇ ਫਿਰਹੁ ਅਭਾਗੇ ॥
ਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ ।
ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥੧॥ ਰਹਾਉ ॥
ਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ? ।੧।ਰਹਾਉ।
ਕਰਿ ਕਰਿ ਪਾਪ ਦਰਬੁ ਕੀਆ ਵਰਤਣ ਕੈ ਤਾਈ ॥
ਹੇ ਭਾਈ! (ਸਾਰੀ ਉਮਰ) ਪਾਪ ਕਰ ਕਰ ਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ,
ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥੨॥
(ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ ।੨।
ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥
ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ ।
ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਧੀ ॥੩॥
ਹੇ ਭਾਈ! ਤੂੰ (ਇਹਨਾਂ ਦੀ ਖ਼ਾਤਰ ਹੋਰਨਾਂ ਨਾਲ ਵੈਰ ਸਹੇੜ ਸਹੇੜ ਕੇ) ਕਿਉਂ ਕੋ®ਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ ।੩।
ਦਾਸ ਰੇਣੁ ਸੋਈ ਹੋਆ ਜਿਸੁ ਮਸਤਕਿ ਕਰਮਾ ॥
ਹੇ ਨਾਨਕ! ਆਖ—ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ ।
ਕਹੁ ਨਾਨਕ ਬੰਧਨ ਛੁਟੇ ਸਤਿਗੁਰ ਕੀ ਸਰਨਾ ॥੪॥੬॥੩੬॥
ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ ।੪।੬।੩੬।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥
ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ,
ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥
ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ ।੧।
ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥
ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ ।
ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥
ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕੋ®ੜਾਂ ਪਾਪ ਨਾਸ ਹੋ ਜਾਂਦੇ ਹਨ ।੧।ਰਹਾਉ।
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥
ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ ।
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥
ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ ।੨।
ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥
ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ ।