Sri Guru Granth Sahib Ji — Ang 807 (punjabi)
ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥੧॥ ਰਹਾਉ ॥
(ਗੁਰੂ ਨੇ ਆਪ ਹੀ) ਹਰਿਗੋਬਿੰਦ ਦੀ ਉਮਰ ਲੰਮੀ ਕਰ ਦਿੱਤੀ ਹੈ, (ਗੁਰੂ ਨੇ ਆਪ ਹੀ ਹਰਿਗੋਬਿੰਦ ਨੂੰ) ਸੁਖ ਖ਼ੁਸ਼ੀ ਆਨੰਦ ਦੇਣ ਦੀ ਵਿਚਾਰ ਕੀਤੀ ਹੈ ।੧।ਰਹਾਉ।
ਵਣ ਤ੍ਰਿਣ ਤ੍ਰਿਭਵਣ ਹਰਿਆ ਹੋਏ ਸਗਲੇ ਜੀਅ ਸਾਧਾਰਿਆ ॥
ਹੇ ਨਾਨਕ! ਜਿਸ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਜੰਗਲ ਸਾਰੀ ਬਨਸਪਤੀ, ਤਿੰਨੇ ਹੀ ਭਵਨ ਹਰੇ-ਭਰੇ ਰਹਿੰਦੇ ਹਨ, ਉਹ ਪਰਮਾਤਮਾ ਸਾਰੇ ਜੀਵਾਂ ਨੂੰ ਆਸਰਾ ਦੇਂਦਾ ਹੈ ।
ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥੨॥੫॥੨੩॥
(ਜੇਹੜੇ ਭੀ ਮਨੁੱਖ ਪਰਮਾਤਮਾ ਦੀ ਸਰਨ ਪੈਂਦੇ ਹਨ) ਉਹ ਮਨ-ਮੰਗੀਆਂ ਮੁਰਾਦਾਂ ਪਾ ਲੈਂਦੇ ਹਨ, ਪਰਮਾਤਮਾ ਉਹਨਾਂ ਦੀਆਂ ਸਾਰੀਆਂ ਕਾਮਨਾਂ ਪੂਰੀਆਂ ਕਰਦਾ ਹੈ (ਬੱਸ! ਉਸ ਪਰਮਾਤਮਾ ਦਾ ਹੀ ਆਸਰਾ ਲਿਆ ਕਰੋ) ।੨।੫।੨੩।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਜਿਸੁ ਊਪਰਿ ਹੋਵਤ ਦਇਆਲੁ ॥
(ਗੁਰੂ) ਜਿਸ ਮਨੁੱਖ ਉੱਤੇ ਦਇਆਵਾਨ ਹੁੰਦਾ ਹੈ,
ਹਰਿ ਸਿਮਰਤ ਕਾਟੈ ਸੋ ਕਾਲੁ ॥੧॥ ਰਹਾਉ ॥
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣਾ ਆਤਮਕ ਮੌਤ ਦਾ ਜਾਲ ਕੱਟ ਲੈਂਦਾ ਹੈ ।੧।ਰਹਾਉ।
ਸਾਧਸੰਗਿ ਭਜੀਐ ਗੋਪਾਲੁ ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਜਗਤ-ਪਾਲਕ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ।
ਗੁਨ ਗਾਵਤ ਤੂਟੈ ਜਮ ਜਾਲੁ ॥੧॥
ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ ਜਮ ਦਾ ਜਾਲ ਟੁੱਟ ਜਾਂਦਾ ਹੈ ।੧।
ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥
ਹੇ ਭਾਈ! (ਪ੍ਰਭੂ) ਆਪ ਹੀ ਗੁਰੂ (ਰੂਪ ਹੋ ਕੇ) ਆਪ ਹੀ (ਜੀਵਾਂ ਨੂੰ ਜਮ ਜਾਲ ਤੋਂ) ਬਚਾਣ ਵਾਲਾ ਹੈ ।
ਨਾਨਕੁ ਜਾਚੈ ਸਾਧ ਰਵਾਲ ॥੨॥੬॥੨੪॥
(ਤਾਹੀਏਂ) ਨਾਨਕ (ਸਦਾ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੨।੬।੨੪।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
ਹੇ ਭਾਈ! ਆਪਣੇ ਮਨ ਵਿਚ ਸਦਾ ਪਰਮਾਤਮਾ ਦਾ ਨਾਮ-ਅੰਮ੍ਰਿਤ ਸਿੰਜਦਾ ਰਹੁ,
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥੧॥
ਅਤੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਗੁਣ ਗਾਇਆ ਕਰ ।੧।
ਐਸੀ ਪ੍ਰੀਤਿ ਕਰਹੁ ਮਨ ਮੇਰੇ ॥
ਹੇ ਮੇਰੇ ਮਨ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਬਣਾ ਕਿ ਅੱਠੇ ਪਹਿਰ (ਹਰ ਵੇਲੇ)
ਆਠ ਪਹਰ ਪ੍ਰਭ ਜਾਨਹੁ ਨੇਰੇ ॥੧॥ ਰਹਾਉ ॥
ਪਰਮਾਤਮਾ ਨੂੰ ਆਪਣੇ ਨੇੜੇ ਵੱਸਦਾ ਸਮਝ ਸਕੇਂ ।੧।ਰਹਾਉ।
ਕਹੁ ਨਾਨਕ ਜਾ ਕੇ ਨਿਰਮਲ ਭਾਗ ॥
ਹੇ ਨਾਨਕ! ਆਖ—ਜਿਸ ਮਨੁੱਖ ਦੇ ਚੰਗੇ ਭਾਗ (ਜਾਗਦੇ ਹਨ)
ਹਰਿ ਚਰਨੀ ਤਾ ਕਾ ਮਨੁ ਲਾਗ ॥੨॥੭॥੨੫॥
ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਗਿੱਝ ਜਾਂਦਾ ਹੈ ।੨।੭।੨੫।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥
(ਹੇ ਭਾਈ! ਗੁਰੂ ਦੀ ਰਾਹੀਂ ਆਪਣੇ ਨਾਮ ਦੀ ਦਾਤਿ ਦੇ ਕੇ ਜਿਸ ਮਨੁੱਖ ਦਾ ਰੋਗ) ਪ੍ਰਭੂ ਨੇ ਆਪ ਦੂਰ ਕੀਤਾ ਹੈ, ਉਸੇ ਦਾ ਹੀ ਰੋਗ ਦੂਰ ਹੋਇਆ ਹੈ ।
ਨੀਦ ਪਈ ਸੁਖ ਸਹਜ ਘਰੁ ਆਇਆ ॥੧॥ ਰਹਾਉ ॥
(ਨਾਮ ਦੀ ਬਰਕਤ ਨਾਲ ਉਸ ਮਨੁੱਖ ਨੂੰ) ਆਤਮਕ ਸ਼ਾਂਤੀ ਮਿਲ ਜਾਂਦੀ ਹੈ, ਉਸ ਨੂੰ ਸੁਖ ਅਤੇ ਆਤਮਕ ਅਡੋਲਤਾ ਵਾਲੀ ਅਵਸਥਾ ਮਿਲ ਜਾਂਦੀ ਹੈ ।੧।ਰਹਾਉ।
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥
ਹੇ ਮੇਰੇ ਵੀਰ! (ਪਰਮਾਤਮਾ ਦਾ ਨਾਮ ਜਿੰਦ ਦੀ ਖ਼ੁਰਾਕ ਹੈ, ਇਹ) ਖ਼ੁਰਾਕ ਰੱਜ ਰੱਜ ਕੇ ਖਾਇਆ ਕਰ,
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥੧॥
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਧਿਆਇਆ ਕਰ ।੧।
ਨਾਨਕ ਗੁਰ ਪੂਰੇ ਸਰਨਾਈ ॥
ਹੇ ਨਾਨਕ! (ਆਖ—ਹੇ ਭਾਈ!) ਪੂਰੇ ਗੁਰੂ ਦੀ ਸਰਨ ਪਿਆ ਰਹੁ (ਗੁਰੂ ਸਰਨ-ਪਏ ਦੀ ਸਹੈਤਾ ਕਰਨ ਵਾਲਾ ਹੈ),
ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥੨॥੮॥੨੬॥
ਤੇ ਉਸ ਗੁਰੂ ਨੇ (ਸਦਾ) ਆਪਣੇ ਇਸ ਨਾਮ ਦੀ ਲਾਜ ਪਾਲੀ ਹੈ ।੭।੮।੨੬।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਤਿਗੁਰ ਕਰਿ ਦੀਨੇ ਅਸਥਿਰ ਘਰ ਬਾਰ ॥ ਰਹਾਉ ॥
ਹੇ ਭਾਈ! ਗੁਰੂ ਦੇ ਘਰਾਂ ਨੂੰ (ਸਾਧ ਸੰਗਤਿ-ਸੰਸਥਾ ਨੂੰ ਪਰਮਾਤਮਾ ਨੇ) ਸਦਾ ਕਾਇਮ ਰਹਿਣ ਵਾਲੇ ਬਣਾ ਦਿੱਤਾ ਹੋਇਆ ਹੈ (ਭਾਵ, ਸਾਧ ਸੰਗਤਿ ਹੀ ਸਦਾ ਲਈ ਐਸੇ ਅਸਥਾਨ ਹਨ ਜਿਥੇ ਪਰਮਾਤਮਾ ਨਾਲ ਮੇਲ ਹੋ ਸਕਦਾ ਹੈ) ।ਰਹਾਉ।
ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥੧॥
ਹੇ ਭਾਈ! ਜੇਹੜਾ ਭੀ ਮਨੁੱਖ ਇਹਨਾਂ ਘਰਾਂ ਦੀ (ਸਾਧ ਸੰਗਤਿ ਦੀ) ਨਿੰਦਾ ਕਰਦਾ ਹੈ (ਭਾਵ, ਜੇਹੜਾ ਭੀ ਮਨੁੱਖ ਸਤਸੰਗ ਤੋਂ ਨਫ਼ਰਤ ਕਰਦਾ ਹੈ) ਉਸ ਮਨੁੱਖ ਨੂੰ ਪਰਮਾਤਮਾ ਨੇ ਪਹਿਲਾਂ ਹੀ ਆਤਮਕ ਮੌਤ ਦਿੱਤੀ ਹੁੰਦੀ ਹੈ (ਉਹ ਮਨੁੱਖ ਪਹਿਲਾਂ ਹੀ ਆਤਮਕ ਤੌਰ ਤੇ ਮੋਇਆ ਹੋਇਆ ਹੁੰਦਾ ਹੈ) ।੧।
ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸਬਦੁ ਅਖੰਡ ਅਪਾਰ ॥੨॥੯॥੨੭॥
ਹੇ ਨਾਨਕ! ਜਿਸ ਪਰਮਾਤਮਾ ਦਾ ਹੁਕਮ ਅਟੱਲ ਹੈ ਤੇ ਬੇਅੰਤ ਹੈ ਉਸ ਪਰਮਾਤਮਾ ਦੀ ਸਰਨ ਵਿਚ (ਸਾਧ ਸੰਗਤਿ ਦੀ ਬਰਕਤਿ ਨਾਲ ਹੀ ਆ ਸਕੀਦਾ ਹੈ) ।੨।੯।੨੭।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥
(ਹੇ ਭਾਈ! ਜੇ) ਤੇਰੇ ਉਤੇ ਪਰਮਾਤਮਾ ਨੇ ਬਖ਼ਸ਼ਸ਼ ਕੀਤੀ ਹੈ, ਤਾਂ ਤੂੰ ਸੰਤਾਂ ਵਾਲੇ (ਨਾਮ-ਸਿਮਰਨ ਦੇ) ਆਤਮਕ ਆਨੰਦ ਮਾਣ ।
ਪਾਰਬ੍ਰਹਮਿ ਤੂ ਬਖਸਿਆ ਸੰਤਨ ਰਸ ਭੋਗ ॥ ਰਹਾਉ ॥
(ਜੇਹੜਾ ਮਨੁੱਖ ਇਹ ਆਤਮਕ ਆਨੰਦ ਮਾਣਦਾ ਹੈ, ਉਸ ਦੇ) ਸਾਰੇ ਦੁੱਖ ਸਾਰੇ ਕਲੇਸ਼ ਅਤੇ ਹੋਰ ਸਾਰੇ ਰੋਗ ਨਾਸ ਹੋ ਜਾਂਦੇ ਹਨ ।ਰਹਾਉ।
ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥
ਹੇ ਭਾਈ! ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹੁ, (ਤਾਪ ਸੰਤਾਪ ਅਤੇ ਰੋਗ ਆਦਿਕਾਂ ਨੂੰ ਦੂਰ ਕਰਨ ਲਈ) ਇਹ ਦਵਾਈ ਫਬਵੀਂ ਹੈ ।
ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥੧॥
(ਜੇ ਤੰੂ ਨਾਮ-ਸਿਮਰਨ ਦੀ ਇਹ ਦਵਾਈ ਵਰਤਦਾ ਰਹੇਂਗਾ, ਤਾਂ) ਸਾਰੇ ਸੁਖ ਤੇਰੇ ਸਾਥੀ ਬਣੇ ਰਹਿਣਗੇ, ਤੇਰਾ ਮਨ ਰੋਗਾਂ ਤੋਂ ਬਚਿਆ ਰਹੇਗਾ, ਤੇਰਾ ਸਰੀਰ ਰੋਗਾਂ ਤੋਂ ਬਚਿਆ ਰਹੇਗਾ ।੧।
ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥
ਹੇ ਭਾਈ! (ਮਨੁੱਖਾ ਜੀਵਨ ਵਾਲੇ ਦਿਨ ਹੀ ਪਰਮਾਤਮਾ ਨਾਲ) ਮਿਲਾਪ ਪੈਦਾ ਕਰਨ ਦੇ ਚੰਗੇ ਅਵਸਰ ਹਨ (ਜਿਤਨਾ ਚਿਰ ਇਹ ਜਨਮ ਮਿਲਿਆ ਹੋਇਆ ਹੈ, ਬਾਹਰ ਭਟਕਣਾ ਛਡ ਕੇ) ਆਪਣੇ ਹਿਰਦੇ-ਘਰ ਦੇਸ ਵਿਚ ਆ ਕੇ ਟਿਕਿਆ ਰਹੁ ।
ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥੨॥੧੦॥੨੮॥
ਹੇ ਨਾਨਕ! (ਆਖ—) ਜਿਸ ਮਨੁੱਖ ਉਤੇ ਪ੍ਰਭੂ ਜੀ ਦਇਆਵਾਨ ਹੋ ਜਾਂਦੇ ਹਨ, (ਪ੍ਰਭੂ ਨਾਲੋਂ ਉਸ ਦੇ) ਸਾਰੇ ਵਿਛੋੜੇ ਦੂਰ ਹੋ ਜਾਂਦੇ ਹਨ ।੨।੧੦।੨੮।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥
ਹੇ ਭਾਈ! ਸੰਤ ਜਨਾਂ ਦੇ ਮਨ ਵਿਚ (ਸਦਾ ਇਹ) ਯਕੀਨ ਬਣਿਆ ਰਹਿੰਦਾ ਹੈ ਕਿ ਮਾਇਆ ਦੇ ਖਿਲਾਰੇ ਕਿਸੇ ਭੀ ਮਨੁੱਖ ਦੇ ਨਾਲ ਨਹੀਂ ਜਾਂਦੇ ।
ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥ ਰਹਾਉ ॥
ਰਾਜੇ ਮਹਾਰਾਜੇ ਭੀ (ਮੌਤ ਆਉਣ ਤੇ) ਇਹਨਾਂ ਨੂੰ ਛੱਡ ਕੇ ਤੁਰ ਪੈਂਦੇ ਹਨ (ਇਸ ਵਾਸਤੇ ਸੰਤ ਜਨ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ) ।ਰਹਾਉ।
ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥
(ਹੇ ਭਾਈ! ਮਾਇਆ ਦੇ ਮੋਹ ਵਿਚ ਫਸ ਕੇ ਹਰ ਵੇਲੇ ਇਹ ਧਾਰਨ ਵਾਲੇ ਨੂੰ ਕਿ ਮੈਂ ਵੱਡਾ ਬਣ ਜਾਵਾਂ ਮੈਂ ਵੱਡਾ ਬਣ ਜਾਵਾਂ—ਇਸ) ਮੈਂ ਮੈਂ ਦੀ ਹੀ ਸੂਝ ਵਾਲੇ ਨੂੰ (ਜ਼ਰੂਰ) ਆਤਮਕ ਮੌਤ ਮਿਲਦੀ ਹੈ—ਇਹ ਮਰਯਾਦਾ ਧੁਰ-ਦਰਗਾਹ ਤੋਂ ਚਲੀ ਆ ਰਹੀ ਹੈ ।
ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥੧॥
ਮਾਇਆ ਦੇ ਮੋਹ ਦੇ ਇਹੀ ਭਿਆਨਕ ਨਤੀਜੇ ਹੁੰਦੇ ਹਨ ਕਿ ਮਾਇਆ-ਗ੍ਰਸੇ ਮਨੁੱਖ ਸਦਾ ਅਨੇਕਾਂ ਜੂਨਾਂ ਵਿਚ ਜੰਮਦੇ ਮਰਦੇ ਰਹਿੰਦੇ ਹਨ ।੧।
ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥
ਹੇ ਨਾਨਕ! ਗੁਰਮੁਖ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਸਦਾ ਜਗਤ ਦੇ ਪਾਲਣਹਾਰ ਪ੍ਰਭੂ ਦਾ ਨਾਮ ਜਪਦੇ ਹਨ ।
ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥੨॥੧੧॥੨੯॥
ਪਰਮਾਤਮਾ ਦੇ ਗੂੜ੍ਹੇ ਪ੍ਰੇਮ-ਰੰਗ ਵਿਚ ਰੰਗੀਜ ਕੇ ਸੰਤ ਜਨ ਸਦਾ ਪ੍ਰਭੂ ਦਾ ਨਾਮ ਸਿਮਰ ਕੇ (ਸੰਸਾਰ-ਸਮੰੁਦਰ ਤੋਂ, ਮਾਇਆ ਦੇ ਮੋਹ ਤੋਂ) ਪਾਰ ਲੰਘ ਜਾਂਦੇ ਹਨ ।੨।੧੧।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ ॥
ਪੂਰੇ ਗੁਰੂ ਨੇ ਆਤਮਕ ਅਡੋਲਤਾ ਵਿਚ ਇਕ-ਰਸ ਟਿਕਾਉ ਦੇ ਸਾਰੇ ਸੁਖ ਆਨੰਦ ਦੇ ਦਿੱਤੇ ।
ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥ ਰਹਾਉ ॥
ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਉਸ ਦੇ ਅੰਗ-ਸੰਗ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ (ਆਪਣੇ ਮਨ ਵਿਚ) ਵਿਚਾਰਦਾ ਰਹਿੰਦਾ ਹੈ ।ਰਹਾਉ।