Sri Guru Granth Sahib Ji — Ang 803 (punjabi)
ਨਾਨਕ ਸੇ ਦਰਿ ਸੋਭਾਵੰਤੇ ਜੋ ਪ੍ਰਭਿ ਅਪੁਨੈ ਕੀਓ ॥੧॥
ਹੇ ਨਾਨਕ! ਪ੍ਰਭੂ ਦੇ ਦਰ ਤੇ ਉਹ ਬੰਦੇ ਸੋਭਾ ਵਾਲੇ ਹੁੰਦੇ ਹਨ ਜਿਨ੍ਹਾਂ ਨੂੰ ਪਿਆਰੇ ਪ੍ਰਭੂ ਨੇ ਆਪ ਹੀ ਸੋਭਾ ਵਾਲੇ ਬਣਾਇਆ ਹੈ ।੧।
ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥
ਹੇ ਸਹੇਲੀਏ! ਇਹ ਮਾਇਆ (ਮਾਨੋ) ਹਵਾਈ ਕਿਲ੍ਹਾ ਹੈ, ਮਨ ਨੂੰ ਭਟਕਣਾ ਵਿਚ ਪਾਣ ਦਾ ਸਾਧਨ ਹੈ, ਠਗ-ਨੀਰਾ ਹੈ, ਰੁੱਖ ਦੀ ਛਾਂ ਹੈ ।
ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥
ਕਦੇ ਭੀ ਇੱਕ ਥਾਂ ਨਾਹ ਟਿਕ ਸਕਣ ਵਾਲੀ ਇਹ ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ, ਇਹ ਆਖ਼ਰ ਨੂੰ (ਸਾਥ) ਛੱਡ ਜਾਂਦੀ ਹੈ ।
ਰਸਿ ਭੋਗਣ ਅਤਿ ਰੂਪ ਰਸ ਮਾਤੇ ਇਨ ਸੰਗਿ ਸੂਖੁ ਨ ਪਾਇਆ ॥
ਸੁਆਦ ਨਾਲ ਦੁਨੀਆ ਦੇ ਪਦਾਰਥ ਭੋਗਣੇ, ਦੁਨੀਆ ਦੇ ਰੂਪਾਂ ਤੇ ਰਸਾਂ ਵਿਚ ਮਸਤ ਰਹਿਣਾ—ਹੇ ਸਖੀਏ! ਇਹਨਾਂ ਦੀ ਸੰਗਤਿ ਵਿਚ ਆਤਮਕ ਆਨੰਦ ਨਹੀਂ ਲੱਭਦਾ ।
ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥੨॥
ਹੇ ਨਾਨਕ! (ਆਖ—) ਹੇ ਸਹੇਲੀਏ! ਭਾਗਾਂ ਵਾਲੇ ਹਨ ਪਰਮਾਤਮਾ ਦੇ ਭਗਤ ਜਿਨ੍ਹਾਂ ਨੇ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਹੈ ।੨।
ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ ॥
ਹੇ ਭਾਗਾਂ ਵਾਲੀ ਸਹੇਲੀਏ! ਜਾ ਕੇ ਸਾਧ ਸੰਗਤਿ ਵਿਚ ਟਿਕਿਆ ਕਰ । ਗੁਰਮੁਖਾਂ ਦੀ ਸੰਗਤਿ ਵਿਚ ਹੀ ਸਦਾ ਟਿਕਣਾ ਚਾਹੀਦਾ ਹੈ ।
ਤਹ ਦੂਖ ਨ ਭੂਖ ਨ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ ॥
ਉਥੇ ਟਿਕਿਆਂ ਦੁਨੀਆ ਦੇ ਦੁੱਖ, ਮਾਇਆ ਦੀ ਤਿ®ਸ਼ਨਾ, ਕੋਈ ਰੋਗ ਆਦਿਕ—ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ । (ਸਾਧ ਸੰਗਤਿ ਵਿਚ ਜਾ ਕੇ) ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤਿ ਜੋੜਨੀ ਚਾਹੀਦੀ ਹੈ ।
ਤਹ ਜਨਮ ਨ ਮਰਣੁ ਨ ਆਵਣ ਜਾਣਾ ਨਿਹਚਲੁ ਸਰਣੀ ਪਾਈਐ ॥
ਸਾਧ ਸੰਗਤਿ ਵਿਚ ਰਿਹਾਂ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ, ਮਨ ਦੀ ਅਡੋਲਤਾ ਕਾਇਮ ਰਹਿੰਦੀ ਹੈ । ਸੋ, ਪ੍ਰਭੂ ਦੀ ਸਰਨ ਵਿਚ ਹੀ ਪਏ ਰਹਿਣਾ ਚਾਹੀਦਾ ਹੈ ।
ਪ੍ਰੇਮ ਬਿਛੋਹੁ ਨ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥੩॥
ਹੇ ਨਾਨਕ! (ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ-ਪ੍ਰੇਮ ਦੀ ਅਣਹੋਂਦ, ਮਾਇਆ ਦਾ ਮੋਹ—ਇਹ ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ । ਸਤ ਸੰਗਤਿ ਵਿਚ ਸਦਾ ਪਰਮਾਤਮਾ ਦਾ ਨਾਮ ਸਿਮਰ ਸਕੀਦਾ ਹੈ ।੩।
ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ ॥
ਹੇ ਪਿਆਰੇ (ਪ੍ਰਭੂ)! ਮੇਹਰ ਦੀ ਨਿਗਾਹ ਕਰ ਕੇ ਤੂੰ ਜਿਨ੍ਹਾਂ ਦਾ ਮਨ ਆਪਣੇ ਚਰਨਾਂ ਵਿਚ ਪ੍ਰੋ ਲਿਆ ਹੈ, ਉਹ ਆਤਮਕ ਅਡੋਲਤਾ ਵਿਚ, ਪ੍ਰੇਮ ਵਿਚ, ਸਦਾ ਰੰਗੇ ਰਹਿੰਦੇ ਹਨ ।
ਸੇਜ ਸੁਹਾਵੀ ਸੰਗਿ ਮਿਲਿ ਪ੍ਰੀਤਮ ਅਨਦ ਮੰਗਲ ਗੁਣ ਗਾਏ ॥
ਹੇ ਪ੍ਰੀਤਮ! ਤੇਰੇ (ਚਰਨਾਂ) ਨਾਲ ਮਿਲ ਕੇ ਉਹਨਾਂ ਦਾ ਹਿਰਦਾ ਆਨੰਦ-ਭਰਪੂਰ ਹੋ ਜਾਂਦਾ ਹੈ, ਤੇਰੇ ਗੁਣ ਗਾ ਗਾ ਕੇ ਉਹਨਾਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ।
ਸਖੀ ਸਹੇਲੀ ਰਾਮ ਰੰਗਿ ਰਾਤੀ ਮਨ ਤਨ ਇਛ ਪੁਜਾਏ ॥
ਹੇ ਨਾਨਕ! ਜੇਹੜੀਆਂ (ਸਤਸੰਗੀ) ਸਹੇਲੀਆਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀਆਂ ਰਹਿੰਦੀਆਂ ਹਨ, ਪ੍ਰਭੂ ਉਹਨਾਂ ਦੇ ਮਨ ਦੀ ਤਨ ਦੀ ਹਰੇਕ ਇੱਛਾ ਪੂਰੀ ਕਰਦਾ ਹੈ,
ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥੪॥੨॥੫॥
ਉਹਨਾਂ ਦੀ (ਉੱਚੀ ਹੋ ਚੁਕੀ) ਜਿੰਦ ਅਚਰਜ-ਰੂਪ ਪ੍ਰਭੂ ਨਾਲ (ਇਉਂ) ਮਿਲ ਜਾਂਦੀ ਹੈ ਕਿ (ਉਸ ਅਵਸਥਾ ਦਾ) ਬਿਆਨ ਨਹੀਂ ਕੀਤਾ ਜਾ ਸਕਦਾ ।੪।੨।੫।
ਰਾਗੁ ਬਿਲਾਵਲੁ ਮਹਲਾ ੫ ਘਰੁ ੪
ਰਾਗ ਬਿਲਾਵਲ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਏਕ ਰੂਪ ਸਗਲੋ ਪਾਸਾਰਾ ॥
ਹੇ ਭਾਈ! ਇਹ ਸਾਰਾ ਜਗਤ-ਖਿਲਾਰਾ ਉਸ ਇੱਕ (ਪਰਮਾਤਮਾ ਦੇ ਹੀ ਅਨੇਕਾਂ) ਰੂਪ ਹਨ ।
ਆਪੇ ਬਨਜੁ ਆਪਿ ਬਿਉਹਾਰਾ ॥੧॥
(ਸਭ ਜੀਵਾਂ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਜਗਤ ਦਾ) ਵਣਜ-ਵਿਹਾਰ ਕਰ ਰਿਹਾ ਹੈ ।੧।
ਐਸੋ ਗਿਆਨੁ ਬਿਰਲੋ ਈ ਪਾਏ ॥
ਹੇ ਭਾਈ! ਜਗਤ ਵਿਚ ਜਿਸ ਜਿਸ ਪਾਸੇ ਚਲੇ ਜਾਈਏ, ਹਰ ਪਾਸੇ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ।
ਜਤ ਜਤ ਜਾਈਐ ਤਤ ਦ੍ਰਿਸਟਾਏ ॥੧॥ ਰਹਾਉ ॥
ਪਰ ਇਹ ਸੂਝ ਕੋਈ ਵਿਰਲਾ ਮਨੁੱਖ ਹੀ ਹਾਸਲ ਕਰਦਾ ਹੈ ।੧।ਰਹਾਉ।
ਅਨਿਕ ਰੰਗ ਨਿਰਗੁਨ ਇਕ ਰੰਗਾ ॥
ਹੇ ਭਾਈ! ਸਦਾ ਇਕ-ਰੰਗ ਰਹਿਣ ਵਾਲੇ ਅਤੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦੇ ਹੀ (ਜਗਤ ਵਿਚ ਦਿੱਸ ਰਹੇ) ਅਨੇਕਾਂ ਰੰਗ-ਤਮਾਸ਼ੇ ਹਨ ।
ਆਪੇ ਜਲੁ ਆਪ ਹੀ ਤਰੰਗਾ ॥੨॥
ਉਹ ਪ੍ਰਭੂ ਆਪ ਹੀ ਪਾਣੀ ਹੈ, ਤੇ, ਆਪ ਹੀ (ਪਾਣੀ ਵਿਚ ਉਠ ਰਹੀਆਂ) ਲਹਿਰਾਂ ਹੈ {ਜਿਵੇਂ ਪਾਣੀ ਅਤੇ ਪਾਣੀ ਦੀਆਂ ਲਹਿਰਾਂ ਇੱਕੋ ਰੂਪ ਹਨ, ਤਿਵੇਂ ਪਰਮਾਤਮਾ ਤੋਂ ਹੀ ਜਗਤ ਦੇ ਅਨੇਕਾਂ ਰੂਪ ਰੰਗ ਬਣੇ ਹਨ} ।੨।
ਆਪ ਹੀ ਮੰਦਰੁ ਆਪਹਿ ਸੇਵਾ ॥
ਹੇ ਭਾਈ! ਪ੍ਰਭੂ ਆਪ ਹੀ ਮੰਦਰ ਹੈ, ਆਪ ਹੀ ਸੇਵਾ-ਭਗਤੀ ਹੈ,
ਆਪ ਹੀ ਪੂਜਾਰੀ ਆਪ ਹੀ ਦੇਵਾ ॥੩॥
ਆਪ ਹੀ (ਮੰਦਰ ਵਿਚ) ਦੇਵਤਾ ਹੈ, ਤੇ ਆਪ ਹੀ (ਦੇਵਤੇ ਦਾ) ਪੁਜਾਰੀ ਹੈ ।੩।
ਆਪਹਿ ਜੋਗ ਆਪ ਹੀ ਜੁਗਤਾ ॥
ਹੇ ਭਾਈ! ਪ੍ਰਭੂ ਆਪ ਹੀ ਜੋਗੀ ਹੈ, ਆਪ ਹੀ ਜੋਗ ਦੇ ਸਾਧਨ ਹੈ ।
ਨਾਨਕ ਕੇ ਪ੍ਰਭ ਸਦ ਹੀ ਮੁਕਤਾ ॥੪॥੧॥੬॥
(ਸਭ ਜੀਵਾਂ ਵਿਚ ਵਿਆਪਕ ਹੁੰਦਾ ਹੋਇਆ ਭੀ) ਨਾਨਕ ਦਾ ਪਰਮਾਤਮਾ ਸਦਾ ਹੀ ਨਿਰਲੇਪ ਹੈ ।੪।੧।੬।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਆਪਿ ਉਪਾਵਨ ਆਪਿ ਸਧਰਨਾ ॥
ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈ, ਅਤੇ ਆਪ ਹੀ (ਸਭ ਨੂੰ) ਸਹਾਰਾ ਦੇਣ ਵਾਲਾ ਹੈ ।
ਆਪਿ ਕਰਾਵਨ ਦੋਸੁ ਨ ਲੈਨਾ ॥੧॥
(ਸਭ ਵਿਚ ਵਿਆਪਕ ਹੋ ਕੇ) ਪ੍ਰਭੂ ਆਪ ਹੀ (ਸਭ ਜੀਵਾਂ ਪਾਸੋਂ) ਕੰਮ ਕਰਾਣ ਵਾਲਾ ਹੈ, ਪਰ ਪ੍ਰਭੂ (ਇਹਨਾਂ ਕੰਮਾਂ ਦਾ) ਦੋਸ਼ ਆਪਣੇ ਉਤੇ ਨਹੀਂ ਲੈਂਦਾ ।੧।
ਆਪਨ ਬਚਨੁ ਆਪ ਹੀ ਕਰਨਾ ॥
ਹੇ ਭਾਈ! (ਹਰੇਕ ਜੀਵ ਵਿਚ ਵਿਆਪਕ ਹੋ ਕੇ) ਆਪਣਾ ਬੋਲ (ਪ੍ਰਭੂ ਆਪ ਹੀ ਬੋਲ ਰਿਹਾ ਹੈ,
ਆਪਨ ਬਿਭਉ ਆਪ ਹੀ ਜਰਨਾ ॥੧॥ ਰਹਾਉ ॥
ਅਤੇ) ਆਪ ਹੀ (ਉਸ ਬੋਲ ਦੇ ਅਨੁਸਾਰ ਕੰਮ) ਕਰ ਰਿਹਾ ਹੈ ।੧।ਰਹਾਉ।
ਆਪ ਹੀ ਮਸਟਿ ਆਪ ਹੀ ਬੁਲਨਾ ॥
(ਹਰੇਕ ਵਿਚ ਮੌਜੂਦ ਹੈ । ਜੇ ਕੋਈ ਮੋਨ ਧਾਰੀ ਬੈਠਾ ਹੈ, ਤਾਂ ਉਸ ਵਿਚ) ਪ੍ਰਭੂ ਆਪ ਹੀ ਮੋਨਧਾਰੀ ਹੈ, (ਜੇ ਕੋਈ ਬੋਲ ਰਿਹਾ ਹੈ, ਤਾਂ ਉਸ ਵਿਚ) ਆਪ ਹੀ ਪ੍ਰਭੂ ਬੋਲ ਰਿਹਾ ਹੈ ।
ਆਪ ਹੀ ਅਛਲੁ ਨ ਜਾਈ ਛਲਨਾ ॥੨॥
ਪ੍ਰਭੂ ਆਪ ਹੀ (ਕਿਸੇ ਵਿਚ ਬੈਠਾ) ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਮਾਇਆ ਉਸ ਨੂੰ ਛਲ ਨਹੀਂ ਸਕਦੀ ।੨।
ਆਪ ਹੀ ਗੁਪਤ ਆਪਿ ਪਰਗਟਨਾ ॥
ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਵਿਚ) ਲੁਕਿਆ ਬੈਠਾ ਹੈ, ਤੇ, (ਜਗਤ-ਰਚਨਾ ਦੇ ਰੂਪ ਵਿਚ) ਆਪ ਹੀ ਪ੍ਰਤੱਖ ਦਿੱਸ ਰਿਹਾ ਹੈ ।
ਆਪ ਹੀ ਘਟਿ ਘਟਿ ਆਪਿ ਅਲਿਪਨਾ ॥੩॥
ਪ੍ਰਭੂ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ, (ਹਰੇਕ ਵਿਚ ਵੱਸਦਾ ਹੋਇਆ) ਪ੍ਰਭੂ ਆਪ ਹੀ ਨਿਰਲੇਪ ਹੈ ।੩।
ਆਪੇ ਅਵਿਗਤੁ ਆਪ ਸੰਗਿ ਰਚਨਾ ॥
ਹੇ ਭਾਈ! ਪ੍ਰਭੂ ਆਪ ਹੀ ਅਦਿ®ਸ਼ਟ ਹੈ, ਆਪ ਹੀ (ਆਪਣੀ ਰਚੀ) ਸ੍ਰਿਸ਼ਟੀ ਦੇ ਨਾਲ ਮਿਲਿਆ ਹੋਇਆ ਹੈ ।
ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥੪॥੨॥੭॥
ਹੇ ਨਾਨਕ! ਆਖ—(ਜਗਤ ਵਿਚ ਦਿੱਸ ਰਹੇ ਇਹ) ਸਾਰੇ ਕੌਤਕ ਪ੍ਰਭੂ ਦੇ ਆਪਣੇ ਹੀ ਹਨ ।੪।੨।੭।
ਬਿਲਾਵਲੁ ਮਹਲਾ ੫ ॥
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਭੂਲੇ ਮਾਰਗੁ ਜਿਨਹਿ ਬਤਾਇਆ ॥
ਜਿਹੜਾ (ਜੀਵਨ ਦੇ ਸਹੀ ਰਸਤੇ ਤੋਂ) ਖੁੰਝੇ ਜਾ ਰਹੇ ਮਨੁੱਖ ਨੂੰ (ਜ਼ਿੰਦਗੀ ਦਾ ਸਹੀ) ਰਸਤਾ ਦੱਸ ਦੇਂਦਾ ਹੈ ।
ਐਸਾ ਗੁਰੁ ਵਡਭਾਗੀ ਪਾਇਆ ॥੧॥
ਇਹੋ ਜਿਹਾ ਗੁਰੂ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ।
ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥
ਹੇ (ਮੇਰੇ) ਮਨ! ਧਿਆਨ ਜੋੜ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ।
ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥੧॥ ਰਹਾਉ ॥
ਹਿਰਦੇ ਵਿਚ ਪਿਆਰੇ ਗੁਰੂ ਦੇ ਚਰਨ ਵੱਸੇ ਰਹਿੰਦੇ ਹਨ (ਤਾਂ ਤੇ, ਹੇ ਮਨ! ਤੂੰ ਭੀ ਗੁਰੂ ਦਾ ਆਸਰਾ ਲੈ) ।੧।ਰਹਾਉ।