Sri Guru Granth Sahib Ji — Ang 798 (punjabi)
ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥
ਹੇ ਭਾਈ! ਨਾਨਕ ਆਖਦਾ ਹੈ—ਜੇਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਜੋੜਦਾ ਹੈ, ਉਸ ਦੇ ਮਨ ਵਿਚੋਂ (ਕਿਸੇ ਭੀ ਤਰ੍ਹਾਂ ਦੇ ਕਰਮ ਕਾਂਡ ਦਾ) ਅਹੰਕਾਰ ਮੁੱਕ ਜਾਂਦਾ ਹੈ ।
ਕਹਤ ਸੁਣਤ ਸਭੇ ਸੁਖ ਪਾਵਹਿ ਮਾਨਤ ਪਾਹਿ ਨਿਧਾਨਾ ॥੪॥੪॥
ਪਰਮਾਤਮਾ ਦਾ ਨਾਮ ਸਿਮਰਨ ਵਾਲੇ, ਸੁਣਨ ਵਾਲੇ, ਸਾਰੇ ਹੀ ਆਤਮਕ ਆਨੰਦ ਪ੍ਰਾਪਤ ਕਰਦੇ ਹਨ । ਜੇਹੜੇ ਮਨੁੱਖ (ਗੁਰੂ ਦੀ ਸਿੱਖਿਆ ਉਤੇ) ਸਰਧਾ ਲਿਆਉਂਦੇ ਹਨ, ਉਹ ਪ੍ਰਭੂ ਦਾ ਨਾਮ-ਖ਼ਜ਼ਾਨਾ ਲੱਭ ਲੈਂਦੇ ਹਨ ।੪।੪।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥
(ਹੇ ਭਾਈ!) ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਆਪਣਾ ਪਿਆਰ ਪੈਦਾ ਕਰਦਾ ਹੈ,
ਤਿਤੁ ਘਰਿ ਬਿਲਾਵਲੁ ਗੁਰ ਸਬਦਿ ਸੁਹਾਏ ॥
ਉਸ ਹਿਰਦੇ-ਘਰ ਵਿਚ (ਸਦਾ) ਖਿੜਾਉ (ਬਣਿਆ ਰਹਿੰਦਾ) ਹੈ, ਗੁਰੂ ਦੀ ਬਰਕਤਿ ਨਾਲ ਉਸ ਮਨੁੱਖ ਦਾ ਜੀਵਨ ਸੋਹਣਾ ਬਣ ਜਾਂਦਾ ਹੈ ।
ਮੰਗਲੁ ਨਾਰੀ ਗਾਵਹਿ ਆਏ ॥
ਉਸ ਦੇ ਸਾਰੇ ਗਿਆਨ-ਇੰਦ®ੇ ਰਲ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ ।
ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥੧॥
ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ।੧।
ਹਉ ਤਿਨ ਬਲਿਹਾਰੈ ਜਿਨੑ ਹਰਿ ਮੰਨਿ ਵਸਾਏ ॥
(ਹੇ ਭਾਈ!) ਮੈਂ ਉਹਨਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਵਸਾਇਆ ਹੈ ।
ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦੇ (ਇਹੋ ਜਿਹੇ) ਸੇਵਕਾਂ ਦੀ ਸੰਗਤਿ ਕੀਤਿਆਂ ਆਤਮਕ ਆਨੰਦ ਮਿਲਦਾ ਹੈ । (ਜੇਹੜਾ ਮਨੁੱਖ ਹਰਿ-ਜਨਾਂ ਨੂੰ ਮਿਲਦਾ ਹੈ, ਉਹ ਭੀ) ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ ।੧।ਰਹਾਉ।
ਸਦਾ ਰੰਗਿ ਰਾਤੇ ਤੇਰੈ ਚਾਏ ॥
(ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹ) ਸਦਾ ਤੇਰੇ ਪ੍ਰੇਮ ਵਿਚ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ।
ਹਰਿ ਜੀਉ ਆਪਿ ਵਸੈ ਮਨਿ ਆਏ ॥
(ਹੇ ਭਾਈ!) ਪ੍ਰਭੂ ਆਪ ਉਹਨਾਂ ਦੇ ਮਨ ਵਿਚ ਆ ਵੱਸਦਾ ਹੈ ।
ਆਪੇ ਸੋਭਾ ਸਦ ਹੀ ਪਾਏ ॥
ਪ੍ਰਭੂ ਆਪ ਹੀ ਉਹਨਾਂ ਨੂੰ ਸਦਾ ਲਈ ਵਡਿਆਈ ਬਖ਼ਸ਼ਦਾ ਹੈ,
ਗੁਰਮੁਖਿ ਮੇਲੈ ਮੇਲਿ ਮਿਲਾਏ ॥੨॥
ਗੁਰੂ ਦੀ ਸਰਨ ਪਾ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ।੨।
ਗੁਰਮੁਖਿ ਰਾਤੇ ਸਬਦਿ ਰੰਗਾਏ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਜੇਹੜੇ ਮਨੁੱਖ ਗੁਰੂ ਦੇ) ਸ਼ਬਦ ਵਿਚ ਰੰਗੇ ਜਾਂਦੇ ਹਨ,
ਨਿਜ ਘਰਿ ਵਾਸਾ ਹਰਿ ਗੁਣ ਗਾਏ ॥
ਪ੍ਰਭੂ ਦੇ ਗੁਣ ਗਾ ਗਾ ਕੇ ਉਹਨਾਂ ਦਾ ਆਪਣੇ ਹਿਰਦੇ-ਘਰ ਵਿਚ ਟਿਕਾਣਾ ਬਣਿਆ ਰਹਿੰਦਾ ਹੈ (ਉਹ ਕਦੇ ਭਟਕਦੇ ਨਹੀਂ)
ਰੰਗਿ ਚਲੂਲੈ ਹਰਿ ਰਸਿ ਭਾਏ ॥
ਪ੍ਰਭੂ ਦੇ ਨਾਮ-ਰਸ ਵਿਚ ਪੇ੍ਰਮ ਵਿਚ (ਟਿਕੇ ਰਹਿਣ ਕਰ ਕੇ) ਉਹ ਗੂੜ੍ਹੇ ਰੰਗ ਵਿਚ ਰੰਗੇ ਰਹਿੰਦੇ ਹਨ ।
ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥੩॥
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਕਰਕੇ ਉਹਨਾਂ ਦਾ ਇਹ ਨਾਮ-ਰੰਗ ਕਦੇ ਨਹੀਂ ਉਤਰਦਾ ।੩।
ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥
ਹੇ ਭਾਈ! ਜਿਨ੍ਹਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ ਉਹਨਾਂ ਦੇ ਅੰਦਰੋਂ ਅਗਿਆਨ-ਹਨੇਰਾ ਦੂਰ ਹੋ ਜਾਂਦਾ ਹੈ,
ਸਤਿਗੁਰ ਗਿਆਨੁ ਮਿਲਿਆ ਪ੍ਰੀਤਮੁ ਮੇਰਾ ॥
ਜਿਨ੍ਹਾਂ ਨੂੰ ਗੁਰੂ ਦਾ ਬਖ਼ਸ਼ਿਆ ਗਿਆਨ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ ।
ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪੇ੍ਰਮ) ਵਿਚ ਮਸਤ ਰਹਿੰਦੇ ਹਨ, ਉਹਨਾਂ ਨੂੰ ਜਨਮ-ਮਰਨ ਦਾ ਗੇੜ ਨਹੀਂ ਪੈਂਦਾ ।
ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥੪॥੫॥
(ਪਰ) ਹੇ ਨਾਨਕ! ਪੂਰਾ ਗੁਰੂ ਹੀ (ਮਨੁੱਖ ਦੇ ਅੰਦਰ) ਨਾਮ ਜਪਣ ਦਾ ਸੁਭਾਉ ਪੱਕਾ ਕਰ ਸਕਦਾ ਹੈ ।੪।੫।
ਬਿਲਾਵਲੁ ਮਹਲਾ ੩ ॥
ਬਿਲਾਵਲ ਤੀਜੀ ਪਾਤਿਸ਼ਾਹੀ।
ਪੂਰੇ ਗੁਰ ਤੇ ਵਡਿਆਈ ਪਾਈ ॥
ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ,
ਅਚਿੰਤ ਨਾਮੁ ਵਸਿਆ ਮਨਿ ਆਈ ॥
ਉਸ ਦੇ ਮਨ ਵਿਚ ਉਹ ਹਰਿ-ਨਾਮ ਆ ਵੱਸਦਾ ਹੈ ਜੋ ਹਰੇਕ ਕਿਸਮ ਦਾ ਫ਼ਿਕਰ-ਤੌਖਲਾ ਦੂਰ ਕਰ ਦੇਂਦਾ ਹੈ ।
ਹਉਮੈ ਮਾਇਆ ਸਬਦਿ ਜਲਾਈ ॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ,
ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥
ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ ।੧।
ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥
ਹੇ ਜਗਤ ਦੇ ਮਾਲਕ-ਪ੍ਰਭੂ! (ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ ।
ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥
(ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ ।੧।ਰਹਾਉ।
ਮਨ ਕੀ ਪਰਤੀਤਿ ਮਨ ਤੇ ਪਾਈ ॥
ਹੇ ਭਾਈ! ਜਿਸ ਮਨੁੱਖ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਧਾ-ਵਿਸ਼ਵਾਸ ਦੀ ਦਾਤਿ ਲੱਭ ਲਈ (ਇਹ ਸਰਧਾ ਕਿ ਪਰਮਾਤਮਾ ਸਾਰੇ ਜਗਤ ਵਿਚ ਇਕ-ਸਮਾਨ ਵਿਆਪਕ ਹੈ) ।
ਪੂਰੇ ਗੁਰ ਤੇ ਸਬਦਿ ਬੁਝਾਈ ॥
ਇਹ ਸੂਝ ਉਸ ਨੂੰ ਗੁਰੂ ਪਾਸੋਂ (ਉਸ ਦੇ) ਸ਼ਬਦ ਦੇ ਰਾਹੀਂ ਪ੍ਰਾਪਤ ਹੋਈ ਹੈ ।
ਜੀਵਣ ਮਰਣੁ ਕੋ ਸਮਸਰਿ ਵੇਖੈ ॥
ਹੇ ਭਾਈ! ਜੇਹੜਾ ਭੀ ਮਨੁੱਖ ਸਾਰੀ ਉਮਰ ਪ੍ਰਭੂ ਨੂੰ (ਸ੍ਰਿਸ਼ਟੀ ਵਿਚ) ਇਕ-ਸਮਾਨ (ਵੱਸਦਾ) ਵੇਖਦਾ ਹੈ,
ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥
ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ ।੨।
ਘਰ ਹੀ ਮਹਿ ਸਭਿ ਕੋਟ ਨਿਧਾਨ ॥
ਹੇ ਭਾਈ! (ਹਰੇਕ ਮਨੁੱਖ ਦੇ) ਹਿਰਦੇ-ਘਰ ਵਿਚ ਸਾਰੇ (ਸੁਖਾਂ ਦੇ) ਖ਼ਜ਼ਾਨਿਆਂ ਦੇ (ਕੋਟਾਂ ਦੇ) ਕੋਟ ਮੌਜੂਦ ਹਨ ।
ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥
ਜਿਸ ਮਨੁੱਖ ਨੂੰ ਗੁਰੂ ਨੇ (ਇਹ ਕੋਟ) ਵਿਖਾ ਦਿੱਤੇ, ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਗਿਆ ।
ਸਦ ਹੀ ਲਾਗਾ ਸਹਜਿ ਧਿਆਨ ॥
ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਸੁਰਤਿ ਜੋੜੀ ਰੱਖਦਾ ਹੈ ।
ਅਨਦਿਨੁ ਗਾਵੈ ਏਕੋ ਨਾਮ ॥੩॥
ਉਹ ਮਨੁੱਖ ਹਰ ਵੇਲੇ ਇਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ।੩।
ਇਸੁ ਜੁਗ ਮਹਿ ਵਡਿਆਈ ਪਾਈ ॥
ਹੇ ਭਾਈ! ਉਹੀ ਮਨੁਖ ਇਸ ਜਗਤ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ ।
ਪੂਰੇ ਗੁਰ ਤੇ ਨਾਮੁ ਧਿਆਈ ॥
ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ ਦਾ ਨਾਮ ਸਿਮਰਦਾ ਹੈ ।
ਜਹ ਦੇਖਾ ਤਹ ਰਹਿਆ ਸਮਾਈ ॥
ਹੇ ਭਾਈ! ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਪਰਮਾਤਮਾ ਮੌਜੂਦ ਦਿੱਸਦਾ ਹੈ ।
ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥
ਉਹ ਸਦਾ ਹੀ (ਸਭਨਾਂ ਨੂੰ) ਸੁਖ ਦੇਣ ਵਾਲਾ ਹੈ । ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ।੪।
ਪੂਰੈ ਭਾਗਿ ਗੁਰੁ ਪੂਰਾ ਪਾਇਆ ॥
ਹੇ ਭਾਈ! ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ,
ਅੰਤਰਿ ਨਾਮੁ ਨਿਧਾਨੁ ਦਿਖਾਇਆ ॥
ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵਿਖਾਲ ਦਿੱਤਾ ।
ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥
ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ,
ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥
ਹੇ ਨਾਨਕ! ਉਸ ਦੇ ਅੰਦਰੋਂ ਮਾਇਆ ਦੀ ਤੇ®ਹ ਬੁੱਝ ਗਈ । ਉਸ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਆਨੰਦ ਹੀ ਆਨੰਦ ਹਾਸਲ ਹੋ ਗਿਆ ।੫।੬।੧੦।
ਰਾਗੁ ਬਿਲਾਵਲੁ ਮਹਲਾ ੪ ਘਰੁ ੩
ਰਾਗੁ ਬਿਲਾਵਲ। ਚੌਥੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥
ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉੱਦਮ ਕਰਨ ਦੀ ਅਕਲ (ਜੀਵਾਂ ਨੂੰ ਆਪ ਦੇਂਦਾ ਹੈ) । ਜਿਵੇਂ ਉਹ ਸਾਨੂੰ ਪ੍ਰੇਰਨਾ ਕਰਦਾ ਹੈ ਤਿਵੇਂ ਅਸੀ ਕਰਦੇ ਹਾਂ ।
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥੧॥
ਜਿਵੇਂ ਕੋਈ ਨਾਟਕ ਕਰਨ ਵਾਲਾ ਮਨੁੱਖ ਵੀਣਾ (ਆਦਿਕ ਸਾਜ) ਦੀ ਤਾਰ ਵਜਾਂਦਾ ਹੈ (ਤਿਵੇਂ ਉਹ ਸਾਜ ਵੱਜਦਾ ਹੈ); ਤਿਵੇਂ ਸਾਰੇ ਜੀਵ (ਜੋ, ਮਾਨੋ) ਵਾਜੇ (ਹਨ, ਪ੍ਰਭੂ ਦੇ ਵਜਾਇਆਂ) ਵੱਜਦੇ ਹਨ ।੧।