Sri Guru Granth Sahib Ji — Ang 787 (punjabi)
ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥
ਇਸ ਚੁਹਚੁਹੇ ਰੰਗ ਵਿਚ (ਮੋਹ ਪਾ ਕੇ) ਕਦੇ ਕਿਸੇ ਨੇ ਖਸਮ-ਪ੍ਰਭੂ ਨਹੀਂ ਪਾਇਆ, (ਅਜੇਹੀ) ਆਪ-ਹੁਦਰੀ ਮੂਰਖ ਇਸਤ®ੀ (ਇਸ ਮੋਹ ਵਿਚ ਹੀ) ਸੜ ਮਰਦੀ ਹੈ ।
ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥
ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਸ਼ੋਖ਼-ਰੰਗ ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ,
ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥
ਮਨ ਤੇ ਸਰੀਰ (ਨਾਮ-ਰੂਪ ਮਜੀਠ ਰੰਗ ਨਾਲ) ਰੱਤਾ ਲਾਲ ਹੋ ਜਾਂਦਾ ਹੈ, ਜੀਭ ਪ੍ਰਭੂ ਦੇ ਗੁਣ ਯਾਦ ਕਰ ਕੇ ਰੰਗੀ ਜਾਂਦੀ ਹੈ ।
ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥
ਜਿਸ ਜੀਵ-ਇਸਤ®ੀ ਨੇ ਪ੍ਰਭੂ ਤੇ ਡਰ ਤੇ ਪਿਆਰ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਇਆ ਹੈ ਜਿਸ ਦੇ ਮਨ ਵਿਚ ਗੁਰ-ਸ਼ਬਦ ਵੱਸਦਾ ਹੈ ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ ।
ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥
ਹੇ ਨਾਨਕ! ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿਚ ਟਿਕਾਇਆਂ ਉਸ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥
ਹੇ ਜੀਵ-ਇਸਤ®ੀ! ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਪਿਆਰ ਛੱਡ ਤੇ ਪਰਮਾਤਮਾ ਦਾ ਨਾਮ-ਸਿੰਗਾਰ ਬਣਾ ਜੋ (ਮਾਨੋ, ਮਜੀਠ ਦਾ ਪੱਕਾ) ਲਾਲ ਰੰਗ ਹੈ;
ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਨਾਮ ਦਾ) ਵਿਚਾਰ ਕਰ, ਜਨਮ ਮਰਨ ਵਾਲਾ ਸਿਲਸਿਲਾ ਮੁੱਕ ਜਾਇਗਾ ।
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥
ਉਹ ਜੀਵ-ਇਸਤ®ੀ ਸੋਹਣੀ ਸੁੰਦਰ ਹੈ ਜਿਸ ਦੇ ਹਿਰਦੇ-ਘਰ ਵਿਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ-ਪ੍ਰਭੂ ਆ ਵੱਸਦਾ ਹੈ,
ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥
ਹੇ ਨਾਨਕ! ਉਸ ਜੀਵ-ਇਸਤ®ੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ ।੨।
ਪਉੜੀ ॥
pauVI[
ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥
ਇਸ ਜਗਤ ਵਿਚ) ਮੋਹ ਕੂੜ ਤੇ ਜੰਜਾਲ (ਪ੍ਰਬਲ) ਹੈ, ਮੂਰਖ ਆਪ-ਹੁਦਰਾ ਮਨੁੱਖ ਇਸ ਵਿਚ ਰੱਤਾ ਹੋਇਆ ਹੈ;
ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥
“ਮੈਂ, ਮੇਰੀ” ਵਿਚ (ਭਾਵ, “ਮੈਂ ਵੱਡਾ ਹਾਂ”, “ਇਹ ਧਨ ਪਦਾਰਥ ਮੇਰਾ ਹੈ” ਇਹ ਆਖ ਆਖ ਕੇ) ਮਨਮੁਖ ਬੰਦੇ (ਏਥੇ ਖ਼ੁਆਰ ਹੁੰਦੇ ਹਨ, (ਤੇ ਮਰਨ ਵੇਲੇ ਏਥੋਂ) ਕੁਝ ਨਾਲ ਨਹੀਂ ਲੈ ਤੁਰਦੇ ।
ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥
ਮਾਇਆ ਵਿਚ ਭਟਕਣ ਦੇ ਕਾਰਨ (ਇਹਨਾਂ ਨੂੰ) ਸਿਰ ਤੇ ਮੌਤ ਖਲੋਤੀ ਭੀ ਨਹੀਂ ਸੁੱਝਦੀ,
ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥
ਤੇ ਜਦੋਂ ਮੌਤ ਨੇ ਆ ਨੱਪਿਆ ਤਦੋਂ ਇਹ ਗੁਆਚਾ ਸਮਾ ਮੁੜ ਮਿਲਦਾ ਨਹੀਂ ।
ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥
(ਪਰ ਮਨਮੁਖ ਭੀ ਕੀਹ ਕਰਨ?) ਪ੍ਰਭੂ ਨੇ (ਜੀਵਾਂ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਲੇਖ ਧੁਰੋਂ ਮੱਥੇ ਤੇ ਲਿਖ ਦਿੱਤੇ, ਜੀਵ ਉਹੋ ਜਿਹੇ ਹੀ ਕਰਮ ਕਮਾਂਦੇ ਹਨ ।੫।
ਸਲੋਕੁ ਮਃ ੩ ॥
ਸਲੋਕ ਤੀਜੀ ਪਾਤਿਸ਼ਾਹੀ।
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿੑ ॥
ਉਹ ਇਸਤ®ੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ ।
ਨਾਨਕ ਸਤੀਆ ਜਾਣੀਅਨਿੑ ਜਿ ਬਿਰਹੇ ਚੋਟ ਮਰੰਨਿੑ ॥੧॥
ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ।੧।
ਮਃ ੩ ॥
ਤੀਜੀ ਪਾਤਿਸ਼ਾਹੀ।
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨਿੑ ॥
ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,
ਸੇਵਨਿ ਸਾਈ ਆਪਣਾ ਨਿਤ ਉਠਿ ਸੰਮੑਾਲੰਨਿੑ ॥੨॥
ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ।੨।
ਮਃ ੩ ॥
ਤੀਜੀ ਪਾਤਿਸ਼ਾਹੀ।
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥
(ਸਤੀ) ਇਸਤ®ੀਆਂ ਆਪਣੇ ਖਸਮ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ,
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥
ਪਤੀ ਨੂੰ “ਆਪਣਾ” ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ ।
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥
ਪਰ, ਹੇ ਨਾਨਕ! ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਤਾ, ਉਹ ਕਿਉਂ ਦੁੱਖ ਸਹਿਣ?
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥
ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ ।੩।
ਪਉੜੀ ॥
pauVI[
ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥
ਹੇ ਕਰਤਾਰ! (ਜਗਤ ਵਿਚ ਜੀਵ ਪੈਦਾ ਕਰ ਕੇ) ਦੁੱਖ ਤੇ ਸੁਖ ਭੀ ਤੂੰ ਉਹਨਾਂ ਦੇ ਨਾਲ ਹੀ ਪੈਦਾ ਕਰ ਦਿੱਤੇ, (ਦੁੱਖ ਤੇ ਸੁੱਖ ਦਾ) ਲੇਖ ਭੀ (ਤੂੰ ਉਹਨਾਂ ਦੇ ਮੱਥੇ ਤੇ) ਲਿਖ ਦਿੱਤਾ ।
ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥
ਜਿਸ ਪ੍ਰਭੂ ਦਾ ਨਾਹ ਕੋਈ ਖ਼ਾਸ ਰੂਪ ਤੇ ਨਾਹ ਰੇਖ ਹੈ, ਉਸ ਦੇ ਨਾਮ ਦੇ ਬਰਾਬਰ (ਜੀਵਾਂ ਲਈ) ਹੋਰ ਕੋਈ ਬਖ਼ਸ਼ਸ਼ ਨਹੀਂ ਹੈ;
ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥
‘ਨਾਮ’ ਇਕ ਐਸਾ ਖ਼ਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ, ਗੁਰੂ ਦੇ ਸਨਮੁਖ ਹੋਇਆਂ ਇਹ ਮਨ ਵਿਚ ਵੱਸਦਾ ਹੈ ।
ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥
ਜਿਸ ਮਨੁੱਖ ਨੂੰ ਮਿਹਰ ਕਰ ਕੇ ਪ੍ਰਭੂ ‘ਨਾਮ’ ਦੇਂਦਾ ਹੈ, ਉਸ (ਦੇ ਚੰਗੇ ਮੰਦੇ ਕਰਮਾਂ) ਦਾ ਲੇਖ ਮੁੜ ਨਹੀਂ ਲਿਖਦਾ ।
ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥
ਪਰ, ਉਹੀ ਮਨੁੱਖ ਪ੍ਰਭੂ ਨੂੰ ਮਿਲਦੇ ਹਨ ਜੋ ਸੇਵਕ-ਭਾਵ ਵਿਚ ਰਹਿ ਕੇ ਹਰਿ-ਨਾਮ ਦਾ ਜਾਪ ਜਪਦੇ ਹਨ ।੬।
ਸਲੋਕੁ ਮਃ ੨ ॥
ਸਲੋਕ ਤੀਜੀ ਪਾਤਿਸ਼ਾਹੀ।
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
ਉਹ ਮਨੁੱਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ (ਭਾਵ, ਮਨ ਨੂੰ ਜਗਤ ਦੇ ਧੰਧਿਆਂ ਵਿਚ ਨਹੀਂ ਖਿਲਾਰ ਦੇਂਦੇ) ਜਿਨ੍ਹਾਂ ਇਹ ਸਮਝ ਲਿਆ ਹੈ ਕਿ ਇਥੋਂ ਚਲੇ ਜਾਣਾ ਹੈ;
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥
ਪਰ, ਨਿਰੇ ਦੁਨੀਆ ਦੇ ਕੰਮ ਨਿਜਿੱਠਣ ਵਾਲੇ ਬੰਦੇ (ਇਥੋਂ ਆਖ਼ਰ) ਤੁਰ ਜਾਣ ਦਾ ਖ਼ਿਆਲ ਭੀ ਨਹੀਂ ਕਰਦੇ ।੧।
ਮਃ ੨ ॥
ਦੂਜੀ ਪਾਤਿਸ਼ਾਹੀ।
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
ਜੇ ਸਿਰਫ਼ ਰਾਤ ਦੀ ਖ਼ਾਤਰ ਧਨ ਇਕੱਠਾ ਕਰੀਏ ਤੇ ਸਵੇਰੇ (ਉੱਠ ਕੇ Eਥੋਂ) ਤੁਰ ਪੈਣਾ ਹੋਵੇ,
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥
ਹੇ ਨਾਨਕ! ਨਾਲ ਜਾ ਨਾ ਸਕੇ ਤਾਂ ਹੱਥ ਮਲਣੇ ਪੈਂਦੇ ਹਨ ।੨।
ਮਃ ੨ ॥
ਦੂਜੀ ਪਾਤਿਸ਼ਾਹੀ।
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
ਜੋ ਮਨੁੱਖ ਕੋਈ ਕੰਮ ਬੱਧਾ-ਰੁੱਧਾ ਕਰੇ, ਉਸ ਦਾ ਲਾਭ ਨਾਹ ਆਪਣੇ ਆਪ ਨੂੰ ਤੇ ਨਾਹ ਕਿਸੇ ਹੋਰ ਨੂੰ ।
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥
ਹੇ ਨਾਨਕ! ਉਹੀ ਕੰਮ ਸਿਰੇ ਚੜ੍ਹਿਆ ਜਾਣੋ ਜੋ ਖ਼ੁਸ਼ੀ ਨਾਲ ਕੀਤਾ ਜਾਏ ।੩।
ਮਃ ੨ ॥
ਦੂਜੀ ਪਾਤਿਸ਼ਾਹੀ।
ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ, ਰੱਬ ਵਾਲਾ ਪਾਸਾ ਮਨ ਦੇ ਹਠ ਨਾਲ ਜਿੱਤਿਆ ਨਹੀਂ ਜਾ ਸਕਦਾ;
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥
ਹੇ ਦਾਸ ਨਾਨਕ! ਉਹ ਮਨੁੱਖ (ਇਹ) ਪਾਸਾ ਜਿੱਤਦਾ ਹੈ ਜੋ ਸੁਭ ਭਾਵਨਾ ਵਰਤਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਵੀਚਾਰਦਾ ਹੈ ।੪।
ਪਉੜੀ ॥
pauVI[
ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥
ਜਿਸ ਕਰਤਾਰ ਨੇ ਇਹ ਜਗਤ ਬਣਾਇਆ ਹੈ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਹੈ;
ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥
ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਮੁੜ ਨਾਸ ਕਰਦਾ ਹੈ ।