Sri Guru Granth Sahib Ji — Ang 784 (punjabi)
ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥
ਇਸ ਨਾਮ-ਦਾਤਿ ਨੂੰ ਖਾਂਦਿਆਂ ਵੰਡਦਿਆਂ ਤੇ ਮਾਣਦਿਆਂ ਉਹ ਆਤਮਕ ਆਨੰਦ ਮਾਣਦੇ ਹਨ, ਕਰਤਾਰ ਦੀ ਇਹ ਬਖ਼ਸ਼ਸ਼ (ਦਿਨੋ ਦਿਨ) ਵਧਦੀ ਰਹਿੰਦੀ ਹੈ ।
ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥
ਦਾਤਿ ਵਧਦੀ ਰਹਿੰਦੀ ਹੈ, ਕਦੇ ਮੁੱਕਦੀ ਨਹੀਂ, ਇਸ ਦਾਤਿ ਦੀ ਬਰਕਤਿ ਨਾਲ ਉਹਨਾਂ ਨੂੰ ਹਰੇਕ ਦਿਲ ਦੀ ਜਾਣਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ,
ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥
ਕੋ®ੜਾਂ ਰੁਕਾਵਟਾਂ (ਉਹਨਾਂ ਦੇ ਰਸਤੇ ਵਿਚੋਂ) ਸਾਰੀਆਂ ਹੀ ਦੂਰ ਹੋ ਜਾਂਦੀਆਂ ਹਨ, ਕੋਈ ਦੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ ।
ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥
ਸਾਰੀ ਹੀ ਭੁੱਖ ਨਾਸ ਹੋ ਜਾਂਦੀ ਹੈ, (ਉਹਨਾਂ ਦੇ ਅੰਦਰ) ਠੰਢ ਵਰਤੀ ਰਹਿੰਦੀ ਹੈ, ਆਤਮਕ ਅਡੋਲਤਾ ਦੇ ਅਨੇਕਾਂ ਆਨੰਦ ਬਣੇ ਰਹਿੰਦੇ ਹਨ ।
ਨਾਨਕ ਗੁਣ ਗਾਵਹਿ ਸੁਆਮੀ ਕੇ ਅਚਰਜੁ ਜਿਸੁ ਵਡਿਆਈ ਰਾਮ ॥੨॥
ਹੇ ਨਾਨਕ! ਉਹ ਮਨੁੱਖ ਉਸ ਮਾਲਕ-ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ, ਜਿਸ ਦੀ ਵਡਿਆਈ ਕਰਨਾ ਹੈਰਾਨ ਕਰ ਦੇਣ ਵਾਲਾ ਉੱਦਮ ਹੈ ।੨।
ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥
ਹੇ ਭਾਈ! (ਸੰਤ ਜਨਾਂ ਨੂੰ ਆਪਣੇ ਚਰਨਾਂ ਨਾਲ ਜੋੜਨਾ—ਇਹ) ਕੰਮ ਜਿਸ (ਪਰਮਾਤਮਾ) ਦਾ (ਆਪਣਾ) ਹੈ, ਉਸ ਨੇ ਹੀ (ਸਦਾ ਇਹ ਕੰਮ) ਕੀਤਾ ਹੈ, ਇਹ ਕੰਮ ਕਰਨ ਲਈ) ਮਨੁੱਖ ਦੀ ਕੋਈ ਸਮਰਥਾ ਨਹੀਂ ।
ਭਗਤ ਸੋਹਨਿ ਹਰਿ ਕੇ ਗੁਣ ਗਾਵਹਿ ਸਦਾ ਕਰਹਿ ਜੈਕਾਰਾ ਰਾਮ ॥
ਭਗਤ (ਉਸ) ਹਰੀ ਦੇ ਗੁਣ ਗਾਂਦੇ ਰਹਿੰਦੇ ਹਨ, ਸਦਾ ਸਿਫ਼ਤਿ-ਸਾਲਾਹ ਕਰਦੇ ਰਹਿੰਦੇ ਹਨ, ਅਤੇ ਸੋਹਣੇ ਆਤਮਕ ਜੀਵਨ ਵਾਲੇ ਬਣਦੇ ਜਾਂਦੇ ਹਨ ।
ਗੁਣ ਗਾਇ ਗੋਬਿੰਦ ਅਨਦ ਉਪਜੇ ਸਾਧਸੰਗਤਿ ਸੰਗਿ ਬਨੀ ॥
ਪਰਮਾਤਮਾ ਦੇ ਗੁਣ ਗਾ ਗਾ ਕੇ (ਉਹਨਾਂ ਦੇ ਅੰਦਰ ਆਤਮਕ) ਆਨੰਦ (ਦੇ ਹੁਲਾਰੇ) ਪੈਦਾ ਹੁੰਦੇ ਰਹਿੰਦੇ ਹਨ, ਸਾਧ ਸੰਗਤਿ ਵਿਚ (ਟਿਕ ਕੇ ਪਰਮਾਤਮਾ) ਨਾਲ (ਉਹਨਾਂ ਦੀ ਪ੍ਰੀਤ) ਬਣੀ ਰਹਿੰਦੀ ਹੈ ।
ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥
ਹੇ ਭਾਈ! ਜਿਸ (ਪਰਮਾਤਮਾ) ਨੇ (ਸੰਤ ਜਨਾਂ ਦੇ ਹਿਰਦੇ-) ਤਾਲ (ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰਨ) ਦਾ ਉੱਦਮ (ਸਦਾ) ਕੀਤਾ ਹੈ, ਮੈਂ ਉਸ ਦੀ ਕੋਈ ਵਡਿਆਈ ਬਿਆਨ ਕਰਨ ਜੋਗਾ ਨਹੀਂ ਹਾਂ ।
ਅਠਸਠਿ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ॥
ਹੇ ਭਾਈ! ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਮ ਭਰਪੂਰ ਇਸ ਸੰਤ-ਹਿਰਦੇ ਵਿਚ ਹੀ) ਅਠਾਹਠ ਤੀਰਥ ਆ ਜਾਂਦੇ ਹਨ, ਵੱਡੇ ਵੱਡੇ ਪਵਿੱਤਰ ਤੇ ਸੰੁਦਰ ਪੁੰਨ-ਕਰਮ ਆ ਜਾਂਦੇ ਹਨ ।
ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥੩॥
ਹੇ ਨਾਨਕ! ਗੁਰੂ ਦੇ ਸ਼ਬਦ ਦਾ ਆਸਰਾ (ਦੇ ਕੇ) ਵੱਡੇ ਵੱਡੇ ਵਿਕਾਰੀਆਂ ਨੂੰ ਪਵਿੱਤਰ ਕਰ ਦੇਣਾ—ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਤੁਰਿਆ ਆ ਰਿਹਾ ਹੈ ।੩।
ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥
ਹੇ ਭਾਈ! ਮੇਰਾ ਕਰਤਾਰ ਮੇਰਾ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ । ਕੋਈ ਭੀ ਅਜਿਹਾ ਮਨੁੱਖ ਨਹੀਂ, ਜਿਸ ਪਾਸੋਂ (ਉਸ ਦੀ ਪੂਰੀ) ਵਡਿਆਈ ਕੀਤੀ ਜਾ ਸਕੇ ।
ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥
ਸੰਤ-ਜਨਾਂ ਦੀ (ਉਸ ਦੇ ਦਰ ਤੇ ਸਦਾ ਇਹ) ਅਰਦਾਸ ਹੁੰਦੀ ਹੈ—ਹੇ ਮਾਲਕ ਪ੍ਰਭੂ! ਬੇਅੰਤ ਸੁਆਦਲਾ ਆਪਣਾ ਨਾਮ ਬਖ਼ਸ਼ੀ ਰੱਖ;
ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥
ਇਹ ਮਿਹਰ ਕਰ ਕਿ ਆਪਣਾ ਨਾਮ ਬਖ਼ਸ਼ੀ ਰੱਖ, ਇਕ ਖਿਨ ਭਰ ਭੀ (ਸਾਡੇ ਹਿਰਦੇ ਵਿਚੋਂ) ਨਾਹ ਭੁੱਲ ।
ਗੁਣ ਗੋਪਾਲ ਉਚਰੁ ਰਸਨਾ ਸਦਾ ਗਾਈਐ ਅਨਦਿਨੋ ॥
ਹੇ ਭਾਈ! (ਆਪਣੀ) ਜੀਭ ਨਾਲ ਗੋਪਾਲ ਦੇ ਗੁਣ ਉਚਾਰਦਾ ਰਿਹਾ ਕਰ । ਹਰ ਵੇਲੇ ਉਸ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ ।
ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥
ਪਰਮਾਤਮਾ ਦੇ ਨਾਮ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ (ਸਦਾ) ਤਰ ਰਹਿੰਦਾ ਹੈ ।
ਬਿਨਵੰਤਿ ਨਾਨਕ ਇਛ ਪੁੰਨੀ ਪੇਖਿ ਦਰਸਨੁ ਜੀਜੈ ॥੪॥੭॥੧੦॥
ਨਾਨਕ ਬੇਨਤੀ ਕਰਦਾ ਹੈ—ਹੇ ਭਾਈ! (ਪਰਮਾਤਮਾ ਦਾ) ਦਰਸਨ ਕਰ ਕੇ ਆਤਮਕ ਜੀਵਨ ਮਿਲ ਜਾਂਦਾ ਹੈ, ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ।੪।੭।੧੦।
ਰਾਗੁ ਸੂਹੀ ਮਹਲਾ ੫ ਛੰਤ
ਰਾਗੁ ਸੂਹੀ ਪੰਜਵੀਂ ਪਾਤਿਸ਼ਾਹੀ। ਛੰਤ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹੇ ਭਾਈ! ਮੇਰਾ ਮਾਲਕ-ਪ੍ਰਭੂ ਮਿੱਠੇ ਬੋਲ ਬੋਲਣ ਵਾਲਾ ਪਿਆਰਾ ਮਿੱਤਰ ਹੈ ।
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਮੈਂ ਚੇਤੇ ਕਰ ਕਰ ਕੇ ਥੱਕ ਗਈ ਹਾਂ (ਕਿ ਉਸ ਦਾ ਕਦੇ ਕੌੜਾ ਬੋਲ ਬੋਲਿਆ ਯਾਦ ਆ ਜਾਏ, ਪਰ) ਉਹ ਕਦੇ ਭੀ ਕੌੜਾ ਬੋਲ ਨਹੀਂ ਬੋਲਦਾ ।
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
ਹੇ ਭਾਈ! ਉਹ ਸਾਰੇ ਗੁਣਾਂ ਨਾਲ ਭਰਪੂਰ ਭਗਵਾਨ ਕੌੜਾ (ਖਰਵਾ) ਬੋਲਣਾ ਜਾਣਦਾ ਹੀ ਨਹੀਂ, (ਕਿਉਂਕਿ ਉਹ ਸਾਡਾ) ਕੋਈ ਭੀ ਔਗੁਣ ਚੇਤੇ ਹੀ ਨਹੀਂ ਰੱਖਦਾ ।
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
ਉਹ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ—ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਦੱਸਿਆ ਜਾਂਦਾ ਹੈ, (ਅਤੇ ਉਹ ਕਿਸੇ ਦੀ ਭੀ) ਕੀਤੀ ਘਾਲ-ਕਮਾਈ ਨੂੰ ਰਤਾ ਭਰ ਭੀ ਵਿਅਰਥ ਨਹੀਂ ਜਾਣ ਦੇਂਦਾ ।
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
ਹੇ ਭਾਈ! ਮੇਰਾ ਸੱਜਣ ਹਰੇਕ ਸਰੀਰ ਵਿਚ ਵੱਸਦਾ ਹੈ, ਸਭ ਜੀਵਾਂ ਵਿਚ ਵੱਸਦਾ ਹੈ, ਹਰੇਕ ਜੀਵ ਦੇ ਅੱਤ ਨੇੜੇ ਵੱਸਦਾ ਹੈ ।
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥੧॥
ਦਾਸ ਨਾਨਕ ਸਦਾ ਉਸ ਦੀ ਸਰਨ ਪਿਆ ਰਹਿੰਦਾ ਹੈ । ਹੇ ਭਾਈ! ਮੇਰਾ ਸੱਜਣ ਪ੍ਰਭੂ ਆਤਮਕ ਜੀਵਨ ਦੇਣ ਵਾਲਾ ਹੈ ।੧।
ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥
ਹੇ ਭਾਈ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ ।
ਮੇਰਾ ਸੁੰਦਰੁ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ॥
ਹੇ ਭਾਈ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ ।
ਪ੍ਰਭ ਪੇਖਤ ਜੀਵਾ ਠੰਢੀ ਥੀਵਾ ਤਿਸੁ ਜੇਵਡੁ ਅਵਰੁ ਨ ਕੋਈ ॥
ਹੇ ਭਾਈ! ਪ੍ਰਭੂ ਦਾ ਦਰਸਨ ਕਰਦਿਆਂ ਮੇਰੇ ਅੰਦਰ ਜਿੰਦ ਪੈ ਜਾਂਦੀ ਹੈ, ਮੈਂ ਸ਼ਾਂਤ-ਚਿੱਤ ਹੋ ਜਾਂਦੀ ਹਾਂ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।
ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥
ਜਗਤ ਦੇ ਸ਼ੁਰੂ ਵਿਚ ਉਹੀ ਸੀ, ਜਗਤ ਦੇ ਅਖ਼ੀਰ ਵਿਚ ਉਹੀ ਹੋਵੇਗਾ, ਹੁਣ ਇਸ ਵੇਲੇ ਭੀ ਉਹੀ ਹੈ । ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ ਉਹੀ ਵੱਸਦਾ ਹੈ ।
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥
ਹੇ ਭਾਈ! ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ, ਅਨੇਕਾਂ ਹੀ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਆ ਰਹੇ ਹਨ ।
ਨਾਨਕ ਸਰਣਿ ਪੂਰਨ ਪਰਮੇਸੁਰ ਤੇਰਾ ਅੰਤੁ ਨ ਪਾਰਾਵਾਰਾ ॥੨॥
ਹੇ ਨਾਨਕ! (ਆਖ—) ਹੇ ਪੂਰਨ ਪਰਮੇਸਰ! ਮੈਂ ਤੇਰੀ ਸਰਨ ਆਇਆ ਹਾਂ, ਤੇਰੀ ਹਸਤੀ ਦਾ ਅੰਤ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਹੈ ।੨।
ਹਉ ਨਿਮਖ ਨ ਛੋਡਾ ਜੀ ਹਰਿ ਪ੍ਰੀਤਮ ਪ੍ਰਾਨ ਅਧਾਰੋ ॥
ਹੇ ਭਾਈ! ਪ੍ਰੀਤਮ ਹਰੀ (ਅਸਾਂ ਜੀਵਾਂ ਦੀ) ਜਿੰਦ ਦਾ ਆਸਰਾ ਹੈ, ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਉਸ ਦੀ ਯਾਦ ਨਹੀਂ ਛੱਡਾਂਗਾ
ਗੁਰਿ ਸਤਿਗੁਰ ਕਹਿਆ ਜੀ ਸਾਚਾ ਅਗਮ ਬੀਚਾਰੋ ॥
ਗੁਰੂ ਨੇ (ਮੈਨੂੰ) ਅਪਹੁੰਚ ਪਰਮਾਤਮਾ (ਨਾਲ ਮਿਲਾਪ) ਬਾਰੇ ਇਹ ਅਟੱਲ ਵਿਚਾਰ ਦੀ ਗੱਲ ਦੱਸੀ ਹੈ ।
ਮਿਲਿ ਸਾਧੂ ਦੀਨਾ ਤਾ ਨਾਮੁ ਲੀਨਾ ਜਨਮ ਮਰਣ ਦੁਖ ਨਾਠੇ ॥
ਹੇ ਭਾਈ! ਗੁਰੂ ਨੂੰ ਮਿਲ ਕੇ (ਜਦੋਂ ਗੁਰੂ ਦੀ ਰਾਹੀਂ ਨਾਮ ਦਾਤਿ) ਮਿਲਦੀ ਹੈ, ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ, (ਜਿਹੜਾ ਮਨੁੱਖ ਨਾਮ ਜਪਦਾ ਹੈ, ਉਸ ਦੇ) ਜਨਮ ਤੋਂ ਮਰਨ ਤਕ ਦੇ ਸਾਰੇ ਦੁੱਖ ਨਾਸ ਹੋ ਜਾਂਦੇ ਹਨ,
ਸਹਜ ਸੂਖ ਆਨੰਦ ਘਨੇਰੇ ਹਉਮੈ ਬਿਨਠੀ ਗਾਠੇ ॥
(ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਅਨੇਕਾਂ ਸੁਖ ਆਨੰਦ ਪੈਦਾ ਹੋ ਜਾਂਦੇ ਹਨ, (ਉਸ ਦੇ ਅੰਦਰੋਂ) ਹਉਮੈ ਦੀ ਗੰਢ ਨਾਸ ਹੋ ਜਾਂਦੀ ਹੈ ।