Sri Guru Granth Sahib Ji — Ang 744 (punjabi)
ਜੈ ਜਗਦੀਸ ਕੀ ਗਤਿ ਨਹੀ ਜਾਣੀ ॥੩॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਆਤਮਕ ਆਨੰਦ ਦੀ ਅਵਸਥਾ ਤੂੰ (ਹੁਣ ਤਕ) ਸਮਝੀ ਹੀ ਨਹੀਂ ।੩।
ਸਰਣਿ ਸਮਰਥ ਅਗੋਚਰ ਸੁਆਮੀ ॥
ਹੇ ਸਭ ਤਾਕਤਾਂ ਦੇ ਮਾਲਕ! ਗਿਆਨ ਇੰਦਿ®ਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਹੇ ਮਾਲਕ!
ਉਧਰੁ ਨਾਨਕ ਪ੍ਰਭ ਅੰਤਰਜਾਮੀ ॥੪॥੨੭॥੩੩॥
ਹੇ ਨਾਨਕ! ਮੈਂ ਤੇਰੀ ਸਰਨ ਆਇਆ ਹਾਂ, (ਮੈਨੂੰ ਵਿਕਾਰਾਂ ਤੋਂ) ਬਚਾ ਲੈ, ਤੂੰ ਮੇਰਾ ਮਾਲਕ ਹੈਂ, ਤੂੰ ਮੇਰੇ ਦਿਲ ਦੀ ਜਾਣਨ ਵਾਲਾ ਹੈਂ ।੪।੨੭।੩੩।
ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।
ਸਾਧਸੰਗਿ ਤਰੈ ਭੈ ਸਾਗਰੁ ॥
ਮਨੁੱਖ ਡਰਾਂ ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ
ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥੧॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਤਨਾਂ ਦੀ ਖਾਣਿ ਹਰਿ-ਨਾਮ ਸਿਮਰ ਸਿਮਰ ਕੇ ।੧।
ਸਿਮਰਿ ਸਿਮਰਿ ਜੀਵਾ ਨਾਰਾਇਣ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰ ਰਿਹਾ ਹਾਂ
ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥੧॥ ਰਹਾਉ ॥
ਹੇ ਭਾਈ! ਗੁਰੂ ਨੂੰ ਮਿਲ ਕੇ ਸਾਰੇ ਦੁੱਖ ਰੋਗ ਗ਼ਮ ਨਾਸ ਹੋ ਜਾਂਦੇ ਹਨ, ਪਾਪ ਤਿਆਗੇ ਜਾਂਦੇ ਹਨ ।੧।ਰਹਾਉ।
ਜੀਵਨ ਪਦਵੀ ਹਰਿ ਕਾ ਨਾਉ ॥
ਹੇ ਭਾਈ! ਪਰਮਾਤਮਾ ਦਾ ਨਾਮ (ਹੀ) ਆਤਮਕ ਜ਼ਿੰਦਗੀ ਦਾ ਪਿਆਰ ਹੈ
ਮਨੁ ਤਨੁ ਨਿਰਮਲੁ ਸਾਚੁ ਸੁਆਉ ॥੨॥
ਨਾਮ ਦੀ ਬਰਕਤਿ ਨਾਲ) ਮਨ ਪਵਿਤਰ ਹੋ ਜਾਂਦਾ ਹੈ, ਸਰੀਰ ਪਵਿਤਰ ਹੋ ਜਾਂਦਾ ਹੈ, (ਨਾਮ ਸਿਮਰਦਿਆਂ) ਸਦਾ-ਥਿਰ ਪ੍ਰਭੂ (ਦਾ ਮਿਲਾਪ ਹੀ) ਜੀਵਨ ਮਨੋਰਥ ਬਣ ਜਾਂਦਾ ਹੈ ।੨।
ਆਠ ਪਹਰ ਪਾਰਬ੍ਰਹਮੁ ਧਿਆਈਐ ॥
ਹੇ ਭਾਈ! ਪਰਮਾਤਮਾ ਦਾ ਨਾਮ ਅੱਠੇ ਪਹਰ ਸਿਮਰਦੇ ਰਹਿਣਾ ਚਾਹੀਦਾ ਹੈ
ਪੂਰਬਿ ਲਿਖਤੁ ਹੋਇ ਤਾ ਪਾਈਐ ॥੩॥
ਪਰ ਇਹ ਦਾਤਿ ਤਦੋਂ ਹੀ ਮਿਲਦੀ ਹੈ ਜੇ ਪੂਰਬਲੇ ਜਨਮ ਵਿਚ (ਮੱਥੇ ਉਤੇ ਨਾਮ ਸਿਮਰਨ ਦਾ) ਲੇਖ ਲਿਖਿਆ ਹੋਵੇ ।੩।
ਸਰਣਿ ਪਏ ਜਪਿ ਦੀਨ ਦਇਆਲਾ ॥
ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜੇਹੜੇ ਮਨੁੱਖ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ
ਨਾਨਕੁ ਜਾਚੈ ਸੰਤ ਰਵਾਲਾ ॥੪॥੨੮॥੩੪॥
ਨਾਨਕ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੪।੨੮।੩੪।
ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।
ਘਰ ਕਾ ਕਾਜੁ ਨ ਜਾਣੀ ਰੂੜਾ ॥
(ਹੇ ਪ੍ਰਭੂ! ਤੇਰੀ ਮੇਹਰ ਤੋਂ ਬਿਨਾ) ਇਹ ਮੂਰਖ ਝੂਠੇ ਧੰਧੇ ਵਿਚ ਮਸਤ ਰਹਿੰਦਾ ਹੈ
ਝੂਠੈ ਧੰਧੈ ਰਚਿਓ ਮੂੜਾ ॥੧॥
ਉਹ ਸੋਹਣਾ ਕੰਮ ਕਰਨਾ ਨਹੀਂ ਜਾਣਦਾ, ਜੇਹੜਾ ਇਸ ਦੇ ਆਪਣੇ ਹਿਰਦੇ-ਘਰ ਦੇ ਕੰਮ ਆਉਂਦਾ ਹੈ ।੧।
ਜਿਤੁ ਤੂੰ ਲਾਵਹਿ ਤਿਤੁ ਤਿਤੁ ਲਗਨਾ ॥
ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ (ਅਸਾਂ ਜੀਵਾਂ ਨੂੰ) ਲਾਂਦਾ ਹੈਂ, ਉਸ ਉਸ ਕੰਮ ਵਿਚ ਅਸੀ ਲੱਗਦੇ ਹਾਂ
ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥੧॥ ਰਹਾਉ ॥
ਜਦੋਂ ਤੂੰ (ਸਾਨੂੰ ਆਪਣਾ ਨਾਮ) ਦੇਂਦਾ ਹੈਂ, ਤਦੋਂ ਤੇਰਾ ਨਾਮ ਜਪਦੇ ਹਾਂ ।੧।ਰਹਾਉ।
ਹਰਿ ਕੇ ਦਾਸ ਹਰਿ ਸੇਤੀ ਰਾਤੇ ॥
ਹੇ ਭਾਈ! ਪਰਮਾਤਮਾ ਦੇ ਸੇਵਕ ਪਰਮਾਤਮਾ ਨਾਲ ਹੀ ਰੰਗੇ ਰਹਿੰਦੇ ਹਨ
ਰਾਮ ਰਸਾਇਣਿ ਅਨਦਿਨੁ ਮਾਤੇ ॥੨॥
ਹਰ ਵੇਲੇ ਸਭ ਰਸਾਂ ਤੋਂ ਸ੍ਰੇਸ਼ਟ ਹਰਿ-ਨਾਮ ਰਸ ਵਿਚ ਮਸਤ ਰਹਿੰਦੇ ਹਨ ।੨।
ਬਾਹ ਪਕਰਿ ਪ੍ਰਭਿ ਆਪੇ ਕਾਢੇ ॥
ਹੇ ਭਾਈ! ਪ੍ਰਭੂ ਨੇ ਆਪ ਹੀ (ਜਿਨ੍ਹਾਂ ਮਨੁੱਖਾਂ ਨੂੰ) ਬਾਂਹ ਫੜ ਕੇ (ਝੂਠੇ ਧੰਧਿਆਂ ਵਿਚੋਂ) ਕੱਢ ਲਿਆ
ਜਨਮ ਜਨਮ ਕੇ ਟੂਟੇ ਗਾਢੇ ॥੩॥
ਅਨੇਕਾਂ ਜਨਮਾਂ ਦੇ (ਪ੍ਰਭੂ ਨਾਲੋਂ) ਟੁੱਟਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲ) ਜੋੜ ਲਿਆ ।੩।
ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥
ਹੇ ਦਾਸ ਨਾਨਕ! (ਆਖ—) ਹੇ ਮਾਲਕ ਪ੍ਰਭੂ! ਮੇਹਰ ਕਰ । (ਮੈਨੂੰ ਝੂਠੇ ਧੰਧਿਆਂ ਤੋਂ) ਬਚਾ ਲੈ
ਨਾਨਕ ਦਾਸ ਹਰਿ ਸਰਣਿ ਦੁਆਰੇ ॥੪॥੨੯॥੩੫॥
ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ (ਆ ਡਿੱਗਾ ਹਾਂ) ।੪।੨੯।੩੫।
ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।
ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥
ਹੇ ਭਾਈ! (ਜਿਸ ਨੇ) ਗੁਰੂ ਦੀ ਕਿਰਪਾ ਨਾਲ ਕਦੇ ਨਾਹ ਡੋਲਣ ਵਾਲਾ ਹਿਰਦਾ-ਘਰ ਲੱਭ ਲਿਆ
ਸਰਬ ਸੂਖ ਫਿਰਿ ਨਹੀ ਡੋੁਲਾਇਆ ॥੧॥
ਹਿਰਦੇ ਦੀ ਅਡੋਲਤਾ ਪ੍ਰਾਪਤ ਕਰ ਲਈ) ਉਸ ਨੂੰ ਸਾਰੇ ਸੁਖ ਪ੍ਰਾਪਤ ਹੋ ਗਏ, (ਉਹ ਮਨੁੱਖ ਕਦੇ ਵਿਕਾਰਾਂ ਵਿਚ) ਨਹੀਂ ਡੋਲਦਾ ।੧।
ਗੁਰੂ ਧਿਆਇ ਹਰਿ ਚਰਨ ਮਨਿ ਚੀਨੑੇ ॥
ਹੇ ਭਾਈ! (ਜਿਨ੍ਹਾਂ ਮਨੁੱਖਾਂ ਨੇ) ਗੁਰੂ ਦਾ ਧਿਆਨ ਧਰ ਕੇ ਪਰਮਾਤਮਾ ਦੇ ਚਰਨਾਂ ਨੂੰ (ਆਪਣੇ) ਮਨ ਵਿਚ (ਵੱਸਦਾ) ਪਛਾਣ ਲਿਆ
ਤਾ ਤੇ ਕਰਤੈ ਅਸਥਿਰੁ ਕੀਨੑੇ ॥੧॥ ਰਹਾਉ ॥
ਇਸ (ਪਰਖ) ਦੀ ਬਰਕਤਿ ਨਾਲ ਕਰਤਾਰ ਨੇ (ਉਹਨਾਂ ਨੂੰ) ਅਡੋਲ-ਚਿੱਤ ਬਣਾ ਦਿੱਤਾ ।੧।ਰਹਾਉ।
ਗੁਣ ਗਾਵਤ ਅਚੁਤ ਅਬਿਨਾਸੀ ॥
ਹੇ ਭਾਈ! ਅਟੱਲ ਅਬਿਨਾਸੀ ਪ੍ਰਭੂ ਦੇ ਗੁਣ ਗਾਂਦਿਆਂ,
ਤਾ ਤੇ ਕਾਟੀ ਜਮ ਕੀ ਫਾਸੀ ॥੨॥
ਗੁਣ ਗਾਣ ਦੀ ਬਰਕਤਿ ਨਾਲ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ।੨।
ਕਰਿ ਕਿਰਪਾ ਲੀਨੇ ਲੜਿ ਲਾਏ ॥
ਹੇ ਨਾਨਕ! ਮੇਹਰ ਕਰ ਕੇ ਜਿਨ੍ਹਾਂ ਨੂੰ ਪ੍ਰਭੂ ਆਪਣੇ ਲੜ ਲਾ ਲੈਂਦਾ ਹੈ
ਸਦਾ ਅਨਦੁ ਨਾਨਕ ਗੁਣ ਗਾਏ ॥੩॥੩੦॥੩੬॥
ਉਹ ਮਨੁੱਖ ਪ੍ਰਭੂ ਦੇ ਗੁਣ ਗਾ ਕੇ ਸਦਾ ਆਤਮਕ ਆਨੰਦ ਮਾਣਦੇ ਹਨ ।੩।੩੦।੩੬।
ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।
ਅੰਮ੍ਰਿਤ ਬਚਨ ਸਾਧ ਕੀ ਬਾਣੀ ॥
ਹੇ ਭਾਈ! ਗੁਰੂ ਦੀ ਉਚਾਰੀ ਹੋਈ ਬਾਣੀ ਆਤਮਕ ਜੀਵਨ ਦੇਣ ਵਾਲੇ ਬਚਨ ਹਨ
ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥੧॥ ਰਹਾਉ ॥
ਜੇਹੜਾ ਜੇਹੜਾ ਮਨੁੱਖ (ਇਸ ਬਾਣੀ ਨੂੰ) ਜਪਦਾ ਹੈ, ਉਸ ਦੀ ਉੱਚੀ ਆਤਮਕ ਅਵਸਥਾ ਬਣ ਜਾਂਦੀ ਹੈ, ਉਹ ਮਨੁੱਖ ਸਦਾ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ ।੧।
ਕਲੀ ਕਾਲ ਕੇ ਮਿਟੇ ਕਲੇਸਾ ॥
ਹੇ ਭਾਈ! (ਗੁਰਬਾਣੀ ਦੀ ਬਰਕਤਿ ਨਾਲ) ਕਲੇਸ਼ਾਂ-ਭਰੇ ਜੀਵਨ-ਸਮੇ ਦੇ ਸਾਰੇ ਕਲੇਸ਼ ਮਿਟ ਜਾਂਦੇ ਹਨ,
ਏਕੋ ਨਾਮੁ ਮਨ ਮਹਿ ਪਰਵੇਸਾ ॥੧॥
(ਕਿਉਂਕਿ ਬਾਣੀ ਦਾ ਸਦਕਾ) ਇਕ ਹਰਿ-ਨਾਮ ਹੀ ਮਨ ਵਿਚ ਟਿਕਿਆ ਰਹਿੰਦਾ ਹੈ ।੧।
ਸਾਧੂ ਧੂਰਿ ਮੁਖਿ ਮਸਤਕਿ ਲਾਈ ॥
ਹੇ ਨਾਨਕ! ਗੁਰੂ ਦੇ ਚਰਨਾਂ ਦੀ ਧੂੜ (ਜਿਨ੍ਹਾਂ ਮਨੁੱਖਾਂ ਨੇ ਆਪਣੇ) ਮੂੰਹ ਉਤੇ ਮੱਥੇ ਉਤੇ ਲਾ ਲਈ
ਨਾਨਕ ਉਧਰੇ ਹਰਿ ਗੁਰ ਸਰਣਾਈ ॥੨॥੩੧॥੩੭॥
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸਰਨ ਪੈ ਕੇ (ਝਗੜਿਆਂ ਕਲੇਸ਼ਾਂ ਤੋਂ) ਬਚ ਗਏ ।੨।੩੧।੩੭।
ਸੂਹੀ ਮਹਲਾ ੫ ਘਰੁ ੩ ॥
ਸੂਹੀ ਪੰਜਵੀਂ ਪਾਤਿਸ਼ਾਹੀ।
ਗੋਬਿੰਦਾ ਗੁਣ ਗਾਉ ਦਇਆਲਾ ॥
ਹੇ ਗੋਬਿੰਦ! ਹੇ ਦਇਆਲ! ਹੇ ਪੂਰਨ ਕਿਰਪਾਲ!
ਦਰਸਨੁ ਦੇਹੁ ਪੂਰਨ ਕਿਰਪਾਲਾ ॥ ਰਹਾਉ ॥
(ਮੈਨੂੰ ਆਪਣਾ) ਦਰਸਨ ਦੇਹ, ਮੈਂ (ਸਦਾ ਤੇਰੇ) ਗੁਣ ਗਾਂਦਾ ਰਹਾਂ ।ਰਹਾਉ।
ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥
ਹੇ ਗੋਬਿੰਦ! ਤੂੰ ਹੀ ਕਿਰਪਾ ਕਰ ਕੇ (ਅਸਾਂ ਜੀਵਾਂ ਦੀ) ਪਾਲਣਾ ਕਰਦਾ ਹੈਂ
ਜੀਉ ਪਿੰਡੁ ਸਭੁ ਤੁਮਰਾ ਮਾਲਾ ॥੧॥
ਇਹ ਜਿੰਦ ਇਹ ਸਰੀਰ ਸਭ ਕੁਝ ਤੇਰੀ ਹੀ ਦਿੱਤੀ ਹੋਈ ਰਾਸਿ-ਪੂੰਜੀ ਹੈ ।੧।
ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥
ਹੇ ਭਾਈ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਸਦਾ) ਜਪਿਆ ਕਰ (ਇਹੀ ਇਥੋਂ ਜੀਵਾਂ ਦੇ) ਨਾਲ ਜਾਂਦਾ ਹੈ
ਨਾਨਕੁ ਜਾਚੈ ਸੰਤ ਰਵਾਲਾ ॥੨॥੩੨॥੩੮॥
ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ । (ਜਿਸ ਦੀ ਬਰਕਤਿ ਨਾਲ ਹਰਿ-ਨਾਮ ਪ੍ਰਾਪਤ ਹੁੰਦਾ ਹੈ) ।੨।੩੨।੩੮।
ਸੂਹੀ ਮਹਲਾ ੫ ॥
ਸੂਹੀ ਪੰਜਵੀਂ ਪਾਤਿਸ਼ਾਹੀ।
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
ਹੇ ਭਾਈ! ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਹਰੇਕ ਜੀਵ ਨੂੰ) ਸਹਾਰਾ ਦੇਂਦਾ ਹੈ
ਆਪੇ ਥੰਮੈ ਸਚਾ ਸੋਈ ॥੧॥
ਉਸ ਤੋਂ ਬਿਨਾ ਹੋਰ ਕੋਈ ਨਹੀਂ (ਜੋ ਵਿਕਾਰਾਂ ਰੋਗਾਂ ਤੋਂ ਬਚਣ ਲਈ ਸਹਾਰਾ ਦੇ ਸਕੇ) ।੧।
ਹਰਿ ਹਰਿ ਨਾਮੁ ਮੇਰਾ ਆਧਾਰੁ ॥
ਹੇ ਭਾਈ! ਜੇਹੜਾ ਪਰਮਾਤਮਾ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ
ਕਰਣ ਕਾਰਣ ਸਮਰਥੁ ਅਪਾਰੁ ॥੧॥ ਰਹਾਉ ॥
ਜਿਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ ਮੇਰਾ ਆਸਰਾ ਹੈ ।੧।ਰਹਾਉ।
ਸਭ ਰੋਗ ਮਿਟਾਵੇ ਨਵਾ ਨਿਰੋਆ ॥
ਹੇ ਨਾਨਕ! ਜਿਸ ਮਨੁੱਖ ਦਾ ਰਾਖਾ ਪ੍ਰਭੂ ਆਪ ਬਣ ਜਾਂਦਾ ਹੈ
ਨਾਨਕ ਰਖਾ ਆਪੇ ਹੋਆ ॥੨॥੩੩॥੩੯॥
ਉਸ ਦੇ ਉਹ ਸਾਰੇ ਰੋਗ ਮਿਟਾ ਦੇਂਦਾ ਹੈ, ਉਸ ਨੂੰ ਨਵਾਂ ਨਿਰੋਆ ਕਰ ਦੇਂਦਾ ਹੈ ।੨।੩੩।੩੯।