Sri Guru Granth Sahib Ji — Ang 729 (punjabi)
ਸੂਹੀ ਮਹਲਾ ੧ ਘਰੁ ੬
ਸੂਹੀ ਪਹਿਲੀ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਬ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥
ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥
ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ।੧।
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ ॥
ਮੇਰੇ ਅਸਲ ਮਿੱਤ® ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ,
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥
(ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ।੧।ਰਹਾਉ।
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥
ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ
ਢਠੀਆ ਕੰਮਿ ਨ ਆਵਨੑੀ ਵਿਚਹੁ ਸਖਣੀਆਹਾ ॥੨॥
(ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ।੨।
ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿੑ ॥
ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿੑ ॥੩॥
ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ।੩।
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿੑ ॥
(ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ
ਸੇ ਫਲ ਕੰਮਿ ਨ ਆਵਨੑੀ ਤੇ ਗੁਣ ਮੈ ਤਨਿ ਹੰਨਿੑ ॥੪॥
(ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ।੪।
ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥
ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥
ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ । ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ? ।੫।
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥
(ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ ।
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥
ਹੇ ਨਾਨਕ!ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ । (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ।੯।੧।੩।
ਸੂਹੀ ਮਹਲਾ ੧ ॥
ਸੂਹੀ ਪਹਿਲੀ ਪਾਤਿਸ਼ਾਹੀ।
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥
ਹੇ ਜੀਵਨ-ਸਫ਼ਰ ਦੇ ਰਾਹੀ!) ਪ੍ਰਭੂ-ਸਿਮਰਨ ਦਾ ਸੋਹਣਾ ਜੇਹਾ ਬੇੜਾ ਤਿਆਰ ਕਰ, ਜਿਸ (ਬੇੜੇ) ਵਿਚ ਤੂੰ (ਇਸ ਸੰਸਾਰ-ਸਮੁੰਦਰ ਵਿਚੋਂ) ਛੇਤੀ ਪਾਰ ਲੰਘ ਜਾਵੇਂਗਾ
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥੧॥
ਸਿਮਰਨ ਦੀ ਬਰਕਤਿ ਨਾਲ) ਤੇਰਾ ਜੀਵਨ-ਰਸਤਾ ਐਸਾ ਸੌਖਾ ਹੋ ਜਾਇਗਾ ਕਿ (ਤੇਰੇ ਰਸਤੇ ਵਿਚ) ਨਾਹ ਇਹ (ਸੰਸਾਰ-) ਸਰੋਵਰ ਆਵੇਗਾ ਅਤੇ ਨਾਹ ਹੀ (ਇਸ ਦਾ ਮੋਹ) ਉਛਾਲੇ ਮਾਰੇਗਾ ।੧।
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥੧॥ ਰਹਾਉ ॥
ਹੇ ਮਿੱਤਰ (-ਪ੍ਰਭੂ!) ਤੇਰਾ ਨਾਮ ਹੀ ਸੋਹਣੀ ਮਜੀਠ ਹੈ ਜਿਸ ਦੇ ਪੱਕੇ ਰੰਗ ਨਾਲ ਮੇਰਾ (ਆਤਮਕ ਜੀਵਨ ਦਾ) ਚੋਲਾ ਰੰਗਿਆ ਗਿਆ ਹੈ ।੧।ਰਹਾਉ।
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥
ਹੇ ਸੱਜਣ! ਜੀਵਨ-ਸਫ਼ਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ?
ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥੨॥
ਵੇਖ!) ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ ।੨।
ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥
ਜੇਹੜਾ ਜੀਵ ਪ੍ਰਭੂ-ਚਰਨਾਂ ਵਿਚ ਜੁੜ ਜਾਏ ਜੇ ਉਹ ਸਚ-ਮੁਚ ਦਿਲੋਂ ਮਿਲਿਆ ਹੋਇਆ ਹੈ ਤਾਂ ਫਿਰ ਕਦੇ ਉਹ ਉਸ ਮਿਲਾਪ ਵਿਚੋਂ ਵਿਛੁੜਦਾ ਨਹੀਂ
ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥੩॥
ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਉਸ ਨੂੰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ ।੩।
ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥
ਜਿਸ ਜੀਵ ਨੇ ਹਉਮੈ ਮਾਰ ਕੇ ਆਪਾ-ਭਾਵ ਦੂਰ ਕੀਤਾ ਹੈ ਤੇ (ਇਸ ਤਰ੍ਹਾਂ) ਆਪਣਾ ਆਪਾ ਸੰਵਾਰ ਲਿਆ ਹੈ,
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥੪॥
ਸਤਿਗੁਰੂ ਦੇ ਬਚਨਾਂ ਤੇ ਤੁਰ ਕੇ ਫਲ ਵਜੋਂ ਉਸ ਨੂੰ ਖਸਮ-ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬੋਲ ਪ੍ਰਾਪਤ ਹੁੰਦੇ ਹਨ ਜੋ ਆਤਮਕ ਜੀਵਨ ਦੇਣ ਦੇ ਸਮਰੱਥ ਹਨ ।੪।
ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥
ਨਾਨਕ ਆਖਦਾ ਹੈ—ਹੇ ਸਤਸੰਗੀ ਸਹੇਲੀਹੋ! (ਸਿਮਰਨ ਦੀ ਬਰਕਤਿ ਨਾਲ) ਖਸਮ-ਪ੍ਰਭੂ ਬਹੁਤ ਪਿਆਰਾ ਲੱਗਣ ਲੱਗ ਪੈਂਦਾ ਹੈ
ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥੫॥੨॥੪॥
ਫਿਰ ਇਉਂ ਯਕੀਨ ਬਣਿਆ ਰਹਿੰਦਾ ਹੈ ਕਿ) ਅਸੀ ਖਸਮ ਦੀਆਂ ਗੋਲੀਆਂ ਹਾਂ, ਤੇ ਉਹ ਖਸਮ-ਪ੍ਰਭੂ ਸਦਾ ਸਾਡੇ (ਸਿਰ ਉਤੇ) ਕਾਇਮ ਹੈ ।੫।੨।੪।
ਸੂਹੀ ਮਹਲਾ ੧ ॥
ਸੂਹੀ ਪਹਿਲੀ ਪਾਤਿਸ਼ਾਹੀ।
ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥
(ਪ੍ਰਭੂ) ਜਿਨ੍ਹਾਂ (ਜੀਵਾਂ) ਨੂੰ (ਹਿਰਦੇ-ਰੂਪ) ਭਾਂਡੇ ਵਿਚ ਪ੍ਰੇਮ (ਦੀ ਭਿੱਛਿਆ ਦੇਂਦਾ ਹੈ), (ਉਸ ਪ੍ਰੇਮ ਦੀ ਬਰਕਤਿ ਨਾਲ ਪ੍ਰਭੂ) ਉਹਨਾਂ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ
ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥
ਉਹਨਾਂ ਉਤੇ ਸੁਖਾਂ ਦੀ ਬਖ਼ਸ਼ਸ਼ ਕਰਦਾ ਹੈ, ਉਹਨਾਂ ਦੇ ਦੁੱਖ ਭੁਲਾ ਦੇਂਦਾ ਹੈ
ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥
ਇਸ ਗੱਲ ਵਿਚ ਰਤਾ ਭੀ ਸ਼ੱਕ ਨਹੀਂ ਕਿ ਅਜੇਹੇ ਜੀਵਾਂ ਨੂੰ ਪ੍ਰਭੂ ਜ਼ਰੂਰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੧।
ਤਿਨੑਾ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ ॥
ਜਿਨ੍ਹਾਂ ਬੰਦਿਆਂ ਨੂੰ (ਧੁਰੋਂ ਲਿਖਿਆ ਬਖ਼ਸ਼ਸ਼ ਦਾ) ਲੇਖ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ ।
ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ ॥
ਗੁਰੂ ਉਹਨਾਂ ਨੂੰ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਿੱਖਿਆ ਵਜੋਂ ਦੇਂਦਾ ਹੈ,
ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥੨॥
ਉਹ ਬੰਦੇ (ਜੀਵਨ-ਸਫ਼ਰ ਵਿਚ) ਗੁਰੂ ਦੇ ਦੱਸੇ ਅਨੁਸਾਰ ਤੁਰਦੇ ਹਨ, ਤੇ (ਹੋਰ ਹੋਰ ਪਾਸੇ) ਭਟਕਦੇ ਨਹੀਂ ਫਿਰਦੇ ।੨।
ਜਾ ਕਉ ਮਹਲੁ ਹਜੂਰਿ ਦੂਜੇ ਨਿਵੈ ਕਿਸੁ ॥
(ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਜਿਸ ਬੰਦੇ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ਉਹ ਕਿਸੇ ਹੋਰ ਦੇ ਅੱਗੇ ਤਰਲੇ ਨਹੀਂ ਕਰਦਾ ਫਿਰਦਾ;
ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥
ਪਰਮਾਤਮਾ ਦੇ ਦਰਵਾਜ਼ੇ ਤੇ (ਪਹੁੰਚੇ ਹੋਏ ਨੂੰ ਜਮ ਆਦਿਕ) ਦਰਬਾਨਾਂ ਵਲੋਂ ਕੋਈ ਰਤਾ ਭਰ ਭੀ ਪੁੱਛ-ਗਿੱਛ ਨਹੀਂ ਹੁੰਦੀ,
ਛੁਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥੩॥
ਕਿਉਂਕਿ ਜਿਸ ਗੁਰੂ ਉਤੇ ਮਾਲਕ-ਪ੍ਰਭੂ ਦੀ ਮੇਹਰ ਦੀ ਨਜ਼ਰ ਹੈ ਉਸ ਗੁਰੂ ਦੇ ਬਚਨ ਵਿਚ (ਚੱਲ ਕੇ) ਉਹ ਬੰਦਾ (ਵਿਕਾਰਾਂ ਤੋਂ) ਮੁਕਤ ਹੋ ਜਾਂਦਾ ਹੈ ।੩।
ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥
ਜਿਸ ਮਾਲਕ ਪ੍ਰਭੂ ਨੂੰ ਕੋਈ ਹੋਰ ਦੂਜਾ ਕੋਈ ਮੱਤਾਂ ਨਹੀਂ ਦੇ ਸਕਦਾ ਹੈ ਉਹ ਆਪ ਹੀ ਜੀਵਾਂ ਨੂੰ ਜਗਤ ਵਿਚ ਭੇਜਦਾ ਹੈ ਆਪ ਹੀ ਵਾਪਸ ਸੱਦ ਲੈਂਦਾ ਹੈ
ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥
ਪ੍ਰਭੂ ਆਪ ਹੀ ਜਗਤ-ਰਚਨਾ ਢਾਹੁੰਦਾ ਹੈ ਤੇ ਉਸਾਰਦਾ ਹੈ, ਉਹ ਸਭ ਕੁਝ ਆਪ ਹੀ ਪੈਦਾ ਕਰਨੀ ਜਾਣਦਾ ਹੈ ।
ਨਾਉ ਨਾਨਕ ਬਖਸੀਸ ਨਦਰੀ ਕਰਮੁ ਹੋਇ ॥੪॥੩॥੫॥
ਹੇ ਨਾਨਕ! ਜਿਸ ਮਨੁੱਖ ਉਤੇ ਮੇਹਰ ਦੀ ਨਜ਼ਰ ਕਰਨ ਵਾਲੇ ਪ੍ਰਭੂ ਦੀ ਨਿਗਾਹ ਹੋ ਜਾਂਦੀ ਹੈ ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮ ਮਿਲਦਾ ਹੈ ।੪।੩।੫।