Sri Guru Granth Sahib Ji — Ang 719 (punjabi)
ਰਾਗੁ ਬੈਰਾੜੀ ਮਹਲਾ ੪ ਘਰੁ ੧ ਦੁਪਦੇ
ਰਾਗੁ ਬੈਰਾੜੀ ਚੌਥੀ ਪਾਤਿਸ਼ਾਹੀ। ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸੁਨਿ ਮਨ ਅਕਥ ਕਥਾ ਹਰਿ ਨਾਮ ॥
ਹੇ (ਮੇਰੇ) ਮਨ! ਉਸ ਪਰਮਾਤਮਾ ਦਾ ਨਾਮ ਤੇ ਸਿਫ਼ਤਿ-ਸਾਲਾਹ ਸੁਣਿਆ ਕਰ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ
ਰਿਧਿ ਬੁਧਿ ਸਿਧਿ ਸੁਖ ਪਾਵਹਿ ਭਜੁ ਗੁਰਮਤਿ ਹਰਿ ਰਾਮ ਰਾਮ ॥੧॥ ਰਹਾਉ ॥
ਹੇ ਮਨ! ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਭਜਨ ਕਰਿਆ ਕਰ । ਤੂੰ ਧਨ-ਪਦਾਰਥ, ਉੱਚੀ ਅਕਲ, ਕਰਾਮਾਤੀ ਤਾਕਤਾਂ, ਸਾਰੇ ਸੁਖ (ਹਰਿ-ਨਾਮ ਵਿਚ ਹੀ) ਪ੍ਰਾਪਤ ਕਰ ਲਏਂਗਾ ।੧।ਰਹਾਉ।
ਨਾਨਾ ਖਿਆਨ ਪੁਰਾਨ ਜਸੁ ਊਤਮ ਖਟ ਦਰਸਨ ਗਾਵਹਿ ਰਾਮ ॥
ਹੇ ਮਨ! (ਉਸ ਅਕਥ ਪਰਮਾਤਮਾ ਦਾ ਸਿਮਰਨ ਕਰਿਆ ਕਰ ਜਿਸ ਦਾ) ਉੱਤਮ ਜਸ (ਮਹਾ ਭਾਰਤ ਆਦਿਕ) ਅਨੇਕਾਂ ਪ੍ਰਸੰਗ, ਪੁਰਾਣ ਅਤੇ ਛੇ ਸ਼ਾਸਤਰ ਗਾਂਦੇ ਹਨ (ਪਰ ਉਸ ਦਾ ਅੰਤ ਨਹੀਂ ਪਾ ਸਕੇ)
ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥੧॥
ਸ਼ਿਵ ਜੀ ਅਤੇ ਤੇਤੀ ਕੋ®ੜ ਦੇਵਤਿਆਂ ਨੇ ਭੀ ਉਸ ਦਾ ਧਿਆਨ ਧਰਿਆ, ਪਰ ਉਸ ਹਰੀ ਦਾ ਭੇਤ ਨਹੀਂ ਪਾਇਆ ।੧।
ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥
ਹੇ ਮਨ! ਉਸ ਪਰਮਾਤਮਾ ਦੀ ਕਥਾ ਸੁਣਿਆ ਕਰ ਜਿਸ ਦਾ) ਜਸ ਦੇਵਤੇ ਮਨੁੱਖ ਗਣ ਗੰਧਰਬ ਗਾਂਦੇ ਆ ਰਹੇ ਹਨ, ਜਿਤਨੀ ਭੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਹੈ ਸਾਰੀ ਜਿਸ ਦੇ ਗੁਣ ਗਾਂਦੀ ਹੈ
ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ॥੨॥੧॥
ਹੇ ਨਾਨਕ! (ਆਖ—ਹੇ ਮਨ!) ਪਰਮਾਤਮਾ ਜਿਨ੍ਹਾਂ ਮਨੁੱਖਾਂ ਉਤੇ ਕਿਰਪਾ ਕਰਦਾ ਹੈ, ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਹਨ ਉਂਞ ਉਸ ਦਾ ਭੇਤ ਕੋਈ ਨਹੀਂ ਪਾ ਸਕਦਾ) ।੨।੧।
ਬੈਰਾੜੀ ਮਹਲਾ ੪ ॥
ਬੈਰਾੜੀ ਚੌਥੀ ਪਾਤਿਸ਼ਾਹੀ।
ਮਨ ਮਿਲਿ ਸੰਤ ਜਨਾ ਜਸੁ ਗਾਇਓ ॥
ਹੇ ਮਨ! ਗੁਰੂ ਨੇ ਸਤਿਗੁਰੂ ਨੇ (ਜਿਸ ਮਨੁੱਖ ਨੂੰ ਪਰਮਾਤਮਾ ਪਾਸੋਂ) ਪਰਮਾਤਮਾ ਦਾ ਰਤਨ ਨਾਮ ਕੀਮਤੀ ਨਾਮ ਬਖ਼ਸ਼ਸ਼ ਵਜੋਂ ਦਿਵਾ ਦਿੱਤਾ
ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥੧॥ ਰਹਾਉ ॥
ਉਸ ਨੇ ਸੰਤ ਜਨਾਂ ਨਾਲ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ ।੧।ਰਹਾਉ।
ਤਿਸੁ ਜਨ ਕਉ ਮਨੁ ਤਨੁ ਸਭੁ ਦੇਵਉ ਜਿਨਿ ਹਰਿ ਹਰਿ ਨਾਮੁ ਸੁਨਾਇਓ ॥
ਹੇ ਮਨ! ਮੈਂ ਉਸ ਮਨੁੱਖ ਨੂੰ ਆਪਣਾ ਮਨ ਤਨ ਸਭ ਕੁਝ ਭੇਟਾ ਕਰਦਾ ਹਾਂ, ਧਨ-ਪਦਾਰਥ ਮਾਇਆ ਉਸ ਦੇ ਹਵਾਲੇ ਕਰਦਾ ਹਾਂ
ਧਨੁ ਮਾਇਆ ਸੰਪੈ ਤਿਸੁ ਦੇਵਉ ਜਿਨਿ ਹਰਿ ਮੀਤੁ ਮਿਲਾਇਓ ॥੧॥
ਜਿਸ ਨੇ (ਮੈਨੂੰ) ਪਰਮਾਤਮਾ ਦਾ ਨਾਮ ਸੁਣਾਇਆ ਹੈ, ਜਿਸ ਨੇ (ਮੈਨੂੰ) ਮਿੱਤਰ ਪ੍ਰਭੂ ਮਿਲਾਇਆ ਹੈ ।੧।
ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥
ਹੇ ਮਨ! ਜਗਤ ਦੇ ਮਾਲਕ-ਪ੍ਰਭੂ ਨੇ ਜਦੋਂ (ਕਿਸੇ ਸੇਵਕ ਉਤੇ) ਇਕ ਪਲ ਭਰ ਲਈ ਥੋੜੀ ਜਿਤਨੀ ਭੀ ਮੇਹਰ ਕਰ ਦਿੱਤੀ, ਉਸ ਨੇ ਤਦੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ
ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥੨॥੨॥
ਹੇ ਨਾਨਕ! ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਜੀ ਮਿਲ ਪਏ, ਉਸ ਦਾ ਹਰੇਕ ਦੁੱਖ (ਤੇ) ਹਉਮੈ ਦਾ ਰੋਗ ਦੂਰ ਹੋ ਗਿਆ ।੨।੨।
ਬੈਰਾੜੀ ਮਹਲਾ ੪ ॥
ਬੈਰਾੜੀ ਚੌਥੀ ਪਾਤਿਸ਼ਾਹੀ।
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
ਹੇ ਭਾਈ! ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ।੧।ਰਹਾਉ।
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥
ਹੇ ਭਾਈ! ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ ।
ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥
ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮਤਿ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ।੧।