Sri Guru Granth Sahib Ji — Ang 715 (punjabi)
ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥
ਹੇ ਨਾਨਕ! ਜਿਸ ਮਨੁੱਖ ਨੂੰ ਪਿਆਰੇ ਗੁਰਮੁਖਿ ਸੱਜਣ ਮਿਲ ਪੈਂਦੇ ਹਨ ਉਸ ਦੇ ਮਨ ਵਿਚ ਪਰਮਾਤਮਾ ਦੇ ਕੋਮਲ ਚਰਨਾਂ ਦਾ ਪਿਆਰ ਬਣ ਜਾਂਦਾ ਹ
ਨਾਨਕ ਅਨਦ ਕਰੇ ਹਰਿ ਜਪਿ ਜਪਿ ਸਗਲੇ ਰੋਗ ਨਿਵਾਰੇ ॥੨॥੧੦॥੧੫॥
ਉਹ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦਾ ਹੈ ਅਤੇ ਉਹ (ਆਪਣੇ ਅੰਦਰੋਂ) ਸਾਰੇ ਰੋਗ ਦੂਰ ਕਰ ਲੈਂਦਾ ਹੈ ।੨।੧੦।੧੫।
ਟੋਡੀ ਮਹਲਾ ੫ ਘਰੁ ੩ ਚਉਪਦੇ
ਟੋਡੀ ਪੰਜਵੀਂ ਪਾਤਿਸ਼ਾਹੀ। ਚਉਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਪਾਇਆ ਜਾਂਦਾ ਹੈ।
ਹਾਂ ਹਾਂ ਲਪਟਿਓ ਰੇ ਮੂੜੑੇ ਕਛੂ ਨ ਥੋਰੀ ॥
ਹੇ ਮੂਰਖ (ਮਨ)! ਮੈਂ ਸਮਝ ਲਿਆ ਹੈ ਕਿ ਤੂੰ (ਮਾਇਆ ਨਾਲ) ਚੰਬੜਿਆ ਹੋਇਆ ਹੈਂ, (ਤੇਰੀ ਉਸ ਨਾਲ ਪ੍ਰੀਤਿ ਭੀ) ਕੁਝ ਥੋੜੀ ਜਿਹੀ ਨਹੀਂ ਹੈ
ਤੇਰੋ ਨਹੀ ਸੁ ਜਾਨੀ ਮੋਰੀ ॥ ਰਹਾਉ ॥
(ਜੇਹੜੀ ਮਾਇਆ ਸਦਾ) ਤੇਰੀ ਨਹੀਂ ਬਣੀ ਰਹਿਣੀ, ਉਸ ਨੂੰ ਤੂੰ ਆਪਣੀ ਸਮਝ ਰਿਹਾ ਹੈਂ ।ਰਹਾਉ।
ਆਪਨ ਰਾਮੁ ਨ ਚੀਨੋ ਖਿਨੂਆ ॥
ਹੇ ਭਾਈ! ਪਰਮਾਤਮਾ (ਹੀ) ਆਪਣਾ (ਅਸਲ ਸਾਥੀ ਹੈ ਉਸ ਨਾਲ ਤੂੰ) ਇਕ ਛਿਨ ਵਾਸਤੇ ਭੀ ਜਾਣ-ਪਛਾਣ ਨਹੀਂ ਪਾਈ
ਜੋ ਪਰਾਈ ਸੁ ਅਪਨੀ ਮਨੂਆ ॥੧॥
ਜੇਹੜੀ (ਮਾਇਆ) ਬਿਗਾਨੀ (ਬਣ ਜਾਣੀ) ਹੈ ਉਸ ਨੂੰ ਤੂੰ ਆਪਣੀ ਮੰਨ ਲਿਆ ਹੈ ।੧।
ਨਾਮੁ ਸੰਗੀ ਸੋ ਮਨਿ ਨ ਬਸਾਇਓ ॥
ਹੇ ਭਾਈ! ਪਰਮਾਤਮਾ ਦਾ ਨਾਮ (ਅਸਲ) ਸਾਥੀ ਹੈ, ਉਸ ਨੂੰ ਤੂੰ ਆਪਣੇ ਮਨ ਵਿਚ (ਕਦੇ) ਨਹੀਂ ਵਸਾਇਆ
ਛੋਡਿ ਜਾਹਿ ਵਾਹੂ ਚਿਤੁ ਲਾਇਓ ॥੨॥
(ਜੇਹੜੇ ਪਦਾਰਥ ਆਖ਼ਰ) ਛੱਡ ਜਾਣਗੇ, ਉਹਨਾਂ ਨਾਲ ਤੂੰ ਚਿੱਤ ਜੋੜਿਆ ਹੋਇਆ ਹੈ ।੨।
ਸੋ ਸੰਚਿਓ ਜਿਤੁ ਭੂਖ ਤਿਸਾਇਓ ॥
ਹੇ ਭਾਈ! ਤੂੰ ਉਸ ਧਨ-ਪਦਾਰਥ ਨੂੰ ਇਕੱਠਾ ਕਰ ਰਿਹਾ ਹੈਂ, ਜਿਸ ਦੀ ਰਾਹੀਂ (ਮਾਇਆ ਦੀ) ਭੁੱਖ ਤ®ੇਹ (ਬਣੀ ਰਹੇਗੀ)
ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥੩॥
ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜੀਵਨ-ਸਫ਼ਰ ਦਾ ਖ਼ਰਚ ਹੈ, ਉਹ ਤੂੰ ਹਾਸਲ ਨਹੀਂ ਕੀਤਾ ।੩।
ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥
ਹੇ ਨਾਨਕ! (ਆਖ—ਹੇ ਭਾਈ!) ਤੂੰ ਕਾਮ ਕੋ®ਧ ਵਿਚ ਤੂੰ ਮੋਹ ਦੇ ਖੂਹ ਵਿਚ ਪਿਆ ਹੋਇਆ ਹੈਂ
ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥੪॥੧॥੧੬॥
(ਪਰ ਤੇਰੇ ਭੀ ਕੀਹ ਵੱਸ?) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਸ ਖੂਹ ਵਿਚੋਂ) ਪਾਰ ਲੰਘਦਾ ਹੈ ।੪।੧।੧੬।
ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।
ਹਮਾਰੈ ਏਕੈ ਹਰੀ ਹਰੀ ॥
ਹੇ ਭਾਈ! ਮੈਂ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਦਾ ਹੀ ਆਸਰਾ ਰੱਖਿਆ ਹੋਇਆ ਹੈ
ਆਨ ਅਵਰ ਸਿਞਾਣਿ ਨ ਕਰੀ ॥ ਰਹਾਉ ॥
(ਪਰਮਾਤਮਾ ਤੋਂ ਬਿਨਾ) ਮੈਂ ਕੋਈ ਹੋਰ ਆਸਰਾ ਨਹੀਂ ਪਛਾਣਦਾ ।ਰਹਾਉ।
ਵਡੈ ਭਾਗਿ ਗੁਰੁ ਅਪੁਨਾ ਪਾਇਓ ॥
ਹੇ ਭਾਈ! ਬੜੀ ਕਿਸਮਤਿ ਨਾਲ ਮੈਂ ਆਪਣਾ ਗੁਰੂ ਲੱਭਾ
ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥
ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ (ਦੇ ਕੇ) ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ।੧।
ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥
ਹੁਣ, ਹੇ ਭਾਈ! ਪਰਮਾਤਮਾ ਦਾ ਨਾਮ ਹੀ (ਮੇਰੇ ਵਾਸਤੇ) ਜਪ ਤਪ ਹੈ, ਵਰਤ ਹੈ, ਧਾਰਮਿਕ ਨਿਯਮ ਹੈ
ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥
ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੈਨੂੰ ਸਾਰੇ ਸੁਖ ਆਨੰਦ ਪ੍ਰਾਪਤ ਹੋ ਰਹੇ ਹਨ ।੨।
ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥
ਹੇ ਭਾਈ! ਪਰਮਾਤਮਾ ਦੇ ਗੁਣ ਗਾਣੇ (ਹੁਣ ਮੇਰੇ ਵਾਸਤੇ) ਧਾਰਮਿਕ ਰਸਮਾਂ ਅਤੇ (ਉੱਚੀ) ਜਾਤਿ ਹ
ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥
ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ (ਮੇਰੇ ਅੰਦਰ) ਵੱਡਾ ਆਨੰਦ ਪੈਦਾ ਹੁੰਦਾ ਹੈ ।੩।
ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥ ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
ਹੇ ਨਾਨਕ! ਆਖ—ਜਿਸ ਮਨੁੱਖ ਨੇ (ਆਪਣੇ ਹਿਰਦੇ ਵਿਚ ਵੱਸਦਾ) ਪਰਮਾਤਮਾ ਲੱਭ ਲਿਆ, ਉਸ ਦੇ ਹਿਰਦੇ-ਘਰ ਵਿਚ ਹਰੇਕ ਚੀਜ਼ ਆ ਗਈ ।੪।੨।੧੭।
ਟੋਡੀ ਮਹਲਾ ੫ ਘਰੁ ੪ ਦੁਪਦੇ
ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਰੂੜੋ ਮਨੁ ਹਰਿ ਰੰਗੋ ਲੋੜੈ ॥
ਹੇ ਭਾਈ! ਉਂਞ ਤਾਂ ਇਹ) ਮਨ ਪਰਮਾਤਮਾ ਦਾ ਸੋਹਣਾ ਪ੍ਰੇਮ-ਰੰਗ (ਪ੍ਰਾਪਤ ਕਰਨਾ) ਚਾਹੁੰਦਾ ਰਹਿੰਦਾ ਹੈ
ਗਾਲੀ ਹਰਿ ਨੀਹੁ ਨ ਹੋਇ ॥ ਰਹਾਉ ॥
ਪਰ ਨਿਰੀਆਂ ਗੱਲਾਂ ਨਾਲ ਪ੍ਰੇਮ ਨਹੀਂ ਮਿਲਦਾ ।ਰਹਾਉ।
ਹਉ ਢੂਢੇਦੀ ਦਰਸਨ ਕਾਰਣਿ ਬੀਥੀ ਬੀਥੀ ਪੇਖਾ ॥
ਹੇ ਭਾਈ! ਪਰਮਾਤਮਾ ਦਾ ਦਰਸਨ ਕਰਨ ਵਾਸਤੇ ਮੈਂ (ਜਾਪ ਤਾਪ ਕਰਮ ਕਾਂਡ ਆਦਿਕ ਦੀ) ਗਲੀ ਗਲੀ ਢੰੂਢਦੀ ਰਹੀ, ਵੇਖਦੀ ਰਹੀ
ਗੁਰ ਮਿਲਿ ਭਰਮੁ ਗਵਾਇਆ ਹੇ ॥੧॥
ਆਖ਼ਰ) ਗੁਰੂ ਨੂੰ ਮਿਲ ਕੇ (ਮੈਂ ਆਪਣੇ ਮਨ ਦੀ) ਭਟਕਣਾ ਦੂਰ ਕੀਤੀ ਹੈ ।੧।
ਇਹ ਬੁਧਿ ਪਾਈ ਮੈ ਸਾਧੂ ਕੰਨਹੁ ਲੇਖੁ ਲਿਖਿਓ ਧੁਰਿ ਮਾਥੈ ॥
(ਹੇ ਭਾਈ! ਮਨ ਦੀ ਭਟਕਣਾ ਦੂਰ ਕਰਨ ਦੀ) ਇਹ ਅਕਲ ਮੈਂ ਗੁਰੂ ਪਾਸੋਂ ਹਾਸਲ ਕੀਤੀ, ਮੇਰੇ ਮੱਥੇ ਉਤੇ (ਗੁਰੂ ਦੇ ਮਿਲਾਪ ਦਾ) ਲੇਖ ਧੁਰ ਦਰਗਾਹ ਤੋਂ ਲਿਖਿਆ ਹੋਇਆ ਸੀ
ਇਹ ਬਿਧਿ ਨਾਨਕ ਹਰਿ ਨੈਣ ਅਲੋਇ ॥੨॥੧॥੧੮॥
ਹੇ ਨਾਨਕ! (ਆਖ—) ਇਸ ਤਰ੍ਹਾਂ ਮੈਂ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਆਪਣੀਆਂ ਅੱਖਾਂ ਨਾਲ ਵੇਖ ਲਿਆ ।੨।੧।੧੮।
ਟੋਡੀ ਮਹਲਾ ੫ ॥
ਟੋਡੀ ਪੰਜਵੀਂ ਪਾਤਿਸ਼ਾਹੀ।
ਗਰਬਿ ਗਹਿਲੜੋ ਮੂੜੜੋ ਹੀਓ ਰੇ ॥
ਹੇ ਭਾਈ! ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ
ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥
ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ।ਰਹਾਉ।
ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥
ਹੇ ਭਾਈ! (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਹੇ ਭਾਈ! ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ
ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥
ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ । ਨਿਭਾਗਾ ਮਨੁੱਖ (ਆਪਣੇ ਮਨ ਨੂੰ ਤਿ®ਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ।੧।
ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥
ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ
ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥
ਹੇ ਦਾਸ ਨਾਨਕ! (ਆਖ—) ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ।੨।੨।੧੯।