Sri Guru Granth Sahib Ji — Ang 694 (punjabi)
ਪਿੰਧੀ ਉਭਕਲੇ ਸੰਸਾਰਾ ॥
(ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੰੁਦਰ ਵਿਚ ਡੁਬਕੀਆਂ ਲੈ ਰਹੀਆਂ ਹਨ ।
ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥
ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ।
ਤੂ ਕੁਨੁ ਰੇ ॥
ਹੇ (ਪ੍ਰਭੂ) ਜੀ! (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?
ਮੈ ਜੀ ॥ ਨਾਮਾ ॥ ਹੋ ਜੀ ॥
(ਤਾਂ) ਹੇ ਜੀ! ਮੈਂ ਨਾਮਾ ਹਾਂ ।
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥
ਮੈਨੂੰ ਜਗਤ ਦੇ ਜੰਜਾਲ ਤੋਂ, ਜੋ ਕਿ ਜਮਾਂ (ਦੇ ਡਰ) ਦਾ ਕਾਰਨ ਹੈ, ਬਚਾ ਲੈ ।੩, ੪।
ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥
ਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ ।
ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥
। (ਹੇ ਭਾਈ!) ਉਹ ਮੁਨੀ ਲੋਕ ਭਾਗਾਂ ਵਾਲੇ ਹਨ, ਜਿਨ੍ਹਾਂ ਪਿਆਰੇ ਹਰੀ ਪ੍ਰਭੂ ਨੂੰ ਸਿਮਰਿਆ ਹੈ ।੧।
ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥
(ਉਸ ਗੋਬਿੰਦ ਦੀ ਮਿਹਰ ਨਾਲ) ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ)
ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥
ਉਹ ਧੂੜ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ ।੧।ਰਹਾਉ।
ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥
ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ । ਤੂੰ (ਅਹੰਕਾਰੀਆਂ ਦਾ) ਅਹੰਕਾਰ ਦੂਰ ਕਰਨ ਵਾਲਾ ਹੈਂ ।
ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥
ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ ।੨।੫।
ਧਨਾਸਰੀ ਭਗਤ ਰਵਿਦਾਸ ਜੀ ਕੀ
ਧਨਾਸਰੀ ਮਾਣਨੀਯ ਸੰਤ ਰਵਿਦਾਸ ਜੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥
(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ ।
ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥
(ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ ।੧।
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥
ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ
ਕਾਰਨ ਕਵਨ ਅਬੋਲ ॥ ਰਹਾਉ ॥
ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ।ਰਹਾਉ।
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥
ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥
ਰਵਿਦਾਸ ਆਖਦਾ ਹੈ—ਹੇ ਮਾਧੋ! ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ।੨।੧।
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥
(ਤਾਹੀਏਂ ਮੇਰੀ ਅਰਜ਼ੋਈ ਹੈ ਕਿ) ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥
ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ।੧।
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥
(ਮੈਨੂੰ ਡਰ ਰਹਿੰਦਾ ਹੈ ਕਿ) ਗੋਬਿੰਦ ਨਾਲ ਮੇਰੀ ਪ੍ਰੀਤ ਕਿਤੇ ਘਟ ਨਾਹ ਜਾਏ,
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥
ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ।੧।ਰਹਾਉ।
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥
(ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ ।
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥
। ਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਹੈ—ਹੇ ਰਾਜਨ! ਜੇ ਮੇਰੇ ਰਾਮ! (ਮੈਂ ਤੇਰੀ ਸ਼ਰਨ ਆਇਆ ਹਾਂ) ਮੇਰੀ ਲਾਜ ਰੱਖੀਂ ।੨।੨।
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥
ਹੇ ਪ੍ਰਭੂ! (ਅੰਞਾਣ ਲੋਕ ਮੂਰਤੀਆਂ ਦੀ ਆਰਤੀ ਕਰਦੇ ਹਨ, ਪਰ ਮੇਰੇ ਲਈ) ਤੇਰਾ ਨਾਮ (ਤੇਰੀ) ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ ।
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ।੧।ਰਹਾਉ।
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥
ਤੇਰਾ ਨਾਮ (ਮੇਰੇ ਲਈ ਪੰਡਿਤ ਵਾਲਾ) ਆਸਨ ਹੈ (ਜਿਸ ਉੱਤੇ ਬੈਠ ਕੇ ਉਹ ਮੂਰਤੀ ਦੀ ਪੂਜਾ ਕਰਦਾ ਹੈ), ਤੇਰਾ ਨਾਮ ਹੀ (ਚੰਦਨ ਘਸਾਉਣ ਲਈ) ਸਿਲ ਹੈ, (ਮੂਰਤੀ ਪੂਜਣ ਵਾਲਾ ਮਨੁੱਖ ਸਿਰ ਉੱਤੇ ਕੇਸਰ ਘੋਲ ਕੇ ਮੂਰਤੀ ਉੱਤੇ) ਕੇਸਰ ਛਿੜਕਦਾ ਹੈ, ਪਰ ਮੇਰੇ ਲਈ ਤੇਰਾ ਨਾਮ ਹੀ ਕੇਸਰ ਹੈ ।
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥
ਹੇ ਮੁਰਾਰਿ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ।੧।
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥
ਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥
ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ।੨।
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥
ਤੇਰਾ ਨਾਮ ਮੈਂ ਧਾਗਾ ਬਣਾਇਆ ਹੈ, ਨਾਮ ਨੂੰ ਹੀ ਮੈਂ ਫੁੱਲ ਤੇ ਫੁੱਲਾਂ ਦੀ ਮਾਲਾ ਬਣਾਇਆ ਹੈ, ਹੋਰ ਸਾਰੀ ਬਨਸਪਤੀ (ਜਿਸ ਤੋਂ ਲੋਕ ਫੁੱਲ ਲੈ ਕੇ ਮੂਰਤੀਆਂ ਅੱਗੇ ਭੇਟ ਧਰਦੇ ਹਨ; ਤੇਰੇ ਨਾਮ ਦੇ ਟਾਕਰੇ ਤੇ) ਜੂਠੀ ਹੈ ।
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥
(ਇਹ ਸਾਰੀ ਕੁਦਰਤ ਤਾਂ ਤੇਰੀ ਬਣਾਈ ਹੋਈ ਹੈ) ਤੇਰੀ ਪੈਦਾ ਕੀਤੀ ਹੋਈ ਵਿਚੋਂ ਮੈਂ ਤੇਰੇ ਅੱਗੇ ਕੀਹ ਰੱਖਾਂ? (ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ ।੩।
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥
ਸਾਰੇ ਸੰਸਾਰ ਦੀ ਨਿੱਤ ਦੀ ਕਾਰ ਤਾਂ ਇਹ ਹੈ ਕਿ (ਤੇਰਾ ਨਾਮ ਭੁਲਾ ਕੇ) ਅਠਾਰਾਂ ਪੁਰਾਣਾਂ ਦੀਆਂ ਕਹਾਣੀਆਂ ਵਿਚ ਪਰਚੇ ਹੋਏ ਹਨ, ਅਠਾਹਠ ਤੀਰਥਾਂ ਦੇ ਇਸ਼ਨਾਨ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਹੇ ਹਨ ।
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥
ਰਵਿਦਾਸ ਆਖਦਾ ਹੈ—ਹੇ ਪ੍ਰਭੂ! ਤੇਰਾ ਨਾਮ ਹੀ (ਮੇਰੇ ਲਈ) ਤੇਰੀ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ।੪।੩।