Sri Guru Granth Sahib Ji — Ang 683 (punjabi)
ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ ।
ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥੧॥
ਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ ।੧।
ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸੀਆ ਕੀਰਤਨੁ ਜਪਿ ਨਾਮ ॥
ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ ।
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥੨॥੨੦॥੫੧॥
(ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ ।੨।੨੦।੫੧।
ਧਨਾਸਰੀ ਮਃ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਜਨ ਕੀ ਕੀਨੀ ਪਾਰਬ੍ਰਹਮਿ ਸਾਰ ॥
ਹੇ ਭਾਈ! ਪਰਮਾਤਮਾ ਨੇ (ਸਦਾ ਹੀ) ਆਪਣੇ ਸੇਵਕਾਂ ਦੀ ਸੰਭਾਲ ਕੀਤੀ ਹੈ ।
ਨਿੰਦਕ ਟਿਕਨੁ ਨ ਪਾਵਨਿ ਮੂਲੇ ਊਡਿ ਗਏ ਬੇਕਾਰ ॥੧॥ ਰਹਾਉ ॥
(ਉਹਨਾਂ ਦੀ) ਨਿੰਦਾ ਕਰਨ ਵਾਲੇ ਉਹਨਾਂ ਦੇ ਟਾਕਰੇ ਤੇ ਉੱਕਾ ਹੀ ਅੜ ਨਹੀਂ ਸਕਦੇ । (ਜਿਵੇਂ ਹਵਾ ਦੇ ਅੱਗੇ ਬੱਦਲ ਉੱਡ ਜਾਂਦੇ ਹਨ ਤਿਵੇਂ ਉਹ ਨਿੰਦਕ ਸੇਵਕਾਂ ਦੇ ਟਾਕਰੇ ਤੇ ਸਦਾ) ਨਕਾਰੇ ਹੋ ਕੇ ਉੱਡ ਗਏ ।੧।ਰਹਾਉ।
ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥
ਹੇ ਭਾਈ! ਜਿਸ ਪਰਮਾਤਮਾ ਦੀ ਕੋਈ ਭੀ ਬਰਾਬਰੀ ਨਹੀਂ ਕਰ ਸਕਦਾ, ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਹੀ ਉਹ ਮਾਲਕ-ਪ੍ਰਭੂ ਵੱਸਦਾ ਹੈ
ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥੧॥
ਉਸ ਦੇ ਸੇਵਕ ਦੀ ਜੇਹੜਾ ਭੀ ਕੋਈ ਮਨੁੱਖ ਨਿਰਾਦਰੀ ਕਰਦਾ ਹੈ, (ਉਹ ਆਤਮਕ ਜੀਵਨ ਵਿਚ) ਤੁਰਤ ਸੁਆਹ ਹੋ ਜਾਂਦਾ ਹੈ ।੧।
ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥
ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਪਾਰਲਾ ਉਰਲਾ ਬੰਨਾ ਨਹੀਂ ਲੱਭ ਸਕਦਾ ਹੈ, ਉਹ ਸਭ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਆਪਣੇ ਸੇਵਕਾਂ ਦਾ ਸਦਾ) ਰਾਖਾ ਰਹਿੰਦਾ ਹੈ ।
ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥੨॥੨੧॥੫੨॥
ਹੇ ਨਾਨਕ! ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਰਾਖੀ ਕੀਤੀ ਹੈ, ਤੇ; ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਆਤਮਕ ਮੌਤੇ ਮਾਰ ਕੇ (ਆਪਣੇ ਦਰ ਤੋਂ) ਕੱਢ ਦਿੱਤਾ ਹੈ ।੨।੨੧।੫੨।
ਧਨਾਸਰੀ ਮਹਲਾ ੫ ਘਰੁ ੯ ਪੜਤਾਲ
ਪੜਤਾਲ ਛੰਦ ਕੀ ਚਾਲ ਕਾ ਨਾਮ ਹੈ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥
ਹੇ ਹਰੀ! ਹੇ ਗੋਬਿੰਦ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਆਪਣੇ ਦਾਸ ਨੂੰ ਆਪਣਾ ਨਾਮ ਬਖ਼ਸ਼ ।
ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਢਿ ਲੇਵਹੁ ॥ ਰਹਾਉ ॥
ਹੇ ਪ੍ਰਭੂ! (ਆਪਣੇ ਦਾਸ ਉੱਤੇ) ਮੇਹਰ ਦੀ ਨਿਗਾਹ ਕਰ, ਕਿਰਪਾ ਕਰ ਕੇ (ਦਾਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ, (ਦਾਸ ਦੀ) ਬਾਂਹ ਫੜ ਕੇ (ਦਾਸ ਨੂੰ ਮੋਹ ਦੇ) ਖੂਹ ਵਿਚੋਂ ਕੱਢ ਲੈ ।ਰਹਾਉ।
ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥
ਹੇ ਪ੍ਰਭੂ! ਕਾਮ ਕੋ੍ਰਧ (ਆਦਿਕ ਵਿਕਾਰਾਂ) ਦੇ ਕਾਰਨ (ਜੀਵ) ਅੰਨੇ੍ਹ ਹੋਏ ਪਏ ਹਨ, ਮਾਇਆ ਦੇ ਬੰਧਨਾਂ ਵਿਚ ਫਸੇ ਪਏ ਹਨ, ਅਨੇਕਾਂ ਵਿਕਾਰ (ਇਹਨਾਂ ਦੇ) ਸਰੀਰ ਵਿਚ ਪੂਰੇ ਤੌਰ ਤੇ ਪ੍ਰਭਾਵ ਪਾਈ ਬੈਠੇ ਹਨ ।
ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥੧॥
ਹੇ ਪ੍ਰਭੂ! ਤੈਥੋਂ ਬਿਨਾ ਕੋਈ ਹੋਰ (ਜੀਵਾਂ ਦੀ ਵਿਕਾਰਾਂ ਤੋਂ) ਰਾਖੀ ਕਰਨ ਜੋਗਾ ਨਹੀਂ । ਹੇ ਸ਼ਰਨ ਆਇਆਂ ਦੀ ਲਾਜ ਰੱਖ ਸਕਣ ਵਾਲੇ! ਆਪਣਾ ਨਾਮ ਜਪਾ ।੧।
ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥
ਹੇ ਵਿਕਾਰੀਆਂ ਨੂੰ ਬਚਾਣ ਵਾਲੇ! ਹੇ ਸਾਰੇ ਜੀਵਾਂ ਨੂੰ ਪਾਰ ਲੰਘਾਣ ਵਾਲੇ! ਵੇਦਾਂ ਦੇ ਪੜ੍ਹਨ ਵਾਲੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕੇ ।
ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥੨॥੧॥੫੩॥
ਹੇ ਨਾਨਕ! (ਆਖ—) ਹੇ ਗੁਣਾਂ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! ਹੇ ਰਤਨਾਂ ਦੀ ਖਾਣ ਪਾਰਬ੍ਰਹਮ! ਮੈਂ ਤੈਨੂੰ ਭਗਤੀ ਨਾਲ ਪਿਆਰ ਕਰਨ ਵਾਲਾ (ਜਾਣ ਕੇ) ਤੇਰੀ ਸਿਫ਼ਤਿ-ਸਾਲਾਹ ਕਰ ਰਿਹਾ ਹਾਂ ।੨।੧।੫੩।
ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥
ਹੇ ਭਾਈ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ । ਸਿਮਰਨ ਇਸ ਲੋਕ ਵਿਚ ਪਰਲੋਕ ਵਿਚ ਸਦਾ ਹੀ ਸੁਖ ਦੇਣ ਵਾਲਾ ਹੈ
ਮਿਟਹਿ ਕਮਾਣੇ ਪਾਪ ਚਿਰਾਣੇ ਸਾਧਸੰਗਤਿ ਮਿਲਿ ਮੁਆ ਜੀਜੈ ॥੧॥ ਰਹਾਉ ॥
(ਸਿਮਰਨ ਦੀ ਬਰਕਤਿ ਨਾਲ) ਚਿਰਾਂ ਦੇ ਕੀਤੇ ਹੋਏ ਪਾਪ ਮਿਟ ਜਾਂਦੇ ਹਨ । ਹੇ ਭਾਈ! ਸਾਧ ਸੰਗਤਿ ਵਿਚ ਮਿਲ ਕੇ (ਸਿਮਰਨ ਕਰਨ ਨਾਲ) ਆਤਮਕ ਮੌਤੇ ਮਰਿਆ ਹੋਇਆ ਮਨੁੱਖ ਮੁੜ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।੧।ਰਹਾਉ।
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥
ਹੇ ਭਾਈ! ਰਾਜ ਅਤੇ ਜਵਾਨੀ (ਦੇ ਹੁਲਾਰੇ) ਪਰਮਾਤਮਾ ਦਾ ਨਾਮ ਭੁਲਾ ਦੇਂਦੇ ਹਨ! ਮਾਇਆ ਦਾ ਮੋਹ ਵੱਡਾ ਦੁੱਖ (ਦਾ ਮੂਲ) ਹੈ—ਇਹ ਗੱਲ ਮਹਾ ਪੁਰਖ ਦੱਸਦੇ ਹਨ ।
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥੧॥
ਪਰਮਾਤਮਾ ਦੇ ਨਾਮ ਦੇ ਸਿਮਰਨ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਆਸ ਅਤੇ ਤਾਂਘ—ਇਹ ਕੀਮਤੀ ਚੀਜ਼ ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ ।੧।
ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥
ਹੇ ਸ਼ਰਨ ਆਏ ਦੀ ਸਹਾਇਤਾ ਕਰਨ ਜੋਗੇ! ਹੇ ਅਕੱਥ! ਹੇ ਅਗੋਚਰ! ਤੇਰਾ ਨਾਮ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾ ਲੈਣ ਵਾਲਾ ਹੈ ।
ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ ॥੨॥੨॥੫੪॥
ਹੇ ਅੰਤਰਜਾਮੀ! ਹੇ ਨਾਨਕ ਦੇ ਮਾਲਕ! ਹੇ ਭਾਈ! ਮੇਰਾ ਮਾਲਕ-ਪ੍ਰਭੂ ਸਭ ਥਾਈਂ ਵਿਆਪਕ ਹੈ ।੨।੨।੫੮।
ਧਨਾਸਰੀ ਮਹਲਾ ੫ ਘਰੁ ੧੨
ਧਨਾਸਰੀ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
ਹੇ ਭਾਈ! ਪਰਮਾਤਮਾ ਨੂੰ ਸਦਾ ਨਮਸਕਾਰ ਕਰਿਆ ਕਰੋ, ਪ੍ਰਭੂ ਪਾਤਿਸ਼ਾਹ ਦੇ ਗੁਣ ਗਾਂਦੇ ਰਹੋ । ਰਹਾਉ।
ਵਡੈ ਭਾਗਿ ਭੇਟੇ ਗੁਰਦੇਵਾ ॥
ਹੇ ਭਾਈ! ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹ
ਕੋਟਿ ਪਰਾਧ ਮਿਟੇ ਹਰਿ ਸੇਵਾ ॥੧॥
(ਗੁਰੂ ਦੀ ਰਾਹੀਂ) ਪਰਮਾਤਮਾ ਦੀ ਸੇਵਾ-ਭਗਤੀ ਕਰਨ ਨਾਲ ਉਸ ਦੇ ਕੋ੍ਰੜਾਂ ਪਾਪ ਮਿਟ ਜਾਂਦੇ ਹਨ ।੧।