Sri Guru Granth Sahib Ji — Ang 680 (punjabi)
ਠਾਕੁਰੁ ਗਾਈਐ ਆਤਮ ਰੰਗਿ ॥
ਹੇ ਭਾਈ! ਦਿਲ ਦੇ ਪਿਆਰ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥੧॥ ਰਹਾਉ ॥
ਉਸ ਪਰਮਾਤਮਾ ਦੀ ਸਰਨ ਵਿਚ ਟਿਕੇ ਰਹਿਣਾ, ਉਸ ਦਾ ਨਾਮ ਸਿਮਰਨਾ—ਇਸ ਤਰੀਕੇ ਨਾਲ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਵਿਚ ਲੀਨ ਹੋ ਜਾਈਦਾ ਹੈ ।੧।ਰਹਾਉ
ਜਨ ਕੇ ਚਰਨ ਵਸਹਿ ਮੇਰੈ ਹੀਅਰੈ ਸੰਗਿ ਪੁਨੀਤਾ ਦੇਹੀ ॥
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਜੇ ਤੇਰੇ ਦਾਸਾਂ ਦੇ ਚਰਨ ਮੇਰੇ ਹਿਰਦੇ ਵਿਚ ਵੱਸ ਪੈਣ, ਤਾਂ ਉਹਨਾਂ ਦੀ ਸੰਗਤਿ ਵਿਚ ਮੇਰਾ ਸਰੀਰ ਪਵਿਤ® ਹੋ ਜਾਏ
ਜਨ ਕੀ ਧੂਰਿ ਦੇਹੁ ਕਿਰਪਾ ਨਿਧਿ ਨਾਨਕ ਕੈ ਸੁਖੁ ਏਹੀ ॥੨॥੪॥੩੫॥
(ਮੇਹਰ ਕਰ, ਮੈਨੂੰ) ਆਪਣੇ ਦਾਸਾਂ ਦੇ ਚਰਨਾਂ ਦੀ ਧੂੜ ਬਖ਼ਸ਼, ਮੈਂ ਨਾਨਕ ਵਾਸਤੇ (ਸਭ ਤੋਂ ਵੱਡਾ) ਇਹੀ ਸੁਖ ਹੈ ।੨।੪।੩੫।
ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥
ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ
ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥
ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ
ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥
ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥
ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ) ।ਰਹਾਉ।
ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥
ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ
ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਹੇ ਨਾਨਕ! ਆਖ—(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ ।੨।੫।੩੬।
ਧਨਾਸਰੀ ਮਹਲਾ ੫ ॥
ਧਵਾਸਰੀ ਪੰਜਵੀਂ ਪਾਤਿਸ਼ਾਹੀ।
ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥
ਹੇ ਭਾਈ! ਜਿਸ ਮਨੁੱਖ ਦੇ ਮੱਥੇ ਉਤੇ ਭਾਗ (ਜਾਗ ਪਏ) ਉਸ ਨੂੰ ਪਿਆਰੇ ਗੁਰੂ ਨੇ ਪਰਮਾਤਮਾ ਦਾ ਨਾਮ ਦੇ ਦਿੱਤਾ ।
ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥੧॥
ਉਸ ਮਨੁੱਖ ਦਾ (ਫਿਰ) ਸਦਾ ਦਾ ਕੰਮ ਹੀ ਜਗਤ ਵਿਚ ਇਹ ਬਣ ਜਾਂਦਾ ਹੈ ਕਿ ਉਹ ਹੋਰਨਾਂ ਨੂੰ ਹਰਿ-ਨਾਮ ਦਿ®ੜ੍ਹ ਕਰਾਂਦਾ ਹੈ ਜਪਾਂਦਾ ਹੈ (ਜਪਣ ਲਈ ਪ੍ਰੇਰਨਾ ਕਰਦਾ ਹੈ) ।੧।
ਜਨ ਕਉ ਨਾਮੁ ਵਡਾਈ ਸੋਭ ॥
ਹੇ ਭਾਈ! ਪਰਮਾਤਮਾ ਦੇ ਸੇਵਕ ਦੇ ਵਾਸਤੇ ਪਰਮਾਤਮਾ ਦਾ ਨਾਮ (ਹੀ) ਵਡਿਆਈ ਹੈ ਨਾਮ ਹੀ ਸੋਭਾ ਹੈ ।
ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥੧॥ ਰਹਾਉ ॥
ਹਰਿ-ਨਾਮ ਹੀ ਉਸ ਦੀ ਉੱਚੀ ਆਤਮਕ ਅਵਸਥਾ ਹੈ, ਨਾਮ ਹੀ ਉਸ ਦੀ ਇੱਜ਼ਤ ਹੈ । ਜੋ ਕੁਝ ਪਰਮਾਤਮਾ ਦੀ ਰਜ਼ਾ ਵਿਚ ਹੁੰਦਾ ਹੈ, ਸੇਵਕ ਉਸ ਨੂੰ (ਸਿਰ-ਮੱਥੇ ਤੇ) ਮੰਨਦਾ ਹੈ ।੧।ਰਹਾਉ।
ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥
ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਜਿਸ ਮਨੁੱਖ ਦੇ ਪਾਸ ਹੈ, ਉਹੀ ਪੂਰਾ ਸਾਹੂਕਾਰ ਹੈ ।
ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥੨॥੬॥੩੭॥
ਉਹ ਮਨੁੱਖ ਹਰਿ-ਨਾਮ ਸਿਮਰਨ ਨੂੰ ਹੀ ਆਪਣਾ ਅਸਲੀ ਵਿਹਾਰ ਸਮਝਦਾ ਹੈ, ਨਾਮ ਦਾ ਹੀ ਉਸ ਨੂੰ ਆਸਰਾ ਰਹਿੰਦਾ ਹੈ, ਨਾਮ ਦੀ ਹੀ ਉਹ ਖੱਟੀ ਖੱਟਦਾ ਹੈ ।੨।੬।੩੭।
ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਨੇਤ੍ਰ ਪੁਨੀਤ ਭਏ ਦਰਸ ਪੇਖੇ ਮਾਥੈ ਪਰਉ ਰਵਾਲ ॥
ਤੇਰਾ ਦਰਸਨ ਕਰ ਕੇ ਅੱਖਾਂ ਪਵਿੱਤ® ਹੋ ਜਾਂਦੀਆਂ ਹਨ (ਵਿਕਾਰਾਂ ਵੱਲੋਂ ਹਟ ਜਾਂਦੀਆਂ ਹਨ), ਮੇਰੇ ਮੱਥੇ ਉੱਤੇ ਤੇਰੀ ਚਰਨ-ਧੂੜ ਟਿਕੀ ਰਹੇ ।
ਰਸਿ ਰਸਿ ਗੁਣ ਗਾਵਉ ਠਾਕੁਰ ਕੇ ਮੋਰੈ ਹਿਰਦੈ ਬਸਹੁ ਗੋਪਾਲ ॥੧॥
ਹੇ ਸ੍ਰਿਸ਼ਟੀ ਦੇ ਪਾਲਣਹਾਰ! ਮੇਰੇ ਹਿਰਦੇ ਵਿਚ ਆ ਵੱਸ । ਮੈਂ ਬੜੇ ਸੁਆਦ ਨਾਲ ਤੇਰੇ ਗੁਣ ਗਾਂਦਾ ਰਹਾਂ
ਤੁਮ ਤਉ ਰਾਖਨਹਾਰ ਦਇਆਲ ॥
ਹੇ ਦਇਆ ਦੇ ਘਰ ਪ੍ਰਭੂ! ਤੂੰ ਤਾਂ (ਸਭ ਜੀਵਾਂ ਦੀ) ਰੱਖਿਆ ਕਰਨ ਦੀ ਸਮਰਥਾ ਵਾਲਾ ਹੈਂ ।
ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥੧॥ ਰਹਾਉ ॥
ਤੂੰ ਸੋਹਣਾ ਹੈਂ, ਸਿਆਣਾ ਹੈਂ, ਬੇਅੰਤ ਹੈਂ । ਹੇ ਪਿਤਾ ਪ੍ਰਭੂ! (ਮੇਰੇ ਉੱਤੇ ਭੀ) ਦਇਆਵਾਨ ਹੋ ।੧।ਰਹਾਉ।
ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥
ਹੇ ਪ੍ਰਭੂ! ਤੂੰ ਆਨੰਦ-ਸਰੂਪ ਹੈਂ, ਤੂੰ ਮੰਗਲ-ਰੂਪ ਹੈਂ (ਆਨੰਦ ਹੀ ਆਨੰਦ; ਖ਼ੁਸ਼ੀ ਹੀ ਖ਼ੁਸ਼ੀ ਤੇਰਾ ਵਜੂਦ ਹੈ । ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁੰਦਰ ਹੈ ਰਸੀਲੀ ਹੈ ।
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥੨॥੭॥੩੮॥
ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਦੀ ਬਾਣੀ ਪੱਲੇ ਬੰਨ੍ਹ ਲਈ ਉਸ ਦੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਵੱਸੇ ਰਹਿੰਦੇ ਹਨ ।੨।੭।੩੮।
ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥
ਹੇ ਭਾਈ! ਪਰਮਾਤਮਾ ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖਾਣ-ਪੀਣ ਲਈ ਦੇਂਦਾ ਹੈ, ਆਪਣੇ ਹੀ ਢੰਗ ਨਾਲ ਜੀਵਾਂ ਨੂੰ ਖੇਡਾਂ ਵਿਚ ਪਰਚਾਈ ਰੱਖਦਾ ਹੈ
ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥੧॥
(ਆਪਣੇ ਹੀ ਢੰਗ ਨਾਲ ਜੀਵਾਂ ਨੂੰ) ਸਾਰੇ ਸੁਖ ਦੇਂਦਾ ਹੈ, ਸਾਰੇ ਸੁਆਦਲੇ ਪਦਾਰਥ ਦੇਂਦਾ ਹੈ, ਤੇ, ਸਦਾ ਸਭ ਦੇ ਅੰਗ-ਸੰਗ ਟਿਕਿਆ ਰਹਿੰਦਾ ਹੈ ।੧।
ਹਮਰੇ ਪਿਤਾ ਗੋਪਾਲ ਦਇਆਲ ॥
ਹੇ ਦਇਆ ਦੇ ਘਰ! ਹੇ ਸ੍ਰਿਸ਼ਟੀ ਦੇ ਪਾਲਣਹਾਰ! ਹੇ ਸਾਡੇ ਪਿਤਾ ਪ੍ਰਭੂ!
ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ ॥੧॥ ਰਹਾਉ ॥
ਜਿਵੇਂ ਮਾਂ ਆਪਣੇ ਬੱਚੇ ਦੀ ਪਾਲਣਾ ਕਰਦੀ ਹੈ ਤਿਵੇਂ ਹੀ ਤੂੰ ਸਾਨੂੰ ਜੀਵਾਂ ਨੂੰ ਪਾਲਣ ਵਾਲਾ ਹੈਂ ।੧।ਰਹਾਉ।
ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥
ਹੇ ਪ੍ਰਕਾਸ਼-ਰੂਪ ਪ੍ਰਭੂ! ਤੂੰ ਸਾਡਾ ਮਿੱਤਰ ਹੈਂ, ਸਜਣ ਹੈਂ, ਸਾਰੇ ਗੁਣਾਂ ਦਾ ਮਾਲਕ ਹੈਂ, ਸਭ ਦੀ ਜੀਵਨ ਅਗਵਾਈ ਕਰਨ ਵਾਲਾ ਹੈਂ; ਸਦਾ ਜੀਊਂਦਾ ਹੈਂ
ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥੨॥੮॥੩੯॥
ਤੂੰ ਹਰ ਥਾਂ ਇਸ ਲੋਕ ਵਿਚ ਪਰਲੋਕ ਵਿਚ ਮੌਜੂਦ ਹੈਂ । ਹੇ ਨਾਨਕ! (ਆਖ—ਹੇ ਭਾਈ!) ਗੁਰੂ ਦੀ ਸਰਨ ਪਿਆਂ ਉਹ ਪ੍ਰਭੂ ਮਿਲਦਾ ਹੈ ।੨।੮।੩੯।
ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਸੰਤ ਕ੍ਰਿਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖੁ ਜਾਰੇ ॥
ਹੇ ਭਾਈ! (ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਸਦਾ ਟਿਕਾਈ ਰੱਖਣ ਵਾਲੇ) ਸੰਤ ਜਨ ਕਿਰਪਾ ਦੇ ਸੋਮੇ ਦਇਆ ਦੇ ਸੋਮੇ ਪਰਮਾਤਮਾ (ਦਾ ਰੂਪ ਹਨ); ਉਹ ਆਪਣੇ ਅੰਦਰੋਂ ਕਾਮ ਕੋ੍ਰਧ (ਆਦਿਕ ਵਿਕਾਰਾਂ ਦਾ) ਜ਼ਹਰ ਸਾੜ ਲੈਂਦੇ ਹਨ ।
ਰਾਜੁ ਮਾਲੁ ਜੋਬਨੁ ਤਨੁ ਜੀਅਰਾ ਇਨ ਊਪਰਿ ਲੈ ਬਾਰੇ ॥੧॥
ਅਜੇਹੇ ਸੰਤਾਂ ਤੋਂ ਰਾਜ ਮਾਲ ਜੁਆਨੀ ਸਰੀਰ ਜਿੰਦ—ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ ।੧।
ਮਨਿ ਤਨਿ ਰਾਮ ਨਾਮ ਹਿਤਕਾਰੇ ॥
ਹੇ ਭਾਈ! ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਸਦਾ ਪਿਆਰ ਬਣਿਆ ਰਹਿੰਦਾ ਹੈ
ਸੂਖ ਸਹਜ ਆਨੰਦ ਮੰਗਲ ਸਹਿਤ ਭਵ ਨਿਧਿ ਪਾਰਿ ਉਤਾਰੇ ॥ ਰਹਾਉ ॥
ਉਹ ਮਨੁੱਖ ਆਤਮਕ ਅਡੋਲਤਾ ਦੇ ਸੁਖ ਆਨੰਦ ਖ਼ੁਸ਼ੀਆਂ ਮਾਣਦੇ ਹਨ, (ਹੋਰਨਾਂ ਨੂੰ ਭੀ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦੇ ਹਨ ।ਰਹਾਉ।