Sri Guru Granth Sahib Ji — Ang 678 (punjabi)
ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥
ਹੇ ਪ੍ਰਭੂ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੪।੩।੨੭।
ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥
ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥
ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ।੧।
ਤੁਮ ਘਰਿ ਆਵਹੁ ਮੇਰੇ ਮੀਤ ॥
ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥
ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ।ਰਹਾਉ।
ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥
(ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਖਸਮ-ਪ੍ਰਭੂ ਨੇ ਜਿਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ,
ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥
ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ।੨
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥
(ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ
ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥
ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ।੩।
ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥
ਹੇ ਨਾਨਕ! ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ ।
ਅਚਰਜੁ ਕੀਆ ਕਰਨੈਹਾਰੈ ਨਾਨਕ ਸਚੁ ਵਡਿਆਈ ॥੪॥੪॥੨੮॥
ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ।੪।੪।੨੮
ਧਨਾਸਰੀ ਮਹਲਾ ੫ ਘਰੁ ੬
ਧਨਾਸਰੀ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥
ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ
ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥
ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ।ਰਹਾਉ।
ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥
ਹੇ ਮਨ! (ਜੀਵਨ ਨੂੰ) ਪਵਿਤ® ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ । (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ
ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥
ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ—ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ।੧।
ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥
ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ । ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ
ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥
ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ । ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤਿ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤਿ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ
ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥
ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ, ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ
ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥
ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤਿ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ।੩।੧।੨੯।
ਧਨਾਸਰੀ ਮਹਲਾ ੫ ॥
ਧਨਾਸਰੀ ਪੰਜਵੀਂ ਪਾਤਿਸ਼ਾਹੀ।
ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰਿ ਮੰਗਨਾ ॥
ਹੇ ਮੇਰੇ ਪਿਆਰੇ! ਹੇ ਭਾਈ! (ਪਰਮਾਤਮਾ ਦੇ ਦਰ ਤੋਂ) ਪਰਮਾਤਮਾ (ਦਾ ਨਾਮ) ਮੰਗਣਾ ਸਭ ਤੋਂ ਚੰਗਾ ਕੰੰਮ ਹੈ
ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥ ਰਹਾਉ ॥
ਹੇ ਸੱਜਣ! ਗੁਰੂ ਦੀ ਬਾਣੀ (ਸਦਾ) ਸੁਣਦੇ ਰਹੋ, ਜਿੰਦ ਦੇ ਮਾਲਕ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ । ਅੱਖਾਂ ਖੋਲ੍ਹ ਕੇ ਵੇਖੋ, (ਆਖ਼ਰ) ਸਭ ਨੇ ਮਰਨਾ ਹੈ ।ਰਹਾਉ।
ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥
ਹੇ ਸੱਜਣ! ਤੂੰ ਚੰਦਨ ਅਤਰ (ਵਰਤਦਾ ਹੈਂ) ਅਤੇ ਅਨੇਕਾਂ ਹੀ ਸੁਆਦਲੇ ਖਾਣੇ ਖਾਂਦਾ ਹੈਂ । ਪਰ, ਵੇਖ, ਇਹ ਵਿਕਾਰ ਪੈਦਾ ਕਰਨ ਵਾਲੇ ਮਾਇਆ ਦੇ ਸਾਰੇ ਭੋਗ ਫਿੱਕੇ ਹਨ
ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥੧॥
ਸੰਤ ਜਨ ਆਖਦੇ ਹਨ ਕਿ ਸਿਰਫ਼ ਪਰਮਾਤਮਾ ਦਾ ਨਾਮ ਹੀ ਚੰਗਾ ਹੈ । ਤੂੰ ਇਸ ਸਰੀਰ ਨੂੰ ਇਸ ਧਨ ਨੂੰ ਆਪਣਾ ਸਮਝ ਰਿਹਾ ਹੈਂ, (ਇਹਨਾਂ ਦੇ ਮੋਹ ਵਿਚ ਫਸ ਕੇ) ਪਰਮਾਤਮਾ ਦਾ ਨਾਮ ਤੂੰ ਇਕ ਛਿਨ ਭਰ ਭੀ ਨਹੀਂ ਜਪਦਾ । ਵੇਖ, ਇਹ ਧਨ-ਪਦਾਰਥ ਕੁਝ ਭੀ (ਤੇਰੇ) ਨਾਲ ਨਹੀਂ ਜਾਵੇਗਾ ।
ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥
ਹੇ ਭਾਈ! ਜਿਸ ਮਨੁੱਖ ਦੀ ਚੰਗੀ ਕਿਸਮਤ ਹੋਈ, ਉਸ ਨੇ ਸੰਤਾਂ ਦਾ ਆਸਰਾ ਲਿਆ, ਉਸ ਨੇ ਸੰਤਾਂ ਦਾ ਪੱਲਾ ਫੜਿਆ । ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਰਹਿੰਦੇ ਹਨ, ਉਹਨਾਂ ਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ ।
ਪਾਇਓ ਰੇ ਪਰਮ ਨਿਧਾਨੁ ਮਿਟਿਓ ਹੈ ਅਭਿਮਾਨੁ ਏਕੈ ਨਿਰੰਕਾਰ ਨਾਨਕ ਮਨੁ ਲਗਨਾ ॥੨॥੨॥੩੦॥
ਹੇ ਨਾਨਕ! ਜਿਸ ਮਨੁੱਖ ਦਾ ਮਨ ਸਿਰਫ਼ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਉਸ ਨੇ ਸਭ ਤੋਂ ਵਧੀਆ ਖ਼ਜ਼ਾਨਾ ਲੱਭ ਲਿਆ ਉਸ ਦੇ ਅੰਦਰੋਂ ਅਹੰਕਾਰ ਮਿਟ ਗਿਆ ।੨।੨।੩੦।