Sri Guru Granth Sahib Ji — Ang 619 (punjabi)
ਪਾਰਬ੍ਰਹਮੁ ਜਪਿ ਸਦਾ ਨਿਹਾਲ ॥ ਰਹਾਉ ॥
(ਉਸ ਦੀ ਮੇਹਰ ਨਾਲ) ਪਰਮਾਤਮਾ ਦਾ ਨਾਮ ਜਪ ਕੇ ਮੈਂ ਸਦਾ ਪ੍ਰਸੰਨ-ਚਿੱਤ ਰਹਿੰਦਾ ਹਾਂ ।ਰਹਾਉ।
ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥
ਹੇ ਭਾਈ! ਹੁਣ ਆਪਣੇ ਅੰਦਰ ਤੇ ਬਾਹਰ (ਸਾਰੇ ਜਗਤ ਵਿਚ), ਹਰ ਥਾਂ ਵਿਚ, ਮੈਂ ਜਿੱਥੇ ਵੇਖਦਾ ਹਾਂ ਉਸ ਪਰਮਾਤਮਾ ਨੂੰ ਹੀ (ਵੱਸਦਾ ਵੇਖਦਾ ਹਾਂ) ।
ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥੨॥੧੧॥੩੯॥
ਹੇ ਨਾਨਕ! (ਮੈਨੂੰ) ਵੱਡੇ ਭਾਗਾਂ ਨਾਲ ਗੁਰੂ ਮਿਲ ਪਿਆ ਹੈ (ਇਹੋ ਜਿਹੀ ਦਾਤਿ ਬਖ਼ਸ਼ ਸਕਣ ਵਾਲਾ) ਗੁਰੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ।੨।੧੧।੩੯।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥
(ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ
ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥
(ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ।੧।
ਉਬਰੇ ਸਤਿਗੁਰ ਕੀ ਸਰਣਾਈ ॥
ਹੇ ਭਾਈ! ਉਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ,
ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥
ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ ।ਰਹਾਉ।
ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ ।
ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥
ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ।੨।੧੨।੪੦।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥
ਹੇ ਭਾਈ! ਗੁਰੂ ਦੀ ਸੰਗਤਿ ਵਿਚ ਰਿਹਾਂ ਮਨ ਵਿਚ ਉੱਦਮ ਪੈਦਾ ਹੁੰਦਾ ਹੈ, (ਮਨੁੱਖ) ਸੇ੍ਰਸ਼ਟ ਨਾਮ ਜਪਣ ਲੱਗ ਪੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣ ਲੱਗ ਪੈਂਦਾ ਹੈ ।
ਮਿਟਿ ਗਈ ਚਿੰਤਾ ਸਿਮਰਿ ਅਨੰਤਾ ਸਾਗਰੁ ਤਰਿਆ ਭਾਈ ॥੧॥
ਬੇਅੰਤ ਪ੍ਰਭੂ ਦਾ ਸਿਮਰਨ ਕਰ ਕੇ ਮਨੁੱਖ ਦੀ ਚਿੰਤਾ ਮਿਟ ਜਾਂਦੀ ਹੈ, ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੧।
ਹਿਰਦੈ ਹਰਿ ਕੇ ਚਰਣ ਵਸਾਈ ॥
ਹੇ ਭਾਈ! ਆਪਣੇ ਹਿਰਦੇ ਵਿਚ ਪਰਮਾਤਮਾ ਦੇ ਚਰਨ ਟਿਕਾਈ ਰੱਖ (ਨਿਮ੍ਰਤਾ ਵਿਚ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਿਆ ਕਰ) ।
ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ ਰਹਾਉ ॥
(ਜਿਸ ਨੇ ਭੀ ਇਹ ਉੱਦਮ ਕੀਤਾ ਹੈ, ਉਸ ਨੇ) ਆਤਮਕ ਆਨੰਦ ਪ੍ਰਾਪਤ ਕਰ ਲਿਆ, (ਉਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਪੈਦਾ ਹੋ ਗਈ, (ਉਸ ਨੇ ਆਪਣੇ ਅੰਦਰੋਂ) ਰੋਗਾਂ ਦੇ ਢੇਰ ਮਿਟਾ ਲਏ ।ਰਹਾਉ।
ਕਿਆ ਗੁਣ ਤੇਰੇ ਆਖਿ ਵਖਾਣਾ ਕੀਮਤਿ ਕਹਣੁ ਨ ਜਾਈ ॥
ਹੇ ਪ੍ਰਭੂ! ਮੈਂ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰ ਕੇ ਦੱਸਾਂ? ਤੇਰਾ ਮੁੱਲ ਦੱਸਿਆ ਨਹੀਂ ਜਾ ਸਕਦਾ (ਤੂੰ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਤੋਂ ਨਹੀਂ ਮਿਲ ਸਕਦਾ) ।
ਨਾਨਕ ਭਗਤ ਭਏ ਅਬਿਨਾਸੀ ਅਪੁਨਾ ਪ੍ਰਭੁ ਭਇਆ ਸਹਾਈ ॥੨॥੧੩॥੪੧॥
ਹੇ ਨਾਨਕ! ਪਿਆਰਾ ਪ੍ਰਭੂ ਜਿਨ੍ਹਾਂ ਮਨੁੱਖਾਂ ਦਾ ਮਦਦਗਾਰ ਬਣਦਾ ਹੈ, ਉਹ ਭਗਤ-ਜਨ ਆਤਮਕ ਮੌਤ ਤੋਂ ਰਹਿਤ ਹੋ ਜਾਂਦੇ ਹਨ ।੨।੧੩।੪੧।
ਸੋਰਠਿ ਮਃ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥
ਹੇ ਭਾਈ! ਜਿਸ ਭੀ ਮਨੁੱਖ ਉੱਤੇ ਪਿਆਰੇ ਪ੍ਰਭੂ ਨੇ ਮੇਹਰ ਕੀਤੀ ਉਸ ਦੇ ਸਾਰੇ ਕਲੇਸ਼ ਤੇ ਰੋਗ ਦੂਰ ਹੋ ਗਏ ।
ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥੧॥
(ਹੇ ਭਾਈ!) ਮਾਲਕ-ਪ੍ਰਭੂ ਨੂੰ ਅੱਠੇ ਪਹਿਰ ਯਾਦ ਕਰਦੇ ਰਿਹਾ ਕਰੋ, ਅਸਾਂ ਜੀਵਾਂ ਦੀ (ਇਹ) ਮੇਹਨਤ (ਜ਼ਰੂਰ) ਸਫਲ ਹੁੰਦੀ ਹੈ ।੧।
ਹਰਿ ਜੀਉ ਤੂ ਸੁਖ ਸੰਪਤਿ ਰਾਸਿ ॥
ਹੇ ਪ੍ਰਭੂ ਜੀ! ਤੂੰ ਹੀ ਮੈਨੂੰ ਆਤਮਕ ਆਨੰਦ ਦਾ ਧਨ-ਸਰਮਾਇਆ ਦੇਣ ਵਾਲਾ ਹੈਂ ।
ਰਾਖਿ ਲੈਹੁ ਭਾਈ ਮੇਰੇ ਕਉ ਪ੍ਰਭ ਆਗੈ ਅਰਦਾਸਿ ॥ ਰਹਾਉ ॥
ਹੇ ਪ੍ਰਭੂ! ਮੈਨੂੰ (ਕਲੇਸ਼ਾਂ ਅੰਦੇਸਿਆਂ ਤੋਂ) ਬਚਾ ਲੈ । ਹੇ ਪ੍ਰਭੂ! ਮੇਰੀ ਤੇਰੇ ਅੱਗੇ ਹੀ ਅਰਜ਼ੋਈ ਹੈ ।ਰਹਾਉ।
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥
ਹੇ ਭਾਈ! ਮੈਂ ਤਾਂ ਜੋ ਕੁਝ (ਪ੍ਰਭੂ ਪਾਸੋਂ) ਮੰਗਦਾ ਹਾਂ, ਉਹੀ ਕੁਝ ਪ੍ਰਾਪਤ ਕਰ ਲੈਂਦਾ ਹਾਂ । ਮੈਨੂੰ ਆਪਣੇ ਮਾਲਕ-ਪ੍ਰਭੂ ਉਤੇ (ਪੂਰਾ) ਇਤਬਾਰ (ਬਣ ਚੁਕਾ) ਹੈ ।
ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥੨॥੧੪॥੪੨॥
ਹੇ ਨਾਨਕ! ਆਖ—ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਹੋ ਜਾਂਦੇ ਹਨ ।੨।੧੪।੪੨।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਸਿਮਰਿ ਸਿਮਰਿ ਗੁਰੁ ਸਤਿਗੁਰੁ ਅਪਨਾ ਸਗਲਾ ਦੂਖੁ ਮਿਟਾਇਆ ॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ) ਮੁੜ ਮੁੜ ਗੁਰੂ ਸਤਿਗੁਰੂ (ਦੀ ਬਾਣੀ) ਨੂੰ ਚੇਤੇ ਕਰ ਕੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ ।
ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥੧॥
ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਸ ਦੇ ਸਾਰੇ ਕਲੇਸ਼ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਹ ਮਨ-ਮੰਗੇ ਫਲ ਪ੍ਰਾਪਤ ਕਰ ਲੈਂਦਾ ਹੈ ।੧।
ਮੇਰਾ ਗੁਰੁ ਪੂਰਾ ਸੁਖਦਾਤਾ ॥
ਹੇ ਭਾਈ! ਮੇਰਾ ਗੁਰੂ ਸਭ ਗੁਣਾਂ ਨਾਲ ਭਰਪੂਰ ਹੈ, ਸਾਰੇ ਸੁਖ ਬਖ਼ਸ਼ਣ ਵਾਲਾ ਹੈ ।
ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
ਗੁਰੂ ਉਸ ਸਰਬ-ਵਿਆਪਕ ਸਿਰਜਣਹਾਰ ਦਾ ਰੂਪ ਹੈ ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ।ਰਹਾਉ।
ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥
ਹੇ ਨਾਨਕ! (ਆਖ—ਹੇ ਭਾਈ! ਜੇ ਤੇਰੇ ਉੱਤੇ) ਸਤਿਗੁਰੂ ਜੀ ਦਇਆਵਾਨ ਹੋਏ ਹਨ, ਤਾਂ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਿਹਾ ਕਰ, (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਤੇਰੇ ਅੰਦਰ) ਆਨੰਦ ਖ਼ੁਸ਼ੀਆਂ ਸੁਖ ਬਣੇ ਰਹਿਣਗੇ ।
ਜੈ ਜੈ ਕਾਰ ਭਏ ਜਗ ਭੀਤਰਿ ਹੋਆ ਪਾਰਬ੍ਰਹਮੁ ਰਖਵਾਲਾ ॥੨॥੧੫॥੪੩॥
(ਸਿਫ਼ਤਿ-ਸਾਲਾਹ ਦਾ ਸਦਕਾ) ਜਗਤ ਵਿਚ ਸੋਭਾ ਮਿਲਦੀ ਹੈ । (ਇਹ ਨਿਸ਼ਚਾ ਬਣਿਆ ਰਹਿੰਦਾ ਹੈ ਕਿ) ਪਰਮਾਤਮਾ (ਸਦਾ ਸਿਰ ਉੱਤੇ) ਰਾਖਾ ਹੈ ।੨।੧੫।੪੩।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥
ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ । ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ,
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥
(ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ । (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ।੧।
ਸਾਚਾ ਸਾਹਿਬੁ ਸਦ ਮਿਹਰਵਾਣ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ,
ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥
(ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ । ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ।ਰਹਾਉ।
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥
ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ,
ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ । ਹੇ ਨਾਨਕ! (ਆਖ—ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ।੨।੧੬।੪੪।