Sri Guru Granth Sahib Ji — Ang 616 (punjabi)
ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥੨॥
ਪਰਮਾਤਮਾ ਮੇਹਰ ਕਰ ਕੇ ਉਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਦੇ ਮਨ ਵਿਚ ਨਾਸ ਰਹਿਤ ਪਰਮਾਤਮਾ ਆ ਵੱਸਦਾ ਹੈ ।੨।
ਤਾ ਕਉ ਬਿਘਨੁ ਨ ਕੋਊ ਲਾਗੈ ਜੋ ਸਤਿਗੁਰਿ ਅਪੁਨੈ ਰਾਖੇ ॥
ਹੇ ਭਾਈ! ਆਪਣੇ ਗੁਰੂ ਨੇ ਜਿਸ ਮਨੁੱਖ ਦੀ ਰੱਖਿਆ ਕੀਤੀ ਉਸ ਨੂੰ (ਆਤਮਕ ਜੀਵਨ ਦੇ ਰਸਤੇ ਵਿਚ) ਕੋਈ ਰੁਕਾਵਟ ਨਹੀਂ ਆਉਂਦੀ ।
ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥੩॥
ਪਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿਚ ਆ ਵੱਸਦੇ ਹਨ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਸਦਾ ਚੱਖਦਾ ਹੈ ।੩।
ਕਰਿ ਸੇਵਾ ਸੇਵਕ ਪ੍ਰਭ ਅਪੁਨੇ ਜਿਨਿ ਮਨ ਕੀ ਇਛ ਪੁਜਾਈ ॥
ਹੇ ਭਾਈ! ਜਿਸ ਪਰਮਾਤਮਾ ਨੇ (ਹਰ ਵੇਲੇ) ਤੇਰੇ ਮਨ ਦੀ (ਹਰੇਕ) ਕਾਮਨਾ ਪੂਰੀ ਕੀਤੀ ਹੈ, ਸੇਵਕਾਂ ਵਾਂਗ ਉਸ ਦੀ ਸੇਵਾ-ਭਗਤੀ ਕਰਦਾ ਰਹੁ ।
ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥
ਹੇ ਦਾਸ ਨਾਨਕ! (ਆਖ—) ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਵਿਘਨਾਂ ਦੇ ਟਾਕਰੇ ਤੇ ਹਰ ਵੇਲੇ) ਪੂਰੇ ਤੌਰ ਤੇ ਇੱਜ਼ਤ ਰੱਖੀ ਹੈ ।੪।੧੪।੨੫।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥
ਹੇ ਭਾਈ! ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ
ਜੀਉ ਪਿੰਡੁ ਸਾਜਿ ਜਿਨਿ ਰਚਿਆ ਬਲੁ ਅਪੁਨੋ ਕਰਿ ਮਾਨੈ ॥੧॥
ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, ਉਸ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ ।੧।
ਮਨ ਮੂੜੇ ਦੇਖਿ ਰਹਿਓ ਪ੍ਰਭ ਸੁਆਮੀ ॥
ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ ।
ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥ ਰਹਾਉ ॥
ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ ।ਰਹਾਉ।
ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥
ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ,
ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥੨॥
ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ ।੨।
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥
(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ®ੀ ਨਾਲ ਕੁਕਰਮ ਕਰਦਾ ਹੈ ।
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥੩॥
(ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ® ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ ।੩।
ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨੁ ਓਟ ਨ ਕਾਈ ॥
(ਆਖ—) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ ।
ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥੪॥੧੫॥੨੬॥
ਹੇ ਨਾਨਕ! ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ । ਸੰਸਾਰ-ਸਮੁੰਦਰ ਵਿਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ ।੪।੧੫।੨੬।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥
(ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ ਨਾਲ ਪਿਆਰ ਬਣਾਂਦਾ ਹੈ) ਪਰਮਾਤਮਾ (ਉਸ ਦਾ) ਮਦਦਗਾਰ ਬਣ ਜਾਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਕਰਦੀ ਹੈ
ਗੁਰ ਪੂਰੇ ਕੀ ਬਾਣੀ ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥
ਹੇ ਪ੍ਰਾਣੀ! ਪੂਰੇ ਗੁਰੂ ਦੀ (ਸਿਫ਼ਤਿ-ਸਾਲਾਹ ਦੀ) ਬਾਣੀ ਸਦਾ ਪੜ੍ਹਿਆ ਕਰ, ਤੇ, ਆਤਮਕ ਆਨੰਦ ਮਾਣਿਆ ਕਰ ।੧।
ਹਰਿ ਸਾਚਾ ਸਿਮਰਹੁ ਭਾਈ ॥
ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ,
ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥ ਰਹਾਉ ॥
(ਸਿਮਰਨ ਦੀ ਬਰਕਤਿ ਨਾਲ) ਸਾਧ ਸੰਗਤਿ ਵਿਚ ਸਦਾ ਆਤਮਕ ਆਨੰਦ ਮਾਣੀਦਾ ਹੈ, ਤੇ, ਪਰਮਾਤਮਾ ਕਦੇ ਭੁੱਲਦਾ ਨਹੀਂ ।ਰਹਾਉ।
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥
ਹੇ ਸਭ ਤੋਂ ਉੱਚੇ ਮਾਲਕ! (ਪਰਮੇਸਰ!) ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ । ਜੇਹੜਾ ਮਨੁੱਖ ਤੇਰਾ ਨਾਮ ਸਿਮਰਦਾ ਹੈ ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।
ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥੨॥
ਜਿਸ ਮਨੁੱਖ ਨੂੰ ਤੇਰੀ ਮੇਹਰ ਨਾਲ (ਹੇ ਪਰਮੇਸਰ!) ਤੇਰਾ ਨਾਮ ਹਾਸਲ ਹੰੁਦਾ ਹੈ, ਉਹ ਮਨੁੱਖ ਪਵਿੱਤ® ਜੀਵਨ ਵਾਲਾ ਬਣ ਜਾਂਦਾ ਹੈ ।੨।
ਬਿਘਨ ਬਿਨਾਸਨ ਸਭਿ ਦੁਖ ਨਾਸਨ ਗੁਰ ਚਰਣੀ ਮਨੁ ਲਾਗਾ ॥
(ਹੇ ਭਾਈ! ਗੁਰੂ ਦੇ ਚਰਨ ਆਤਮਕ ਜੀਵਨ ਦੇ ਰਾਹ ਵਿਚੋਂ ਸਾਰੀਆਂ) ਰੁਕਾਵਟਾਂ ਨਾਸ ਕਰਨ ਵਾਲੇ ਹਨ, ਸਾਰੇ ਦੁੱਖ ਦੂਰ ਕਰਨ ਵਾਲੇ ਹਨ,
ਗੁਣ ਗਾਵਤ ਅਚੁਤ ਅਬਿਨਾਸੀ ਅਨਦਿਨੁ ਹਰਿ ਰੰਗਿ ਜਾਗਾ ॥੩॥
ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਪਰਚਦਾ ਹੈ, ਉਹ ਮਨੁੱਖ ਹਰ ਵੇਲੇ ਅਬਿਨਾਸੀ ਤੇ ਅਟੱਲ ਪਰਮਾਤਮਾ ਦੇ ਗੁਣ ਗਾਂਦਾ ਗਾਂਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਲੀਨ ਹੋ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ ।੩।
ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਤਮਕ ਆਨੰਦ ਦੇਣ ਵਾਲੀ ਹੈ (ਸਿਫ਼ਤਿ-ਸਾਲਾਹ ਕਰਨ ਵਾਲਾ ਮਨੁੱਖ) ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਜਿਨ੍ਹਾਂ ਦੀ ਕਾਮਨਾ ਉਸ ਦਾ ਮਨ ਕਰਦਾ ਹੈ ।
ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
ਹੇ ਭਾਈ! (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਪਰਮਾਤਮਾ ਨਾਨਕ ਵਾਸਤੇ ਸਦਾ ਦਾ ਮਦਦਗਾਰ ਬਣ ਗਿਆ ਹੈ ।੪।੧੬।੨੭।
ਸੋਰਠਿ ਮਹਲਾ ੫ ਪੰਚਪਦਾ ॥
ਸੋਰਠਿ ਪੰਜਵੀਂ ਪਾਤਿਸ਼ਾਹੀ। ਪੰਚਪਦਾ।
ਬਿਨਸੈ ਮੋਹੁ ਮੇਰਾ ਅਰੁ ਤੇਰਾ ਬਿਨਸੈ ਅਪਨੀ ਧਾਰੀ ॥੧॥
(ਜਿਸ ਇਲਾਜ ਨਾਲ ਮੇਰੇ ਅੰਦਰੋਂ) ਮੋਹ ਨਾਸ ਹੋ ਜਾਏ, ਮੇਰ-ਤੇਰ ਵਾਲਾ ਵਿਤਕਰਾ ਦੂਰ ਹੋ ਜਾਏ, ਮੇਰੀ ਮਾਇਆ-ਨਾਲ-ਪਕੜ ਖ਼ਤਮ ਹੋ ਜਾਏ ।੧।;
ਸੰਤਹੁ ਇਹਾ ਬਤਾਵਹੁ ਕਾਰੀ ॥
ਹੇ ਸੰਤ ਜਨੋ! (ਮੈਨੂੰ ਕੋਈ) ਇਹੋ ਜਿਹਾ ਇਲਾਜ ਦੱਸੋ,
ਜਿਤੁ ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥
ਜਿਸ ਨਾਲ ਮੈਂ (ਆਪਣਾ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਸਕਾਂ, ।ਰਹਾਉ।;
ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ ਹੋਵਾਂ ਸਗਲ ਰੇਨਾਰੀ ॥੨॥
(ਜਿਸ ਇਲਾਜ ਨਾਲ) ਪਰਮਾਤਮਾ ਸਾਰੇ ਜੀਵਾਂ ਵਿਚ ਵੱਸਦਾ ਮੰਨਿਆ ਜਾ ਸਕੇ, ਤੇ, ਮੈਂ ਸਭਨਾਂ ਦੀ ਚਰਨ-ਧੂੜ ਬਣਿਆ ਰਹਾਂ ।੨।;
ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥੩॥
(ਜਿਸ ਇਲਾਜ ਨਾਲ) ਪਰਮਾਤਮਾ ਆਪਣੇ ਅੰਗ-ਸੰਗ ਵੇਖਿਆ ਜਾ ਸਕੇ, ਤੇ, (ਮੇਰੇ ਅੰਦਰੋਂ) ਮਾਇਆ ਦੀ ਖ਼ਾਤਰ ਭਟਕਣਾ ਵਾਲੀ ਕੰਧ ਦੂਰ ਹੋ ਜਾਏ (ਜੋ ਪਰਮਾਤਮਾ ਨਾਲੋਂ ਵਿੱਥ ਪਾ ਰਹੀ ਹੈ) ।੩।
ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥੪॥
(ਹੇ ਭਾਈ!) ਉਹ ਦਵਾਈ ਤਾਂ ਪਰਮਾਤਮਾ ਦਾ ਨਾਮ ਹੀ ਹੈ, ਆਤਮਕ ਜੀਵਨ ਦੇਣ ਵਾਲਾ ਪਵਿਤ® ਨਾਮ-ਜਲ ਹੀ ਹੈ । ਇਹ ਨਾਮ ਗੁਰੂ ਦੇ ਦਰ ਤੋਂ ਮਿਲਦਾ ਹੈ ।੪।
ਕਹੁ ਨਾਨਕ ਜਿਸੁ ਮਸਤਕਿ ਲਿਖਿਆ ਤਿਸੁ ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥
ਹੇ ਨਾਨਕ! ਆਖ—ਜਿਸ ਮਨੁੱਖ ਦੇ ਮੱਥੇ ਉੱਤੇ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੋਵੇ, (ਉਸ ਨੂੰ ਗੁਰੂ ਪਾਸੋਂ ਮਿਲਦਾ ਹੈ), ਗੁਰੂ ਨੂੰ ਮਿਲ ਕੇ ਉਸ ਦੇ ਰੋਗ ਕੱਟੇ ਜਾਂਦੇ ਹਨ ।੫।੧੭।੨੮।