Sri Guru Granth Sahib Ji — Ang 613 (punjabi)
ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ ।
ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥
ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ ।੨।
ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ ।
ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥
ਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ ।੩।
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥
(ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ, ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ ।
ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ ।੪।੪।੧੫।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥
(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ,
ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥
ਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ।੧।
ਹਰਿ ਜਨ ਕਉ ਇਹੀ ਸੁਹਾਵੈ ॥
ਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ ।
ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥
(ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ।ਰਹਾਉ।
ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥
ਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ,
ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥
ਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ । ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ।੨।
ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥
ਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ ।
ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥
ਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ।੩।
ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥
ਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ ।
ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥
ਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ।੪।੫।੧੬।
ਸੋਰਠਿ ਮਹਲਾ ੫ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
ਹੇ ਪ੍ਰਭੂ! ਅਸੀ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ । ਅਸੀ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ ।
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥
ਅਸੀ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ ।੧।
ਮਾਧੋ ਹਮ ਐਸੇ ਤੂ ਐਸਾ ॥
ਹੇ ਪ੍ਰਭੂ! ਅਸੀ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ ।
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥
ਅਸੀ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ । ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ।ਰਹਾਉ।
ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
ਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ ।
ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥
ਹੇ ਮੇਹਰਵਾਨ! ਅਸੀ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ । ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ ।੨।
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥
ਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ । ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ ।
ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥
ਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ ।੩।
ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
ਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ । ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ । ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ ।
ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥
ਹੇ ਨਾਨਕ! ਆਖ—(ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ । ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ ।੪।੬।੧੭।
ਸੋਰਠਿ ਮਹਲਾ ੫ ਘਰੁ ੨ ॥
ਸੋਰਠਿ ਪੰਜਵੀਂ ਪਾਤਿਸ਼ਾਹੀ।
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥
ਹੇ (ਸੰਸਾਰ-ਸਮੰੁਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ ।
ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥
(ਵਿਕਾਰਾਂ ਦੀ) ਅੱਗ ਦੇ ਸਮੰੁਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ ।੧।
ਮਾਧੌ ਤੂ ਠਾਕੁਰੁ ਸਿਰਿ ਮੋਰਾ ॥
ਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ।
ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥
ਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ ।ਰਹਾਉ।
ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥
ਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ ।
ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ ।੨।
ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥
ਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ ।
ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥
ਹੇ ਅਪਹੰੁਚ! ਹੇ ਬੇਅੰਤ । ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ ।੩।