Sri Guru Granth Sahib Ji — Ang 598 (punjabi)
ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥
ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ ।
ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥੩॥
ਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੰੁਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ ।੩।
ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁੜਿ ਨ ਗਰਭ ਮਝਾਰੀ ਜੀਉ ॥
ਹੇ ਸਤਿਗੁਰੂ! ਮਾਇਆ ਦੇ ਬੰਧਨ ਤੋੜ ਕੇ ਜਿਨ੍ਹਾਂ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।
ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ ।੪।੮।
ਸੋਰਠਿ ਮਹਲਾ ੧ ॥
ਸੋਰਠਿ ਪਹਿਲੀ ਪਾਤਿਸ਼ਾਹੀ।
ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥
(ਹੇ ਭਾਈ!) ਜਿਸ ਅੰਮ੍ਰਿਤ ਦੇ ਖ਼ਜ਼ਾਨੇ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥
ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ, ਮਨ ਦੀ ਚਲਾਕੀ ਭੀ ਛੱਡੋ (ਬਾਹਰੋਂ ਸ਼ਕਲ ਧਰਮੀਆਂ ਵਾਲੀ, ਤੇ ਅੰਦਰ ਦੁਨੀਆ ਨੂੰ ਠੱਗਣ ਦੀ ਚਲਾਕੀ) ਇਸ ਦੋ-ਰੁਖ਼ੀ ਚਾਲ ਵਿਚ ਪਿਆਂ ਇਹ ਅੰਮ੍ਰਿਤ-ਫਲ ਨਹੀਂ ਮਿਲ ਸਕਦਾ ।੧।
ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥
ਹੇ ਮੇਰੇ ਮਨ! (ਅੰਦਰ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹੁ, (ਵੇਖੀਂ, ਨਾਮ-ਅੰਮ੍ਰਿਤ ਦੀ ਭਾਲ ਵਿਚ) ਕਿਤੇ ਬਾਹਰ ਨਾਹ ਭਟਕਦਾ ਫਿਰੀਂ । ਜੇ ਤੂੰ ਬਾਹਰ ਢੂੰਢਣ ਤੁਰ ਪਿਆ, ਤਾਂ ਬਹੁਤ ਦੁੱਖ ਪਾਏਂਗਾ ।
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥
ਅਟੱਲ ਆਤਮਕ ਜੀਵਨ ਦੇਣ ਵਾਲਾ ਰਸ ਤੇਰੇ ਘਰ ਵਿਚ ਹੀ ਹੈ, ਹਿਰਦੇ ਵਿਚ ਹੀ ਹੈ ।ਰਹਾਉ।
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥
(ਹੇ ਭਾਈ!) ਔਗੁਣ ਛੱਡ ਕੇ ਗੁਣ ਹਾਸਲ ਕਰਨ ਦਾ ਜਤਨ ਕਰੋ । ਜੇ ਔਗੁਣ ਹੀ ਕਰਦੇ ਰਹੋਗੇ ਤਾਂ ਪਛੁਤਾਣਾ ਪਏਗਾ ।
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥੨॥
(ਹੇ ਮਨ!) ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿਚ ਡੁੱਬ ਰਿਹਾ ਹੈਂ, ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ ।੨।
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥
(ਹੇ ਭਾਈ!) ਜੇ ਅੰਦਰ (ਮਨ ਵਿਚ) ਲੋਭ ਦੀ ਮੈਲ ਹੈ (ਤੇ ਲੋਭ-ਅਧੀਨ ਹੋ ਕੇ) ਕਈ ਠੱਗੀ ਦੇ ਕੰਮ ਕਰਦੇ ਹੋ, ਤਾਂ ਬਾਹਰ (ਤੀਰਥ ਆਦਿਕਾਂ ਤੇ) ਇਸ਼ਨਾਨ ਕਰਨ ਦਾ ਕੀਹ ਲਾਭ?
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥੩॥
ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ, ਜੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਸਦਾ ਪ੍ਰਭੂ ਦਾ ਪਵਿਤ® ਨਾਮ ਜਪੋਗੇ ।੩।
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥
(ਹੇ ਮਨ!) ਲੋਭ ਛੱਡ, ਨਿੰਦਿਆ ਤੇ ਝੂਠ ਤਿਆਗ । ਗੁਰੂ ਦੇ ਬਚਨਾਂ ਤੇ ਤੁਰਿਆਂ ਹੀ ਸਦਾ-ਥਿਰ ਰਹਿਣ ਵਾਲਾ ਅੰਮ੍ਰਿਤ-ਫਲ ਮਿਲੇਗਾ ।
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥੪॥੯॥
ਹੇ ਦਾਸ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਕੇ ਆਖ—) ਹੇ ਹਰੀ! ਜਿਵੇਂ ਤੇਰੀ ਰਜ਼ਾ ਹੈ ਤਿਵੇਂ ਮੈਨੂੰ ਰੱਖ (ਪਰ ਇਹ ਮਿਹਰ ਕਰ ਕਿ ਗੁਰੂ ਦੇ) ਸ਼ਬਦ ਵਿਚ ਜੁੜ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ।੪।੯।
ਸੋਰਠਿ ਮਹਲਾ ੧ ਪੰਚਪਦੇ ॥
ਸੋਰਠਿ ਪਹਿਲੀ ਪਾਤਿਸ਼ਾਹੀ। ਪੰਚਪਦੇ।
ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥
ਹੇ ਮਨ! ਤੇਰਾ ਆਪਣਾ ਆਤਮਕ ਜੀਵਨ ਲੁੱਟਿਆ ਜਾ ਰਿਹਾ ਹੈ ਉਸ ਨੂੰ ਤੂੰ ਬਚਾ ਨਹੀਂ ਸਕਦਾ, ਪਰਾਏ ਐਬ ਕਿਉਂ ਫੋਲਦਾ ਫਿਰਦਾ ਹੈਂ?
ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥੧॥
ਆਪਣਾ ਘਰ ਬਾਰ (ਲੁੱਟੇ ਜਾਣ ਤੋਂ ਤਦੋਂ ਹੀ) ਬਚਾ ਸਕੇਂਗਾ ਜੇ ਤੂੰ ਪ੍ਰਭੂ ਦੇ ਨਾਮ ਦਾ ਸੁਆਦ ਚੱਖੇਂਗਾ (ਨਾਮ-ਰਸ ਉਹੀ) ਸੇਵਕ (ਚੱਖਦਾ ਹੈ) ਜੋ ਗੁਰੂ ਦੇ ਸਨਮੁਖ ਰਹਿ ਕੇ (ਸੇਵਾ ਵਿਚ) ਲੱਗਦਾ ਹੈ ।੧।
ਮਨ ਰੇ ਸਮਝੁ ਕਵਨ ਮਤਿ ਲਾਗਾ ॥
ਹੇ ਮਨ! ਹੋਸ਼ ਕਰ, ਕਿਸ ਭੈੜੀ ਮਤ ਵਿਚ ਲਗ ਪਿਆ ਹੈਂ?
ਨਾਮੁ ਵਿਸਾਰਿ ਅਨ ਰਸ ਲੋਭਾਨੇ ਫਿਰਿ ਪਛੁਤਾਹਿ ਅਭਾਗਾ ॥ ਰਹਾਉ ॥
ਹੇ ਭਾਗ-ਹੀਣ! ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਹੋਰ ਸੁਆਦਾਂ ਵਿਚ ਮਸਤ ਹੋ ਰਿਹਾ ਹੈਂ, (ਵੇਲਾ ਬੀਤ ਜਾਣ ਤੇ) ਫਿਰ ਪਛਤਾਵੇਂਗਾ ।ਰਹਾਉ।
ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥
ਹੇ ਮਨ! ਤੂੰ ਆਉਂਦੇ ਧਨ ਨੂੰ ਵੇਖ ਕੇ ਖ਼ੁਸ਼ ਹੰੁਦਾ ਹੈਂ, ਜਾਂਦੇ ਨੂੰ ਵੇਖ ਕੇ ਰੋਂਦਾ ਹੈਂ, ਇਹ ਦੁੱਖ ਤੇ ਸੁਖ ਤੇਰੇ ਨਾਲ ਹੀ ਚੰਬੜਿਆ ਚਲਿਆ ਆ ਰਿਹਾ ਹੈ (ਪਰ ਤੇਰੇ ਭੀ ਕੀਹ ਵੱਸ?)
ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥੨॥
ਪ੍ਰਭੂ ਆਪ ਹੀ (ਜੀਵ ਨੂੰ ਉਸ ਦੇ ਕੀਤੇ ਕਰਮਾਂ ਅਨੁਸਾਰ) ਦੁੱਖਾਂ ਤੇ ਸੁਖਾਂ ਦੇ ਭੋਗ ਵਿਚ ਰੁਝਾ ਕੇ (ਦੁੱਖ ਸੁਖ) ਭੋਗਾਂਦਾ ਹੈ । (ਸਿਰਫ਼) ਉਹ ਮਨੁੱਖ ਨਿਰਮੋਹ ਰਹਿੰਦਾ ਹੈ ਜੋ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ ।੨।
ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥
(ਹੇ ਮਨ!) ਪਰਮਾਤਮਾ ਦੇ ਨਾਮ ਦੇ ਰਸ ਤੋਂ ਵਧੀਆ ਹੋਰ ਕੋਈ ਰਸ ਕਿਹਾ ਨਹੀਂ ਜਾ ਸਕਦਾ । ਜਿਸ ਮਨੁੱਖ ਨੇ ਇਹ ਰਸ ਪੀਤਾ ਹੈ ਉਹ (ਦੁਨੀਆ ਦੇ ਹੋਰ ਰਸਾਂ ਵਲੋਂ) ਰੱਜ ਜਾਂਦਾ ਹੈ ।
ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥੩॥
ਪਰ ਜਿਸ ਮਨੁੱਖ ਨੇ ਮਾਇਆ ਦੇ ਮੋਹ ਵਿਚ ਫਸ ਕੇ ਇਹ (ਨਾਮ-) ਰਸ ਗਵਾ ਲਿਆ ਹੈ ਉਹ ਮਾਇਆ-ਵੇੜ੍ਹੇ ਬੰਦਿਆਂ ਦੀ ਭੈੜੀ ਮਤਿ ਵਿਚ ਜਾ ਲੱਗਦਾ ਹੈ ।੩।
ਮਨ ਕਾ ਜੀਉ ਪਵਨਪਤਿ ਦੇਹੀ ਦੇਹੀ ਮਹਿ ਦੇਉ ਸਮਾਗਾ ॥
ਜੋ ਪ੍ਰਕਾਸ਼-ਰੂਪ ਪਰਮਾਤਮਾ ਸਾਡੇ ਮਨ ਦਾ ਸਹਾਰਾ ਹੈ, ਪ੍ਰਾਣਾਂ ਦਾ ਮਾਲਕ ਹੈ, ਸਰੀਰ ਦਾ ਮਾਲਕ ਹੈ ਉਹ ਸਾਡੇ ਸਰੀਰ ਵਿਚ ਹੀ ਮੌਜੂਦ ਹੈ (ਪਰ ਸਾਨੂੰ ਇਹ ਸਮਝ ਨਹੀਂ ਪੈਂਦੀ, ਅਸੀ ਬਾਹਰ ਹੀ ਭਟਕਦੇ ਰਹਿੰਦੇ ਹਾਂ) ।
ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥੪॥
ਹੇ ਪ੍ਰਭੂ! ਜੇ ਤੂੰ ਆਪ ਮੈਨੂੰ ਆਪਣੇ ਨਾਮ ਦਾ ਰਸ ਬਖ਼ਸ਼ੇ ਤਾਂ ਹੀ ਮੈਂ ਤੇਰੇ ਗੁਣ ਗਾ ਸਕਦਾ ਹਾਂ । ਜਿਸ ਮਨੁੱਖ ਦੀ ਸੁਰਤਿ ਹਰੀ-ਸਿਮਰਨ ਵਿਚ ਜੁੜਦੀ ਹੈ ਉਸ ਦਾ ਮਨ ਮਾਇਆ ਵਲੋਂ ਰੱਜ ਜਾਂਦਾ ਹੈ ।੪।
ਸਾਧਸੰਗਤਿ ਮਹਿ ਹਰਿ ਰਸੁ ਪਾਈਐ ਗੁਰਿ ਮਿਲਿਐ ਜਮ ਭਉ ਭਾਗਾ ॥
ਸਾਧ ਸੰਗਤਿ ਵਿਚ ਹੀ ਪਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਸਕਦਾ ਹੈ (ਸਾਧ ਸੰਗਤਿ ਵਿਚ) ਜੇ ਗੁਰੂ ਮਿਲ ਪਏ ਤਾਂ ਮੌਤ ਦਾ (ਭੀ) ਡਰ ਦੂਰ ਹੋ ਜਾਂਦਾ ਹੈ ।
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥੫॥੧੦॥
ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਚੰਗਾ ਲੇਖ ਉੱਘੜ ਪਏ, ਉਹ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਨਾਲ ਮਿਲਾਪ ਹਾਸਲ ਕਰ ਲੈਂਦਾ ਹੈ ।੫।੧੦।
ਸੋਰਠਿ ਮਹਲਾ ੧ ॥
ਸੋਰਠਿ ਪਹਿਲੀ ਪਾਤਿਸ਼ਾਹੀ।
ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥
ਧੁਰੋਂ (ਪਰਮਾਤਮਾ ਦੀ ਰਜ਼ਾ ਅਨੁਸਾਰ) ਹੀ ਸਭ ਜੀਵਾਂ ਦੇ ਮੱਥੇ ਉਤੇ (ਆਪੋ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ) ਲੇਖ (ਉੱਕਰਿਆ ਪਿਆ) ਹੈ । ਕੋਈ ਜੀਵ ਐਸਾ ਨਹੀਂ ਹੈ ਜਿਸ ਉਤੇ ਇਸ ਲੇਖ ਦਾ ਪ੍ਰਭਾਵ ਨਾਹ ਹੋਵੇ ।
ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥੧॥
ਸਿਰਫ਼ ਪਰਮਾਤਮਾ ਆਪ ਇਸ (ਕਰਮ-) ਲੇਖ ਤੋਂ ਸੁਤੰਤ® ਹੈ ਜੋ ਇਸ ਕੁਦਰਤਿ ਨੂੰ ਰਚ ਕੇ ਇਸ ਦੀ ਸੰਭਾਲ ਕਰਦਾ ਹੈ, ਤੇ ਆਪਣੇ ਹੁਕਮ ਵਿਚ (ਜਗਤ-ਕਾਰ) ਚਲਾ ਰਿਹਾ ਹੈ ।੧।
ਮਨ ਰੇ ਰਾਮ ਜਪਹੁ ਸੁਖੁ ਹੋਈ ॥
ਹੇ ਮੇਰੇ ਮਨ! ਸਦਾ ਰਾਮ ਦਾ ਨਾਮ ਜਪੋ, (ਨਾਮ ਜਪਣ ਨਾਲ) ਆਤਮਕ ਸੁਖ ਮਿਲੇਗਾ ।
ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥ ਰਹਾਉ ॥
ਦਿਨ ਰਾਤ ਉਸ ਸਭ ਤੋਂ ਵੱਡੇ ਮਾਲਕ ਦੇ ਚਰਨਾਂ ਦਾ ਧਿਆਨ ਧਰੋ, ਉਹ ਹਰੀ (ਆਪ ਹੀ ਸਭ ਜੀਵਾਂ ਨੂੰ ਦਾਤਾਂ) ਦੇਣ ਵਾਲਾ ਹੈ, (ਆਪ ਹੀ ਸਭ ਵਿਚ ਵਿਆਪਕ ਹੋ ਕੇ) ਭੋਗਣ ਵਾਲਾ ਹੈ ।ਰਹਾਉ।