Sri Guru Granth Sahib Ji — Ang 574 (punjabi)
ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ਰਾਮ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ, ਉਹਨਾਂ ਦਾ ਜਨਮ ਬੇ-ਫ਼ਾਇਦਾ ਗਿਆ,
ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ॥
ਉਹਨਾਂ ਨੇ ਸਾਰਾ ਮਨੁੱਖਾ ਜੀਵਨ ਵਿਅਰਥ ਗਵਾ ਲਿਆ । ਉਹਨਾਂ ਨੇ ਆਪਣਾ ਜਨਮ ਵਿਅਰਥ ਅਕਾਰਥ ਗਵਾ ਲਿਆ,
ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ॥
ਪਰਮਾਤਮਾ ਨਾਲੋਂ ਟੁੱਟੇ ਹੋਏ ਉਹ ਮਨੁੱਖ ਆਤਮਕ ਮੌਤੇ ਮਰ ਗਏ, ਆਤਮਕ ਮੌਤ ਸਹੇੜ ਕੇ ਉਹ (ਸਾਰੀ ਉਮਰ) ਦੁੱਖੀ ਹੀ ਰਹੇ ।
ਘਰਿ ਹੋਦੈ ਰਤਨਿ ਪਦਾਰਥਿ ਭੂਖੇ ਭਾਗਹੀਣ ਹਰਿ ਦੂਰੇ ॥
ਹਿਰਦੇ-ਘਰ ਵਿਚ ਕੀਮਤੀ ਨਾਮ-ਰਤਨ ਹੁੰਦਿਆਂ ਭੀ ਉਹ ਬਦ-ਨਸੀਬ ਮਰੂੰ-ਮਰੂੰ ਕਰਦੇ ਰਹੇ, ਤੇ, ਪਰਮਾਤਮਾ ਤੋਂ ਵਿਛੁੜੇ ਰਹੇ ।
ਹਰਿ ਹਰਿ ਤਿਨ ਕਾ ਦਰਸੁ ਨ ਕਰੀਅਹੁ ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ,
ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰ ਪੁਰਖ ਨ ਪਾਇਆ ॥੩॥
ਜਿਨ੍ਹਾਂ ਨੇ ਗੁਰੂ ਮਹਾਪੁਰਖ ਦਾ ਦਰਸਨ ਨਹੀਂ ਕੀਤਾ, ਰੱਬ ਕਰ ਕੇ ਤੁਸਾਂ ਉਹਨਾਂ ਦਾ ਦਰਸਨ ਨਾਹ ਕਰਨਾ ।੩।
ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ਰਾਮ ॥
(ਹੇ ਭਾਈ! ਪਰਮਾਤਮਾ ਸਾਡਾ ਬੱਦਲ ਹੈ) ਅਸੀ ਨਿਮਾਣੇ ਪਪੀਹੇ ਹਾਂ (ਮੈਂ ਨਿਮਾਣਾ ਪਪੀਹਾ ਹਾਂ), ਮੈਂ ਨਿਮਾਣਾ ਪਪੀਹਾ ਹਾਂ), ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ
ਗੁਰ ਮਿਲਿ ਗੁਰ ਮੇਲਿ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ ਰਾਮ ॥
ਕਿ ਮੈਨੂੰ ਮੇਰਾ ਪਿਆਰਾ ਗੁਰੂ ਮਿਲਾ, ਗੁਰੂ ਸਤਿਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੀ ਭਗਤੀ ਕਰਾਂਗਾ ।
ਹਰਿ ਹਰਿ ਸਤਿਗੁਰ ਕਰਹ ਭਗਤੀ ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥
ਹੇ ਭਾਈ! ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਭਗਤੀ ਅਸੀ ਤਦੋਂ ਹੀ ਕਰ ਸਕਦੇ ਹਾਂ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ।
ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮੑਾਰੇ ॥
ਗੁਰੂ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ, ਗੁਰੂ ਹੀ ਮੇਰੀ ਜ਼ਿੰਦਗੀ (ਦਾ ਆਸਰਾ) ਹੈ ।
ਕਹੁ ਨਾਨਕ ਗੁਰਿ ਨਾਮੁ ਦ੍ਰਿੜ੍ਹਾਇਆ ਹਰਿ ਹਰਿ ਨਾਮੁ ਹਰਿ ਸਤੀ ॥
ਹੇ ਨਾਨਕ! ਆਖ—ਗੁਰੂ ਨੇ ਹੀ ਪਰਮਾਤਮਾ ਦਾ ਸਦਾ ਕਾਇਮ ਰਹਿਣ ਵਾਲਾ ਨਾਮ (ਮੇਰੇ) ਹਿਰਦੇ ਵਿਚ ਪੱਕਾ ਕੀਤਾ ਹੈ ।
ਹਮ ਚਾਤ੍ਰਿਕ ਹਮ ਚਾਤ੍ਰਿਕ ਦੀਨ ਹਰਿ ਪਾਸਿ ਬੇਨੰਤੀ ॥੪॥੩॥
ਮੈਂ ਪਪੀਹਾ ਹਾਂ (ਪਰਮਾਤਮਾ ਮੇਰਾ ਬੱਦਲ ਹੈ) ਮੈਂ ਪਰਮਾਤਮਾ ਪਾਸ ਬੇਨਤੀ ਕਰਦਾ ਹਾਂ (ਕਿ ਮੈਨੂੰ ਗੁਰੂ ਮਿਲਾ) ।੪।੩।
ਵਡਹੰਸੁ ਮਹਲਾ ੪ ॥
ਵਡਹੰਸ ਚੌਥੀ ਪਾਤਿਸ਼ਾਹੀ।
ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥
ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ, ਮੈਂ ਗੁਰੂ ਪਾਸੋਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ ।
ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥
ਜਿਸ ਗੁਰੂ ਨੇ ਪਰਮਾਤਮਾ ਦਾ ਅਮੋਲਕ ਨਾਮ-ਰਤਨ ਹਾਸਲ ਕੀਤਾ ਹੋਇਆ ਹੈ ਉਸ ਗੁਰੂ ਪਾਸੋਂ ਮੈਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ ।
ਸਤਿਗੁਰ ਪਾਸਿ ਹਰਿ ਬਾਤ ਪੂਛਹ ਜਿਨਿ ਨਾਮੁ ਪਦਾਰਥੁ ਪਾਇਆ ॥
ਜਿਸ ਗੁਰੂ ਨੇ (ਕੁਰਾਹੇ ਪਏ ਜਗਤ ਨੂੰ ਜੀਵਨ ਦਾ ਸਹੀ) ਰਸਤਾ ਦੱਸਿਆ ਹੈ
ਪਾਇ ਲਗਹ ਨਿਤ ਕਰਹ ਬਿਨੰਤੀ ਗੁਰਿ ਸਤਿਗੁਰਿ ਪੰਥੁ ਬਤਾਇਆ ॥
ਮੈਂ ਉਸ ਗੁਰੂ ਦੀ ਸਦਾ ਚਰਨੀਂ ਲੱਗਾਂਗਾ, ਮੈਂ ਉਸ ਗੁਰੂ ਅੱਗੇ ਬੇਨਤੀ ਕਰਾਂਗਾ (ਕਿ ਮੈਨੂੰ ਭੀ ਜੀਵਨ-ਰਸਤਾ ਦੱਸ) ।
ਸੋਈ ਭਗਤੁ ਦੁਖੁ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥
ਉਹ (ਗੁਰੂ) ਹੀ (ਅਸਲ) ਭਗਤ ਹੈ, ਗੁਰੂ ਦੁਖ ਤੇ ਸੁਖ ਨੂੰ ਇਕੋ ਜਿਹਾ ਕਰ ਕੇ ਜਾਣਦਾ ਹੈ, ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ ।
ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥੧॥
ਹੇ ਹਰੀ! ਮੇਹਰ ਕਰ, ਮੈਨੂੰ ਆਤਮਕ ਆਨੰਦ ਦੇਣ ਵਾਲਾ ਗੁਰੂ ਮਿਲਾ ।੧।
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ) ਸੁਣ, (ਜੇਹੜਾ ਮਨੁੱਖ ਨਾਮ ਸੁਣਦਾ ਹੈ) ਨਾਮ ਦੀ ਰਾਹੀਂ ਉਸ ਦੇ ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ।
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਜਗਤ ਵਿਚ (ਜਿਤਨੇ ਭੀ) ਦੁੱਖ-ਕਲੇਸ਼ (ਹਨ ਉਹ ਸਾਰੇ) ਲਹਿ ਜਾਂਦੇ ਹਨ ।
ਹਰਿ ਹਰਿ ਨਾਮੁ ਜਿਨੀ ਆਰਾਧਿਆ ਤਿਨ ਕੇ ਦੁਖ ਪਾਪ ਨਿਵਾਰੇ ॥
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ, (ਨਾਮ) ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਕਰ ਦੇਂਦਾ ਹੈ ।
ਸਤਿਗੁਰਿ ਗਿਆਨ ਖੜਗੁ ਹਥਿ ਦੀਨਾ ਜਮਕੰਕਰ ਮਾਰਿ ਬਿਦਾਰੇ ॥
ਗੁਰੂ ਨੇ (ਜਿਸ ਮਨੁੱਖ ਦੇ) ਹੱਥ ਵਿਚ ਆਤਮਕ ਜੀਵਨ ਦੀ ਸੂਝ ਦਾ ਖੰਡਾ ਫੜਾ ਦਿੱਤਾ ਉਸ ਨੇ ਜਮਰਾਜ ਦੇ ਦੂਤ ਮਾਰ ਕੇ ਮੁਕਾ ਦਿੱਤੇ (ਮੌਤ ਦਾ, ਆਤਮਕ ਮੌਤ ਦਾ ਖ਼ਤਰਾ ਮੁਕਾ ਲਿਆ) ।
ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੁਖ ਲਾਥੇ ਪਾਪ ਸੰਤਾਪਾ ॥
ਸੁਖਾਂ ਦੇ ਦਾਤੇ ਹਰੀ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਕੀਤੀ, ਉਸ ਦੇ ਸਾਰੇ ਦੁੱਖ ਪਾਪ ਕਲੇਸ਼ ਲਹਿ ਗਏ ।
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥੨॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰ (ਜੇਹੜਾ ਸੁਣਦਾ ਹੈ ਉਸ ਦੇ) ਹਉਮੈ ਆਦਿਕ ਸਾਰੇ ਪਾਪ ਨਾਸ ਹੋ ਜਾਂਦੇ ਹਨ ।੨।
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ ॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ, ਮੇਰੇ ਮਨ ਵਿਚ (ਤਾਂ) ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ।
ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ ॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੂੰਹ ਨਾਲ ਹਰਿ-ਨਾਮ ਜਪਿਆ ਕਰ, ਇਹ ਹਰਿ-ਨਾਮ ਸਾਰੇ ਰੋਗ ਦੂਰ ਕਰ ਦੇਂਦਾ ਹੈ ।
ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ ॥
ਗੁਰੂ ਦੀ ਰਾਹੀਂ ਹਰਿ-ਨਾਮ ਜਪਿਆ ਕਰ, ਇਹ ਹਰਿ-ਨਾਮ ਸਾਰੇ ਰੋਗ ਦੂਰ ਕਰ ਦੇਂਦਾ ਹੈ, ਸਰੀਰ ਨਰੋਆ ਹੋ ਜਾਂਦਾ ਹੈ ।
ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ ॥
ਡੂੰਘੇ ਤੇ ਵੱਡੇ ਜਿਗਰੇ ਵਾਲੇ ਹਰੀ ਦਾ ਨਾਮ ਜਪਿਆਂ ਹਰ ਵੇਲੇ ਆਤਮਕ ਅਡੋਲਤਾ ਵਿਚ ਸੁਰਤਿ ਜੁੜੀ ਰਹਿੰਦੀ ਹੈ ।
ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥
ਉੱਚੀ ਜਾਤਿ ਦੇ ਹੋਣ ਚਾਹੇ ਨੀਵੀਂ ਜਾਤਿ ਦੇ, ਜਿਨ੍ਹਾਂ ਨੇ ਹਰੀ-ਨਾਮ ਸਿਮਰਿਆ ਹੈ ਉਹਨਾਂ ਨੇ ਇਹ ਸਭ ਤੋਂ ਸੇ੍ਰਸ਼ਟ (ਨਾਮ-) ਪਦਾਰਥ ਹਾਸਲ ਕਰ ਲਿਆ ਹੈ ।
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥੩॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਿਆ ਕਰ । ਮੇਰੇ ਮਨ ਵਿਚ (ਤਾਂ) ਪਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ।੩।