Sri Guru Granth Sahib Ji — Ang 568 (punjabi)
ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ ॥
ਉਹ ਪ੍ਰਭੂ ਹੀ ਹਰੇਕ ਜੁਗ ਵਿਚ (ਜੀਊਂਦਾ-ਜਾਗਦਾ) ਪ੍ਰਸਿੱਧ ਹੈ ।
ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥
ਜੇਹੜੀ ਜੀਵ-ਇਸਤ®ੀ ਬਾਲ-ਸੁਭਾਵ ਹੋ ਕੇ ਭੋਲੇ ਸੁਭਾਵ ਵਾਲੀ ਬਣ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਉਸ ਪ੍ਰਭੂ-ਪਤੀ ਨੂੰ ਯਾਦ ਕਰਦੀ ਰਹਿੰਦੀ ਹੈ, ਉਸ ਨੂੰ ਉਹ ਸਿਰਜਣਹਾਰ ਮਿਲ ਪੈਂਦਾ ਹੈ ।
ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ ॥
ਹੇ ਜਿੰਦੇ! ਜਿਸ ਜੀਵ-ਇਸਤ®ੀ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ ਹੈ, ਜਿਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨੀ ਸ਼ੁਰੂ ਕਰ ਦਿੱਤੀ, ਉਹ ਉਸ ਸਰੋਵਰ-ਪ੍ਰਭੂ ਵਿਚ ਹਰ ਵੇਲੇ ਚੁੱਭੀ ਲਾਈ ਰੱਖਦੀ ਹੈ ।
ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥੨॥
ਹੇ ਨਾਨਕ! (ਆਖ—) ਉਹੀ ਜੀਵ-ਇਸਤ®ੀ ਪ੍ਰਭੂ-ਪਤੀ ਨੂੰ ਪਿਆਰੀ ਲੱਗਦੀ ਹੈ ਜੇਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਹਰ ਵੇਲੇ ਉਸ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ ।੨।
ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ ॥
ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਜਾ ਕੇ (ਉਹਨਾਂ) ਸੁਹਾਗਣਾਂ ਪਾਸੋਂ (ਜੀਵਨ-ਜੁਗਤਿ) ਪੁੱਛ, ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ ।
ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ ॥
ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ-ਭਾਵ ਦੂਰ ਨਹੀਂ ਕੀਤਾ ਉਹਨਾਂ ਨੇ ਪ੍ਰਭੂ ਦੀ ਰਜ਼ਾ (ਵਿਚ ਤੁਰਨ ਦੀ ਜਾਚ) ਨਹੀਂ ਸਿੱਖੀ ।
ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ ॥
ਜਿਨ੍ਹਾਂ ਨੇ ਆਪਾ-ਭਾਵ ਦੂਰ ਕਰ ਲਿਆ, ਉਹਨਾਂ ਨੇ (ਆਪਣੇ ਅੰਦਰ ਹੀ) ਪ੍ਰਭੂ-ਪਤੀ ਨੂੰ ਲੱਭ ਲਿਆ, ਪ੍ਰਭੂ-ਪਤੀ ਪੇ੍ਰਮ ਨਾਲ ਉਹਨਾਂ ਨੂੰ ਆਪਣਾ ਮਿਲਾਪ ਬਖ਼ਸ਼ੀ ਰੱਖਦਾ ਹੈ ।
ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥
ਜੇਹੜੀ ਜੀਵ-ਇਸਤ®ੀ ਸਦਾ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦਾ ਨਾਮ ਸਿਮਰਦੀ ਰਹਿੰਦੀ ਹੈ ।
ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥
ਉਹ ਜੀਵ-ਇਸਤ®ੀ ਵੱਡੇ ਭਾਗਾਂ ਵਾਲੀ ਹੈ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਲਗਨ ਬਣੀ ਰਹਿੰਦੀ ਹੈ, ਉਸ ਨੂੰ ਪ੍ਰਭੂ ਦਾ ਪਿਆਰ ਚੰਗਾ ਲੱਗਦਾ ਹੈ ।
ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥੩॥
ਹੇ ਨਾਨਕ! ਜਿਸ ਜੀਵ-ਇਸਤ®ੀ ਨੇ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਹੈ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੀ ਹੈ ।੩।
ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥
ਹੇ ਆਤਮਕ ਮੌਤ ਸਹੇੜ ਰਹੀ ਜਿੰਦੇ! ਤੂੰ (ਆਪਣੇ ਅੰਦਰੋਂ) ਹਉਮੈ ਦੂਰ ਕਰ, ਤੇ, ਗੁਰੂ ਦੇ ਅਨੁਸਾਰ ਹੋ ਕੇ (ਜੀਵਨ-ਤੋਰ) ਤੁਰ ।
ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥
(ਜੇ ਤੂੰ ਗੁਰੂ ਦੇ ਅਨੁਸਾਰ ਤੁਰੇਂਗੀ, ਤਾਂ) ਪ੍ਰਭੂ ਦੀ ਹਜ਼ੂਰੀ ਵਿਚ ਨਿਵਾਸ ਹਾਸਲ ਕਰ ਕੇ ਤੂੰ ਸਦਾ ਲਈ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਰਹੇਂਗੀ ।
ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ ॥
ਹੇ ਜਿੰਦੇ! ਜੇਹੜੀ ਜੀਵ-ਇਸਤ®ੀ ਆਪਣੇ ਹਿਰਦੇ ਵਿਚ ਗੁਰ-ਸ਼ਬਦ ਵਸਾ ਲੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦੀ ਹੈ, ਉਹ ਸਦਾ ਵਾਸਤੇ ਭਾਗਾਂ ਵਾਲੀ ਹੋ ਜਾਂਦੀ ਹੈ
ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ ॥
(ਉਸ ਨੂੰ ਸਮਝ ਆ ਜਾਂਦੀ ਹੈ ਕਿ) ਪ੍ਰਭੂ-ਪਤੀ ਆਨੰਦ ਦਾ ਸੋਮਾ ਹੈ, ਪ੍ਰਭੂ-ਪਤੀ ਦਾ ਜੋਬਨ ਸਦਾ ਕਾਇਮ ਰਹਿਣ ਵਾਲਾ ਹੈ, ਉਸ ਜੀਵ-ਇਸਤ®ੀ ਨੂੰ ਪ੍ਰਭੂ-ਕੰਤ ਨੇ ਸਦਾ ਵਾਸਤੇ ਸੋਹਣੇ ਜੀਵਨ ਵਾਲੀ ਬਣਾ ਦਿੱਤਾ ।
ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥
ਉਸ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਸੋਹਣੇ ਆਤਮਕ ਜੀਵਨ ਵਾਲੀ ਬਣ ਜਾਂਦੀ ਹੈ ।
ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥੪॥੧॥
ਹੇ ਨਾਨਕ! ਜਦੋਂ ਜੀਵ-ਇਸਤ®ੀ ਗੁਰੂ ਦੇ ਅਨੁਸਾਰ ਤੁਰਦੀ ਹੈ, ਤਾਂ ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਉਸ ਨੂੰ ਪ੍ਰਭੂ-ਪਤੀ ਸੁਹਾਗ ਮਿਲ ਜਾਂਦਾ ਹੈ,
ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਸ਼ਾਹੀ।
ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥
ਹੇ ਭਾਈ! ਜੇ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਟਿਕ ਕੇ (ਹਰਿ-ਨਾਮ ਦਾ) ਵਪਾਰ ਕੀਤਾ ਜਾਏ, ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ ।
ਅਨਦਿਨੁ ਨਾਮੁ ਵਖਾਣੀਐ ਲਾਹਾ ਹਰਿ ਰਸੁ ਪੀਜੈ ਰਾਮ ॥
ਹੇ ਭਾਈ! ਪਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ, ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ—ਇਹੀ ਹੈ ਮਨੁੱਖਾ ਜਨਮ ਦੀ ਖੱਟੀ । ਹਰਿ-ਨਾਮ ਦਾ ਸੁਆਦ ਲੈਣਾ ਚਾਹੀਦਾ ਹੈ, ਹਰਿ-ਨਾਮ ਹਿਰਦੇ ਵਿਚ ਵਸਾਣਾ ਚਾਹੀਦਾ ਹੈ—ਇਹੀ ਮਨੁੱਖਾ ਜਨਮ ਦਾ ਲਾਭ ਹੈ ।
ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥
ਜੇਹੜਾ ਮਨੁੱਖ ਹਰ ਵੇਲੇ ਪ੍ਰਭੂ ਦਾ ਨਾਮ ਉਚਾਰਦਾ ਹੈ, ਉਹ (ਆਪਣੇ ਅੰਦਰ ਆਤਮਕ) ਗੁਣ ਇਕੱਠੇ ਕਰ ਕੇ ਆਪਣੇ ਆਤਮਕ ਜੀਵਨ ਨੂੰ ਪਰਖਦਾ ਰਹਿੰਦਾ ਹੈ, (ਇਸ ਤਰ੍ਹਾਂ ਉਸ ਦੇ ਸਾਰੇ) ਔਗੁਣ ਦੂਰ ਹੋ ਜਾਂਦੇ ਹਨ ।
ਗੁਣ ਸੰਗ੍ਰਹਿ ਅਵਗਣ ਵਿਕਣਹਿ ਆਪੈ ਆਪੁ ਪਛਾਣੈ ॥
ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ, ਉਸ ਨੂੰ ਬੜੀ ਇੱਜ਼ਤ ਪ੍ਰਾਪਤ ਹੋਈ ।
ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥
ਹੇ ਭਾਈ! ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਹਰਿ-ਨਾਮ-ਰਸ ਪੀਣਾ ਚਾਹੀਦਾ ਹੈ ।
ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥੧॥
ਹੇ ਨਾਨਕ! ਪਰਮਾਤਮਾ ਦੀ ਭਗਤੀ ਇਕ ਅਸਚਰਜ ਦਾਤਿ ਹੈ, ਪਰ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਭਗਤੀ ਕੀਤੀ ਹੈ ।੧।
ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿ ਕੇ ਹਰਿ-ਨਾਮ ਦੀ ਖੇਤੀ ਆਪਣੇ ਮਨ ਵਿਚ ਬੀਜਣੀ ਚਾਹੀਦੀ ਹੈ, ਹਰਿ-ਨਾਮ ਬੀਜ ਆਪਣੇ ਹਿਰਦੇ ਵਿਚ ਉਗਾਣਾ ਚਾਹੀਦਾ ਹੈ ।
ਆਪਣੇ ਘਰ ਅੰਦਰਿ ਰਸੁ ਭੁੰਚੁ ਤੂ ਲਾਹਾ ਲੈ ਪਰਥਾਏ ਰਾਮ ॥
ਹੇ ਭਾਈ! ਤੂੰ ਆਪਣੇ ਹਿਰਦੇ ਵਿਚ ਹਰਿ-ਨਾਮ ਦਾ ਸੁਆਦ ਚੱਖਿਆ ਕਰ, ਤੇ, ਇਸ ਤਰ੍ਹਾਂ ਪਰਲੋਕ ਦਾ ਲਾਭ ਖੱਟ ।
ਲਾਹਾ ਪਰਥਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਂਦਾ ਹੈ ਉਹ ਪਰਲੋਕ ਦਾ ਲਾਭ ਖੱਟ ਲੈਂਦਾ ਹੈ, ਉਸ ਦੀ ਨਾਮ-ਖੇਤੀ ਉਸ ਦਾ ਨਾਮ-ਵਪਾਰ ਸਲਾਹੁਣ-ਜੋਗ ਹੈ ।
ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥
ਜੇਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਜੇਹੜਾ ਹਰਿ-ਨਾਮ ਆਪਣੇ ਮਨ ਵਿਚ ਵਸਾਂਦਾ ਹੈ ਉਹ ਗੁਰ-ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ (ਆਤਮਕ ਜੀਵਨ ਨੂੰ) ਸਮਝ ਲੈਂਦਾ ਹੈ ।
ਮਨਮੁਖ ਖੇਤੀ ਵਣਜੁ ਕਰਿ ਥਾਕੇ ਤ੍ਰਿਸਨਾ ਭੁਖ ਨ ਜਾਏ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰਕ ਖੇਤੀ ਨਿਰਾ ਸੰਸਾਰਕ ਵਣਜ ਕਰ ਕੇ ਥੱਕ ਜਾਂਦੇ ਹਨ, ਉਹਨਾਂ ਦੀ ਮਾਇਆ ਦੀ ਤੇ®ਹ ਨਹੀਂ ਮਿਟਦੀ, ਮਾਇਆ ਦੀ ਭੁੱਖ ਨਹੀਂ ਦੂਰ ਹੁੰਦੀ ।
ਨਾਨਕ ਨਾਮੁ ਬੀਜਿ ਮਨ ਅੰਦਰਿ ਸਚੈ ਸਬਦਿ ਸੁਭਾਏ ॥੨॥
ਹੇ ਨਾਨਕ! (ਆਖ—ਹੇ ਭਾਈ!) ਤੂੰ ਪ੍ਰੇਮ ਨਾਲ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਵਿਚ ਪਰਮਾਤਮਾ ਦਾ ਨਾਮ-ਬੀਜ ਬੀਜਿਆ ਕਰ ।੨।
ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥
ਹੇ ਭਾਈ! ਹਰਿ-ਨਾਮ ਸਿਮਰਨ ਦੇ ਵਪਾਰ ਵਿਚ ਉਹ ਮਨੁੱਖ ਹੀ ਲੱਗਦੇ ਹਨ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤਿ ਦੀ ਮਣੀ ਚਮਕ ਪੈਂਦੀ ਹੈ ।
ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥
ਗੁਰੂ ਦੀ ਮਤਿ ਦੀ ਬਰਕਤਿ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਉਹਨਾਂ ਨੂੰ ਹਰਿ-ਨਾਮ ਦੀ ਲਗਨ ਲੱਗ ਜਾਂਦੀ ਹੈ ।
ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥
ਜਿਨ੍ਹਾਂ ਮਨੁੱਖਾਂ ਦੇ ਮੂੰਹ ਉਤੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਸਦਾ-ਥਿਰ ਹਰੀ ਵਿਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ, ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ ।
ਨਾਮ ਬਿਨਾ ਸਭੁ ਜਗੁ ਬਉਰਾਨਾ ਸਬਦੇ ਹਉਮੈ ਮਾਰੀ ॥
ਪਰ, ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ (ਹਉਮੈ ਵਿਚ) ਝੱਲਾ ਹੋਇਆ ਫਿਰਦਾ ਹੈ (ਇਹ) ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਦੂਰ ਕੀਤੀ ਜਾ ਸਕਦੀ ਹੈ ।
ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜ ਕੇ (ਮਨੁੱਖ ਦੇ ਅੰਦਰ ਉੱਚੀ) ਮਤਿ ਪੈਦਾ ਹੁੰਦੀ ਹੈ, ਗੁਰੂ ਦੀ ਸਰਨ ਪਿਆਂ ਹਰਿ-ਨਾਮ-ਸੁਹਾਗ ਮਿਲ ਜਾਂਦਾ ਹੈ ।