Sri Guru Granth Sahib Ji — Ang 565 (punjabi)
ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ ॥
ਜੇਹੜੀ ਜੀਭ ਸਦਾ-ਥਿਰ ਹਰੀ (ਦੇ ਪੇ੍ਰਮ) ਵਿਚ ਰੰਗੀ ਜਾਂਦੀ ਹੈ ਉਹ ਜੀਭ ਸਫਲ ਹੋ ਜਾਂਦੀ ਹੈ, (ਅਜੇਹੀ ਜੀਭ ਵਾਲੇ ਮਨੁੱਖ ਦਾ) ਮਨ ਸਫਲ ਹੋ ਜਾਂਦਾ ਹੈ, ਸਰੀਰ ਸਫਲ ਹੋ ਜਾਂਦਾ ਹੈ ।
ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥
(ਹੇ ਭਾਈ!) ਜੇ ਤੂੰ ਸਦਾ-ਥਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਨੂੰ ਸਲਾਹੁੰਦਾ ਰਹੇਂਗਾ, ਤਾਂ ਆਪਣਾ ਸਾਰਾ ਜਨਮ ਗਵਾ ਕੇ (ਇਥੋਂ) ਜਾਵੇਂਗਾ ।੨।
ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥
ਜੇਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ ਆਪਣੀ ਖੇਤੀ ਬਣਾਂਦਾ ਹੈ, ਜੋ ਸਦਾ-ਥਿਰ ਨਾਮ-ਬੀਜ (ਆਪਣੇ ਹਿਰਦੇ ਵਿਚ) ਬੀਜਦਾ ਹੈ, ਜੋ ਸਦਾ-ਥਿਰ ਹਰਿ-ਨਾਮ ਦਾ ਵਪਾਰ ਕਰਦਾ ਹੈ
ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥
ਉਸ ਨੂੰ ਹਰ ਵੇਲੇ ਸਦਾ-ਥਿਰ ਹਰਿ-ਨਾਮ-ਧਨ ਲਾਭ (ਵਜੋਂ) ਪ੍ਰਾਪਤ ਹੁੰਦਾ ਰਹਿੰਦਾ ਹੈ, ਉਸ ਦੇ ਹਿਰਦੇ ਵਿਚ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ।੩।
ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ॥
ਹੇ ਭਾਈ! ਜਿਸ ਮਨੁੱਖ ਉੱਤੇ ਪਰਮਾਤਮਾ ਬਖ਼ਸ਼ਸ਼ ਕਰਦਾ ਹੈ, ਉਸ ਨੂੰ ਸਦਾ-ਥਿਰ ਹਰਿ-ਨਾਮ (ਆਤਮਕ) ਖ਼ੁਰਾਕ, ਹਰਿ-ਨਾਮ ਹੀ ਪੁਸ਼ਾਕ, ਹਰਿ-ਨਾਮ ਹੀ (ਜੀਵਨ ਦਾ) ਆਸਰਾ ਮਿਲ ਜਾਂਦਾ ਹੈ ।
ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥
ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ।੪।
ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥
ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਹਰਿ-ਨਾਮ ਵਿਚ ਲੀਨ ਹੀ (ਜਗਤ ਵਿਚ) ਆਉਂਦੇ ਹਨ, ਹਰਿ-ਨਾਮ ਵਿਚ ਲੀਨ ਹੀ (ਇਥੋਂ) ਜਾਂਦੇ ਹਨ, ਉਹ ਮੁੜ ਕਦੇ ਭੀ ਜੂਨਾਂ ਦੇ ਗੇੜ ਵਿਚ ਨਹੀਂ ਪੈਂਦੇ ।
ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਸੁਰਖ਼-ਰੂ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ ।੫।
ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ (ਜਿਸ ਦੀ ਮੇਹਰ ਨਾਲ ਮੇਰਾ) ਹਿਰਦਾ ਸਫਲ ਹੋ ਗਿਆ ਹੈ, ਮੇਰਾ ਮਨ ਸਫਲ ਹੋ ਗਿਆ ਹੈ, ਤੇ, ਮੈਂ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹਾਂ ।
ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥
ਹੇ ਭਾਈ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਨੂੰ ਸਦਾ-ਥਿਰ ਹਰੀ ਦੀ ਹਜ਼ੂਰੀ ਵਿਚ ਥਾਂ ਮਿਲ ਜਾਂਦਾ ਹੈ ।੬।
ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥
ਹੇ ਭਾਈ! ਉਹ ਵੇਲਾ ਸਫਲ ਹੈ, ਉਹ ਮੁਹੂਰਤ ਸਫਲ ਹੈ ਜਦੋਂ ਕਿਸੇ ਮਨੁੱਖ ਦਾ ਪਿਆਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਬਣ ਜਾਂਦਾ ਹੈ ।
ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥
(ਜਿਸ ਮਨੁੱਖ ਦਾ ਪ੍ਰਭੂ ਨਾਲ ਪਿਆਰ ਬਣਦਾ ਹੈ, ਉਹ ਮਨੁੱਖ) ਉਸ ਸਦਾ-ਥਿਰ ਪ੍ਰਭੂ ਨੂੰ ਹੀ ਹਰ ਥਾਂ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਹੀ ਜਪਦਾ ਹੈ, ਇਹ ਸਾਰਾ ਸੰਸਾਰ ਉਸ ਨੂੰ ਸਦਾ ਕਾਇਮ ਰਹਿਣ ਵਾਲੇ ਦਾ ਸਰੂਪ ਹੀ ਦਿੱਸਦਾ ਹੈ ।੭।
ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ ॥
ਹੇ ਨਾਨਕ! (ਆਖ—) ਜਦੋਂ ਸਦਾ-ਥਿਰ ਪ੍ਰਭੂ (ਜੀਵਾਂ ਨੂੰ ਆਪਣੇ ਨਾਲ) ਮਿਲਾਂਦਾ ਹੈ ਤਦੋਂ ਹੀ (ਜੀਵ ਉਸ ਦੇ ਚਰਨਾਂ ਵਿਚ) ਮਿਲਦੇ ਹਨ, ਉਹ ਆਪ ਹੀ ਆਪਣੇ (ਨਾਲ) ਮਿਲਾ ਲੈਂਦਾ ਹੈ ।
ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥
ਜਿਵੇਂ ਉਸ ਨੂੰ ਚੰਗਾ ਲੱਗਦਾ ਹੈ, ਉਹ ਆਪ ਹੀ ਹੁਕਮ ਕਰਦਾ ਹੈ ਤੇ (ਜੀਵਾਂ ਨੂੰ ਆਪਣੇ ਚਰਨਾਂ ਵਿਚ ਜੋੜੀ) ਰੱਖਦਾ ਹੈ ।੮।੧।
ਵਡਹੰਸੁ ਮਹਲਾ ੩ ॥
ਵਡਹੰਸ ਤੀਜੀ ਪਾਤਿਸ਼ਾਹੀ।
ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ ॥
ਹੇ ਭਾਈ! ਉਹ ਮਨੁੱਖ ਪਰਮਾਤਮਾ ਦੇ ਗੁਣ ਨਹੀਂ ਗਾ ਸਕਦਾ, ਜਿਸ ਦਾ ਹੋਛਾ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ
ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥
ਜਿਸ ਉਤੇ ਕਾਮ-ਵਾਸਨਾ ਬਹੁਤ ਜ਼ੋਰ ਪਾਈ ਰੱਖਦੀ ਹੈ, ਜਿਸ ਨੂੰ ਕਾਮ ਸਦਾ ਸਤਾਂਦਾ ਰਹਿੰਦਾ ਹੈ ਜਿਸ ਨੂੰ ਕੋ੍ਰਧ ਸਦਾ ਦੁਖੀ ਕਰਦਾ ਰਹਿੰਦਾ ਹੈ ।੧।
ਵਾਹੁ ਵਾਹੁ ਸਹਜੇ ਗੁਣ ਰਵੀਜੈ ॥
ਹੇ ਭਾਈ! ਆਤਮਕ ਅਡੋਲਤਾ ਵਿਚ ਟਿਕ ਕੇ ਹੀ ਪਰਮਾਤਮਾ ਦੇ ਗੁਣਾਂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ ।
ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥
ਮਨੁੱਖਾ ਜਨਮ ਵਿਚ ਪਰਮਾਤਮਾ ਦਾ ਨਾਮ ਇਕ ਦੁਰਲਭ ਵਸਤੂ ਹੈ । ਗੁਰੂ ਦੀ ਮਤਿ ਉੱਤੇ ਤੁਰ ਕੇ ਹੀ ਪਰਮਾਤਮਾ ਦੇ ਨਾਮ ਦਾ ਰਸ ਪੀਤਾ ਜਾ ਸਕਦਾ ਹੈ ।੧।ਰਹਾਉ।
ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥
ਹੇ ਭਾਈ! ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਪਾ ਕੇ ਮਨੁੱਖ ਦਾ ਮਨ ਪਵਿਤ® ਹੋ ਜਾਂਦਾ ਹੈ ਤਦੋਂ ਹੀ ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹੈ ।
ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥
ਜਦੋਂ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੈ ਤਦੋਂ ਉਹ ਪਰਮਾਤਮਾ ਦੇ ਚਰਨਾਂ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ ।੨।
ਏ ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ ॥
ਹੇ ਮੇਰੇ ਮਨ! ਸਦਾ ਪਰਮਾਤਮਾ ਦੇ ਪੇ੍ਰਮ-ਰੰਗ ਵਿਚ ਰੰਗਿਆ ਰਹੁ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹੁ ।
ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥
(ਹੇ ਭਾਈ!) ਪਰਮਾਤਮਾ ਸਦਾ ਪਵਿਤ® ਹੈ, ਸਦਾ ਸੁਖ ਦੇਣ ਵਾਲਾ ਹੈ (ਉਸ ਦੀ ਸਿਫ਼ਤਿ-ਸਾਲਾਹ ਕਰਿਆ ਕਰ) ਮਨ-ਇੱਛਤ ਫਲ ਹਾਸਲ ਕਰੇਂਗਾ ।੩।
ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥
ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ ਅਸੀ ਜੀਵ ਨੀਚਾਂ ਤੋਂ ਉੱਤਮ ਬਣ ਜਾਂਦੇ ਹਾਂ ।
ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੪॥
ਪਰਮਾਤਮਾ ਪੱਥਰ-ਚਿੱਤ ਮਨੁੱਖ ਨੂੰ ਭੀ (ਵਿਕਾਰਾਂ ਵਿਚ) ਡੁੱਬਦੇ ਨੂੰ ਕੱਢ ਲੈਂਦਾ ਹੈ, ਤੇ, ਸਦਾ ਕਾਇਮ ਰਹਿਣ ਵਾਲੀ ਇੱਜ਼ਤ ਬਖ਼ਸ਼ਦਾ ਹੈ ।੪।
ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਸ੍ਰੇਸ਼ਟ ਅਕਲ ਹਾਸਲ ਕਰ ਲੈਂਦੇ ਹਨ ਉਹ (ਮਾਨੋ) ਜ਼ਹਿਰ ਤੋਂ ਅੰਮ੍ਰਿਤ ਬਣ ਜਾਂਦੇ ਹਨ
ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥
ਉਹ (ਮਾਨੋ) ਅੱਕ ਤੋਂ ਚੰਦਨ ਬਣ ਜਾਂਦੇ ਹਨ, ਉਹਨਾਂ ਦੇ ਅੰਦਰ (ਸੁੱਚੇ ਆਤਮਕ ਜੀਵਨ ਦੀ) ਸੁਗੰਧੀ ਆ ਵੱਸਦੀ ਹੈ ।੫।
ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥
ਹੇ ਭਾਈ! ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਜਗਤ ਵਿਚ ਆ ਕੇ (ਮਨੁੱਖਾ ਜਨਮ ਦੀ ਰਾਹੀਂ ਉਸੇ ਮਨੁੱਖ ਨੇ ਕੁਝ) ਖੱਟਿਆ ਜਾਣੋ
ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥
ਜਿਸ ਨੂੰ ਪੂਰੇ ਭਾਗਾਂ ਨਾਲ ਗੁਰੂ ਮਿਲ ਪੈਂਦਾ ਹੈ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਹੈ ।੬।
ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੇ) ਜ਼ਹਿਰ ਵਿਚ ਮਸਤ ਰਹਿੰਦੇ ਹਨ, ਤੇ, ਕੀਮਤੀ ਮਨੁੱਖ ਜਨਮ ਗੰਵਾ ਲੈਂਦੇ ਹਨ ।
ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥੭॥
ਸਦਾ ਹੀ ਸੁਖਾਂ ਨਾਲ ਭਰਪੂਰ ਹਰਿ-ਨਾਮ ਉਹਨਾਂ ਨੂੰ ਪਸੰਦ ਨਹੀਂ ਆਉਂਦਾ, ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਵਾਲਾ ਗੁਰ-ਸ਼ਬਦ ਉਹਨਾਂ ਨੂੰ ਚੰਗਾ ਨਹੀਂ ਲੱਗਦਾ ।੭।
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥
ਹੇ ਭਾਈ! ਮੂੰਹ ਨਾਲ (ਬਾਹਰੋਂ ਬਾਹਰੋਂ) ਤਾਂ ਹਰੇਕ ਪਰਮਾਤਮਾ ਦਾ ਨਾਮ ਉਚਾਰ ਦੇਂਦਾ ਹੈ, ਪਰ ਕਿਸੇ ਵਿਰਲੇ ਨੇ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾਇਆ ਹੈ ।
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨੑ ਪਾਇਆ ॥੮॥੨॥
ਹੇ ਨਾਨਕ! (ਆਖ—) ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ ।੮।੨।
ਵਡਹੰਸੁ ਮਹਲਾ ੧ ਛੰਤ
ਵਡਹੰਸ ਪਹਿਲੀ ਪਾਤਿਸ਼ਾਹੀ ਛੰਤ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥
ਸਰੀਰ ਨੂੰ (ਹਿਰਦੇ ਨੂੰ) ਮਾਇਆ ਦੇ ਮੋਹ ਵਿਚ ਗੰਦਾ ਕਰ ਕੇ (ਤੀਰਥ-) ਇਸ਼ਨਾਨ ਕਰਨ ਦਾ ਕੋਈ ਲਾਭ ਨਹੀਂ ਹੈ ।
ਨਾਤਾ ਸੋ ਪਰਵਾਣੁ ਸਚੁ ਕਮਾਈਐ ॥
ਉਹੀ ਮਨੁੱਖ ਨ੍ਹਾਤਾ ਹੋਇਆ (ਪਵਿਤ®) ਹੈ ਤੇ ਉਹੀ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੈ ਜੋ ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ ।
ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥
ਜਦੋਂ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਜੀਵ ਸਦਾ-ਥਿਰ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ ਤਦੋਂ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ।