Sri Guru Granth Sahib Ji — Ang 562 (punjabi)
ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥
ਹੇ ਨਾਨਕ! (ਆਖ—) ਧੰਨ ਹੈ ਮੇਰਾ ਗੁਰੂ, ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ, ਜੇਹੜਾ ਮੇਰੇ ਮਨ ਵਿਚ (ਪ੍ਰਭੂ-ਮਿਲਾਪ ਦੀ ਟਿਕੀ ਹੋਈ) ਆਸ ਪੂਰੀ ਕਰਦਾ ਹੈ ।੪।
ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥
ਹੇ ਹਰੀ! ਮੈਨੂੰ ਮੇਰਾ ਮਿੱਤਰ ਗੁਰੂ ਮਿਲਾ, ਜਿਸ (ਦੇ ਚਰਨਾਂ) ਵਿਚ ਲੀਨ ਹੋ ਕੇ ਮੈਂ ਹਰਿ-ਨਾਮ ਸਿਮਰਦਾ ਰਹਾਂ,
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥
ਗੁਰੂ ਪਾਸੋਂ ਮੈਂ ਹਰਿ-ਮਿਲਾਪ (ਦੀਆਂ ਗੱਲਾਂ) ਪੁੱਛਦਾ ਰਹਾਂ, ਗੁਰੂ ਦੀ ਸੰਗਤਿ ਕਰ ਕੇ ਮੈਂ ਹਰਿ-ਗੁਣ ਗਾਂਦਾ ਰਹਾਂ ।
ਗੁਣ ਗਾਵਾ ਨਿਤ ਨਿਤ ਸਦ ਹਰਿ ਕੇ ਮਨੁ ਜੀਵੈ ਨਾਮੁ ਸੁਣਿ ਤੇਰਾ ॥
(ਗੁਰੂ ਦੇ ਮਿਲਾਪ ਦੀ ਬਰਕਤਿ ਨਾਲ) ਮੈਂ ਸਦਾ ਹੀ ਸਦਾ ਹੀ ਹਰੀ ਦੇ ਗੁਣ ਗਾਂਦਾ ਰਹਾਂ । ਹੇ ਹਰੀ! ਤੇਰਾ ਨਾਮ ਸੁਣ ਕੇ ਮੇਰਾ ਮਨ ਆਤਮਕ ਜੀਵਨ ਪ੍ਰਾਪਤ ਕਰਦਾ ਹੈ ।
ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥
ਹੇ ਨਾਨਕ! (ਆਖ—) ਜਦੋਂ ਮੈਨੂੰ ਮੇਰਾ ਮਾਲਕ-ਪ੍ਰਭੂ ਭੁੱਲ ਜਾਂਦਾ ਹੈ, ਉਸ ਵੇਲੇ ਮੇਰੀ ਜਿੰਦ ਆਤਮਕ ਮੌਤੇ ਮਰ ਜਾਂਦੀ ਹੈ ।੫।
ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥
ਪਰਮਾਤਮਾ ਦਾ ਦਰਸਨ ਕਰਨ ਵਾਸਤੇ ਹਰੇਕ ਜੀਵ ਤਾਂਘ ਤਾਂ ਕਰ ਲੈਂਦਾ ਹੈ, ਪਰ ਉਹੀ ਮਨੁੱਖ ਦਰਸਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸਨ ਕਰਾਂਦਾ ਹੈ ।
ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥
ਪਿਆਰਾ ਪ੍ਰਭੂ ਜਿਸ ਮਨੁੱਖ ਉੱਤੇ ਮੇਹਰ ਦੀ ਨਜ਼ਰ ਕਰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ ।
ਸੋ ਹਰਿ ਹਰਿ ਨਾਮੁ ਸਦਾ ਸਦਾ ਸਮਾਲੇ ਜਿਸੁ ਸਤਗੁਰੁ ਪੂਰਾ ਮੇਰਾ ਮਿਲਿਆ ॥
(ਹੇ ਭਾਈ!) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿਚ ਵਸਾਂਦਾ ਹੈ ।
ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥੬॥੧॥੩॥
ਹੇ ਨਾਨਕ! ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ (ਇਸ ਤਰ੍ਹਾਂ) ਪਰਮਾਤਮਾ ਤੇ ਪਰਮਾਤਮਾ ਦੇ ਭਗਤ ਇੱਕ-ਰੂਪ ਹੋ ਜਾਂਦੇ ਹਨ ।੬।੧।੩।
ਵਡਹੰਸੁ ਮਹਲਾ ੫ ਘਰੁ ੧
ਵਡਹੰਸ ਪੰਜਵੀਂ ਪਾਤਿਸ਼ਾਹੀ।
ੴ ਸਤਿਗੁਰ ਪ੍ਰਸਾਦਿ ॥
ਵਾਹਿਗੁਰੂ ਕੇਵਲ ਇੱਕ ਹੈ। ਸ¤ਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਅਤਿ ਊਚਾ ਤਾ ਕਾ ਦਰਬਾਰਾ ॥
ਹੇ ਭਾਈ! ਪਰਮਾਤਮਾ ਦਾ ਦਰਬਾਰ ਬਹੁਤ ਹੀ ਉੱਚਾ ਹੈ
ਅੰਤੁ ਨਾਹੀ ਕਿਛੁ ਪਾਰਾਵਾਰਾ ॥
ਉਸ ਦੇ ਪਾਰਲੇ ਉਰਲੇ ਬੰਨੇ ਦਾ ਕੁਝ ਅੰਤ ਨਹੀਂ ਪੈ ਸਕਦਾ ।
ਕੋਟਿ ਕੋਟਿ ਕੋਟਿ ਲਖ ਧਾਵੈ ॥
ਮਨੁੱਖ ਲੱਖਾਂ ਵਾਰੀ ਜਤਨ ਕਰੇ ਕੋ੍ਰੜਾਂ ਵਾਰੀ ਜਤਨ ਕਰੇ
ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥੧॥
(ਪਰ ਆਪਣੇ ਜਤਨਾਂ ਨਾਲ) ਪਰਮਾਤਮਾ ਦੀ ਹਜ਼ੂਰੀ ਰਤਾ ਭਰ ਭੀ ਹਾਸਲ ਨਹੀਂ ਕਰ ਸਕਦਾ ।੧।
ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥੧॥ ਰਹਾਉ ॥
ਹੇ ਭਾਈ! ਉਹ ਕੈਸਾ ਸੋਹਣਾ ਸਮਾ ਹੁੰਦਾ ਹੈ! ਉਹ ਕੈਸੀ ਸੋਹਣੀ ਘੜੀ ਹੁੰਦੀ ਹੈ, ਜਦੋਂ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ।੧।ਰਹਾਉ।
ਲਾਖ ਭਗਤ ਜਾ ਕਉ ਆਰਾਧਹਿ ॥
ਹੇ ਭਾਈ! ਲੱਖਾਂ ਹੀ ਭਗਤ ਜਿਸ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ
ਲਾਖ ਤਪੀਸਰ ਤਪੁ ਹੀ ਸਾਧਹਿ ॥
(ਜਿਸ ਦੇ ਮਿਲਾਪ ਦੀ ਖ਼ਾਤਰ) ਲੱਖਾਂ ਹੀ ਵੱਡੇ ਵੱਡੇ ਤਪੀ ਤਪ ਕਰਦੇ ਰਹਿੰਦੇ ਹਨ
ਲਾਖ ਜੋਗੀਸਰ ਕਰਤੇ ਜੋਗਾ ॥
ਲੱਖਾਂ ਹੀ ਵੱਡੇ ਵੱਡੇ ਜੋਗੀ ਜੋਗ-ਸਾਧਨ ਕਰਦੇ ਰਹਿੰਦੇ ਹਨ
ਲਾਖ ਭੋਗੀਸਰ ਭੋਗਹਿ ਭੋਗਾ ॥੨॥
ਲੱਖਾਂ ਹੀ ਵੱਡੇ ਵੱਡੇ ਭੋਗੀ (ਜਿਸ ਦੇ ਦਿੱਤੇ) ਪਦਾਰਥ ਭੋਗਦੇ ਰਹਿੰਦੇ ਹਨ (ਉਸ ਦਾ ਅੰਤ ਕੋਈ ਨਹੀਂ ਪਾ ਸਕਿਆ) ।੨।
ਘਟਿ ਘਟਿ ਵਸਹਿ ਜਾਣਹਿ ਥੋਰਾ ॥
ਹੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਪਰ ਬਹੁਤ ਥੋੜੇ ਮਨੁੱਖ (ਇਸ ਭੇਤ ਨੂੰ) ਜਾਣਦੇ ਹਨ
ਹੈ ਕੋਈ ਸਾਜਣੁ ਪਰਦਾ ਤੋਰਾ ॥
(ਕਿਉਂਕਿ ਜੀਵਾਂ ਦੇ ਅੰਦਰ ਤੇਰੇ ਨਾਲੋਂ ਵਿੱਥ ਬਣੀ ਰਹਿੰਦੀ ਹੈ) ਕੋਈ ਵਿਰਲਾ ਹੀ ਗੁਰਮੁਖਿ ਹੁੰਦਾ ਹੈ ਜੇਹੜਾ (ਉਸ) ਵਿੱਥ ਨੂੰ ਦੂਰ ਕਰਦਾ ਹੈ ।
ਕਰਉ ਜਤਨ ਜੇ ਹੋਇ ਮਿਹਰਵਾਨਾ ॥
ਮੈਂ ਉਸ ਗੁਰਮੁਖ ਦੇ ਅੱਗੇ ਆਪਣੀ ਜਿੰਦ ਭੇਟਾ ਕਰਨ ਨੂੰ ਤਿਆਰ ਹਾਂ
ਤਾ ਕਉ ਦੇਈ ਜੀਉ ਕੁਰਬਾਨਾ ॥੩॥
ਮੈਂ ਜਤਨ ਕਰਦਾ ਹਾਂ ਕਿ ਉਹ ਗੁਰਮੁਖ ਮੇਰੇ ਉਤੇ ਦਇਆਵਾਨ ਹੋਵੇ ।੩।
ਫਿਰਤ ਫਿਰਤ ਸੰਤਨ ਪਹਿ ਆਇਆ ॥
ਹੇ ਭਾਈ! ਭਾਲ ਕਰਦਾ ਕਰਦਾ ਮੈਂ ਗੁਰੂ ਦੇ ਪਾਸ ਪਹੁੰਚਿਆ
ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥
(ਗੁਰੂ ਨੇ) ਮੇਰਾ ਸਾਰਾ ਦੁੱਖ ਤੇ ਭਰਮ ਦੂਰ ਕਰ ਦਿੱਤਾ ।
ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੂੰਚਾ ॥
(ਗੁਰੂ ਦੀ ਕਿਰਪਾ ਨਾਲ ਪ੍ਰਭੂ ਨੇ ਮੈਨੂੰ) ਆਪਣੀ ਹਜ਼ੂਰੀ ਵਿਚ ਸੱਦ ਲਿਆ (ਮੈਨੂੰ ਆਪਣੇ ਚਰਨਾਂ ਵਿਚ ਜੋੜ ਲਿਆ, ਤੇ,)
ਕਹੁ ਨਾਨਕ ਪ੍ਰਭੁ ਮੇਰਾ ਊਚਾ ॥੪॥੧॥
ਮੈਂ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਤਾ । ਹੇ ਨਾਨਕ! ਆਖ—ਮੇਰਾ ਪ੍ਰਭੂ ਸਭ ਤੋਂ ਉੱਚਾ ਹੈ ।੪।੧।
ਵਡਹੰਸੁ ਮਹਲਾ ੫ ॥
ਵਡਹੰਸ ਪੰਜਵੀਂ ਪਾਤਿਸ਼ਾਹੀ।
ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥
ਹੇ ਭਾਈ! ਉਹ ਸਮਾ ਭਾਗਾਂ ਵਾਲਾ ਹੁੰਦਾ ਹੈ ਜਿਸ ਵੇਲੇ ਪ੍ਰਭੂ ਦਾ ਦਰਸਨ ਕਰੀਦਾ ਹੈ
ਹਉ ਬਲਿਹਾਰੀ ਸਤਿਗੁਰ ਚਰਣਾ ॥੧॥
(ਜਿਸ ਗੁਰੂ ਦੀ ਕਿਰਪਾ ਨਾਲ ਪ੍ਰਭੂ ਦਾ ਦਰਸਨ ਹੁੰਦਾ ਹੈ) ਮੈਂ ਉਸ ਗੁਰੂ ਦੇ ਚਰਨਾਂ ਤੋਂ ਸਦਕੇ ਜਾਂਦਾ ਹਾਂ ।੧।
ਜੀਅ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ॥
ਹੇ ਜਿੰਦ ਦੇਣ ਵਾਲੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ!
ਮਨੁ ਜੀਵੈ ਪ੍ਰਭ ਨਾਮੁ ਚਿਤੇਰੇ ॥੧॥ ਰਹਾਉ ॥
ਤੇਰਾ ਨਾਮ ਚੇਤੇ ਕਰ ਕਰ ਕੇ ਮੇਰਾ ਮਨ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ ।੧।ਰਹਾਉ।
ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥
ਹੇ ਪ੍ਰਭੂ! ਤੇਰਾ ਨਾਮ-ਮੰਤ® ਸਦਾ ਕਾਇਮ ਰਹਿਣ ਵਾਲਾ ਹੈ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ।
ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥੨॥
ਹੇ ਸ਼ਾਂਤੀ ਦੇ ਪੁੰਜ ਅਕਾਲ ਪੁਰਖ! ਤੇਰੀ ਨਿਗਾਹ ਚੰਗੀ ਪਰਖ ਵਾਲੀ ਹੈ ।੨।
ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥
ਹੇ ਪ੍ਰਭੂ! ਤੇਰਾ ਹੁਕਮ ਸਦਾ-ਥਿਰ ਰਹਿਣ ਵਾਲਾ ਹੈ, ਤੂੰ (ਸਦਾ) ਤਖ਼ਤ ਉਤੇ ਨਿਵਾਸ ਰੱਖਣ ਵਾਲਾ ਹੈਂ (ਤੂੰ ਸਦਾ ਸਭ ਦਾ ਹਾਕਮ ਹੈਂ) ।
ਆਇ ਨ ਜਾਵੈ ਮੇਰਾ ਪ੍ਰਭੁ ਅਬਿਨਾਸੀ ॥੩॥
(ਹੇ ਭਾਈ!) ਮੇਰਾ ਪ੍ਰਭੂ ਕਦੇ ਨਾਸ ਹੋਣ ਵਾਲਾ ਨਹੀਂ, ਉਹ ਕਦੇ ਜੰਮਦਾ ਮਰਦਾ ਨਹੀਂ ।੩।
ਤੁਮ ਮਿਹਰਵਾਨ ਦਾਸ ਹਮ ਦੀਨਾ ॥
ਹੇ ਪ੍ਰਭੂ! ਅਸੀ ਜੀਵ ਤੇਰੇ ਨਿਮਾਣੇ ਸੇਵਕ ਹਾਂ, ਤੂੰ ਸਾਡੇ ਉਤੇ ਦਇਆ ਕਰਨ ਵਾਲਾ ਹੈਂ ।
ਨਾਨਕ ਸਾਹਿਬੁ ਭਰਪੁਰਿ ਲੀਣਾ ॥੪॥੨॥
ਹੇ ਨਾਨਕ! (ਆਖ—) ਸਾਡਾ ਮਾਲਕ-ਪ੍ਰਭੂ ਹਰ ਥਾਂ ਮੌਜੂਦ ਹੈ, ਸਭ ਵਿਚ ਵਿਆਪਕ ਹੈ ।੪।੨।
ਵਡਹੰਸੁ ਮਹਲਾ ੫ ॥
ਵਡਹੰਸ ਪੰਜਵੀਂ ਪਾਤਿਸ਼ਾਹੀ।
ਤੂ ਬੇਅੰਤੁ ਕੋ ਵਿਰਲਾ ਜਾਣੈ ॥
ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਕੋਈ ਵਿਰਲਾ ਮਨੁੱਖ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ ।
ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥੧॥
ਗੁਰੂ ਦੀ ਕਿਰਪਾ ਨਾਲ ਗੁਰੂ ਦੇ ਸ਼ਬਦ ਵਿਚ ਜੁੜ ਕੇ ਕੋਈ ਵਿਰਲਾ ਤੇਰੇ ਨਾਲ ਜਾਣ-ਪਛਾਣ ਪਾਂਦਾ ਹੈ ।੧।
ਸੇਵਕ ਕੀ ਅਰਦਾਸਿ ਪਿਆਰੇ ॥
ਹੇ ਪਿਆਰੇ ਪ੍ਰਭੂ! ਮੈਂ ਸੇਵਕ ਦੀ (ਤੇਰੇ ਦਰ ਤੇ) ਅਰਦਾਸ ਹੈ,